ਮਨੁੱਖੀ ਜੀਵਨ ਵਿਚ ਬਿਬੇਕ ਦੀ ਮਹੱਤਤਾ ਅਤੇ ਲੋੜ

ਮਨੁੱਖੀ ਜੀਵਨ ਵਿਚ ਬਿਬੇਕ ਦੀ ਮਹੱਤਤਾ ਅਤੇ ਲੋੜ

ਫਲਸਫਾ

ਸੰਸਾਰ ਪ੍ਰਸਿੱਧ ਕਿਤਾਬ ‘Enlightenment Now’ ਦੇ ਲੇਖਕ ਸਟੀਵਨ ਪਿੰਕਰ ਦੀ ਨਵੀਂ ਕਿਤਾਬ ‘Rationality: What it is? Why it seems scarce? Why it matters?’ ਦਾ ਉਦੇਸ਼ ਇਹ ਸਮਝਣਾ ਹੈ ਕਿ ਦੁਨੀਆ ਵਿਚ ਏਨਾ ਅਵਿਵੇਕ ਕਿਉਂ ਹੈ? ਇੱਕੀਵੀਂ ਸਦੀ ਵਿਚ ਮਨੁੱਖਤਾ ਵਿਗਿਆਨਕ ਸੂਝ ਸਮਝ ਦੀਆਂ ਨਵੀਆਂ ਉਚਾਈਆਂ ਛੂਹ ਰਹੀ ਹੈ ਪਰ ਉਸੇ ਸਮੇਂ ਇਹ ਵੀ ਲੱਗ ਰਿਹਾ ਹੈ ਕਿ ਆਪਣੀ ਸੂਝ-ਬੂਝ ਭਾਵ ਬੁਧ-ਬਿਬੇਕ ਗੁਆ ਰਹੀ ਹੈ।

ਜਿਸ ਮਾਨਵ ਪ੍ਰਜਾਤੀ ਨੇ ਏਨੀ ਤਰੱਕੀ ਕੀਤੀ ਕਿ ਸਾਲ ਵਿਚ ਹੀ ਕੋਵਿਡ-19 ਵਰਗੀ ਮਹਾਮਾਰੀ ਦੀ ਵੈਕਸੀਨ ਲੱਭ ਲਈ ਉਹ ਅੱਜ ਝੂਠੇ ਤੱਥਾਂ ਤੇ ਖ਼ਬਰਾਂ, ਨੀਮ-ਹਕੀਮੀ, ਮਿਥਿਆ ਅਭਿਮਾਨਾਂ, ਹੰਕਾਰਾਂ ਅਤੇ ਸਾਜ਼ਿਸ਼ੀ ਸਿਧਾਂਤ ਘੜਨ ਵਿਚ ਮਾਹਿਰ ਹੋ ਗਈ ਹੈ। ਪਿੰਕਰ ਇਨ੍ਹਾਂ ਘਸੇ ਪਿਟੇ ਸਨਕੀ ਵਿਚਾਰਾਂ ਨੂੰ ਨਹੀਂ ਮੰਨਦਾ ਅਤੇ ਇਸ ਤਰਕ ਨੂੰ ਤੱਜਦਾ ਹੈ ਕਿ ਮਨੁੱਖ ਮੂਲ ਰੂਪ ’ਚ ਅਵਿਵੇਕੀ ਹੈ।

ਗੁਫ਼ਾਵਾਂ ਵਿਚ ਰਹਿਣ ਵਾਲਾ ਸ਼ਿਕਾਰ ਕਰਦਾ ਬੰਦਾ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪੱਥਰਕਾਲੀ ਜੀਵਨ ਵਿਚ ਵਿਚਰਨ ਕਾਰਨ ਕਈ ਪ੍ਰਕਾਰ ਦੇ ਝੁਕਾਵਾਂ, ਭਰਮਾਂ ਅਤੇ ਭ੍ਰਾਂਤੀਆਂ ਦਾ ਸ਼ਿਕਾਰ ਹੋ ਗਿਆ। ਇਸ ਸਭ ਕੁਝ ਦੇ ਬਾਵਜੂਦ ਮਨੁੱਖ ਨੇ ਕੁਦਰਤ ਦੇ ਨੇਮਾਂ ਤੇ ਭੌਤਿਕ ਤਰਕਾਂ ਨੂੰ ਖੋਜਿਆ। ਇਨ੍ਹਾਂ ਨਾਲ ਮਨੁੱਖੀ ਸਮਝ ਹੋਰ ਅਮੀਰ ਹੋਈ। ਇਸ ਨਾਲ ਵਿਵੇਕ ਦੇ ਪੈਮਾਨੇ ਸਥਾਪਤ ਹੋਏ ਪਰ ਪਿਛਲੇ ਸਮਿਆਂ ’ਚ ਤਰਕ, ਆਲੋਚਨਾਤਮਕ ਸੋਚ, ਸੰਭਾਵਿਤਾ, ਸਹਿਸਬੰਧਿਕਤਾ ਅਤੇ ਕਾਰਨ-ਕਾਰਜਤਾ ਜਿਹੇ ਸੰਦਾਂ ਤੋਂ ਕੋਈ ਬਹੁਤਾ ਫ਼ਾਇਦਾ ਨਹੀਂ ਉਠਾ ਸਕੇ। ਇਹ ਸੰਦ ਸਾਡੀ ਸਿੱਖਿਆ ਅਤੇ ਵਿਦਿਆ ਪ੍ਰਣਾਲੀ ਦਾ ਵੱਡਾ ਹਿੱਸਾ ਨਹੀਂ ਬਣ ਸਕੇ।

