ਪੋਲੈਂਡ ਨਹੀਂ ਜਾਣ ਦਿਆਂਗੇ, ਹਥਿਆਰ ਚੁੱਕੋ ਤੇ ਰੂਸ ਨਾਲ ਲੜੋ' : ਯੂਕਰੇਨੀ ਅਧਿਕਾਰੀ
ਭਾਰਤੀ ਵਿਦਿਆਰਥੀਆਂ ਨੂੰ ਰੂਸ ਨਾਲ ਲੜਨ ਲਈ ਦਬਾ ਪਾ ਰਹੇ
ਅੰਮ੍ਰਿਤਸਰ ਟਾਈਮਜ਼
ਕੀਵ : ਪੋਲੈਂਡ ’ਵਿਚ ਸ਼ਰਨ ਲੈਣ ਲਈ ਯੂਕਰੇਨ ਦੇ ਸ਼ਹਿਰ ਲਵੀਵ ਵਿਚ ਅਸਮਾਨ ਥੱਲੇ ਠੰਢ ’ਚ ਬੈਠੇ ਭਾਰਤੀ ਵਿਦਿਆਰਥੀਆਂ ਨੂੰ ਹੁਣ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਦੇ ਵਧਦੇ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਮੈਡੀਕਲ ਦੀ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀਆਂ ਨੂੰ ਰੂਸ ਨਾਲ ਲੜਨ ਲਈ ਹਥਿਆਰ ਚੁੱਕਣ ਲਈ ਕਿਹਾ ਹੈ।
ਕੀਵ ਯੂਨੀਵਰਸਿਟੀ ਦੇ ਵਿਦਿਆਰਥੀ ਜਗਜੀਤ ਸਿੰਘ ਵਾਸੀ ਅੰਮ੍ਰਿਤਸਰ, ਗੁਰਫਤਿਹ ਸਿੰਘ ਵਾਸੀ ਪਟਿਆਲਾ, ਜਜਬੀਰ ਸਿੰਘ ਵਾਸੀ ਕੋਟਕਪੂਰਾ, ਕਮਲਜੀਤ ਸਿੰਘ ਵਾਸੀ ਜਲੰਧਰ ਤੇ ਦੇਵਰਾਜ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਯੂਕਰੇਨ ਦੇ ਫੌਜੀਆਂ ਨਾਲ ਮਿਲ ਕੇ ਰੂਸ ਦੀ ਫੌਜ ਨਾਲ ਮੁਕਾਬਲਾ ਕਰਨਾ ਪਵੇਗਾ। ਕਿਸੇ ਨੂੰ ਪੋਲੈਂਡ ਨਹੀਂ ਜਾਣ ਦਿੱਤਾ ਜਾਵੇਗਾ।ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਬੀਤੇ ਮੰਗਲਵਾਰ ਸਵੇਰੇ ਸਾਢੇ ਦਸ ਵਜੇ ਲਾਈਨ ’ਵਿਚ ਖੜ੍ਹੇ ਭਾਰਤੀ ਵਿਦਿਆਰਥੀਆਂ ’ਤੇ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਹੱਥ ਵੀ ਚੁੱਕਿਆ ਅਤੇ ਗਾਲੀ-ਗਲੋਚ ਵੀ ਕੀਤਾ। ਵਿਦਿਆਰਥੀ ਦੇਵਰਾਜ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਦੂਸਰੇ ਦਿਨ ਵੀ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਵਾਰ-ਵਾਰ ਭਾਰਤੀ ਹੋਣ ਦੇ ਤਾਅਨੇ ਮਾਰੇ ਜਾ ਰਹੇ ਹਨ। ਹਰਿਆਣਾ ਦੇ ਸ਼ਹਿਰ ਕੈਥਲ ਵਾਸੀ ਦਾਨਿਸ਼ ਸ਼ੇਖਰ ਦਾ ਕਹਿਣਾ ਹੈ ਕਿ ਲਾਈਨ ਵਿਚ ਖੜ੍ਹੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੇ ਸੁਰੱਖਿਆ ਅਧਿਕਾਰੀ ਗਲਤ ਕੁਮੈਂਟਸ ਵੀ ਕਰਦੇ ਹਨ, ਜੋ ਕਿ ਠੀਕ ਨਹੀਂ ਹੈ। ਦਾਨਿਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਥੇ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਪ੍ਰਬੰਧ ਕਰਨੇ ਚਾਹੀਦੇ ਹਨ।ਜਲੰਧਰ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਜੋ ਪੈਸੇ ਸਨ, ਖਤਮ ਹੋ ਚੁੱਕੇ ਹਨ। ਸੋਮਵਾਰ ਨੂੰ ਖਾਲਸਾ ਸਿੱਖ ਏਡ ਬ੍ਰੈੱਡ, ਬਿਸਕੁਟ ਅਤੇ ਚਾਹ ਦਿੱਤੀ ਗਈ ਸੀ। ਮੰਗਲਵਾਰ ਨੂੰ ਪੂਰਾ ਦਿਨ ਖਾਣ ਲਈ ਕੁਝ ਨਾ ਮਿਲਿਆ। ਠੰਢ ’ਚ ਸਿਹਤ ਵੀ ਖਰਾਬ ਹੋ ਰਹੀ ਹੈ। ਇਥੇ ਸੁਣਨ ਵਾਲਾ ਕੋਈ ਨਹੀਂ ਹੈ। ਉਥੇ ਬਠਿੰਡਾ ਦੇ ਵਿਦਿਆਰਥੀ ਸ਼ਿਖਾ ਕਪੂਰ ਨੇ ਦੱਸਿਆ ਕਿ ਤਿੰਨ ਦਿਨਾਂ ਤੋਂ ਉਹ ਦਵਾਈ ਲਈ ਦੁਹਾਈ ਦੇ ਰਿਹਾ ਹੈ ਪਰ ਯੂਕਰੇਨ ਦੇ ਸੁਰੱਖਿਆ ਅਧਿਕਾਰੀ ਨਾ ਤਾਂ ਦਵਾਈ ਮੁਹੱਈਆ ਕਰਵਾਉਂਦੇ ਹਨ ਅਤੇ ਨਾ ਹੀ ਕਿਤੇ ਜਾਣ ਦਿੰਦੇ ਹਨ। ਮੋਬਾਈਲ ਖੋਹਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।
Comments (0)