ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦਵਾਰਾ ਰਕਾਬਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਨੂੰ ਬਣਾਇਆ ਕੋਰੋਨਾ ਕੇਅਰ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦਵਾਰਾ ਰਕਾਬਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਨੂੰ ਬਣਾਇਆ ਕੋਰੋਨਾ ਕੇਅਰ
ਲੱਖੀ ਸ਼ਾਹ ਵਣਜਾਰਾ ਹਾਲ

 ਸੈਂਟਰ 5 ਮਈ ਤੋਂ ਹੋਵੇਗਾ ਸ਼ੁਰੂ 

 ਪਹਿਲੇ ਪੜਾਅ ਵਿਚ 100 ਅਤੇ ਫਿਰ 150 ਬੈਡ ਦੀ ਸਹੂਲਤ ਹੋਵੇਗੀ ਸ਼ੁਰੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕੋਰੋਨਾ ਕੇਅਰ ਸੈਂਟਰ 5 ਮਈ ਤੋਂ ਸ਼ੁਰੂ ਹੋ ਜਾਵੇਗਾ। ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ 250 ਬੈਡਾਂ ਦਾ ਇਹ ਸੈਂਟਰ ਬਣਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਪੜਾਅ ਵਿਚ 100 ਬੈਡਾਂ ਦੀ ਸਹੂਲਤ 5 ਅਤੇ 6 ਮਈ ਨੁੰ ਸ਼ੁਰ ਹੋਵੇਗੀ ਅਤੇ ਇਸ ਤੋਂ ਬਾਅਦ 150 ਹੋਰ ਬੈਡਾਂ ਦੀ ਸਹੂਲਤ ਅਗਲੇ ਹਫਤੇ ਸ਼ੁਰੂ ਹੋਵੇਗੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਸਪਸ਼ਟ ਕੀਤਾ ਕਿ ਇਹ ਕੋਰੋਨਾ ਕੇਅਰ ਸੈਂਟਰ ਸਿਰਫ ਆਕਸੀਜ਼ਨ ਦੀ ਸਹੂਲਤ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ ਤੇ ਇਸ ਵਿਚ ਉਹਨਾਂ ਮਰੀਜ਼ਾਂ ਨੁੰ ਦਾਖਲ ਨਹੀਂ ਕੀਤਾ ਜਾਵੇਗਾ ਜਿਹਨਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੋਵੇਗੀ। ਉਹਨਾਂ ਕਿਹਾ ਕਿ ਜਿਹਨਾਂ ਦਾ ਆਕਸੀਜ਼ਨ ਲੈਵਲ ਘੱਟ ਹੋਵੇਗਾ, ਉਹ ਮਰੀਜ਼ ਇਥੇ ਦਾਖਲ ਕੀਤੇ ਜਾਣਗੇ ਤੇ ਆਕਸੀਜ਼ਨ ਪ੍ਰਦਾਨ ਕੀਤੀ ਜਾਵੇਗੀ ਪਰ ਗੰਭੀਰ ਬਿਮਾਰ ਮਰੀਜ਼ਾਂ ਨੁੰ ਇਥੇ  ਭਰਤੀ ਨਹੀਂ ਕੀਤਾ ਜਾਵੇਗਾ।ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਇਥੇ ਹਰ ਬੈਡ ਦੇ ਨਾਲ ਆਕਸੀਜ਼ਨ ਦੀ ਸਹੂਲਤ ਦੇ ਨਾਲ ਨਾਲ ਦਵਾਈਆਂ ਅਤੇ ਲੰਗਰ ਪ੍ਰਦਾਨ ਕੀਤਾ ਜਾਵੇਗਾ ਤੇ ਕਿਸੇ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਅਮਰੀਕਾ ਤੋਂ 100 ਦੇ ਕਰੀਬ ਆਕਸੀਜ਼ਨ ਕੰਸੈਂਟ੍ਰੇਟਰ ਹੁਣ ਤੱਕ ਆ ਗਏ ਹਨ ਜੋ ਇਸ ਕੋਰੋਨਾ ਕੇਅਰ ਵਿਚ ਵਰਤੇ ਜਾਣਗੇ।ਉਹਨਾਂ ਦੱਸਿਆ ਕਿ ਪਹਿਲੇ ਪੜਾਅ ਮਗਰੋਂ ਦੂਜਾ ਵੀ ਜਲਦ ਤੋਂ ਜਲਦ ਸ਼ੁਰੂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।