ਰੂਸ ਕਰ ਰਿਹਾ ਰਸਾਇਣਕ ਹਥਿਆਰਾਂ ਦੀ ਵਰਤੋਂ

ਰੂਸ ਕਰ ਰਿਹਾ ਰਸਾਇਣਕ ਹਥਿਆਰਾਂ ਦੀ ਵਰਤੋਂ

ਯੂਕਰੇਨ ਵਿਚ ਫ਼ੌਜੀ ਟਿਕਾਣੇ 'ਤੇ ਹਵਾਈ ਹਮਲਾ-35 ਮੌਤਾਂ

*ਕੀਵ ਨੇੜੇ ਹਮਲੇ ਵਿਚ ਅਮਰੀਕੀ ਪੱਤਰਕਾਰ ਦੀ ਮੌਤ

* ਰੂਸ ਤੇ ਯੂਰੋਪ ਵਿੱਚ ਜੰਗ ਵਿਰੋਧੀ ਮੁਜ਼ਾਹਰੇ

ਅੰਮ੍ਰਿਤਸਰ ਟਾਈਮਜ਼

ਰੀਯੂਪੋਲ-ਨਾਟੋ ਮੈਂਬਰ ਪੋਲੈਂਡ ਨਾਲ ਲਗਦੀ ਯੂਕਰੇਨ ਦੀ ਪੱਛਮੀ ਸਰਹੱਦ ਦੇ ਨੇੜੇ ਮਿਲਟਰੀ ਸਿਖਲਾਈ ਕੇਂਦਰ 'ਤੇ ਰੂਸ ਵਲੋਂ ਕੀਤੇ ਹਵਾਈ ਹਮਲੇ ਵਿਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ 134 ਲੋਕ ਜ਼ਖਮੀ ਹੋ ਗਏ ।ਇਕ ਹੋਰ ਹਮਲੇ 'ਵਿਚ ਸ਼ਰਨਾਰਥੀਆਂ ਦੇ ਇਕ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ ਇਕ ਬੱਚੇ ਸਮੇਤ 7 ਲੋਕ ਹਲਾਕ ਹੋ ਗਏ ।ਇਸ ਨਾਲ ਯੁੱਧ ਪੋਲੈਂਡ ਦੀ ਸਰਹੱਦ ਦੇ ਨੇੜੇ ਪੁੱਜ ਗਿਆ ਹੈ । ਇਸ ਦੌਰਾਨ ਯੂਕਰੇਨ ਦੇ ਲਵੀਵ ਖੇਤਰ ਦੇ ਗਵਰਨਰ ਨੇ ਕਿਹਾ ਕਿ ਲਵੀਵ ਤੋਂ 30 ਕਿੱਲੋਮੀਟਰ ਉਤਰ ਪੱਛਮ ਅਤੇ ਪੋਲੈਂਡ ਬਾਰਡਰ ਵਿਚੋਂ 35 ਕਿੱਲੋਮੀਟਰ ਦੂਰ ਯਾਵੋਰੀਵ ਮਿਲਟਰੀ ਰੇਂਜ 'ਤੇ ਰੂਸੀ ਸੈਨਾ ਨੇ 30 ਕਰੂਜ਼ ਮਿਜ਼ਾਈਲਾਂ ਦਾਗੀਆਂ । ਯੂਕਰੇਨ ਨੂੰ ਪੱਛਮੀ ਸੈਨਿਕ ਸਹਾਇਤਾ ਭੇਜਣ ਲਈ ਪੋਲੈਂਡ ਇਕ ਮਹੱਤਵਪੂਰਨ ਸਥਾਨ ਹੈ । ਸੂਤਰਾਂ ਮੁਤਾਬਿਕ ਰੂਸੀ ਫ਼ੌਜ ਰਾਜਧਾਨੀ ਕੀਵ ਤੋਂ ਸਿਰਫ਼ 25 ਕਿੱਲੋਮੀਟਰ ਦੂਰ ਹੈ ।ਲਵੀਵ ਦੇ ਗਵਰਨਰ ਮੈਕਸਿਮ ਕੋਜ਼ੀਤਸਕੀ ਨੇ ਕਿਹਾ ਕਿ  ਬੀਤੇ ਐਤਵਾਰ ਨੂੰ ਦਾਗੀਆਂ ਗਈਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਸੁੱਟ ਦਿੱਤਾ ਗਿਆ ਗਿਆ ਕਿਉਂਕਿ ਹਵਾਈ ਰੱਖਿਆ ਪ੍ਰਣਾਲੀ ਕੰਮ ਕੀਤਾ । ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਡੋਨੇਤਸਕ ਖੇਤਰ ਵਿਚ ਇਕ ਮੱਠ ਅਤੇ ਬੱਚਿਆਂ ਦੇ ਰਿਜ਼ੋਰਟ ਵਿਚ ਉਨ੍ਹਾਂ ਸਥਾਨਾਂ 'ਤੇ ਰੂਸ ਦੇ ਹਵਾਈ ਹਮਲੇ ਹੋਏ ਜਿਥੇ ਭਿਕਸ਼ੂਆਂ ਅਤੇ ਸ਼ਰਨਾਰਥੀਆਂ ਨੇ ਸ਼ਰਨ ਲਈ ਸੀ, ਇਸ ਵਿਚ 32 ਲੋਕ ਜ਼ਖ਼ਮੀ ਹੋ ਗਏ ।ਇਸ ਤੋਂ ਇਲਾਵਾ ਇਕ ਹੋਰ ਹਵਾਈ ਹਮਲਾ ਪੂਰਬੀ ਖੇਤਰ ਤੋਂ ਲੋਕਾਂ ਨੂੰ ਕੱਢ ਕੇ ਪੱਛਮ ਵੱਲ ਲਿਗਾ ਰਹੀ ਰੇਲ ਗੱਡੀ 'ਤੇ ਹੋਇਆ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ।ਮੇਅਰ ਰੁਸਲਾਨ ਮਾਰਟਸਿੰਕੀਵ ਨੇ ਕਿਹਾ ਕਿ ਰੂਸ ਦਾ ਟੀਚਾ ਦਹਿਸ਼ਤ ਅਤੇ ਡਰ ਪੈਦਾ ਕਰਨਾ ਹੈ ।ਮੇਅਰ ਅਨੁਸਾਰ ਮਰੀਯੂਪੋਲ 'ਚ ਘੇਰਾਬੰਦੀ ਦੌਰਾਨ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਗੋਲਾਬਾਰੀ ਨੇ ਮਿ੍ਤਕਾਂ ਨੂੰ ਸਮੂਹਿਕ ਕਬਰਾਂ ਵਿਚ ਦਫ਼ਨਾਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਵਿਘਨ ਪਾਇਆ ।ਬੀਤੇ ਸ਼ਨਿਚਰਵਾਰ ਨੂੰ ਜੰਗਬੰਦੀ ਨੂੰ ਲੈ ਕੇ ਹੋਈ ਗੱਲਬਾਤ ਬੇਸਿੱਟਾ ਰਹੀ ਸੀ ।ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸਨਿਚਰਵਾਰ ਰਾਤ ਨੂੰ ਰਾਸ਼ਟਰ ਨੂੰ ਕੀਤੇ ਸੰਬੋਧਨ 'ਵਿਚ ਰੂਸ 'ਤੇ ਦੋਸ਼ ਲਾਇਆ ਕਿ ਰੂਸ ਉਸਦੇ ਦੇਸ਼ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਯੂਕਰੇਨ ਇਸ ਪ੍ਰੀਖਿਆ 'ਚ ਉਠ ਖੜ੍ਹਾ ਹੋਵੇਗਾ ।

