ਪੰਜਾਬ ਦਾ ਗਭਰੂ ਮੋਹਿਤ ਰਾਣਾ ਗੈਂਗਵਾਰ ਵਿਚ ਹਲਾਕ

ਪੰਜਾਬ ਦਾ ਗਭਰੂ ਮੋਹਿਤ ਰਾਣਾ ਗੈਂਗਵਾਰ ਵਿਚ ਹਲਾਕ

*ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਲਡੀ ਬਰਾੜ ਨੇ  ਘਟਨਾ ਦੀ ਜ਼ਿੰਮੇਵਾਰੀ ਲਈ

ਅੰਮ੍ਰਿਤਸਰ ਟਾਈਮਜ਼

ਅੰਬਾਲਾ: ਬੀਤੇ ਦਿਨੀਂ ਛਾਉਣੀ ਦੀ ਜਗਾਧਰੀ ਰੋਡ ਤੇ ਡੀਏਵੀ ਰਿਵਰ ਸਾਈਡ ਸਕੂਲ ਕੋਲ ਕਾਰ ਸਵਾਰ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਖੇਲਣ (ਪੰਜਾਬ) ਵਾਸੀ ਮੋਹਿਤ ਰਾਣਾ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਅੰਬਾਲਾ ਕੈਂਟ ਵਾਸੀ ਵਿਸ਼ਾਲ ਭੋਲਾ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪੂਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲੀਸ ਘਟਨਾ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮੋਹਿਤ ਰਾਣਾ ਅਤੇ ਵਿਸ਼ਾਲ ਭੋਲਾ ਹਾਈਵੇਅ ਤੋਂ ਕਰਧਾਨ ਵਾਲੀ ਸੜਕ ਵੱਲ ਮੁੜ ਰਹੇ ਸਨ। ਇਸ ਦੌਰਾਨ ਕਾਰ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ 12 ਸਕਿੰਟਾਂ ਵਿਚ 25 ਗੋਲੀਆਂ ਚਲਾਈਆਂ ਗਈਆਂ ਹਨ। ਕਾਰ ਚਲਾ ਰਹੇ ਮੋਹਿਤ ਰਾਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਫ਼ਰਾਰ ਹੋ ਗਏ।

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੀਆਂ ਕਈ ਟੀਮਾਂ ਮੌਕੇ ਤੇ ਪਹੁੰਚੀਆਂ। ਫੋਰੈਂਸਿਕ ਟੀਮ ਵੀ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਮੌਕੇ ਤੇ ਪਹੁੰਚੇ ਸੀਆਈਏ-2 ਦੇ ਇੰਚਾਰਜ ਵਰਿੰਦਰ ਨੇ ਦੱਸਿਆ ਕਿ ਖੇਲਣ ਪਿੰਡ ਦੇ ਮੋਹਿਤ ਰਾਣਾ ਨੂੰ 17 ਗੋਲੀਆਂ ਲੱਗੀਆਂ ਸਨ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਜਦੋਂਕਿ ਉਸ ਦੇ ਸਾਥੀ ਵਿਸ਼ਾਲ ਭੋਲਾ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਮੋਹਿਤ ਰਾਣਾ ਨੇ ਚਾਰ ਦਿਨ ਬਾਅਦ ਅਮਰੀਕਾ ਰਵਾਨਾ ਹੋਣਾ ਸੀ। ਉਹ ਗੈਂਗਸਟਰ ਭੂਪੀ ਰਾਣਾ ਦਾ ਸੱਜਾ ਹੱਥ ਦੱਸਿਆ ਜਾ ਰਿਹਾ ਹੈ। ਵਾਰਦਾਤ ਦੇ ਢਾਈ ਘੰਟਿਆਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ।