ਹਾਈਵੋਲਟੇਜ ਡਰਾਮੇ ਤੋਂ ਬਾਅਦ ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕੀਤਾ 

ਹਾਈਵੋਲਟੇਜ ਡਰਾਮੇ ਤੋਂ ਬਾਅਦ ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕੀਤਾ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 6 ਮਈ (ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਜਾ ਰਹੀ ਹਰਿਆਣਾ ਪੁਲੀਸ ਨੇ ਕੁਰੂਕਸ਼ੇਤਰ ਵਿੱਚ ਹੀ ਰੋਕ ਲਿਆ। ਲੰਬੇ ਹਾਈਵੋਲਟੇਜ ਡਰਾਮੇ ਤੋਂ ਬਾਅਦ ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਬੱਗਾ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਅਗਵਾ ਦਾ ਕੇਸ ਵੀ ਦਰਜ ਕੀਤਾ ਹੈ। ਇਹ ਮਾਮਲਾ ਬੱਗਾ ਨੂੰ ਗ੍ਰਿਫ਼ਤਾਰ ਕਰਨ ਆਏ ਪੰਜਾਬ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਗਿਆ । ਇਸ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਹਾਈ ਕੋਰਟ ਵਲ ਰੁੱਖ ਕਰਣ ਤੇ  ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ।

ਪੰਜਾਬ ਪੁਲਿਸ ਦੇ ਕਾਫ਼ਲੇ ਨੂੰ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ਨੇੜੇ ਰੋਕਿਆ। ਬੱਗਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਮੋਹਾਲੀ ਲੈ ਕੇ ਜਾ ਰਹੀ ਸੀ। ਹਰਿਆਣਾ ਪੁਲਿਸ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਨਿਰਦੇਸ਼ਾਂ 'ਤੇ ਰੋਕ ਲਗਾਈ ਹੈ। ਪੰਜਾਬ ਪੁਲਿਸ ਦੀ ਟੀਮ ਨੇ ਕੁਰੂਕਸ਼ੇਤਰ ਵਿੱਚ ਪੁੱਛਗਿੱਛ ਕੀਤੀ।

ਭਾਜਪਾ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਗੰਭੀਰ ਦੋਸ਼ ਲਗਾਏ ਹਨ। ਭਾਜਪਾ ਵਲੋਂ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਬਦਲੇ ਦੀ ਰਾਜਨੀਤੀ ਕਰ ਰਹੇ ਹਨ। ਭਾਜਪਾ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਨੇ ਬੱਗਾ ਨੂੰ ਅਗਵਾ ਕਰ ਲਿਆ ਹੈ। ਪਾਰਟੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ।

ਭਾਜਪਾ ਦੇ ਦੋਸ਼ਾਂ 'ਤੇ 'ਆਪ' ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰ ਰਹੀ ਹੈ। ਜਨਤਾ ਦੇਖ ਰਹੀ ਹੈ ਕਿ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਅਜਿਹੇ ਗੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਵਿਧਾਇਕ ਨੇ ਕਿਹਾ ਕਿ ਪੁਲਿਸ ਨੇ ਬੱਗਾ ਨੂੰ ਜਾਂਚ 'ਚ ਸਹਿਯੋਗ ਨਾ ਦੇਣ 'ਤੇ ਗ੍ਰਿਫਤਾਰ ਕੀਤਾ ਹੈ।

ਇਸ ਦੇ ਨਾਲ ਹੀ ਦਿੱਲੀ 'ਚ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਦੇ ਕਾਰਕੁਨ੍ਹਾਂ ਨੇ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਤਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਜਨਕਪੁਰੀ ਥਾਣੇ ਦੇ ਬਾਹਰ ਭਾਜਪਾ ਵਰਕਰਾਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।