ਭਾਰਤ ਭੁੱਖਮਰੀ ਸੂਚਕ ਅੰਕ 'ਵਿਚ ਪਾਕਿਸਤਾਨ, ਨਿਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ ਤੋਂ ਵੀ ਪਛੜਿਆ
ਦੁਨੀਆ ਦੇ ਕੁੱਲ 82.8 ਕਰੋੜ ਲੋਕ ਕੁਪੌਸ਼ਣ ਦਾ ਸ਼ਿਕਾਰ ,ਜਿਹਨਾਂ 'ਵਿਚੋਂ 22.4 ਕਰੋੜ ਸਿਰਫ਼ ਭਾਰਤ 'ਵਿਚੋਂ
*ਮੋਦੀ ਸਰਕਾਰ ਭਾਰਤ ਦੇ ਲਈ ਵਿਨਾਸ਼ਕਾਰੀ-ਸੀਤਾ ਰਾਮ ਯੇਚੁਰੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ-ਆਲਮੀ ਭੁੱਖਮਰੀ ਸੂਚਕ ਅੰਕ 2022 ਦੀ ਰਿਪੋਰਟ 'ਚ 121 ਦੇਸ਼ਾਂ ਦੀ ਸੂਚੀ 'ਚ ਭਾਰਤ 107ਵੇਂ ਸਥਾਨ 'ਤੇ ਹੈ, ਜੋ ਕਿ ਪਿਛਲੇ ਸਾਲ ਦੇ 101ਵੇਂ ਸਥਾਨ ਤੋਂ ਵੀ 6 ਅੰਕ ਹੇਠਾਂ ਹੈ । ਅੰਕ ਮੁਤਾਬਿਕ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ, ਬੰਗਲਾਦੇਸ਼, ਨਿਪਾਲ ਅਤੇ ਸ੍ਰੀਲੰਕਾ ਵੀ ਭਾਰਤ ਤੋਂ ਬਿਹਤਰ ਸਥਿਤੀ 'ਵਿਚ ਹਨ । ਸਿਰਫ ਇਕ ਗੁਆਂਢੀ ਦੇਸ਼ ਅਫ਼ਗਾਨਿਸਤਾਨ, ਜੋ ਹਾਲ 'ਵਿਚ ਜੰਗ ਜਿਹੇ ਹਾਲਾਤ ਨਾਲ ਜੂਝ ਰਿਹਾ ਸੀ, ਹੀ ਭਾਰਤ ਤੋਂ ਹੇਠਾਂ ਭਾਵ 109ਵੇਂ ਸਥਾਨ 'ਤੇ ਹੈ । ਦੱਖਣੀ ਏਸ਼ਿਆਈ ਦੇਸ਼ਾਂ 'ਚ ਸਭ ਤੋਂ ਬਿਹਤਰ ਸਥਿਤੀ 'ਵਿਚ ਸ੍ਰੀਲੰਕਾ ਹੈ ।ਆਰਥਿਕ ਦਿੱਕਤਾਂ ਨਾਲ ਦੋ-ਚਾਰ ਹੋ ਰਹੇ ਸ੍ਰੀਲੰਕਾ ਨੂੰ ਇਸ ਸੂਚਕ ਅੰਕ 'ਵਿਚ 64ਵਾਂ ਸਥਾਨ ਹਾਸਲ ਹੋਇਆ ਹੈ । ਜਦਕਿ ਨਿਪਾਲ 81ਵੇਂ, ਬੰਗਲਾਦੇਸ਼ 84ਵੇਂ ਅਤੇ ਪਾਕਿਸਤਾਨ 99ਵੇਂ ਸਥਾਨ 'ਤੇ ਹੈ । ਆਇਰਸ਼ ਏਜੰਸੀ 'ਕਨਸਰਨ ਵਰਲਡ ਵਾਈਡ' ਅਤੇ ਜਰਮਨੀ ਦੀ ਸੰਸਥਾ 'ਵੈਲਟ ਹੰਗਰ ਹਿਲਫ਼' ਸਾਂਝੇ ਤੌਰ 'ਤੇ ਤਿਆਰ ਕੀਤੀ ਇਸ ਰਿਪੋਰਟ 'ਚ ਭਾਰਤ 'ਵਿਚ ਭੁੱਖ ਦੇ ਪੱਧਰ ਨੂੰ ਗੰਭੀਰ ਕਰਾਰ ਦਿੱਤਾ ਗਿਆ ਹੈ । ਆਲਮੀ ਭੁੱਖਮਰੀ ਸੂਚਕ ਅੰਕ ਆਲਮੀ ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਭੁੱਖ ਨੂੰ ਵਿਆਪਕ ਪੱਧਰ 'ਤੇ ਨਾਪਣ ਦਾ ਇਕ ਜ਼ਰੀਆ ਹੈ |