ਇਸ ਕਿਤਾਬ ਰਾਹੀਂ ਪਿੰਕਰ ਇਹ ਦੱਸਣਾ ਚਾਹੁੰਦਾ ਹੈ ਕਿ ਕਿਵੇਂ ਵਿਵੇਕ ਨਾਲ ਸੱਚ ਅਤੇ ਵਸਤੂਪਰਕਤਾ ਨਾਲ ਅਵਿਵੇਕ ਨੂੰ ਮਿਟਾਇਆ ਜਾ ਸਕਦਾ ਹੈ। ਵਿਵੇਕ ਦੀ ਲੋੜ ਰਹੀ ਹੈ। ਇਸ ਨਾਲ ਜੀਵਨ ਵੱਧ ਚੰਗੇ ਢੰਗ ਨਾਲ ਜੀਵਿਆ ਜਾ ਸਕਦਾ ਹੈ। ਇਸ ਨਾਲ ਅੰਤ ਨੂੰ ਸਮਾਜਿਕ ਨਿਆਂ ਅਤੇ ਸਦਾਚਾਰਕ ਪ੍ਰਗਤੀ ਹੁੰਦੀ ਹੈ। ਇਸ ਕਿਤਾਬ ਨੂੰ ਸਮੁੱਚੇ ਰੂਪ ਵਿਚ ਪੜ੍ਹਦਿਆਂ ਪਾਠਕ ਪਹਿਲਾਂ ਤੋਂ ਵੱਧ ਜਾਗਰਿਤ, ਪ੍ਰੇਰਿਤ ਅਤੇ ਊਰਜਿਤ ਅਨੁਭਵ ਕਰਦਾ ਹੈ।

ਸਾਡੇ ਸਮਾਜ ਵਿਚ ਅਜੇ ਵੀ ਬਹੁਤ ਲੋਕ ਵਹਿਮਾਂ ਭਰਮਾਂ ਅਤੇ ਭੂਤ ਪ੍ਰੇਤਾਂ ਵਿਚ ਵਿਸ਼ਵਾਸ ਰੱਖਦੇ ਹਨ। ਸਹੀ ਇਲਾਜ ਦੀ ਬਜਾਏ ਧਾਗੇ ਤਵੀਤਾਂ ਨੂੰ ਪਹਿਲ ਦਿੰਦੇ ਹਨ। ਸਟੀਵਨ ਪਿੰਕਰ ਦਾ ਕਹਿਣਾ ਹੈ ਕਿ ਬਹੁਤੇ ਲੋਕ ਭੂਤਾਂ ਵਿਚ ਵਿਸ਼ਵਾਸ ਰੱਖਦੇ ਹਨ ਭਾਵੇਂ ਕਿ ਉਨ੍ਹਾਂ ’ਚੋਂ ਕਿਸੇ ਨੇ ਕਦੇ ਵੀ ਭੂਤ ਨਹੀਂ ਦੇਖਿਆ ਹੁੰਦਾ। ਪਿੰਕਰ ਮੂਲ ਰੂਪ ’ਚ ਸੰਗਿਆਨਕ ਮਨੋਵਿਸ਼ਲੇਸ਼ਕ ਅਤੇ ਭਾਸ਼ਾ ਵਿਗਿਆਨੀ ਹੈ। ਉਹ ਸਦਾ ਇਸ ਗੱਲ ’ਤੇ ਜ਼ੋਰ ਦਿੰਦਾ ਰਿਹਾ ਹੈ ਕਿ ਸਾਡੇ ਸਕੂਲਾਂ ’ਚ ਪੜ੍ਹਨ ਲਿਖਣ ਅਤੇ ਗਣਿਤ ਦੇ ਨਾਲ ਨਾਲ ‘ਵਿਵੇਕ’ ਦੀ ਪੜ੍ਹਾਈ ਹੋਣੀ ਵੀ ਬਹੁਤ ਜ਼ਰੂਰੀ ਹੈ। ਦਰਅਸਲ ਇਸ ਕਿਤਾਬ ਦੇ ਮੁੱਢਲੇ ਅਧਿਆਇ ਨੂੰ ਵਿਵੇਕ ਪੜ੍ਹਾਉਣ ਦੇ ਕਾਇਦੇ ਵਜੋਂ ਦੇਖਿਆ ਜਾ ਸਕਦਾ ਹੈ ਜਿਸ ਵਿਚ ਨਿਗਨਾਤਮਕ ਅਤੇ ਆਗਨਾਤਮਕ ਤਰਕ, ਵਿਵੇਕੀ ਚੋਣ ਸਿਧਾਂਤ ਅਤੇ ਗਣਨਾਵਿਗਿਆਨ ਦੀਆਂ ਕਈ ਸ਼ਾਖਾਵਾਂ ਦੇ ਤੱਤ ਅਤੇ ਵਿਸਤ੍ਰਿਤ ਵੇਰਵੇ ਸ਼ਾਮਿਲ ਹਨ। ਪਿੰਕਰ ਅਨੁਸਾਰ ਸਾਡੇ ਬਹੁਤ ਸਾਰੇ ਸਿਹਤ ਮਾਹਿਰ ਜਾਂਚ ਰਿਪੋਰਟਾਂ ਦੇ ਬਾਵਜੂਦ ਕਿਸੇ ਬਿਮਾਰੀ ਦਾ ਇਲਾਜ ਸੰਭਾਵਿਤਾ ਦੇ ‘Bayes’ ਨਿਯਮ ਦੇ ਆਧਾਰ ’ਤੇ ਅੰਦਾਜ਼ੇ ਨਾਲ ਕਰਦੇ ਹਨ।

ਪਿੰਕਰ ਦਾ ਕਹਿਣਾ ਹੈ ਕਿ ਵਿਵੇਕ ਸਮਾਜ ਵਿਚ ਤਰਕਸ਼ੀਲਾਂ ਅਤੇ ਵਿਚਾਰਵਾਨਾਂ ਦੀ ਬਿਰਾਦਰੀ ਵਿੱਚੋਂ ਉਭਰਦਾ ਹੈ ਜੋ ਇਕ ਦੂਜੇ ਦੇ ਵਹਿਮਾਂ ਭਰਮਾਂ ਦੀ ਨਿਸ਼ਾਨਦੇਹੀ ਕਰਦੇ ਹਨ। ਦੂਜੇ ਸ਼ਬਦਾਂ ਵਿਚ ਇਸ ਬਿਆਨ ਦਾ ਸਮਾਜਿਕ ਆਯਾਮ ਅਤੇ ਪਾਸਾਰ ਹੈ। ਇਸ ਲਈ ਇਹ ਵੱਡੀਆਂ ਸਮੱਸਿਆਵਾਂ ਜਿਵੇਂ ਨਸ਼ੇ, ਪ੍ਰਦੂਸ਼ਣ, ਬੇਰੁਜ਼ਗਾਰੀ, ਧਰਤੀ ਹੇਠਲੇ ਨਿਘਰਦੇ ਹੋਏ ਪਾਣੀ ਦੇ ਪੱਧਰ ਅਤੇ ਵਾਤਾਵਰਣਿਕ ਸਮੱਸਿਆਵਾਂ ਆਦਿ ’ਤੇ ਚਰਚਾ ਅਤੇ ਬਹਿਸ ਉਪਰ ਮਾਹੌਲ ਪੈਦਾ ਕਰਨ ਵਿਚ ਸਾਜ਼ਗਾਰ ਸਾਬਿਤ ਹੋ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਵਾਸਤੇ ਜੇਕਰ ਕੁਝ ਹੱਲ ਮੌਜੂਦ ਵੀ ਹਨ ਪਰ ਕਈ ਕਾਰਨਾਂ ਕਰਕੇ ਲੋਕ ਇਨ੍ਹਾਂ ਹੱਲਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦੇ। ਇਸ ਦੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕ ਅਵਿਵੇਕੀ ਰੂਪ ਵਿਚ ਪੂਰਵਗ੍ਰਹਿਆਂ ਅਤੇ ਪੂਰਵਭਾਸ਼ਿਤ ਧਾਰਨਾਵਾਂ ਵਿਚ ਗ੍ਰਸੇ ਹੋਏ ਹਨ। ਪਿੰਕਰ ਦਾ ਮੱਤ ਹੈ ਕਿ ਵਿਵੇਕ ਤੇ ਤਰਕ ਇਕ ਚੀਜ਼ ਨਹੀਂ ਭਾਵੇਂ ਦੋਹਾਂ ’ਚ ਕਾਫ਼ੀ ਸਾਂਝਾਂ ਵੀ ਹਨ। ਇਸ ਲਈ ਉਹ ਪ੍ਰਵਿਰਤੀ ਅਤੇ ਸੰਭਾਵਿਤਾ ਵਿਚਲਾ ਅੰਤਰ ਪਛਾਣਨ ਦਾ ਯਤਨ ਕਰਦਾ ਹੈ। ਇਸ ਵਾਸਤੇ ਉਹ ਆਪ ਘੜੇ ਪੂਰਵਗ੍ਰਹਿਆਂ (ਜੋ ਸਬੂਤਾਂ ਦੇ ਐਨ ਉਲਟ ਹੁੰਦੇ ਹਨ) ਅਤੇ ਤੱਥਾਂ ਤੋਂ ਪਰ੍ਹੇ ਅਨੁਮਾਨਾਂ ਨੂੰ ਮੁੱਖ ਕਾਰਨ ਮੰਨਦਾ ਹੈ ਜੋ ਕਿ ਸਮਾਜ ਤੇ ਨਾਗਰਿਕਾਂ ਦੇ ਸੋਚ-ਪੈਟਰਨਾਂ ਵਿਚੋਂ ਪ੍ਰਤੱਖ ਝਲਕਦੇ ਹਨ। ਉਹ ਇਨ੍ਹਾਂ ਤੋਂ ਮੁਕਤ ਹੋਣ ਲਈ ਕਈ ਮਨੋਵਿਗਿਆਨਕ ਅਤੇ ਦਿਮਾਗ਼ੀ ਕਸਰਤਾਂ ਅਤੇ ਸੋਚ ਵਿਚਾਰਾਂ ਦੀਆਂ ਮਸ਼ਕਾਂ ਦਾ ਸੁਝਾਅ ਦਿੰਦਾ ਹੈ।

