ਲੰਡਨ ਰੋਸ ਮੁਜਾਹਰੇ ਦੀਆਂ ਤਿਆਰੀਆਂ ਪੂਰੇ  ਜੋਰਾਂ ਤੇ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 

ਲੰਡਨ ਰੋਸ ਮੁਜਾਹਰੇ ਦੀਆਂ ਤਿਆਰੀਆਂ ਪੂਰੇ  ਜੋਰਾਂ ਤੇ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 

" 19 ਜੂਨ 2022 ਦਾ ਦਿਨ ਹਰ ਤਰਾਂ ਦੇ ਰੁਝੇਵਿਆਂ ਤੋਂ ਮੁਕਤ ਰੱਖਿਆ ਜਾਵੇ   "

ਅੰਮ੍ਰਿਤਸਰ ਟਾਈਮਜ਼

ਲੰਡਨ –  ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਨੂੰ 38 ਸਾਲ ਹੋ ਚੁੱਕੇ ਹਨ ।  ਭਾਰਤ ਸਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਭਾਰਤੀ ਫੌਜ ਦੁਆਰਾ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਖੂਨੀ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਬਲਕਿ ਇਸ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਯਤਨਸ਼ੀਲ ਰਹੇਗੀ ।  ਦੁਨੀਆਂ ਭਰ ਵਿੱਚ ਵਸਦੇ ਹਰ ਸਿੱਖ ਦਾ ਫਰਜ਼ ਹੈ ਕਿ ਉਹ ਇਸ ਖੂਨੀ ਘੱਲੂਘਾਰੇ ਦੀ ਯਾਦ ਨੂੰ ਇੱਕ ਜ਼ਖਮ ਦੀ ਨਿਆਂਈਂ ਸਮਝਦਾ ਹੋਇਆ ਇਸ ਦੇ  ਸਦੀਵੀ ਇਲਾਜ ਰੂਪੀ ਕੌਮੀ ਅਜਾਦੀ ਪ੍ਰਤੀ ਵਚਨਬੱਧ ਹੋਵੇ ।ਬਰਤਾਨੀਆ ਵਿੱਚ ਅਜ਼ਾਦ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ  ਸਿੱਖ ਜਥੇਬੰਦੀਆਂ ਦੇ  ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ  ਲੰਡਨ  ਵਿੱਚ ਭਾਰੀ ਰੋਸ ਮੁਜਾਹਰਾ  19 ਜੂਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ  । ਗੁਰਦਵਾਰਾ ਗੁਰੂ ਤੇਗ ਬਹਾਦਰ ਲੈਸਟਰ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ  ਦੀ ਇਸ ਸਬੰਧੀ ਵਿਸ਼ੇਸ਼ ਇਕੱਚਰਤਾ ਹੋਈ । ਜਿਸ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਮੁਖਤਿਆਰ ਸਿੰਘ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਭਾਈ ਅਮਰੀਕ ਸਿੰਘ ਗਿੱਲ, ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਤਰਸੇਮ ਸਿੰਘ ਦਿਓਲ, ਭਾਈ ਦਵਿੰਦਰਜੀਤ ਸਿੰਘ, ਭਾਈ ਨਰਿੰਦਰਜੀਤ ਸਿੰਘ, ਰਜਿੰਦਰ ਸਿੰਘ ਚਿੱਟੀ, ਭਾਈ ਚਰਨ ਸਿੰਘ ਟਿਵੀਡੇਲ,ਭਾਈ ਗੁਰਮੇਲ ਸਿੰਘ, ਭਾਈ ਅਜਮੇਰ ਸਿੰਘ ਬਸਰਾ,ਭਾਈ ਜਸਪਾਲ ਸਿੰਘ ਕੰਗ ਆਦਿ ਨੇ ਸ਼ਮੂਲੀਅਤ ਕੀਤੀ। ਰੋਸ ਮੁਜਾਹਰੇ ਲਈ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਵੱਖ ਵੱਖ ਗੁਰਦਵਾਰਿਆ  ਵਲੋਂ ਕੋਚਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ  । ਇਸ ਦੇ ਨਾਲ ਹੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਿੱਖ ਜਗਤ ਨੂੰ ਸੱਦਾ ਗਿਆ ਕਿ ਉਹ ਆਪੋ ਆਪਣੇ ਦੇਸ਼ਾਂ ,ਸ਼ਹਿਰਾਂ ,ਪਿੰਡਾਂ ਅਤੇ ਕਸਬਿਆਂ ਵਿੱਚ ਸਿੱਖ ਤਵਾਰੀਖ ਵਿੱਚ ਵਾਪਰੇ ਇਸ ਤੀਸਰੇ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਪ੍ਰਤੀ ਵਚਨਬੱਧ ਜਰੂਰ ਹੋਣ । ਲੰਡਨ ਵਿਖੇ ਹੋ ਰਹੇ ਮੁਜਾਹਰੇ ਵਾਸਤੇ  19 ਜੂਨ  ਐਤਵਾਰ  ਵਾਲੇ ਦਿਨ  ਬਾਰਾਂ  ਵਜੇ ਸਿੱਖ ਸੰਗਤਾਂ ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਅਤੇ ਕੋਚਾਂ ਦੇ  ਕਾਫਲਿਆਂ ਰਾਹੀਂ ਪੁੱਜਣਗੀਆਂ । ਉਪਰੰਤ ਯੋਗ ਅਤੇ ਰੋਹ ਭਰਪੂਰ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ਤੇ ਚਾਲੇ ਪਾਵੇਗਾ । ਜਿ਼ਕਰਯੋਗ ਹੈ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ   ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਜਥੇਬੰਦੀਆਂ ਵਲੋ ਹਰ ਸਾਲ ਰੋਸ ਮੁਜਾਹਰਾ ਕੀਤਾ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ । ਸਿੱਖ ਨੌਜਵਾਨਾਂ ਵਿੱਚ ਇਸ ਰੋਸ ਮੁਜਾਹਰੇ ਪ੍ਰਤੀ ਹਰ ਸਾਲ ਉਤਸ਼ਾਹ ਵਧ ਰਿਹਾ ਹੈ । ਵੀਹਵੀਂ ਸਦੀ ਦੇ ਮਹਾਨ ਸਿੱਖ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ,ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜਨਰਲ ਸ਼ੁਬੇਗ ਸਿੰਘ ਜੀ ਨੇ ਆਪਣੇ ਸਾਥੀਆਂ ਨਾਲ ਟੈਂਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਹਮਲਾ ਕਰਨ ਆਈ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕੀਤਾ  ਅਤੇ ਇੱਕ ਅਸਾਵੀਂ ਜੰਗ ਦਾ ਸ਼ਾਨਾਮੱਤਾ ਇਤਿਹਾਸ ਦੁਨਿਆ ਸਾਹਮਣੇ ਸਿਰਜ ਕੇ ਰੱਖ ਦਿੱਤਾ ਹੈ ,ਜਿਸ ਤੋਂ ਸਿੱਖ ਕੌਮ ਦੀਆਂ ਅਗਲੇਰੀਆਂ ਪੀੜ੍ਹੀਆਂ ਹਮੇਸ਼ਾਂ ਸੇਧ ਲੈਂਦੀਆਂ ਰਹਿਣਗੀਆਂ । ਦੂਜੇ ਪਾਸੇ  ਮੁਗਲੀਆ ਅਤੇ ਹਿਟਲਰੀ ਜ਼ੁਲਮਾਂ ਨੂੰ ਮਾਤ ਪਾਉਂਦਿਆਂ ਭਾਰਤੀ ਫੌਜ ਵਲੋਂ ਨਿਰਦੋਸ਼ ਸਿੱਖ ਬਜੁਰਗਾਂ,ਸਿੱਖ ਬੀਬੀਆਂ ਅਤੇ ਦੁੱਧ ਚੁੰਘਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ । ਸਿੱਖ ਕੌਮ ਦੇ ਸਰਵਉੱਚ ਅਸਥਾਨ ਰਾਜਸੀ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ,ਸੱਚਖੰਡ  ਸ੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰਦਿਆਂ ਜੁੱਗੋ ਜੁੱਗ ਅਟੱਲ ਸਾਹਿਬ  ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪਾਂ ਸਮੇਤ ਸਿੱਖ ਇਤਿਹਾਸ ,ਗੁਰਇਤਿਹਾਸ ਦੇ ਸਰੋਤ ,ਗੁਰੁ ਸਾਹਿਬ ਦੇ ਹੱਥ ਲਿਖਤ ਹੁਕਮਨਾਮੇ ਅਗਨ ਭੇਂਟ ਕਰ ਦਿੱਤੇ ਗਏ । ਇਸ ਖੂਨੀ ਅਤੇ ਅੱਤ ਵਹਿਸ਼ੀ ਹਮਲੇ ਨੂੰ ਸਿੱਖ ਕੌਮ ਸਦਾ ਯਾਦ ਰੱਖੇਗੀ । ਬਲਕਿ ਇਸ ਖੂਨੀ ਘੱਲੂਘਾਰੇ ਨਾਲ ਸਿਰਜੇ ਗਏ ਅਜ਼ਾਦ ਸਿੱਖ ਰਾਜ ਖਾਲਿਸਤਾਨ ਨਿਸ਼ਾਨੇ ਪ੍ਰਤੀ ਸੰਘਰਸ਼ਸ਼ੀਲ ਰਹੇਗੀ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਿੱਖ ਕੌਮ ਨੂੰ ਸਿੱਖ ਵਿਰੋਧੀ ਲਾਬੀ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਅਤੇ ਕੌਮੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਉਹਨਾਂ ਵਲੋਂ ਅਰੰਭੇ ਹੋਏ ਕਾਰਜ ਨੂੰ ਅੱਗੇ ਤੋਰਨ ਲਈ ਹਰ ਸੰਭਵ ਯਤਨ ਕਰਦਿਆਂ ਉਸਾਰੂ ਅਤੇ ਸਾਰਥਕ ਯੋਗਦਾਨ ਪਾਉਣ ਦੀ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਹੈ । ਕਿਉਂ ਕਿ ਅਜਾਦ ਸਿੱਖ ਰਾਜ ਖਾਲਿਸਤਾਨ ਹੀ ਸਮੂਹ ਸਿੱਖ ਸਮੱਸਿਆਵਾਂ ਦਾ ਸਥਾਈ ਹੱਲ ਹੈ । ਫੈਡਰੇਸ਼ਨ ਆਫ  ਸਿੱਖ  ਆਰਗੇਨਾਈਜ਼ੇਸ਼ਨਜ਼ ਯੂ,ਕੇ  ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਕੋਚਾਂ ਦਾ ਪ੍ਰਬੰਧ ਕਰਨ ਅਤੇ ਸਿੱਖ ਸੰਗਤਾਂ ਨੂੰ  ਕਿ 19  ਜੂਨ ਵਾਲੇ ਦਿਨ ਕੋਈ ਵੀ ਪਰਿਵਾਰਕ ਸਮਾਗਮ ਨਾ ਉਲੀਕਣ ਦੀ ਸਨਿਮਰ ਅਪੀਲ ਕੀਤੀ ਗਈ ਹੈ ।