ਭਾਰਤ ਹੁਣ ਅਮਰੀਕਾ ਦੇ ਸੈਟੇਲਾਈਟ ਡਾਟਾ ਨੂੰ ਫੌਜੀ ਕਾਰਵਾਈਆਂ ਲਈ ਵਰਤੇਗਾ

ਭਾਰਤ ਹੁਣ ਅਮਰੀਕਾ ਦੇ ਸੈਟੇਲਾਈਟ ਡਾਟਾ ਨੂੰ ਫੌਜੀ ਕਾਰਵਾਈਆਂ ਲਈ ਵਰਤੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੇ ਦੌਰੇ 'ਤੇ ਦਿੱਲੀ ਪਹੁੰਚੇ ਅਮਰੀਕਾ ਦੇ ਸੈਕਰੇਟਰੀ ਆਫ ਸਟੇਟ ਮਾਈਕ ਪੋਂਪੀਓ ਅਤੇ ਰੱਖਿਆ ਸਕੱਤਰ ਮਾਰਕ ਏਸਪਰ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿਚ ਦੋਵਾਂ ਦੇਸ਼ਾਂ ਨੇ ਰੱਖਿਆ ਖੇਤਰ ਵਿਚ ਸਹਿਯੋਗ ਲਈ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ। 

ਇਸ ਬੈਠਕ ਦੌਰਾਨ "ਭਾਰਤ-ਅਮਰੀਕਾ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ" ਨਾਮੀਂ ਅਹਿਮ ਸਮਝੌਤੇ 'ਤੇ ਦਸਤਖਤ ਕੀਤੇ ਗਏ। ਇਸ ਸਮਝੌਤੇ ਤਹਿਤ ਭਾਰਤ ਹੁਣ ਅਮਰੀਕੀ ਸੈਟਲਾਈਟਾਂ ਰਾਹੀਂ ਨਿਸ਼ਾਨਿਆਂ ਦੀ ਜਾਣਕਾਰੀ ਹਾਸਲ ਕਰਕੇ ਕਾਰਵਾਈ ਕਰ ਸਕੇਗਾ। ਇਸ ਸਮਝੌਤੇ ਨੂੰ ਚੀਨ ਖਿਲਾਫ ਉਸਾਰੇ ਜਾ ਰਹੇ ਅਮਰੀਕਾ-ਭਾਰਤ ਗਠਜੋੜ ਲਈ ਅਹਿਮ ਫੌਜੀ ਸਮਝੌਤੇ ਵਜੋਂ ਦੇਖਿਆ ਜਾ ਰਿਹਾ ਹੈ।

ਪੋਂਪੀਓ ਨੇ ਆਪਣੇ ਬਿਆਨ ਵਿਚ ਭਾਰਤ ਨੂੰ ਰੱਖਿਆ ਸਹਿਯੋਗ ਦੇਣ ਦੀ ਗੱਲ ਕਰਦਿਆਂ ਵਾਰ-ਵਾਰ ਚੀਨ ਦਾ ਜ਼ਿਕਰ ਕੀਤਾ। ਮੀਟਿੰਗ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਮਰੀਕਾ ਨਾਲ ਬੀਈਸੀਏ ਸਮਝੌਤਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਦਾ ਫੌਜੀ ਪੱਧਰ ’ਤੇ ਸਹਿਯੋਗ ਬਹੁਤ ਵਧੀਆ ਢੰਗ ਨਾਲ ਅੱਗੇ ਵੱਧ ਰਿਹਾ ਹੈ। ਰੱਖਿਆ ਸਾਜ਼ੋ ਸਾਮਾਨ ਦੇ ਸਾਂਝੇ ਵਿਕਾਸ ਲਈ ਪ੍ਰਾਜੈਕਟਾਂ ਦੀ ਪਛਾਣ ਕੀਤੀ ਗਈ ਹੈ। ਦੋਵੇਂ ਮੁਲਕ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਤੇ ਸੁਰੱਖਿਆ ਲਈ ਮੁੜ ਤੋਂ ਪ੍ਰਤੀਬੱਧ ਪ੍ਰਗਟਾ ਰਹੇ ਹਨ। 

ਇਸ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਰੱਖਿਆ ਸਹਿਯੋਗ ਲਗਾਤਾਰ ਵੱਧਦਾ ਰਹੇਗਾ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਜਮਹੂਰੀ ਤੇ ਸਾਂਝੀਆਂ ਕਦਰਾ ਕੀਮਤਾਂ ਦੀ ਰੱਖਿਆ ਲਈ ਬਿਹਤਰ ਤਾਲਮੇਲ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਅਮਰੀਕਾ ਹਮੇਸ਼ਾਂ ਭਾਰਤ ਦੇ ਨਾਲ ਖੜਿਆ ਹੈ। ਉਨ੍ਹਾਂ ਗਲਵਾਨ ਵਾਦੀ ਵੱਚ ਭਾਰਤੀ ਫੌਜੀਆਂ ਦੀਆਂ ਮੌਤਾਂ ਦੀ ਗੱਲ ਵੀ ਕੀਤੀ।

ਇਹਨਾਂ ਦੋਵਾਂ ਅਮਰੀਕੀ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਮੌਕੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਮੋਜੂਦ ਸਨ।