ਕੀ ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਾਲੇ ਸ਼ਾਂਤੀ ਕਰਵਾ ਰਿਹਾ ਹੈ ਜਾਂ ਅੱਗ ਵਿਚ ਤੇਲ ਪਾ ਰਿਹਾ ਹੈ?
*ਈਰਾਨ ਨੂੰ ਰੂਸ ਦਾ ਮਿਲਿਆ ਸਮਰਥਨ,ਇਜਰਾਈਲ ਨੂੰ ਦਿਤੀ ਧਮਕੀ
*ਫਲਸਤੀਨੀ ਖੇਤਰ ਤਬਾਹ ਹੋਇਆ ਅਤੇ 42 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ
*ਇਜਰਾਈਲ ਦਾ ਈਰਾਨ ਉਪਰ ਸਾਈਬਰ ਹਮਲਾ,ਪ੍ਰਮਾਣੂ ਪਲਾਟਾਂ ਨੂੰ ਬਣਾਇਆ ਨਿਸ਼ਾਨਾ
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਸਾਲ ਫਰਵਰੀ ਵਿਚ ਐਲਾਨ ਕੀਤਾ ਸੀ ਕਿ ਗਾਜ਼ਾ ਵਿਚ ਜੰਗ ਦਾ ਅੰਤ ਇੰਨਾ ਨੇੜੇ ਹੈ ਕਿ ਕੁਝ ਦਿਨਾਂ ਵਿਚ 'ਸ਼ਾਂਤੀ' ਸਥਾਪਤ ਹੋ ਸਕਦੀ ਹੈ।ਪਰ ਉਸ ਦੇ ਬਿਆਨ ਤੋਂ ਸੱਤ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਇਜ਼ਰਾਈਲ ਦੀ ਬੰਬਾਰੀ ਨਾ ਸਿਰਫ ਗਾਜ਼ਾ ਪੱਟੀ ਵਿੱਚ ਜਾਰੀ ਹੈ, ਸਗੋਂ ਹੁਣ ਲੇਬਨਾਨ, ਸੀਰੀਆ ਅਤੇ ਯਮਨ ਤੱਕ ਫੈਲ ਗਈ ਹੈ ਅਤੇ ਇਹ ਡਰ ਹੈ ਕਿ ਜੇਕਰ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਹੋ ਜਾਂਦੀ ਹੈ ਤਾਂ ਪੂਰਾ ਮੱਧ ਪੂਰਬ ਖ਼ਤਰੇ ਵਿੱਚ ਹੋ ਸਕਦਾ ਹੈ ਅਤੇ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਬਿਡੇਨ ਪ੍ਰਸ਼ਾਸਨ ਨੇ ਯੁੱਧ ਨੂੰ ਜਾਰੀ ਰੱਖਣ ਲਈ ਇਜ਼ਰਾਈਲ ਨੂੰ ਲਗਾਤਾਰ ਸਿਆਸੀ ਸਮਰਥਨ ਅਤੇ ਬੰਬਾਂ ਦੀ ਸਪਲਾਈ ਕੀਤੀ ਹੈ, ਹਾਲਾਂਕਿ ਜ਼ੁਬਾਨੀ ਤੌਰ 'ਤੇ, ਰਾਸ਼ਟਰਪਤੀ ਬਿਡੇਨ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਵਾਰ-ਵਾਰ ਤਣਾਅ ਨੂੰ ਖਤਮ ਕਰਨ ਲਈ ਕਿਹਾ ਹੈ, ਜਿਸਦਾ ਇਜ਼ਰਾਈਲ 'ਤੇ ਕੋਈ ਅਸਰ ਨਹੀਂ ਹੋਇਆ ਹੈ।
ਵਾਸ਼ਿੰਗਟਨ ਨੇ ਇਸ ਸਾਲ ਇਜ਼ਰਾਈਲ ਵਲੋਂ ਚੁੱਕੇ ਗਏ ਲਗਭਗ ਹਰ ਕਦਮ ਦਾ ਸਵਾਗਤ ਕੀਤਾ ਹੈ,ਜਿਸ ਵਿਚ ਬੇਰੂਤ ਅਤੇ ਤਹਿਰਾਨ ਵਿੱਚ ਹਮਾਸ ਦੇ ਨੇਤਾਵਾਂ ਦੀ ਹੱਤਿਆ, ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾਹ ਦੀ ਹੱਤਿਆ ਅਤੇ ਦੱਖਣੀ ਲੇਬਨਾਨ ਉਪਰ ਹਮਲਾ ਸ਼ਾਮਲ ਹੈ।ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਦੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤਣ ਬਾਅਦ ਹੁਣ ਫਲਸਤੀਨੀ ਖੇਤਰ ਤਬਾਹ ਹੋ ਚੁਕਾ ਹੈ ਅਤੇ 42 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਦੋਂ ਕਿ ਹੁਣ ਲੇਬਨਾਨ ਦੀ ਰਾਜਧਾਨੀ ਬੇਰੂਤ ਉੱਤੇ ਇਜ਼ਰਾਈਲ ਬੰਬਾਂ ਦੀ ਵਰਖਾ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲਾ ਨੂੰ ਤਬਾਹ ਕਰਨ ਦਾ ਅਲਟੀਮੇਟਮ ਦਿਤਾ ਹੈ। ਪਰ, ਇੱਕ ਗੱਲ ਜੋ ਲਗਾਤਾਰ ਦੇਖੀ ਗਈ ਹੈ ਕਿ ਜਿਵੇਂ-ਜਿਵੇਂ ਮੱਧ ਪੂਰਬ ਵਿੱਚ ਸੰਘਰਸ਼ ਵਧਦਾ ਜਾ ਰਿਹਾ ਹੈ, ਬਿਡੇਨ ਪ੍ਰਸ਼ਾਸਨ ਦੀ ਕਹਿਣੀ ਅਤੇ ਕਰਨੀ ਵਿੱਚ ਪਾੜਾ ਵਧਦਾ ਜਾ ਰਿਹਾ ਹੈ।
ਇਸ ਲਈ ਇਹ ਸਵਾਲ ਉਠਾਉਣਾ ਸਭ ਤੋਂ ਜ਼ਰੂਰੀ ਹੋ ਗਿਆ ਹੈ ਕਿ ਕੀ ਬਾਈਡੇਨ ਪ੍ਰਸ਼ਾਸਨ ਇਜ਼ਰਾਈਲ ਨੂੰ ਕਾਬੂ ਕਰਨ ਵਿਚ ਨਾਕਾਮ ਰਿਹਾ ਹੈ, ਕੀ ਬਾਈਡੇਨ ਪ੍ਰਸ਼ਾਸਨ ਸੱਚਮੁੱਚ ਮੱਧ ਪੂਰਬ ਦੀ ਜੰਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕੀ ਇਹ ਅਮਰੀਕਾ ਖੁਦ ਲਗਾਤਾਰ ਇਸ ਜੰਗ ਦੀ ਅੱਗ ਵਿਚ ਤੇਲ ਪਾ ਰਿਹਾ ਹੈ?
ਕਈ ਮਾਹਿਰ ਇਹ ਸਵਾਲ ਵੀ ਉਠਾ ਰਹੇ ਹਨ ਕਿ ਕੀ ਅਮਰੀਕਾ ਈਰਾਨ, ਹਮਾਸ ਅਤੇ ਹਿਜ਼ਬੁੱਲਾ ਖਿਲਾਫ ਇਕ ਹਮਲਾਵਰ ਏਜੰਡੇ ਨੂੰ ਅਗੇ ਵਧਾਉਣ ਦੇ ਲਈ ਇਸ ਜੰਗ ਦਾ ਫਾਇਦਾ ਉਠਾ ਰਿਹਾ ਹੈ?
