ਸ਼੍ਰੋਮਣੀ ਕਮੇਟੀ ਵਲੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹਿਣ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਪੰਜਾਬ ਵਿਚ ਅੰਮ੍ਰਿਤਸਰ ਤੋਂ ਸਿੱਖੀ ਦੀ ਧਰਮ ਪ੍ਰਚਾਰ ਲਹਿਰ ਆਰੰਭੇਗੀ  : ਕਾਲਕਾ

ਸ਼੍ਰੋਮਣੀ ਕਮੇਟੀ ਵਲੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹਿਣ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਪੰਜਾਬ ਵਿਚ ਅੰਮ੍ਰਿਤਸਰ ਤੋਂ ਸਿੱਖੀ ਦੀ ਧਰਮ ਪ੍ਰਚਾਰ ਲਹਿਰ ਆਰੰਭੇਗੀ  : ਕਾਲਕਾ

 ਪੰਜਾਬ ਅੰਦਰ ਇਸਾਈ ਧਰਮ ਦਾ ਪ੍ਰਚਾਰ ਵਧਿਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 14 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਿਚ ਆਪਣਾ ਦਫਤਰ ਖੋਲ ਕੇ ਪੰਜਾਬ ਵਿਚ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰੇਗੀ।

ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 8ਵੇਂ ਸਥਾਪਨਾ ਦਿਵਸ ਸਮਾਗਮ ਨੁੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਅਗਲੇ 10 ਦਿਨਾਂ ਦੇ ਅੰਦਰ ਅੰਦਰ ਪੰਜਾਬ ਵਿਚ ਇਹ ਮੁਹਿੰਮ ਵਿੱਢੀ ਜਾਵੇਗੀ ਜਿਸ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਸਹਿਯੋਗ ਦੇਣਗੇ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਵਿਚ ਧਰਮ ਪ੍ਰਚਾਰ ਲਹਿਰ ਨਹੀਂ ਚਲਾ ਸਕੀ ਤੇ ਸਿੱਖੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ ਜਿਸ ਕਾਰਨ ਅੱਜ ਪੰਜਾਬ ਵਿਚ ਲੱਖਾਂ ਸਿੱਖਾਂ ਨੇ ਆਪਣਾ ਧਰਮ ਛੱਡ ਕੇ ਇਸਾਈ ਧਰਮ ਅਪਣਾ ਲਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੇ ਕੁਰਾਲੀ ਵਿਚ ਇਸਾਈਆਂ ਦੇ ਵੱਡੇ ਇਕੱਠਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਬੁਰੀ ਤਰਾਂ ਅਸਫਲ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ 15 ਨਵੰਬਰ 1920 ਨੁੰ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ ਤੇ ਇਸਨੁੰ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਸਿੱਖੀ ਦੀ  ਸੰਭਾਲ ਤੇ ਗੁਰਧਾਮਾਂ ਦੀ ਸੇਵਾ ਕਰਨੀ ਹੈ। ਸਿੱਖਾਂ ਦੀ ਇਹ ਸਿਰਮੌਰ ਸੰਸਥਾ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਜਿਸਦੇ ਨਤੀਜੇ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਤੇ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿਚ ਆਈਆਂ ਹਨ। ਉਹਨਾਂ ਕਿਹਾ ਕਿ ਜਿਥੇ ਹਰਿਆਣਾ ਗੁਰਦੁਆਰਾ ਕਮੇਟੀ ਹਰਿਆਣਾ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ, ਉਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੇ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਜਰਨੈਲਾਂ ਅਤੇ ਲਾਲ ਕਿਲੇ ਤੇ ਹੋਰ ਅਹਿਮ ਸਥਾਨਾਂ ਦੇ ਇਤਿਹਾਸ ਤੋਂ ਆਪਣੇ ਬੱਚਿਆਂ ਤੇ ਨਵੀਂ ਪੀੜੀ ਨੁੰ ਜਾਣੂ ਕਰਵਾਉਣ ਵਾਸਤੇ ਉਪਰਾਲੇ ਕੀਤੇ ਹਨ ਤਾਂ ਜੋ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।