ਜੇਕਰ ਇਹ ਕਿਤਾਬ ਸਿਰਫ਼ ਸੰਭਾਵਿਤਾ, ਗਣਨ ਵਿਗਿਆਨ ਅਤੇ ਸਾਧਾਰਣ ਅੰਕ ਗਣਿਤ ਹੀ ਹੈ ਤਾਂ ਫਿਰ ਪਹਿਲਾਂ ਹੀ ਅਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਾਪਤ ਹਨ ਜਿਵੇਂ ਜੈਫ ਰੋਜ਼ੇਨਥਾਲ ਦੀ Struck by Lightning ਅਤੇ ਕਿਟ ਯੇਟਸ ਦੀ The Math of Life and Death ਆਦਿ। ਇਸ ਤੋਂ ਇਲਾਵਾ ਕਾਰਲ ਸਾਗਾਨ ਅਤੇ ਐਨ. ਡੂਰਐਨ ਦੀ The Demon-Haunted World ਅਤੇ ਮਿਸ਼ੇਲ ਸ਼ੇਰਮਰ ਦੀ Why People Believe Weird Things ਵੀ ਪੜ੍ਹਨ ਲਈ ਮਿਲਦੀਆਂ ਨੇ। ਪਰ ਪਿੰਕਰ ਦੀ ਇਸ ਕਿਤਾਬ ਦੀ ਪੜ੍ਹਤ ਇਨ੍ਹਾਂ ਸਾਰੀਆਂ ਕਿਤਾਬਾਂ ਨਾਲੋਂ ਵੱਧ ਰੌਚਕ ਅਤੇ ਪ੍ਰਮਾਣਿਕ ਹੈ। ਪਿੰਕਰ ਦੀ ਕਿਤਾਬ ਕ੍ਰਿਟੀਕਲ ਸਿਧਾਂਤ ਵਿਚ ਦਖ਼ਲਅੰਦਾਜ਼ੀ ਵਿਰੁੱਧ ਕ੍ਰਿਟੀਕਲ ਸੋਚ ਦੀ ਮੁੜ ਸਥਾਪਤੀ ਵੀ ਕਰਦੀ ਜਾਪਦੀ ਹੈ।

ਪਿੰਕਰ ਦੀ ਇਹ ਕਿਤਾਬ ਬਾਹਰੀ ਰੂਪ ਵਿਚ ਇਹ ਪ੍ਰਭਾਵ ਦਿੰਦੀ ਜਾਪਦੀ ਹੈ ਕਿ ਇਸ ’ਤੇ ਗਣਿਤ ਵਿਗਿਆਨ ਖ਼ਾਸਾ ਭਾਰੂ ਹੈ ਪਰ ਜੇਕਰ ਗਹਿਰਾਈ ਨਾਲ ਦੇਖੀਏ ਤਾਂ ਇਹ ਭਲੀਭਾਂਤ ਉਜਾਗਰ ਹੁੰਦਾ ਹੈ ਕਿ ਪਿੰਕਰ ਦੇ ਸਰੋਕਾਰ ਸਮੁੱਚੇ ਰੂਪ ਵਿਚ ਗਣਿਤ ਤੋਂ ਪਰ੍ਹਾਂ ਦੇ ਹਨ। ਉਸ ਦਾ ਕਹਿਣਾ ਹੈ ਕਿ ਲੋਕ ਮੌਤ ਦੇ ਡਰ ਕਾਰਨ ਹਵਾਈ ਸਫ਼ਰ ਕਰਨੋਂ ਭੈਅ ਖਾਂਦੇ ਹਨ ਅਤੇ ਕਾਰ ’ਚ ਵੱਧ ਯਾਤਰਾ ਕਰਦੇ ਹਨ ਭਾਵੇਂ ਕਾਰ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਹਵਾਈ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਤੋਂ ਕਿਤੇ ਵੱਧ ਹੁੰਦੀ ਹੈ। ਇਉਂ ਹੀ ਪ੍ਰਮਾਣੂ ਊਰਜਾ ਨੂੰ ਹੋਰ ਸਭ ਬਿਜਲੀ ਉਤਪਾਦਨ ਪ੍ਰਣਾਲੀਆਂ ਤੋਂ ਵੱਧ ਸੁਰੱਖਿਅਤ ਮੰਨਿਆ ਗਿਆ ਹੈ ਪਰ ਫਿਰ ਵੀ ਇਹ ਆਮ ਧਾਰਨਾ ਹੈ ਕਿ ਇਹ ਖ਼ਤਰਨਾਕ ਹੈ। ਇਸ ਦੇ ਵਿਰੋਧ ’ਚ ਪਿੰਕਰ ਦਾ ਕਹਿਣਾ ਹੈ ਕਿ ਅੱਜ ਤੱਕ ਪ੍ਰਮਾਣੂ ਹਾਦਸਿਆਂ ਬਾਰੇ ਤਿੰਨ ਹੀ ਘਟਨਾਵਾਂ ਸਾਡੀਆਂ ਸਿਮਰਤੀਆਂ ’ਚ ਸਾਨੂੰ ਦਿਖਾਈ ਦਿੰਦੀਆਂ ਹਨ ਜਿਵੇਂ ਸੰਨ ਉੱਨੀ ਸੌ ਉਨਾਸੀ ’ਚ ਥ੍ਰੀ ਮਾਈਲਜ਼ ਆਈਲੈਂਡ, ਸੰਨ ਦੋ ਹਜ਼ਾਰ ਗਿਆਰਾਂ ’ਚ ਫੁਕੂਸ਼ੀਮਾ ਜਿਨ੍ਹਾਂ ’ਚ ਸਿਰਫ਼ ਇਕ ਇਕ ਬੰਦੇ ਨੇ ਜਾਨ ਗੁਆਈ ਅਤੇ ਸੰਨ ਉੱਨੀ ਸੌ ਛਿਆਸੀ ’ਚ ਸੋਵੀਅਤ ਰੂਸ ਵਿਚ ਚਰਨੌਬਿਲ ਦੀ ਘਟਨਾ ਜਿਸ ਵਿਚ ਇਕੱਤੀ ਜਾਨਾਂ ਗਈਆਂ। ਪਿੰਕਰ ਅਨੁਸਾਰ ਜੇ ਦੇਖਿਆ ਜਾਵੇ ਤਾਂ ਇਸ ਦੇ ਬਰਅਕਸ ਸੈਂਕੜੇ ਹਜ਼ਾਰਾਂ ਲੋਕ ਹਰ ਰੋਜ਼ ਕੈਂਸਰ ਅਤੇ ਕੋਲ਼ੇ ਤੇ ਪੈਟਰੋਲ ਕਾਰਨ ਪੈਦਾ ਹੋਏ ਪ੍ਰਦੂਸ਼ਣ ਨਾਲ ਮਰਦੇ ਹਨ। ਪਿਛਲੇ ਸਮਿਆਂ ’ਚ ਸੰਸਾਰ ਦੇ ਕਈ ਖਿੱਤਿਆਂ ਜਿਵੇਂ ਸੀਰੀਆ, ਇਰਾਕ, ਅਫ਼ਗ਼ਾਨਿਸਤਾਨ ਆਦਿ ’ਚ ਲੱਗੀਆਂ ਜੰਗਾਂ ਦੌਰਾਨ ਮਨੁੱਖੀ ਜਾਨਾਂ ਦੀ ਬਹੁਤ ਵੱਡੀ ਹਾਨੀ ਹੋਈ ਹੈ। ਸੰਸਾਰ ਵਿਚ ਫੈਲੀ ਦਹਿਸ਼ਤਗਰਦੀ ’ਚ ਤਾਂ ਸੈਂਕੜੇ ਲੋਕ ਜਾਨਾਂ ਗੁਆਉਂਦੇ ਹੀ ਰਹੇ ਹਨ ਪਰ ਇਨ੍ਹਾਂ ਹਿੰਸਕ ਘਟਨਾਵਾਂ ਤੋਂ ਬਾਅਦ ਨਿਗਰਾਨੀ ਦੇ ਨਾਮ ਹੇਠ ਜਨਤਕ ਸੁਵਿਧਾਵਾਂ ’ਚ ਜਿੰਨੀ ਸਖ਼ਤੀ ਦਿਖਾਈ ਜਾ ਰਹੀ ਹੈ ਉਹ ਖ਼ਤਰੇ ਦੇ ਅਨੁਪਾਤ ’ਚ ਕਿਤੇ ਵੱਧ ਹੈ।