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਇਜ਼ਰਾਈਲ ਨੂੰ ਲਗਾਤਾਰ ਹਥਿਆਰਾਂ ਦੀ ਸਪਲਾਈ ਦੇ ਨਾਲ-ਨਾਲ ਕੂਟਨੀਤਕ ਸਮਰਥਨ ਵੀ ਦੇ ਰਿਹਾ ਹੈ ਅਤੇ ਬਿਡੇਨ ਪ੍ਰਸ਼ਾਸਨ ਮੱਧ ਪੂਰਬ ਵਿਚ ਲਗਾਤਾਰ ਤਣਾਅ ਨੂੰ ਭੜਕਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਿਡੇਨ ਪ੍ਰਸ਼ਾਸਨ ਦੇ ਇਰਾਦਿਆਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਪਰ ਸਬੂਤ ਦਰਸਾਉਂਦੇ ਹਨ ਕਿ ਬਿਡੇਨ ਪ੍ਰਸ਼ਾਸਨ ਇਜ਼ਰਾਈਲ ਨਾਲ ਤਾਲਮੇਲ ਬਣਾ ਰਿਹਾ ਹੈ।
ਗਾਜ਼ਾ ਵਿੱਚ ਜੰਗਬੰਦੀ ਖਤਮ ਕਰਨ ਲਈ ਮਹੀਨਿਆਂ ਦੇ ਜਨਤਕ ਯਤਨਾਂ ਤੋਂ ਬਾਅਦ, ਅਮਰੀਕਾ ਨੇ ਲੇਬਨਾਨ ਵਿੱਚ ਇਜ਼ਰਾਈਲੀ ਹਮਲੇ ਦਾ ਸਮਰਥਨ ਕਰਕੇ ਦਰਸਾ ਦਿਤਾ ਕਿ ਉਹ ਇਜਰਾਈਲ ਦੀਆਂ ਭੜਕਾਊ ਤੇ ਜੰਗਜੂ ਨੀਤੀਆਂ ਨਾਲ ਸਹਿਮਤ ਹੈ। ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਪਿਛਲੇ ਹਫਤੇ ਦੱਖਣੀ ਲੇਬਨਾਨ ਵਿੱਚ ਇਜ਼ਰਾਈਲ ਦੀ ਜ਼ਮੀਨੀ ਜੰਗਜੂ ਮੁਹਿੰਮ ਦਾ ਸਮਰਥਨ ਕੀਤਾ ਸੀ, ਜਿਸ ਤੋਂ ਬਾਅਦ ਇਹ ਡਰ ਹੈ ਕਿ ਇਜ਼ਰਾਈਲ ਹੁਣ ਪੂਰੇ ਲੇਬਨਾਨ ਵਿੱਚ ਜ਼ਮੀਨੀ ਫੌਜੀ ਮੁਹਿੰਮ ਚਲਾ ਸਕਦਾ ਹੈ।
ਔਸਟਿਨ ਨੇ ਹੁਣੇ ਜਿਹੇ ਆਪਣੇ ਇਜ਼ਰਾਈਲੀ ਹਮਰੁਤਬਾ ਯੋਵ ਗੈਲੈਂਟ ਨਾਲ ਗੱਲਬਾਤ ਤੋਂ ਬਾਅਦ ਕਿਹਾ ਸੀ ਕਿ ਸੰਯੁਕਤ ਰਾਜ ਅਮਰੀਕਾ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਤਾਂ ਜੋ ਜਿਹਾਦੀ ਹਿੰਸਕ ਤੱਤ ਇਜਰਾਈਲ ਨੂੰ ਨੁਕਸਾਨ ਨਾ ਪਹੁੰਚਾ ਸਕਣ।