ਬ੍ਰਿਟੇਨ, ਅਮਰੀਕਾ ਅਤੇ ਆਸਟਰੇਲੀਆ ਵੱਲੋਂ ਨਵੇਂ ਗੱਠਜੋੜ ਦਾ ਐਲਾਨ

ਬ੍ਰਿਟੇਨ, ਅਮਰੀਕਾ ਅਤੇ ਆਸਟਰੇਲੀਆ ਵੱਲੋਂ ਨਵੇਂ ਗੱਠਜੋੜ ਦਾ ਐਲਾਨ

*ਆਸਟਰੇਲੀਆ ਨੂੰ ਪਰਮਾਣੂ ਊਰਜਾ ਵਾਲੀਆਂ ਪਣਡੁੱਬੀਆਂ ਬਣਾਉਣ ’ਚ ਮਿਲੇਗਾ ਸਹਿਯੋਗ

*ਚੀਨ ਗਠਜੋੜ ਤੋਂ ਔਖਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੰਡਨ: ਬ੍ਰਿਟੇਨ, ਅਮਰੀਕਾ ਅਤੇ ਆਸਟਰੇਲੀਆ ਨੇ ਹਿੰਦ ਪ੍ਰਸ਼ਾਂਤ ਖੇਤਰ ’ਚ ਚੀਨ ਦੇ ਵਧਦੇ ਅਸਰ ਨੂੰ ਦੇਖਦਿਆਂ ਨਵੇਂ ਤਿਕੋਣੇ ਸੁਰੱਖਿਆ ਗੱਠਜੋੜ ਏਯੂਕੇਯੂਐੱਸ ਦਾ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰ ਸਕਣ। ਇਸ ਦੇ ਨਾਲ ਪਰਮਾਣੂ ਊਰਜਾ ਵਾਲੀਆਂ ਪਣਡੁੱਬੀਆਂ ਹਾਸਲ ਕਰਨ ’ਚ ਆਸਟਰੇਲੀਆ ਦੀ ਸਹਾਇਤਾ ਕਰਨ ਸਮੇਤ ਰੱਖਿਆ ਸਮਰੱਥਾਵਾਂ ਨੂੰ ਬਿਹਤਰ ਢੰਗ ਨਾਲ ਸਾਂਝਾ ਕਰਨ ਦੀ ਵੀ ਪਹਿਲ ਹੋਵੇਗੀ। ਡਿਜੀਟਲੀ ਹੋਏ ਸਮਾਗਮ ਦੌਰਾਨ ਨਵੇਂ ਗੱਠਜੋੜ ਨੂੰ ਇਤਿਹਾਸਕ ਕਰਾਰ ਦਿੱਤਾ ਗਿਆ। ਗੱਠਜੋੜ ਤਹਿਤ ਤਿੰਨੋਂ ਮੁਲਕਾਂ ਦੀਆਂ ਸਾਂਝੀਆਂ ਸਮਰੱਥਾਵਾਂ ਦੇ ਵਿਕਾਸ ਕਰਨ, ਤਕਨਾਲੋਜੀ ਨੂੰ ਸਾਂਝਾ ਕਰਨ, ਸੁਰੱਖਿਆ ਨੂੰ ਉਤਸ਼ਾਹਿਤ ਕਰਨ ਸਮੇਤ ਹੋਰ ਸਪਲਾਈ ਨੂੰ ਮਜ਼ਬੂਤ ਬਣਾਉਣ ’ਤੇ ਸਹਿਮਤੀ ਜਤਾਈ ਗਈ। ਸਾਝੇ ਬਿਆਨ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਆਸਟਰੇਲਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸ ਨੇ ਆਪਸ ’ਚ ਗੱਲਬਾਤ ਕੀਤੀ। ਜੌਹਨਸਨ ਨੇ ਕਿਹਾ ਕਿ ਤਿੰਨਾਂ ਮੁਲਕਾਂ ਦੀ ਦੋਸਤੀ ਨਵਾਂ ਅਧਿਆਏ ਲਿਖੇਗੀ। ਅਮਰੀਕਾ ਅਤੇ ਬ੍ਰਿਟੇਨ ਦੀ ਸਹਾਇਤਾ ਨਾਲ ਆਸਟਰੇਲੀਆ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਇਕ ਬੇੜਾ ਬਣਾਏਗਾ ਜਿਸ ਦਾ ਮਕਸਦ ਹਿੰਦ-ਪ੍ਰਸ਼ਾਂਤ ਖੇਤਰ ’ਚ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਹੈ।ਸਾਂਝੇ ਬਿਆਨ ’ਚ ਕਿਹਾ ਗਿਆ ਕਿ ਗੱਠਜੋੜ ਇਕ ਨਵੀਂ ਰੱਖਿਆ ਭਾਈਵਾਲੀ ਬਣਾਏਗਾ, ਨੌਕਰੀਆਂ ਪੈਦਾ ਹੋਣਗੀਆਂ ਅਤੇ ਖੁਸ਼ਹਾਲੀ ਵਧੇਗੀ। ਉਨ੍ਹਾਂ ਕਿਹਾ ਕਿ ਪਣਡੁੱਬੀਆਂ ’ਚ ਪਰਮਾਣੂ ਹਥਿਆਰ ਨਹੀਂ ਹੋਣਗੇ ਸਗੋਂ ਉਹ ਪਰਮਾਣੂ ਰਿਐਕਟਰ ਤੋਂ ਸੰਚਾਲਿਤ ਹੋਣਗੀਆਂ।ਮੌਰੀਸਨ ਨੇ ਕਿਹਾ ਕਿ ਤਿੰਨਾਂ ਮੁਲਕਾਂ ਦਾ ਗੱਠਜੋੜ ਹਿੰਦ ਪ੍ਰਸ਼ਾਂਤ ਪਰਿਵਾਰ ਨਾਲ ਭਾਈਵਾਲੀ ਦੇ ਵਧਦੇ ਨੈੱਟਵਰਕ ਵਿੱਚ ਯੋਗਦਾਨ ਪਾਏਗਾ। ਬਾਇਡਨ ਨੇ ਕਿਹਾ ਕਿ ਤਿੰਨੋਂ ਮੁਲਕ 20ਵੀਂ ਸਦੀ ਵਾਂਗ 21ਵੀਂ ਸਦੀ ਦੇ ਖ਼ਤਰਿਆਂ ਨਾਲ ਸਿੱਝਣ ਲਈ ਆਪਣੀ ਸਾਂਝੀ ਸਮਰੱਥਾ ਵਧਾਉਣਗੇ। 