ਸ਼੍ਰੋਮਣੀ ਕਮੇਟੀ ਦੇ ਅਸਫਲ ਰਹਿਣ ਦੇ ਕਾਰਨਾਂ ਦੀ ਗੱਲ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਰਾਜਨੀਤੀ ਭਾਰੂ ਹੋ ਗਈ  ਤੇ ਇਕ ਪਰਿਵਾਰ ਨੇ ਆਪਣਾ ਦਬਦਬਾ ਬਣਾਉਣ ਵਾਸਤੇ ਰਾਜਨੀਤੀ ਕਰਨੀ ਸ਼ੁਰੂ ਕੀਤੀ ਜਿਸ ਕਾਰਨ ਕਮੇਟੀ ਫੇਲ ਹੋਈ। ਉਹਨਾਂ ਕਿਹਾ ਕਿ ਸਾਲ 2015 ਵਿਚ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰੂ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਗਏ ਤੇ ਬੇਅਦਬੀ ਕੀਤੀ ਗਈ ਪਰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਜਾਂ ਮੈਂਬਰ ਨੇ ਇਸ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਕਿਉਂਕਿ ਉਸ ਵੇਲੇ ਪੰਜਾਬ ਵਿਚ ਉਸ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਸੀ।

ਉਹਨਾਂ ਕਿਹਾ ਕਿ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਪਰ ਸਾਨੂੰ ਇਹ ਹੁਕਮ ਸੁਣਾ ਦਿੱਤਾ ਗਿਆ ਕਿ ਉਹਨਾਂ ਨਾਲ ਸਾਂਝਾ ਗਠਜੋੜ ਬਣਾਓ ਜਿਹਨਾਂ ਨੇ 1984 ਦੇ ਸਿੱਖਾਂ ਦੇ ਕਾਤਲਾਂ ਦਾ ਸਟੇਜਾਂ ’ਤੇ ਸਨਮਾਨ ਕੀਤਾ ਤੇ ਗੁਰੂ ਘਰਾਂ ਦੀਆਂ ਗੋਲਕਾਂ ਲੁੱਟੀਆਂ। ਉਹਨਾਂ ਕਿਹਾ ਕਿ ਸਾਡੇ ਮੈਂਬਰਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ  ਕੌਮ ਦੇ ਦੋਖੀਆਂ ਨਾਲ ਨਹੀਂ ਰਲਾਂਗੇ ਤੇ ਇਸੇ ਲਈ ਅਸੀਂ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਿਸਦਾ ਚੋਣ ਨਿਸ਼ਾਨ ਵੀ ਜਲਦੀ ਹੀ ਜਾਰੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਨੇ ਇਕਜੁੱਟ ਹੋ ਕੇ ਦਿੱਲੀ ਕਮੇਟੀ ਦੀ ਸੇਵਾ ਸੰਭਾਲੀ ਹੋਈ ਹੈ ਤੇ ਕੌਮ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ।

ਉਹਨਾਂ ਇਹ ਵੀ ਕਿਹਾ ਕਿ ਅੱਜ ਵੀ ਉਸ ਪਰਿਵਾਰ ਨੁੰ ਉਭਾਰਨ ਵਾਸਤੇ ਬੰਦੀ ਸਿੰਘਾਂ ਦਾ ਮੁੱਦਾ ਉਛਾਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਬੰਦੀ ਸਿੰਘਾਂ ਦੇ ਮਾਮਲੇ ’ਤੇ 11 ਮੈਂਬਰੀ ਕਮੇਟੀ ਬਣਾਈ ਗਈ ਤੇ ਉਸਦੀ ਪਲੇਠੀ ਮੀਟਿੰਗ ਹੋਈ ਤਾਂ ਉਸ ਵਿਚ ਉਹਨਾਂ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਚੁੱਕੀ ਸੀ ਕਿ ਜਿਹਨਾਂ ਨੇ ਆਪ ਸਿੰਘਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਹੋਣ, ਉਹ ਬੰਦੀ ਸਿੰਘਾਂ ਦੀ ਗੱਲ ਕਿਵੇਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪਰਿਵਾਰ ਨੁੰ ਬਚਾਉਣ ਵਾਸਤੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾਅ ’ਤੇ ਲਗਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਉਹਨਾਂ 8ਵਾਂ ਸਥਾਪਨਾ ਦਿਵਸ ਮਨਾਉਣ ’ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਨੁੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਕਮੇਟੀ ਹੋਰ ਤਗੜੇ ਹੋ ਕੇ ਹਰਿਆਣਾ ਦੇ ਸਿੱਖਾਂ ਲਈ ਕੰਮ ਕਰੇਗੀ। ਇਸ ਮੌਕੇ ਸ. ਕਾਲਕਾ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ ਤੇ ਭੁਪਿੰਦਰ ਸਿੰਘ ਭੁੱਲਰ ਵੀ ਮੌਜੁਦ ਰਹੇ।