ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ   

ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ   

*ਲੰਡਨ ਵਿਚ ਭਾਰਤੀ ਦੂਤਘਰ ਸਾਹਮਣੇ ਰੋਸ ਮੁਜ਼ਾਹਰਾ   ,ਤਿਰੰਗਾ ਪਾੜਿਆ 

ਅੰਮ੍ਰਿਤਸਰ ਟਾਈਮਜ਼ 

ਲੰਡਨ : ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਨੇ ਭਾਰਤ ਦੀ 75ਵੇਂ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਦੇ ਤੌਰ 'ਤੇ ਮਨਾਉਂਦਿਆਂ ਲੰਡਨ ਦੇ ਭਾਰਤੀ ਦੂਤਘਰ ਨੇੜੇ ਭਾਰੀ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਤੇ ਕਸ਼ਮੀਰੀ ਭਾਈਚਾਰੇ ਦੇ ਲੋਕ ਸ਼ਾਮਲ ਹੋਏ ਸਨ। ਇਸ ਮੌਕੇ ਭਾਰਤ ਵਿਰੋਧੀ ਨਾਅਰੇ ਅਤੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿੱਚ ਨਾਅਰੇ ਲਾਏ ਗਏ। ਰੋਸ ਮੁਜ਼ਾਹਰੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣ ਲਈ ਕਾਲੇ ਕਾਨੂੰਨ ਲਿਆ ਰਹੀ ਹੈ ਤੇ ਜ਼ੁਲਮ ਕਰ ਰਹੀ ਹੈ। ਉਨ੍ਹਾਂ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦਾ ਵੀ ਐਲਾਨ ਕੀਤਾ।ਆਗੂਆਂ ਦਾ ਮੰਨਣਾ ਹੈ ਕਿ ਭਾਰਤ ਅੰਦਰ ਨਾ ਸਿਰਫ ਵਸਦੇ ਸਿੱਖ ਬਲਕਿ ਕਸ਼ਮੀਰੀ, ਮੁਸਲਮਾਨ ਅਤੇ ਦਲਿਤ ਵੀ ਭਾਰਤ ਸਰਕਾਰ ਦੀਆਂ ਹਿੰਦੂਵਾਦੀ ਨੀਤੀਆਂ ਤੋਂ ਤੰਗ ਹਨ। ਇਸ ਮੌਕੇ ਕਸ਼ਮੀਰੀ ਆਗੂਆਂ ਨੇ ਭਾਰਤ ਵੱਲੋਂ ਧਾਰਾ 370 ਖਤਮ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਵੱਲੋਂ ਸਿੱਖਾਂ ਨਾਲ ਮਿਲ ਕੇ ਸੰਘਰਸ਼ ਕਰਨ ਦੀ ਹਾਮੀ ਭਰੀ ਗਈ। ਰੋਸ ਮੁਜ਼ਾਹਰੇ ਦੌਰਾਨ ਸਾਰਾ ਸਮਾਂ ਖਾਲਿਸਤਾਨ ਪੱਖੀ ਤੇ ਸਿੱਖ ਸ਼ਹੀਦਾਂ ਬਾਰੇ ਨਾਅਰੇ ਲਗਾਤਾਰ ਗੂੰਜਦੇ ਰਹੇ। ਭਾਰਤੀ ਦੂਤਘਰ ਲੰਡਨ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਖਾਲਿਸਤਾਨੀ ਝੰਡੇ ਲਹਿਰਾਏ ਗਏ। ਇਸ ਮੌਕੇ ਕੁਲਦੀਪ ਸਿੰਘ ਚਹੇੜੂ, ਫੈਡਰੇਸ਼ਨ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ, ਗੁਰਚਰਨ ਸਿੰਘ ਸਾਊਥਾਲ, ਜਸਪਾਲ ਸਿੰਘ, ਸਰਬਜੀਤ ਸਿੰਘ ਬਰਮਿੰਘਮ, ਬਲਵਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ, ਜੋਗਾ ਸਿੰਘ, ਲਵਸਿੰਦਰ ਸਿੰਘ ਡੱਲੇਵਾਲ, ਅਮਰੀਕ ਸਿੰਘ ਸਹੋਤਾ, ਤਰਸੇਮ ਸਿੰਘ ਦਿਓਲ, ਗੁਰਦੇਵ ਸਿੰਘ ਚੌਹਾਨ ਤੇ ਹੋਰ ਬਹੁਤ ਸਾਰੇ ਸਿੱਖ ਆਗੂ ਪਹੁੰਚੇ ਹੋਏ ਸਨ।