ਅਜਿਹੀਆਂ ਪ੍ਰਤੀਕਿਰਿਆਵਾਂ ਜਾਂ ਅਵਿਵੇਕੀ ਅਤਿ-ਪ੍ਰਤੀਕਿਰਿਆਵਾਂ ਨੂੰ ਪਿੰਕਰ ਨਿਸ਼ਾਨੇ ’ਤੇ ਲੈਂਦਾ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਨੀਤੀ ਘੜ੍ਹਨ ਤੋਂ ਪਹਿਲਾਂ ਸਾਨੂੰ ਉਸ ਵਰਤਾਰੇ ਨਾਲ ਸਬੰਧਿਤ ਅੰਕੜਿਆਂ ਅਤੇ ਡਾਟਾ ਨੂੰ ਧਿਆਨ ਵਿਚ ਰੱਖ ਲੈਣਾ ਚਾਹੀਦਾ ਹੈ। ਇਸ ਸਬੰਧ ਵਿਚ ਉਹ ਅਕਾਦਮਿਕ ਜਗਤ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਨੂੰ ਕਾਂਟੇ ਹੇਠ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਯੂਨੀਵਰਸਿਟੀਆਂ ਨੂੰ ਤਾਂ ਵਿਵੇਕ ਅਤੇ ਗੂੜ੍ਹ ਗਿਆਨ ਦਾ ਗੜ੍ਹ ਹੋਣਾ ਚਾਹੀਦਾ ਹੈ। ਇਸ ਦੇ ਉਲਟ ਇਹ ਸਾਰੀਆਂ ਸੰਸਥਾਵਾਂ ਬੰਦੇ ਦੀ ਆਮ ਸਾਧਾਰਨ ਸਮਝ ’ਤੇ ਆਪਣੇ ਇਕਹਿਰੇ ਗਿਆਨ ਨਾਲ ਹਮਲਾ ਕਰ ਰਹੀਆਂ ਹਨ। ਉਹ ਆਪਣੀ ਇਕਪਾਸੜ ਪਹੁੰਚ ਨਾਲ ਲਿੰਗ, ਨਸਲ, ਸਭਿਆਚਾਰ, ਜਣਨ ਵਿਗਿਆਨ, ਬਸਤੀਵਾਦ ਅਤੇ ਕਾਮੁਕ ਪਛਾਣਾਂ ਪ੍ਰਤੀ ਅਸਹਿਵਨ ਹੀ ਧੁੰਦੂਕਾਰਾ ਪੈਦਾ ਕਰ ਰਹੀਆਂ ਹੁੰਦੀਆਂ ਹਨ। ਪਿੰਕਰ ਦਾ ਇਹ ਵੀ ਕਹਿਣਾ ਹੈ ਕਿ ਇਸੇ ਕਾਰਨ ਕੋਲ ਅਕਾਦਮਿਕ ਜਗਤ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ। ਇਸ ਨਾਲ ਰੂੜ੍ਹੀਵਾਦੀ ਸੋਚਾਂ ਵੱਧ ਪਨਪਣ ਲੱਗਦੀਆਂ ਹਨ।

ਇੰਝ ਪਿੰਕਰ ਦੇ ਸਰੋਕਾਰ ਗਣਿਤ ਤੋਂ ਪਰ੍ਹਾਂ ਦੇ ਹਨ ਪਰ ਜੇ ਦੇਖੀਏ ਤਾਂ ਗਿਣਤੀ ਦੀ ਆਮ ਜ਼ਿੰਦਗੀ ਵਿਚ ਬੜੀ ਅਹਿਮੀਅਤ ਹੈ। ਪਾਠਕ ਪਿੰਕਰ ਦੇ ਦਾਅਵਿਆਂ ਨੂੰ ਕੀ ਪ੍ਰਤੀਕਰਮ ਦਿੰਦੇ ਹਨ ਉਹ ਉਨ੍ਹਾਂ ਦੇ ਰਾਜਨੀਤਕ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦਾ ਹੈ। ਪਿੰਕਰ ਆਪਣਾ ਤਰਕ ਉਸਾਰਨ ਲਈ ਵਿਗਿਆਨ ਦਾ ਸਹਾਰਾ ਲੈਂਦਾ ਹੈ ਪਰ ਕਈ ਵਾਰ ਉਸ ਦੇ ਕਹਿਣ ’ਚ ਕੁਝ ਅੰਸ਼ ਅੰਦਾਜ਼ਿਆਂ ਦਾ ਵੀ ਹੁੰਦਾ ਹੈ। ਜਿਵੇਂ ਜਦੋਂ ਕੋਈ ਪੁੱਛਦਾ ਹੈ ਕਿ ਜੇਕਰ ਵਿਵੇਕ ਏਨੀ ਮਹਾਨ ਗੱਲ ਹੈ ਤਾਂ ਬੰਦੇ ਦਾ ਵਿਵਹਾਰ ਐਵੇਂ ਹੀ ਅਵਿਵੇਕੀ ਕਿਉਂ ਹੋ ਜਾਂਦਾ ਹੈ? ਇਸ ਦਾ ਜਵਾਬ ਦੇਣ ਹਿੱਤ ਪਿੰਕਰ ਮਾਨਵੀ ਵਿਗਾਸ (evolution) ਦੇ ਖੇਤਰ ’ਚ ਸ਼ਰਨ ਲੈਂਦਾ ਹੈ ਤੇ ਕਹਿੰਦਾ ਹੈ ਕਿ ਮਨੁੱਖ ਪ੍ਰਵਿਰਤੀਮੂਲਕ ਪੱਧਰ ’ਤੇ ਵਿਗਿਆਨਕ ਵਜੋਂ ਨਹੀਂ ਸਗੋਂ ਵਕੀਲ ਵਜੋਂ ਵਿਕਸਤ ਹੋਇਆ ਹੈ ਭਾਵ ਬੰਦੇ ਕੋਲ ਆਪਣੀ ਹਰ ਹਰਕਤ ਅਤੇ ਗ਼ਲਤੀ ਨੂੰ ਉਚਿਤ ਠਹਿਰਾਉਣ ਦਾ ਬਹਾਨਾ ਹੁੰਦਾ ਹੈ। ਆਪਣੀਆਂ ਅਖ਼ਤਿਆਰ ਕੀਤੀਆਂ ਪੋਜੀਸ਼ਨਾਂ ਤੋਂ ਬਚ ਨਿਕਲਣ ਕਈ ਉਨ੍ਹਾਂ ਕੋਲ ਕਈ ਅੱਧੇ-ਅਧੂਰੇ ਤਰਕ ਹੁੰਦੇ ਹਨ ਅਤੇ ਇਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਉਹ ਹੋਰ ਲੋਕਾਂ ਦੇ ਤਰਕਾਂ ਦੇ ਮੱਥੇ ਮੜ੍ਹ ਦਿੰਦੇ ਹਨ। ਪਿੰਕਰ ਸੰਗਿਆਨ-ਵਿਗਿਆਨਕ ਵਜੋਂ ਵਿਵੇਕੀ ਸੋਚ ਦੀ ਉਚਿਚਤਾ ਬਾਰੇ ਬੜੇ ਸਹੀ ਢੰਗ ਨਾਲ ਕਹਿੰਦਾ ਹੈ ਕਿ ਕਈ ਵਾਰ ਸਾਡਾ ਦਿਮਾਗ਼ ਕਿਉਂ ਕਮਲੀਆਂ ਮਾਰਨ ਲੱਗਦਾ ਹੈ।

