ਐੱਨਆਈਏ ਨੇ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

ਐੱਨਆਈਏ ਨੇ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਹਵਾਈ ਅੱਡੇ ਤੋਂ  ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ- ਲੁਧਿਆਣਾ ਦੀ ਅਦਾਲਤ ਵਿਚ ਪਿਛਲੇ ਸਾਲ ਹੋਏ ਬੰਬ ਧਮਾਕੇ ਦੇ ਮਾਮਲੇ ’ਵਿਚ ਲੋੜੀਂਦੇ ‘ਮੋਸਟ ਵਾਂਟੇਡ’ ਖਾੜਕੂ  ਹਰਪ੍ਰੀਤ ਸਿੰਘ  ‘ਹੈਪੀ ਮਲੇਸ਼ੀਆ’ ਨੂੰ ਕੇਂਦਰੀ ਏਜੰਸੀ ਐੱਨਆਈਏ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹੈਪੀ ਮਲੇਸ਼ੀਆ ਦੇ ਸਿਰ ’ਤੇ ਦਸ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।  ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਲੁਧਿਆਣਾ ਦੀਆਂ ਕਚਹਿਰੀਆਂ ਦੀ ਇਮਾਰਤ ਵਿਚ ਜ਼ੋਰਦਾਰ ਬੰਬ ਧਮਾਕਾ ਹੋਇਆ ਸੀ। ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਫੱਟੜ ਹੋ ਗਏ ਸਨ। ਇਸ ਮਾਮਲੇ ਵਿਚ ਲੁਧਿਆਣਾ ਪੁਲੀਸ ਨੇ 23 ਦਸੰਬਰ, 2021 ਵਿਚ ਕੇਸ ਦਰਜ ਕੀਤਾ ਸੀ।

ਐੱਨਆਈਏ ਨੇ 13 ਜਨਵਰੀ ਨੂੰ ਮੁੜ ਕੇਸ ਦਰਜ ਕੀਤਾ ਸੀ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ  ਮੁਖੀ ਲਖਬੀਰ ਸਿੰਘ ਰੋਡੇ ਦਾ ਇਕ ਸਾਥੀ ਵੀ ਲੁਧਿਆਣਾ ਧਮਾਕੇ ਦੀ ਸਾਜ਼ਿਸ਼ ਘੜਨ ਵਿਚ ਸ਼ਾਮਲ ਹੈ। ਜਦਕਿ ਰੋਡੇ ਖ਼ੁਦ ਵੀ ਇਸ ਮਾਮਲੇ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੋਡੇ ਦੀਆਂ ਹਦਾਇਤਾਂ ਉਤੇ ਕੰਮ ਕਰਦਿਆਂ ਹਰਪ੍ਰੀਤ ਸਿੰਘ ਨੇ ਧਮਾਕਾਖੇਜ਼ ਸਮੱਗਰੀ ਪਹੁੰਚਾਉਣ ਵਿਚ ਮਦਦ ਕੀਤੀ ਜੋ ਕਿ ਪਾਕਿਸਤਾਨ ਤੋਂ ਭਾਰਤ ਭੇਜੀ ਗਈ। ਇਸ ਨੂੰ ਮਗਰੋਂ ਲੁਧਿਆਣਾ ਧਮਾਕੇ ਵਿਚ ਵਰਤਿਆ ਗਿਆ। ਐੱਨਆਈਏ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਕਈ ਹੋਰ ਕੇਸਾਂ ਵਿਚ ਵੀ ਲੋੜੀਂਦਾ ਹੈ ਜਿਨ੍ਹਾਂ ਵਿਚ ਹਥਿਆਰਾਂ, ਧਮਾਕਾਖੇਜ਼ ਸਮੱਗਰੀ  ਦੇ ਕੇਸ ਸ਼ਾਮਲ ਹਨ।