ਮਨਜਿੰਦਰ ਸਿਰਸਾ ਨੇ ਕੇਜਰੀਵਾਲ ਵਲੋਂ ਪੰਜਾਬ ਅੰਦਰ ਦਿੱਲੀ ਮਾਡਲ ਦਿਖਾਣ ਤੇ ਚੁੱਕੇ ਸੁਆਲ

ਮਨਜਿੰਦਰ ਸਿਰਸਾ ਨੇ ਕੇਜਰੀਵਾਲ ਵਲੋਂ ਪੰਜਾਬ ਅੰਦਰ ਦਿੱਲੀ ਮਾਡਲ ਦਿਖਾਣ ਤੇ ਚੁੱਕੇ ਸੁਆਲ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ,  25 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਸਿੱਖ ਨੇਤਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਹੜੀ ਅਰਵਿੰਦ ਕੇਜਰੀਵਾਲ ਸਰਕਾਰ ਕੋਰੋਨਾ ਦੌਰਾਨ ਦਿੱਲੀ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਨਾ ਬਚਾ ਸਕੀ, ਉਹ ਉਸਨੁੰ ਮਾਡਲ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਵਿਖਾ ਰਹੀ ਹੈ, ਜੋ ਹੈਰਾਨੀਜਨਕ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੋਰੋਨਾ ਦੌਰਾਨ ਦਿੱਲੀ ਦੇ ਲੋਕਾਂ ਨੁੰ ਆਪਣੀਆਂ ਜਾਨਾਂ ਬਚਾਉਣ ਵਾਸਤੇ ਹੋਰ ਰਾਜਾਂ ਦਾ ਰੁੱਖ ਕਰਨਾ ਪਿਆ। ਉਹਨਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਸਕੂਲ ਅੱਜ ਸ੍ਰੀ ਭਗਵੰਤ ਮਾਨ ਨੂੰ ਵਿਖਾਏ ਹਨ, ਉਹ ਸਕੂਲ ਅਸਲ ਵਿਚ ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਗਏ ਸਨ ਜਦੋਂ ਕਿ ਅਸਲ ਵਿਚ ਦਿੱਲੀ ਵਿਚ ਸਕੂਲਾਂ ਦਾ ਬੁਰਾ ਹਾਲ ਹੈ ਤੇ 25 ਹਜ਼ਾਰ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ ਅਤੇ ਸਿੱਖਿਆ ਢਾਂਚਾ ਢਹਿ ਢੇਰੀ ਹੈ।

ਸਰਦਾਰ ਸਿਰਸਾ ਨੇ ਕਿਹਾ ਕਿ ਜਦੋਂ ਕੋਰੋਨਾ ਵਿਚ ਕੇਜਰੀਵਾਲ ਸਰਕਾਰ ਲੋਕਾਂ ਨੂੰ ਸਹੂਲਤਾਂ ਨਾ ਦੇ ਸਕੀ ਤਾਂ ਇਸਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਦਦ ਮੰਗੀ ਜਿਸਨੇ 400 ਬੈਡਾਂ ਦਾ ਮੁਫਤ ਕੋਰੋਨਾ ਕੇਅਰ ਸੈਂਟਰ ਸਥਾਪਿਤ ਕੀਤਾ। ਉਹਨਾਂ ਕਿਹਾ ਕਿ ਜੇਕਰ ਸ੍ਰੀ ਭਗਵੰਤ ਮਾਨ ਨੇ ਵੇਖਣਾ ਸੀ ਤਾਂ ਉਹ ਦਿੱਲੀ ਕਮੇਟੀ ਵੱਲੋਂ ਚਲਾਏ ਜਾ ਮੁਫਤ ਡਾਇਲਸਿਸ ਤੇ ਐਮ ਆਰ ਆਈ ਸੈਂਟਰ ਤੇ ਦਿੱਤੀਆਂ ਜਾ ਰਹੀਆਂ ਹੋਰ ਮੈਡੀਕਲ ਸਹੂਲਤਾਂ ਨੁੰ ਵੇਖਦੇ।

ਸ੍ਰੀ ਸਿਰਸਾ ਨੇ ਸ੍ਰੀ ਭਗਵੰਤ ਮਾਨ ਨੁੰ ਅਪੀਲ ਕੀਤੀ ਕਿ ਉਹ ਉਹਨਾਂ ਨੁੰ ਵੀ ਸਮਾਂ ਦੇਣ ਤਾਂ ਉਹ ਉਹਨਾਂ ਨੂੰ ਦਿੱਲੀ ਵਿਚ ਸਕੂਲਾਂ ਦਾ ਆਖ ਆਪ ਵਿਖਾ ਸਕਦੇ ਹਨ।ਸ੍ਰੀ ਭਗਵੰਤ ਮਾਨ ਨੂੰ ਸੁਚੇਤ ਕਰਦਿਆਂ ਭਾਜਪਾ ਆਗੂ ਨੇ ਕਿਹਾ  ਕਿ ਅਸਲ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਦਾ ਪੈਸਾ ਖਰਚ ਕੇ ਦੂਜੇ ਰਾਜਾਂ ਵਿਚ ਚੋਣਾਂ ਜਿੱਤਣਾ ਚਾਹੁੰਦੇ ਹਨ ਤੇ ਸ੍ਰੀ ਭਗਵੰਤ ਮਾਨ ਨੁੰ ਇਹ ਗੱਲ ਸਮਝਣੀ ਚਾਹੀਦੀ ਹੈ ਤੇ ਸ੍ਰੀ ਕੇਜਰੀਵਾਲ ਦੀਆਂ ਗੱਲਾਂ ਵਿਚ ਆਉਣ ਦੀ ਥਾਂ ਪੰਜਾਬ ਦੀ ਬੇਹਤਰੀ ਲਈ ਕੰਮ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।