ਪਿੰਕਰ ਲਿਖਦਾ ਹੈ ਕਿ ਉਤਰ ਆਧੁਨਿਕਤਾ ਜਿਹੀਆਂ ਫੈਸ਼ਨੇਬਲ ਅਕਾਦਮਿਕ ਲਹਿਰਾਂ ਅਨੁਸਾਰ ਤਰਕ, ਸੱਚ ਅਤੇ ਵਸਤੂਪਰਕਤਾ ਅਜਿਹੀਆਂ ਸਮਾਜਿਕ ਬਣਤਰਾਂ ਹਨ ਜੋ ਪ੍ਰਬਲ ਸਮੂਹਾਂ ਦੇ ਅਧਿਕਾਰਾਂ ਨੂੰ ਉਚਿਤ ਠਹਿਰਾਉਂਦੀਆਂ ਹਨ। ਉਸ ਅਨੁਸਾਰ ਵਸਤੂਪਰਕ ਸੱਚ ਕੁਝ ਨਹੀਂ ਹੁੰਦਾ ਪਰ ਅਸੀਂ ਵਿਵੇਕੀ ਸਮਝ ਨਾਲ ਇਸ ਦੇ ਲਾਗੇ ਪਹੁੰਚ ਸਕਦੇ ਹਾਂ। ਪਰ ਸਵਾਲ ਉੱਠਦਾ ਹੈ ਕਿ ਵਿਵੇਕ ਅਸਲ ’ਚ ਹੈ ਕੀ? ਬੇਸ਼ੱਕ ਇਹ ਉਨ੍ਹਾਂ ਨਿਯਮਾਂ ਅਤੇ ਸੰਦਾਂ ਦਾ ਸਮੂਹ ਹੈ ਜੋ ਪੂਰਵਧਾਰਨਾਵਾਂ, ਪੂਰਵਗ੍ਰਹਿਆਂ, ਰੂੜ੍ਹੀਆਂ, ਕੁਮੱਤਾਂ, ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸਾਂ ਜਿਨ੍ਹਾਂ ਨੂੰ ਪਿੰਕਰ ਸੰਗਿਆਨਕ ਭਰਮ (Cognitive illusions) ਕਹਿੰਦਾ ਹੈ, ਨੂੰ ਖ਼ਤਮ ਕਰਨ ’ਚ ਸਹਾਈ ਹੁੰਦਾ ਹੈ। ਇਹ ਸੰਗਿਆਨਕ ਭਰਮ ਸਾਡੇ ਅਤੇ ਸਾਡੇ ਅਸਲ ਸੱਚ ਬਾਰੇ ਸਪੱਸ਼ਟ ਪ੍ਰਤੱਖਣ ਦਰਮਿਆਨ ਖੜ੍ਹ ਜਾਂਦੇ ਹਨ। ਇਨ੍ਹਾਂ ਸੰਦਾਂ ਵਿਚ ਤਰਕ, ਸੰਭਾਵਿਤਾ ਅਤੇ ਅਨੁਭਵਸ਼ੀਲ ਤਾਰਕਿਕਤਾ ਆਦਿ ਸ਼ਾਮਿਲ ਹਨ।