 ਗੱਠਜੋੜ ਹਥਿਆਰਾਂ ਦੀ ਦੌੜ ਵਧਾਏਗਾ: ਚੀਨ

 ਚੀਨ ਨੇ ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਵੱਲੋਂ ਬਣਾੲੇ ਗਏ ਤਿਕੋਣੇ ਗੱਠਜੋੜ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਉਹ ਗੱਠਜੋੜ ’ਤੇ ਨੇੜਿਉਂ ਨਜ਼ਰ ਰੱਖਣਗੇ ਕਿਉਂਕਿ ਉਨ੍ਹਾਂ ਕਾਰਨ ਖੇਤਰੀ ਸਥਿਰਤਾ ਨੂੰ ਢਾਹ ਲੱਗ ਸਕਦੀ ਹੈ ਅਤੇ ਹਥਿਆਰਾਂ ਦੀ ਦੌੜ ਵਧਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਪਰਮਾਣੂ ਅਪਾਸਾਰ ਦੀਆਂ ਕੌਮਾਂਤਰੀ ਕੋਸ਼ਿਸ਼ਾਂ ਨੂੰ ਵੀ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇੰਗਲੈਂਡ ਪਰਮਾਣੂ ਤਾਕਤ ਵਾਲੀ ਪਣਡੁੱਬੀ ਤਕਨਾਲੋਜੀ ਆਸਟਰੇਲੀਆ ਨੂੰ ਦੇਣਗੇ ਅਤੇ ਇਹ ਦੋਹਰੇ ਮਾਪਦੰਡਾਂ ਵਾਲਾ ਗ਼ੈਰਜ਼ਿੰਮੇਵਾਰਾਨਾ ਰਵੱਈਆ ਹੈ। ਜ਼ਾਓ ਨੇ ਕਿਹਾ ਕਿ ਆਸਟਰੇਲੀਆ ਪਰਮਾਣੂ ਹਥਿਆਰਾਂ ਬਾਰੇ ਅਪਾਸਾਰ ਸੰਧੀ ਵਾਲੇ ਮੁਲਕਾਂ ’ਚ ਸ਼ਾਮਲ ਹੈ ਪਰ ਪਰਮਾਣੂ ਤਾਕਤ ਵਾਲੀਆਂ ਪਣਡੁੱਬੀਆਂ ਦੀ ਤਕਨਾਲੋਜੀ ਲੈ ਕੇ ਉਹ ਵੀ ਪਰਮਾਣੂ ਹਥਿਆਰਾਂ ਦੀ ਦੌੜ ’ਚ ਸ਼ਾਮਲ ਹੋ ਰਿਹਾ ਹੈ।