ਉਨ੍ਹਾਂ ਨੇ ਦੱਖਣੀ ਇਜ਼ਰਾਈਲ 'ਤੇ ਫਲਸਤੀਨੀ ਖਾੜਕੂ ਸੰਗਠਨ ਹਮਾਸ ਦੇ ਹਮਲੇ ਦਾ ਜ਼ਿਕਰ ਕੀਤਾ, ਜਿਸ ਵਿਚ 1200 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਅਤੇ ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਵਿੱਚ ਕਾਰਵਾਈ ਸ਼ੁਰੂ ਕੀਤੀ ਅਤੇ ਉਸੇ ਦਿਨ ਤੋਂ ਹਿਜ਼ਬੁੱਲਾ ਨੇ ਵੀ ਇਜ਼ਰਾਈਲ 'ਤੇ ਹਮਲੇ ਸ਼ੁਰੂ ਕਰ ਦਿੱਤੇ। ਇਸ ਸੰਘਰਸ਼ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਹੈ ਅਤੇ ਲੇਬਨਾਨ ਅਤੇ ਇਜ਼ਰਾਈਲ ਦੋਵਾਂ ਦੇ ਸਰਹੱਦੀ ਖੇਤਰਾਂ ਵਿੱਚ ਇੱਕ ਮਿਲੀਅਨ ਤੋਂ ਵੱਧ ਇਜ਼ਰਾਈਲੀ ਅਤੇ ਲੇਬਨਾਨੀ ਨਾਗਰਿਕਾਂ ਨੂੰ ਬੇਘਰ ਕਰ ਦਿੱਤਾ ਹੈ।
ਹਿਜ਼ਬੁੱਲਾ ਨੇ ਵਾਰ-ਵਾਰ ਇਜ਼ਰਾਈਲ 'ਤੇ ਹਮਲੇ ਜਾਰੀ ਰੱਖਣ ਦੀ ਧਮਕੀ ਦਿੱਤੀ ਹੈ ਤੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਗਾਜ਼ਾ ਵਿਚ ਇਜ਼ਰਾਈਲੀ ਹਮਲੇ ਬੰਦ ਨਹੀਂ ਹੁੰਦੇ, ਉਦੋਂ ਤੱਕ ਉਹ ਇਜਰਾਈਲ ਉਪਰ ਹਮਲੇ ਕਰਨਾ ਜਾਰੀ ਰਖੇਗਾ।ਜਦ ਕਿ ਇਜ਼ਰਾਈਲ ਸਰਕਾਰ 'ਤੇ ਦਬਾਅ ਇਸ ਗਲ ਨੂੰ ਲੈਕੇ ਹੈ ਕਿ ਉਹ ਵਿਸਥਾਪਿਤ ਇਜ਼ਰਾਈਲੀ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਦੇ ਘਰ ਵਾਪਸ ਪਰਤਣ ਲਈ ਮਾਹੌਲ ਤਿਆਰ ਕਰੇ। ਪਰ, ਅਜਿਹਾ ਨਹੀਂ ਹੋ ਸਕਿਆ ।
ਇਸ ਦੇ ਨਾਲ ਹੀ, ਇਜ਼ਰਾਈਲ ਨੇ ਹੁਣ ਤੇਜ਼ੀ ਨਾਲ ਹਿਜ਼ਬੁੱਲਾ ਦੀ ਚੋਟੀ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ।
ਲੇਬਨਾਨ ਵਿੱਚ ਇਜ਼ਰਾਈਲੀ ਹਮਲੇ ਸ਼ੁਰੂ ਹੋਣ ਤੋਂ ਪਹਿਲਾਂ, ਵ੍ਹਾਈਟ ਹਾਊਸ ਮਹੀਨਿਆਂ ਤੋਂ ਕਹਿ ਰਿਹਾ ਸੀ ਕਿ ਉਹ ਲੇਬਨਾਨ-ਇਜ਼ਰਾਈਲ ਸਰਹੱਦ 'ਤੇ ਸੰਕਟ ਦਾ ਕੂਟਨੀਤਕ ਹੱਲ ਲੱਭਣ ਲਈ ਕੰਮ ਕਰ ਰਿਹਾ ਹੈ। ਅਮਰੀਕੀ ਰਾਜਦੂਤ ਅਮੋਸ ਹੋਚਸਟੀਨ ਨੇ ਵਾਰ-ਵਾਰ ਖੇਤਰ ਦਾ ਦੌਰਾ ਕੀਤਾ ਅਤੇ ਵਧਦੇ ਤਣਾਅ ਦੇ ਵਿਰੁੱਧ ਚੇਤਾਵਨੀ ਦਿੱਤੀ, ਪਰ ਕੋਈ ਫਾਇਦਾ ਨਹੀਂ ਹੋਇਆ।