ਕੀਵ ਦੀ ਖੇਤਰੀ ਪੁਲਿਸ ਨੇ ਕਿਹਾ ਕਿ ਇਰਪਿਨ 'ਵਿਚ ਰੂਸੀ ਬਲਾਂ ਦੇ ਹਮਲੇ 'ਵਿਚ ਇਕ ਅਮਰੀਕੀ ਪੱਤਰਕਾਰ ਦੀ ਮੌਤ ਹੋ ਗਈ ।ਪੁਲਿਸ ਦੇ ਹਵਾਲੇ ਨਾਲ ਸੀ. ਐਨ. ਐਨ. ਨੇ ਕਿਹਾ ਕਿ ਰੂਸੀ ਸੈਨਿਕਾਂ ਦੇ ਹਮਲੇ ਵਿਚ ਇਕ ਹੋਰ ਪੱਤਰਕਾਰ ਜ਼ਖ਼ਮੀ ਹੋ ਗਿਆ ।ਕੀਵ ਦੇ ਇਕ ਹਸਪਤਾਲ 'ਚ ਇਲਾਜ ਅਧੀਨ ਇਕ ਅਮਰੀਕੀ ਪੱਤਰਕਾਰ ਨੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਨੂੰ ਕੀਵ ਨੇੜੇ ਇਰਪਿਨ ਵਿਚ ਇਕ ਪੁਲ ਤੋਂ ਬਾਅਦ ਇਕ ਨਾਕੇ 'ਤੇ ਰੁਕਣ ਬਾਅਦ ਗੋਲੀ ਮਾਰ ਦਿੱਤੀ ਗਈ ।ਹਸਪਤਾਲ ਤੋਂ ਇਟਲੀ ਦੇ ਪੱਤਰਕਾਰ ਐਨਾਲੀਸਾ ਕੈਮੀਲੀ ਨਾਲ ਇੰਟਰਵਿਊ ਦੌਰਾਨ ਜੁਆਨ ਅਰੇਦੋਂਦੋ ਨੇ ਦੱਸਿਆ ਕਿ ਉਸ ਨੂੰ ਆਪਣੇ ਸਾਥੀ ਅਮਰੀਕੀ ਪੱਤਰਕਾਰ, ਜਿਸ ਦੀ ਪਛਾਣ ਉਸ ਨੇ ਬਰੇਂਟ ਰਿਨਾਡ ਦੱਸੀ, ਬਾਰੇ ਹੋਰ ਜਾਣਕਾਰੀ ਨਹੀਂ ਹੈ । ਉਸ ਨੇ ਦੱਸਿਆ ਕਿ ਉਹ ਖੇਤਰ ਵਿਚੋਂ ਭੱਜ ਰਹੇ ਸ਼ਰਨਾਰਥੀਆਂ ਦੀ ਫਿਲਮ ਬਣਾ ਰਹੇ ਸਨ, ਜਦੋਂ ਉਨ੍ਹਾਂ ਨੂੰ ਇਕ ਨਾਕੇ ਕੋਲ ਕਾਰ 'ਵਿਚ ਗੋਲੀ ਮਾਰ ਦਿੱਤੀ ਗਈ ।ਯੂਕਰੇਨ ਦੀ ਮਨੁੱਖੀ ਅਧਿਕਾਰ ਲੋਕਪਾਲ ਲੁਈਦਮਿਲਾ ਡੇਨੀਸੋਵਾ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਪੂਰਬੀ ਯੂਕਰੇਨ ਦੇ ਪੋਪਾਸਨਾ 'ਚ ਰਾਤ ਭਰ ਹੋਏ ਹਮਲੇ ਵਿਚ ਪਾਬੰਦੀਸ਼ੁਦਾ ਫਾਸਫੋਰਸ ਹਥਿਆਰਾਂ ਦੀ ਵਰਤੋਂ ਕੀਤੀ