ਆਲਮੀ ਭੁੱਖਮਰੀ ਸੂਚਕ ਅੰਕ ਭਾਵ (ਜੀ.ਐੱਚ.ਆਈ.) ਦਾ ਸਕੋਰ ਚਾਰ ਕਾਰਕਾਂ 'ਤੇ ਮਾਪਿਆ ਜਾਂਦਾ ਹੈ । ਜਿਸ 'ਵਿਚ ਕੁਪੋਸ਼ਣ, ਬੱਚਿਆਂ 'ਚ ਕੁਪੌਸ਼ਣ, ਬੱਚਿਆਂ ਦੇ ਵਿਕਾਸ 'ਵਿਚ ਰੁਕਾਵਟ ਅਤੇ ਬਾਲ ਮੌਤ ਦਰ ਸ਼ਾਮਿਲ ਹੈ ।ਜੀ.ਐੱਚ.ਆਈ. ਦਾ ਕੁੱਲ ਸਕੋਰ 100 ਅੰਕ ਹੁੰਦਾ ਹੈ, ਜਿਸ ਆਧਾਰ 'ਤੇ ਕਿਸੇ ਦੇਸ਼ ਦੀ ਭੁੱਖ ਦੀ ਗੰਭੀਰਤਾ ਨਾਪੀ ਜਾਂਦੀ ਹੈ । ਜਿਸ ਦੇਸ਼ ਦਾ ਸਕੋਰ ਜ਼ੀਰੋ ਹੈ ਤਾਂ ਉਹ ਬਿਹਤਰ ਸਥਿਤੀ 'ਵਿਚ ਹੁੰਦਾ ਹੈ ਅਤੇ ਜਿਸ ਦਾ ਸਕੋਰ 100 ਉਸ ਦੀ ਸਥਿਤੀ ਬਹੁਤ ਖਰਾਬ ਹੈ। ਰਿਪੋਰਟ ਮੁਤਾਬਿਕ ਕੁੱਲ ਅਜਿਹੇ 17 ਦੇਸ਼ ਹਨ ਜਿਨ੍ਹਾਂ ਦਾ ਸਕੋਰ 5 ਤੋਂ ਵੀ ਘੱਟ ਹੈ । ਇਨ੍ਹਾਂ 'ਵਿਚ ਚੀਨ, ਤੁਰਕੀ, ਕੁਵੈਤ, ਬੇਲਾਰੂਸ, ਉਰੂਗਏ ਅਤੇ ਚਿਲੀ ਸ਼ਾਮਿਲ ਹਨ । ਭਾਰਤ ਦਾ ਸਕੋਰ 29.1 ਹੈ ਜੋ ਕਿ ਕਾਫ਼ੀ ਗੰਭੀਰ ਮੰਨਿਆ ਜਾਂਦਾ ਹੈ । ਵੱਖ-ਵੱਖ ਪੈਮਾਨਿਆਂ 'ਤੇ ਭਾਰਤ ਦੀ ਸਥਿਤੀ ਵੇਖੀ ਜਾਏ ਤਾਂ ਬੱਚਿਆਂ 'ਵਿਚ ਗੰਭੀਰ ਕੁਪੌਸ਼ਣ ਦਰ 'ਵਿਚ ਭਾਰਤ ਦਾ ਸਕੋਰ 19.3 ਫ਼ੀਸਦੀ ਹੈ ਜਦਕਿ 2014 'ਵਿਚ ਇਹ 15:1 ਫ਼ੀਸਦੀ ਸੀ ।ਕੁੱਲ ਕੁਪੋਸ਼ਣ ਦੇ ਮਾਮਲੇ 'ਵਿਚ ਭਾਰਤ ਦੀ ਸਥਿਤੀ ਪਹਿਲਾਂ ਨਾਲੋਂ ਖ਼ਰਾਬ ਹੋਈ ਹੈ, ਜਿੱਥੇ 2018 ਤੋਂ 2020 ਦਰਮਿਆਨ ਇਹ 14.6 ਫ਼ੀਸਦੀ ਸੀ, ਉੱਥੇ 2019 ਤੋਂ 2021 ਦਰਮਿਆਨ ਇਹ ਵਧ ਕੇ 16.3 ਫ਼ੀਸਦੀ ਹੋ ਗਈ ਹੈ । ਇਸ ਮੁਤਾਬਿਕ ਦੁਨੀਆ ਦੇ ਕੁੱਲ 82.8 ਕਰੋੜ ਜੋ ਲੋਕ ਕੁਪੌਸ਼ਣ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ 'ਵਿਚੋਂ 22.4 ਕਰੋੜ ਸਿਰਫ਼ ਭਾਰਤ 'ਵਿਚ ਹਨ । ਹਾਲਾਂਕਿ ਬੱਚਿਆਂ ਦੇ ਵਿਕਾਸ 'ਚ ਰੁਕਾਵਟ ਸੰਬੰਧੀ ਪੈਮਾਨੇ 'ਚ ਭਾਰਤ 35.5 ਫ਼ੀਸਦੀ ਹੈ ਜਦਕਿ 2014 'ਵਿਚ ਇਹ 38.7 ਫ਼ੀਸਦੀ ਸੀ । ਬਾਲ ਮੌਤ ਦਰ 4.6 ਫ਼ੀਸਦੀ ਤੋਂ ਘਟ ਕੇ 3.3 ਫ਼ੀਸਦੀ ਹੋ ਗਈ ਹੈ ।
ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਸਰਕਾਰ
ਰਿਪੋਰਟ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਤਿੱਖੇ ਪ੍ਰਤੀਕਰਮ ਕੀਤੇ । ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੁਪੋਸ਼ਣ, ਭੁੱਖ ਅਤੇ ਬੱਚਿਆਂਂ 'ਵਿਚ ਕੁਪੋਸ਼ਣ ਜਿਹੇ ਅਸਲੀ ਮੁੱਦਿਆਂ ਨੂੰ ਕਦੋਂ ਵੇਖਣਗੇ? ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਦੇ 22.4 ਕਰੋੜ ਲੋਕਾਂ ਨੂੰ ਕੁਪੋਸ਼ਿਤ ਮੰਨਿਆ ਗਿਆ ਹੈ ।ਆਲਮੀ ਭੁੱਖਮਰੀ ਸੂਚਕ ਅੰਕ 'ਚ ਭਾਰਤ ਦੀ ਦਰਜਾਬੰਦੀ ਬਿਲਕੁਲ ਹੇਠਾਂ 121 ਦੇਸ਼ਾਂ 'ਵਿਚੋਂ 107ਵੇਂ ਸਥਾਨ 'ਤੇ ਹੈ ।ਸੀ.ਪੀ.ਆਈ. (ਐੱਮ) ਨੇਤਾ ਸੀਤਾਰਾਮ ਯੇਚੁਰੀ ਨੇ ਵੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ 2014 ਤੋਂ ਬਾਅਦ ਤੋਂ ਆਲਮੀ ਭੁੱਖਮਰੀ ਸੂਚਕ ਅੰਕ 'ਚ ਭਾਰਤ ਦੀ ਤੇਜ਼ੀ ਨਾਲ ਗਿਰਾਵਟ ਹੋਈ ਹੈ ।ਮੋਦੀ ਸਰਕਾਰ ਭਾਰਤ ਦੇ ਲਈ ਵਿਨਾਸ਼ਕਾਰੀ ਹੈ ।ਸਾਢੇ 8 ਸਾਲਾਂ 'ਵਿਚ ਭਾਰਤ ਨੂੰ ਇਸ ਹਨੇਰੇ ਦੇ ਯੁੱਗ 'ਵਿਚ ਲਿਆਉਣ ਦੇ ਲਈ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਇਸ ਰਿਪੋਰਟ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਆਲਮੀ ਭੁੱਖਮਰੀ ਸੂਚਕ ਅੰਕ ਦੀ ਪੈਮਾਇਸ਼ ਲਈ ਵਰਤਿਆ ਜਾਣ ਵਾਲਾ ਤਰੀਕਾ ਗੈਰ-ਵਿਗਿਆਨਕ ਹੈ ।
Comments (0)