ਲੇਬਨਾਨ ਅਤੇ ਇਜ਼ਰਾਈਲ ਵਿੱਚ ਵਿਗੜਦੀ ਸਥਿਤੀ ਦੇ ਵਿਚਕਾਰ, ਬਿਡੇਨ ਪ੍ਰਸ਼ਾਸਨ ਨੇ ਅਰਬ ਅਤੇ ਯੂਰਪੀਅਨ ਦੇਸ਼ਾਂ ਨੂੰ ਇੱਕਜੁੱਟ ਕੀਤਾ ਅਤੇ ਲੜਾਈ ਨੂੰ ਰੋਕਣ ਲਈ 25 ਸਤੰਬਰ ਨੂੰ "ਤੁਰੰਤ" 21 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਸੀ।
ਫਿਰ ਵੀ ਦੋ ਦਿਨ ਬਾਅਦ, ਜਦੋਂ ਇਜ਼ਰਾਈਲ ਨੇ ਬੇਰੂਤ ਵਿੱਚ ਕਈ ਰਿਹਾਇਸ਼ੀ ਇਮਾਰਤਾਂ 'ਤੇ ਇੱਕ ਵੱਡੇ ਬੰਬ ਹਮਲੇ ਵਿੱਚ ਨਸਰੁੱਲਾ ਨੂੰ ਮਾਰਿਆ, ਜਿਸ ਨਾਲ ਜੰਗਬੰਦੀ ਦੀ ਕਿਸੇ ਵੀ ਸੰਭਾਵਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤਾ ਗਿਆ, ਵ੍ਹਾਈਟ ਹਾਊਸ ਨੇ ਇਸ ਹਮਲੇ ਦੀ "ਨਿਆਂ ਦੇ ਉਪਾਅ" ਵਜੋਂ ਸ਼ਲਾਘਾ ਕੀਤੀ ਗਈ ਸੀ। ਨਸਰੱਲਾ ਦੀ ਹੱਤਿਆ ਦਾ ਹੁਕਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਧਰਤੀ ਤੋਂ ਉਸ ਸਮੇਂ ਦਿੱਤਾ ਸੀ ਜਦੋਂ ਉਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿੱਸਾ ਲੈ ਰਹੇ ਸਨ।
ਅਮਰੀਕਾ ਗਾਜ਼ਾ ਅਤੇ ਬਾਕੀ ਖੇਤਰ ਵਿੱਚ ਇਜ਼ਰਾਈਲ ਦੀਆਂ ਕਾਰਵਾਈਆਂ ਦਾ ਸਿੱਧਾ ਭਾਈਵਾਲ ਅਤੇ ਸਮਰਥਕ ਰਿਹਾ ਹੈ, ਪਰ ਬਿਡੇਨ ਪ੍ਰਸ਼ਾਸਨ ਨੇ ਘਰੇਲੂ ਆਲੋਚਨਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਜੰਗਬੰਦੀ ਦੀ ਗੱਲਬਾਤ ਨੂੰ "ਘਰੇਲੂ ਰਾਜਨੀਤੀ" ਦੀ ਚਾਲ ਵਜੋਂ ਵਰਤਿਆ। ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਅਮਰੀਕਾ ਜੰਗ ਖਤਮ ਨਹੀਂ ਕਰਨਾ ਚਾਹੁੰਦਾ।ਉਹ ਇਜਰਾਈਲ ਰਾਹੀਂ ਇਸਲਾਮੀ ਖਾੜਕੂਵਾਦ ਨੂੰ ਦਬਾਅ ਕੇ ਤੇਲ ਭੰਡਾਰਾਂ ਉਪਰ ਕਬਜਾ ਕਰਨਾ ਚਾਹੁੰਦਾ ਹੈ। ਅਸਲੀਅਤ ਇਹ ਹੈ ਕਿ ਗਾਜ਼ਾ ਵਿਚ ਹਜ਼ਾਰਾਂ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਲਈ ਜਵਾਬਦੇਹ ਲੈਣ ਵਾਲਾ ਕੋਈ ਨਹੀਂ ਹੈ।