ਸਾਰੇ ਯੂਰੋਪ ਤੇ ਰੂਸ ਵਿੱਚ ਜੰਗ ਵਿਰੋਧੀ ਮੁਜ਼ਾਹਰੇ

ਯੂਕਰੇਨ ਵਿਚ ਚੱਲ ਰਹੀ ਜੰਗ ਦੇ ਵਿਰੋਧ ਵਿਚ  ਸਾਰੇ ਯੂਰੋਪ ਵਿਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਰੂਸੀ ਅਥਾਰਿਟੀਜ਼ ਵੱਲੋਂ ਅਜਿਹੇ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਰੂਸ ਵਿਚ ਵੀ ਛੋਟੀਆਂ ਰੈਲੀਆਂ ਹੋਈਆਂ।ਬਰਲਿਨ ਵਿਚ ਟਰੇਡ ਯੂਨੀਅਨਾਂ ਵੱਲੋਂ  ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਸ਼ਹਿਰ ਦੇ ਰੂਸੀ ਸ਼ਾਸਕ ਐਲੇਗਜ਼ੈਂਡਰ 1 ਦੇ ਨਾਂ ਤੇ ਬਣੇ ਵੱਡੇ ਸਕੁਐਰ ਐਲੇਗਜ਼ੈਂਡਰਪਲੇਟਜ਼ ਤੋਂ ਬਰੈਂਡਨਬਰਗ ਗੇਟ ਨੇੜਲੀ ਇਕ ਜਗ੍ਹਾ ਤੱਕ ਮਾਰਚ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸੇ ਤਰ੍ਹਾਂ ਦੇ ਪ੍ਰਦਰਸ਼ਨ ਵਾਰਸਾ, ਲੰਡਨ, ਮੈਡ੍ਰਿਡ, ਫਰੈਂਕਫਰਟ, ਹੈਮਬਰਗ ਅਤੇ ਸਟੁੱਟਗਾਰਟ ਵਿਚ ਵੀ ਹੋਏ। ਰੂਸ ਵਿਚ ਜੰਗ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ। ਅਧਿਕਾਰ ਸਮੂਹ ਓਵੀਡੀ-ਇਨਫੋ ਨੇ ਕਿਹਾ ਕਿ ਪੁਲੀਸ ਵੱਲੋਂ 20 ਸ਼ਹਿਰਾਂ ਚੋਂ 135 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ। ਇਸੇ ਦੌਰਾਨ ਤਾਇਵਾਨ ਵਿਚ ਰਹਿੰਦੇ ਯੂਕਰੇਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਤਾਇਪੈ ਵਿਚ ਰੂਸੀ ਹਮਲੇ ਖ਼ਿਲਾਫ਼ ਰੋਸ ਮਾਰਚ ਕੀਤਾ।

 ਜ਼ੇਲੈਂਸਕੀ ਵੱਲੋਂ ਪੂਤਿਨ ਨੂੰ ਸਿੱਧੀ ਮੁਲਾਕਾਤ ਦੀ ਅਪੀਲ

 

ਯੂੁਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸੀ ਹਮਲਿਆਂ ਕਾਰਨ ਐਤਵਾਰ ਨੂੰ ਕਾਲਾ ਦਿਨਕਰਾਰ ਦਿੱਤਾ ਅਤੇ ਨਾਟੋ ਨੇਤਾਵਾਂ ਨੂੰ ਉਨ੍ਹਾਂ ਦੇ ਦੇਸ਼ ਨੂੰ ਨੋ-ਫਲਾਈ ਜ਼ੋਨਐਲਾਨਣ ਦੀ ਅਪੀਲ ਕੀਤੀ ਹੈ। ਇਸ ਅਪੀਲ ਤੇ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਇਸ ਨਾਲ ਪਰਮਾਣੂ ਟਕਰਾਅ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਜ਼ੇਲੈਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਿੱਧੀ ਮੁਲਾਕਾਤ ਕਰਨ ਦੀ ਅਪੀਲ ਕਰਦਿਆਂ, ‘‘ਜੇਕਰ ਤੁਸੀਂ ਸਾਡੇ ਹਵਾਈ ਖੇਤਰ ਨੂੰ ਬੰਦ ਨਹੀਂ ਕਰਦੇ ਤਾਂ ਇਹ ਮਹਿਜ਼ ਸਮੇਂ ਦੀ ਹੀ ਗੱਲ ਹੈ ਕਿ ਰੂਸੀ ਮਿਜ਼ਾਈਲਾਂ ਤੁਹਾਡੇ ਖੇਤਰ ਵਿੱਚ ਅਤੇ ਨਾਟੋ ਦੇਸ਼ਾਂ ਦੇ ਨਾਗਰਿਕਾਂ ਦੇ ਘਰਾਂ ਤੇ ਡਿੱਗਣਗੀਆਂ।’’ ਹਾਲਾਂਕਿ ਕਰੈਮਲਿਨ (ਰੂਸ) ਵੱਲੋਂ ਫਿਲਹਾਲ ਇਸ ਅਪੀਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।