ਪਿੰਕਰ ਵਿਵੇਕ ਦੀ ਵਿਆਖਿਆ ਕਰਦਿਆਂ ਕਈ ਢਿੱਡੀਂ ਪੀੜਾਂ ਪਾਉਣ ਵਾਲੇ ਲਤੀਫ਼ੇ ਸੁਣਾਉਂਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਲਤੀਫ਼ਿਆਂ ’ਚ ਕਈ ਤਰਕ ਨੂੰ ਮਹੀਨ ਅਤੇ ਬਾਰੀਕਬੀਨੀ ਨਾਲ ਬਿਆਨ ਕੀਤਾ ਜਾਂਦਾ ਹੈ। ਲਤੀਫ਼ੇ ਦਾ ਮਤਲਬ ਹੀ ਹੁੰਦਾ ਹੈ ਲਤੀਫ਼ ਭਾਵ ਬਾਰੀਕ ਗੱਲ ਜਾਂ ਤਰਕ। ਇਸੇ ਕਰਕੇ ਚਿੰਤਕ ਅਤੇ ਆਲੋਚਕ ਕਲਾਈਵ ਜੇਮਜ਼ ਦਾ ਕਹਿਣਾ ਹੈ: Sense of humour is comman sense, dancing। ਪਿੰਕਰ ਅਨੁਸਾਰ ਤਰਕ ਦੀ ਕੋਈ ਭਾਵੁਕਤਾ ਨਹੀਂ। ਉਹ ਮਨੋਵਿਗਿਆਨੀ ਵਿਲੀਅਮ ਜੇਮਜ਼ ਦਾ ਹਵਾਲਾ ਦਿੰਦਿਆਂ ਕਹਿੰਦਾ ਹੈ ਕਿ ਪਿਆਰ ਹਿੱਤ ਰੋਮੀਓ ਨੂੰ ਵੀ ਉਸ ਦੇ ਅਤੇ ਜੂਲੀਅਟ ਦਰਮਿਆਨ ਆਉਣ ਵਾਲੇ ਅੜਿੱਕਿਆਂ ਨੂੰ ਸਰ ਕਰਨ ਵਾਸਤੇ ਆਪਣੇ ਵਿਵੇਕੀ ਮਨ ਦਾ ਪ੍ਰਯੋਗ ਕਰਨਾ ਪਿਆ। ਇੰਝ ਵਿਵੇਕ ਤੋਂ ਭਾਵ ਹੈ ਕਿ ਜੋ ਸ਼ੈਅ ਅਸੀਂ ਚਾਹੁੰਦੇ ਹਾਂ ਉਸ ਨੂੰ ਸੱਚਮੁੱਚ ਹਾਸਿਲ ਕਰਨ ਲਈ ਬਹੁਤ ਅਵਿਵੇਕੀ ਬੰਦੇ ਵੀ ਵਿਵੇਕੀ ਚੋਣ ਕਰ ਲੈਂਦੇ ਹਨ। ਜਦੋਂ ਸਥਿਤੀਆਂ ਔਖੀਆਂ ਹੋ ਜਾਂਦੀਆਂ ਹਨ ਉਦੋਂ ਬੰਦੇ ਦਾ ਦਿਮਾਗ਼ ਜੋ ਸੌਖੇ ਰਾਹ ਅਪਣਾਉਣ ਦਾ ਆਦੀ ਹੋ ਜਾਂਦੈ ਤੇ ਉਹ ਰਾਹ ’ਚ ਓਝਲ ਜਾਂਦਾ ਹੈ ਤੇ ਕਈ ਵਾਰ ਬਹੁਤ ਤੀਖਣ ਬੁੱਧੀ ਵਾਲੇ ਵੀ ਕਿਸਮਤਵਾਦੀ ਹੋ ਨਿਬੜਦੇ ਹਨ। ਕਈ ਵਾਰ ਬੰਦਾ ਅੱਧੋ-ਅੱਧ ਦੀ ਚੋਣ ਵਿਚ ਸੰਭਾਵਿਤਾ ਦੇ ਮੂਲ ਤੱਥ ਨੂੰ ਸਮਝਣ ਲਈ ਸੰਘਰਸ਼ ਕਰਦਾ ਹੈ। ਕੀ ਮੂਲ ਚੋਣ ਨਾਲ ਹੀ ਜੁੜੇ ਰਹਿਣਾ ਜਾਂ ਕਈ ਹੋਰ ਹਜ਼ਾਰਾਂ ਚੋਣਾਂ ਬਿਹਤਰ ਹੋ ਸਕਦੀਆਂ ਹਨ?

ਅੰਤ ’ਚ ਕਿਹਾ ਜਾ ਸਕਦਾ ਹੈ ਕਿ ਵਿਵੇਕ ਸਦਾ ਹੀ ਕਿਸੇ ਧੁੰਦੂਕਾਰੇ, ਜ਼ੁਲਮ ਜਾਂ ਵਿਗੋਚੇ ’ਚ ਫਸਣ ਤੋਂ ਬਚਾਉਂਦਾ ਹੈ। ਵਿਵੇਕੀ ਹੋਣ ਵਿਰੁੱਧ ਕੋਈ ਤਰਕ-ਵਿਤਰਕ ਸੰਭਵ ਨਹੀਂ। ਵਿਵੇਕ ਨੂੰ ਘਟਾ ਕੇ ਦੇਖਣਾ ਅਵਿਵੇਕੀ ਹੋਣ ਦੇ ਮੋਹ ਜਾਲ ਵਿਚ ਫਸਣ ਬਰਾਬਰ ਹੈ।

 

ਮਨਮੋਹਨ