ਰੂਸ ਈਰਾਨ ਦੇ ਹੱਕ ਵਿਚ
ਇਜ਼ਰਾਈਲ ਤੇ ਈਰਾਨ ਵਿਚਕਾਰ ਤਣਾਅ ਸਿਖਰ 'ਤੇ ਹੈ। ਇਸ ਦੌਰਾਨ ਰੂਸ ਇਜ਼ਰਾਈਲ ਅਤੇ ਈਰਾਨ ਦੇ ਨਾਲ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਰੂਸ ਨੇ ਇਜ਼ਰਾਈਲ ਨੂੰ ਭੜਕਾਉਣ ਲਈ ਪੱਛਮੀ ਦੇਸ਼ਾਂ ਤੇ ਖਾਸ ਕਰਕੇ ਅਮਰੀਕਾ ਦੀ ਆਲੋਚਨਾ ਕੀਤੀ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਇਰਾਨ ਉਪਰ ਇਜ਼ਰਾਇਲੀ ਹਮਲੇ ਨਾਲ ਖੇਤਰ ਵਿਚ ਤਣਾਅ ਵਧਣ ਦੀ ਸੰਭਾਵਨਾ ਹੈ ਤੇ ਜੇਕਰ ਈਰਾਨ ਦੇ ਨਾਗਰਿਕ ਪਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਦੀ ਕੋਈ ਧਮਕੀ ਦਿੱਤੀ ਗਈ ਤਾਂ ਇਸ ਨੂੰ ਅੰਤਰਰਾਸ਼ਟਰੀ ਭਾਈਚਾਰਾ ਗੰਭੀਰ ਉਕਸਾਉਣ ਦੇ ਤੌਰ 'ਤੇ ਦੇਖੇਗਾ।ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁੱਲ ਕੇ ਈਰਾਨ ਦਾ ਸਮਰਥਨ ਕੀਤਾ ਤੇ ਇਜ਼ਰਾਈਲ ਨੂੰ ਚਿਤਾਵਨੀ ਦਿੰਦੇ ਹੋਏ ਪੁਤਿਨ ਨੇ ਤਾੜਨਾ ਕੀਤੀ ਕਿ ਜੇ ਈਰਾਨ 'ਤੇ ਹਮਲਾ ਕੀਤਾ ਤਾਂ ਭਿਅੰਕਰ ਸਿਟੇ ਨਿਕਲਣਗੇ।
ਯਾਦ ਰਹੇ 1 ਅਕਤੂਬਰ ਨੂੰ ਈਰਾਨ ਨੇ ਇਜ਼ਰਾਈਲ 'ਤੇ ਕਰੀਬ 180 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਹਮਲੇ ਤੋਂ ਬਾਅਦ ਈਰਾਨ ਨੇ ਕਿਹਾ ਸੀ ਕਿ ਇਹ ਹਮਾਸ ਦਾ ਨੇਤਾ ਇਸਮਾਈਲ ਹਾਨੀਆ, ਹਿਜ਼ਬੁੱਲਾ ਮੁੱਖ ਹਸਨ ਨਸਰੁੱਲਾ ਤੇ ਆਈਆਰਜੀਸੀ ਜਨਰਲ ਅਬਾਸ ਨੀਲਫਰੋਸ਼ਨ ਦੀ ਮੌਤ ਦਾ ਬਦਲਾ ਲਿਆ ਹੈ। ਇਨ੍ਹਾਂ ਸਾਰਿਆਂ ਦੀ ਜਾਨ ਇਜ਼ਰਾਇਲੀ ਹਮਲੇ ਵਿਚ ਗਈ ਸੀ।ਦੂਜੇ ਪਾਸੇ ਇਜ਼ਰਾਈਲ ਨੇ ਈਰਾਨ ਤੋਂ ਬਦਲਾ ਲੈਣ ਦੀ ਕਾਰਵਾਈ ਦੀ ਸਹੁੰ ਖਾਧੀ ਸੀ। ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਤੇਲ ਪਲਾਂਟਾਂ 'ਤੇ ਹਮਲਾ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ।
ਯੂਏਈ, ਬਹਿਰੀਨ ਅਤੇ ਕਤਰ ਵਰਗੇ ਖਾੜੀ ਦੇਸ਼ਾਂ ਦੇ ਰੁਖ ਕਾਰਨ ਕੂਟਨੀਤਕ ਸਥਿਤੀ ਕਾਫੀ ਪੇਚੀਦਾ ਹੋ ਗਈ ਹੈ। ਇਹ ਦੇਸ਼ ਈਰਾਨ ਦੇ ਤੇਲ ਪਲਾਂਟਾਂ 'ਤੇ ਹਮਲਿਆਂ ਦੇ ਨਤੀਜੇ ਵਜੋਂ ਹੋਣ ਵਾਲੇ ਆਰਥਿਕ ਨੁਕਸਾਨ ਅਤੇ ਵਾਤਾਵਰਣ ਦੇ ਨੁਕਸਾਨ ਨੂੰ ਲੈ ਕੇ ਚਿੰਤਤ ਹਨ। ਇਸ ਕਾਰਣ ਉਹ ਇਜਰਾਈਲੀ ਹਮਲੇ ਦੇ ਵਿਰੁੱਧ ਹਨ। ਸਭ ਤੋਂ ਵੱਡਾ ਡਰ ਇਹ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਧਣ ਨਾਲ ਇੱਕ ਮਹੱਤਵਪੂਰਨ ਵਿਸ਼ਵ ਪੱਧਰ ਉਪਰ ਸੰਘਰਸ਼ ਸ਼ੁਰੂ ਹੋ ਸਕਦਾ ਹੈ, ਜਿਸ ਵਿੱਚ ਸੰਭਾਵੀ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਤੇ ਰੂਸ ਵੀ ਸ਼ਾਮਲ ਹਨ।
ਅਮਰੀਕਾ ਮੁਤਾਬਕ ਈਰਾਨ ਨੂੰ ਇਜ਼ਰਾਈਲ ਨਾਲ ਟਕਰਾਅ ਵਿਚ ਉਲਝਣ ਦਾ ਡਰ ਹੈ ,ਕਿਉਂਕਿ ਇਸ ਨਾਲ ਉਸ ਦੀ ਪਹਿਲਾਂ ਤੋਂ ਹੀ ਵਿਗੜ ਚੁੱਕੀ ਆਰਥਿਕ ਸਥਿਤੀ ਹੋਰ ਵਿਗੜ ਜਾਵੇਗੀ ਅਤੇ ਦੇਸ਼ ਵਿਚ ਅਨਾਜ ਦੀ ਕਮੀ ਪੈਦਾ ਹੋ ਜਾਵੇਗੀ ।ਈਰਾਨ ਨੇ ਹਮਲੇ ਨੂੰ ਰੋਕਣ ਲਈ ਸਾਊਦੀ ਅਰਬ ਨਾਲ ਸੰਪਰਕ ਕੀਤਾ ਹੈ ਅਤੇ ਵਾਸ਼ਿੰਗਟਨ ਨਾਲ ਕੂਟਨੀਤਕ ਹੱਲ ਕੱਢਣ ਲਈ ਸਾਊਦੀ ਪ੍ਰਭਾਵ ਦੀ ਵਰਤੋਂ ਕੀਤੀ ਹੈ।
ਹੁਣੇ ਜਿਹੇ ਇਜ਼ਰਾਈਲ ਨਾਲ ਤਣਾਅ ਦਰਮਿਆਨ ਈਰਾਨ 'ਤੇ ਬੀਤੇ ਸ਼ਨੀਵਾਰ ਨੂੰ ਵੱਡਾ ਸਾਈਬਰ ਹਮਲਾ ਕੀਤਾ ਹੈ। ਈਰਾਨ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਦੇਸ਼ ਦੀ ਸੁਪਰੀਮ ਕੌਂਸਲ ਆਫ ਸਾਈਬਰਸਪੇਸ ਦੇ ਸਾਬਕਾ ਸਕੱਤਰ ਫਿਰੋਜ਼ਾਬਾਦੀ ਨੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਇਰਾਨ ਦੀ ਸਰਕਾਰ ਦੀਆਂ ਲਗਭਗ ਤਿੰਨੋਂ ਸ਼ਾਖਾਵਾਂ - ਨਿਆਂਪਾਲਿਕਾ, ਵਿਧਾਨ ਸਭਾ ਅਤੇ ਕਾਰਜਕਾਰੀ ਸ਼ਾਖਾ - ਵੱਡੇ ਸਾਈਬਰ ਹਮਲੇ ਦੀ ਮਾਰ ਹੇਠ ਹਨ। ਉਨ੍ਹਾਂ ਦੀ ਜਾਣਕਾਰੀ ਚੁਰਾ ਲਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪਰਮਾਣੂ ਪਲਾਂਟਾਂ ਨੂੰ ਵੀ ਸਾਈਬਰ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਨਾਲ ਹੀ, ਈਂਧਨ ਵੰਡ, ਸਿਟੀ ਨੈਟਵਰਕ, ਆਵਾਜਾਈ ਨੈਟਵਰਕ, ਪੋਰਟ ਨੈਟਵਰਕ ਅਤੇ ਹੋਰ ਸਮਾਨ ਨੈਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਦੂਜੇ ਪਾਸੇ ਈਰਾਨ ਨੇ ਧਮਕੀ ਦਿੱਤੀ ਹੈ ਕਿ ਇਸ ਵਾਰ ਉਹ ਹੋਰ ਤਾਕਤ ਨਾਲ ਜਵਾਬ ਦੇਣਗੇ।
ਅਹਿਮ ਸਵਾਲ ਇਹ ਹੈ ਕਿ ਕੀ ਇਜ਼ਰਾਈਲ ਵਾਕਈ ਈਰਾਨ ਨੂੰ ਨਿਸ਼ਾਨਾ ਬਣਾਉਣ ਅਤੇ ਉਸ ਨੂੰ ਵਿਆਪਕ ਯੁੱਧ ਵਿੱਚ ਘਸੀਟਣ ਦਾ ਇਰਾਦਾ ਰੱਖਦਾ ਹੈ ਜਾਂ ਸ਼ਾਇਦ ਸਥਿਤੀ ਦਾ ਫਾਇਦਾ ਚੁੱਕ ਕੇ ਈਰਾਨ ਦੇ ਪਰਮਾਣੂ ਟਿਕਾਣਿਆਂ ਉੱਤੇ ਹਮਲਾ ਕਰਨਾ ਚਾਹੁੰਦਾ ਹੈ।ਇਹ ਸੱਚ ਹੈ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨਾ ਇਜ਼ਰਾਈਲ ਦਾ ਚਿਰੋਕਣਾ ਮਕਸਦ ਰਿਹਾ ਹੈ।ਸੰਭਾਵਨਾ ਇਹ ਹੈ ਕਿ ਇਜ਼ਰਾਈਲ ਈਰਾਨ ਦੇ ਖਿਲਾਫ਼ ਵੱਡੇ ਕਦਮ ਚੁੱਕ ਸਕਦਾ ਹੈ, ਜਿਨ੍ਹਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ।ਬੇਸ਼ੱਕ ਇਸ ਨਾਲ ਇੱਕ ਖੇਤਰੀ ਯੁੱਧ ਛਿੜ ਸਕਦਾ ਹੈ ਅਤੇ ਜੇ ਈਰਾਨ ਨੂੰ ਖ਼ਾਸ ਤੌਰ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਸ ਵਿੱਚ ਰੂਸ ਤੇ ਚੀਨ ਵੀ ਸ਼ਾਮਲ ਹੋ ਸਕਦੇ ਹਨ। ਇਸ ਨਾਲ ਸੰਭਾਵਿਤ ਰੂਪ ਨਾਲ ਆਲਮੀ ਸੰਘਰਸ਼ ਦਾ ਖ਼ਤਰਾ ਹੋ ਸਕਦਾ ਹੈ।
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
Comments (0)