ਪੰਜਾਬ ਦੀਆਂ ਬਾਰਾਂ ਦਾ ਇਤਿਹਾਸ ਤੇ ਮਹੱਤਵ
'ਬਾਰ' ਇਕ ਫ਼ਾਰਸੀ ਦਾ ਲਫ਼ਜ਼ ਹੈ, ਇਸ ਦਾ ਮਤਲਬ ਕਿ ਉਹ ਖਿੱਤੇ, ਜੋ ਇਨਸਾਨੀ ਆਬਾਦੀ ਤੋਂ ਦੂਰ ਜਾਂ ਘੱਟ ਵਸੋਂ ਵਾਲੇ, ਜੰਗਲੀ ਜਾਂ ਜੰਗਲਾਂ ਦੇ ਨਾਲ ਲਗਦੇ ਅਤੇ ਪਾਣੀ ਦੀ ਘਾਟ ਕਰਕੇ ਖੇਤੀਬਾੜੀ ਤੋਂ ਵਾਂਝੇ ਰਹੇ ਹੋਣ, ਉਨ੍ਹਾਂ ਇਲਾਕਿਆਂ ਨੂੰ 'ਬਾਰ' ਕਿਹਾ ਜਾਂਦਾ ਹੈ ।
ਜਿਵੇਂ ਪੰਜਾਬ ਦੀਆਂ ਬਿਸਤ ਦੁਆਬ, ਬਾਰੀ (ਮਾਝਾ), ਰਚਨਾ, ਛੱਝ ਤੇ ਸਿੱਸ ਦੁਆਬਾਂ ਹਨ । ਉਸੇ ਤਰ੍ਹਾਂ ਸਾਡੀਆਂ ਚਾਰ ਬਾਰਾਂ ਵੀ ਹਨ, ਜੋ ਕਿ ਸਤਲੁਜ-ਜਿਹਲਮ ਦਰਿਆਵਾਂ ਦੇ ਵਿਚਾਲੇ ਹਨ ਅਤੇ ਇਤਫ਼ਾਕਨ ਲਹਿੰਦੇ ਪੰਜਾਬ ਵਿਚ ਪੈਂਦੀਆਂ ਹਨ ।
ਸਭ ਨੂੰ ਪਤਾ ਹੈ ਕਿ ਵਕਤ ਦੇ ਨਾਲ ਦਰਿਆ ਆਪਣਾ ਵਹਾ ਬਦਲ ਲੈਂਦੇ ਹਨ, ਇਤਿਹਾਸਕਾਰਾਂ ਦੇ ਮੁਤਾਬਿਕ ਕੋਈ 8-10 ਹਜ਼ਾਰ ਸਾਲ ਪਹਿਲਾਂ ਸਤਲੁਜ ਦਰਿਆ ਨੇ ਉਕਾੜਾ ਦੇ ਦੱਖਣ 'ਚ ਆਪਣਾ ਵਹਾਅ ਬਦਲ ਲਿਆ ਸੀ ।ਪੁਰਾਣੇ ਵਹਾਅ ਨੂੰ ਅੱਜਕੱਲ੍ਹ ਹਾਕੜਾ ਦਰਿਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜੋ ਕਿ ਇਕ ਬਰਸਾਤੀ ਨਾਲਾ ਹੈ ।ਦੂਜੀ ਗੱਲ, ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ ਬੈਰਾਜ ਉੱਤੇ ਸਤਲੁਜ ਤੇ ਬਿਆਸ ਦਰਿਆ ਮਿਲ ਜਾਂਦੇ ਹਨ । ਇਸ ਤੋਂ ਅੱਗੇ ਸਤਲੁਜ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ ।
ਚੜ੍ਹਦੇ ਪਾਸਿਓਂ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ 'ਗੰਜੀ ਬਾਰ' ਦਾ ਇਲਾਕਾ ਜੋ ਕਿ ਬਾਰੀ ਦੁਆਬ (ਮਾਝੇ) ਦੇ ਦੱਖਣੀ ਹਿੱਸੇ 'ਚ ਸਤਲੁਜ ਤੇ ਹਾਕੜਾ ਦਰਿਆਵਾਂ ਦੇ ਵਿਚਾਲੇ ਦਾ ਇਲਾਕਾ ਹੈ, ਇਸ ਵਿਚ ਉਕਾੜਾ, ਖਾਣੇਵਾਲ ਅਤੇ ਹੜੱਪਾ ਦੇ ਇਲਾਕੇ ਆਉਂਦੇ ਹਨ ।ਆਮ ਤੌਰ 'ਤੇ ਇਹ ਕੰਡੀ (ਛੋਟੀਆਂ ਪਹਾੜੀਆਂ ਦਾ ਇਲਾਕਾ ਹੈ), ਉੱਚਾ-ਨੀਵਾਂ ਹੋਣ ਕਰਕੇ ਇਸ ਨੂੰ ਢਾਇਆ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ।ਇਹ ਬਹੁਤ ਹੀ ਉਪਜਾਊ ਖਿੱਤਾ ਹੈ, ਪਰ ਪਾਣੀ ਦੀ ਥੋੜ੍ਹ ਕਰਕੇ ਇਹ ਖੇਤੀਬਾੜੀ ਤੋਂ ਵਾਂਝਿਆ ਰਿਹਾ ।ਇਸ ਕਰਕੇ ਇਸ ਨੂੰ 'ਗੰਜੀ ਬਾਰ' ਦਾ ਨਾਂਅ ਦਿੱਤਾ ਗਿਆ | ਇਕ ਹੋਰ ਸੋਚ ਦੇ ਮੁਤਾਬਿਕ, ਇਸ ਦਾ ਨਾਂਅ ਫ਼ਾਰਸੀ ਲਫ਼ਜ਼ 'ਰੀਜ' ਜਿਸ ਦਾ ਮਤਲਬ ਖਜ਼ਾਨਾ ਹੈ, ਤੋਂ ਲਿਆ ਗਿਆ ਹੈ ।ਸ਼ੇਖ ਬਾਬਾ ਫ਼ਰੀਦ ਇਸ ਇਲਾਕੇ ਤੋਂ ਆਉਂਦੇ ਹਨ ।ਇਕ ਹੋਰ ਮਹਾਨ ਸ਼ਖ਼ਸੀਅਤ 'ਰਾਏ ਅਹਿਮਦ ਖਰਲ ਖ਼ਾਨ' ਜਿਨ੍ਹਾਂ ਨੇ 1857 ਦੀ ਜੰਗ-ਏ-ਆਜ਼ਾਦੀ 'ਚ ਹਿੱਸਾ ਲਿਆ, ਵੀ 'ਗੰਜੀ ਬਾਰ' ਦੇ ਸਨ ।ਕਿਹਾ ਜਾਂਦਾ ਹੈ ਕਿ ਸਿੰਕਦਰ ਬਾਦਸ਼ਾਹ ਜਦ ਮੁੜ ਆਪਣੇ ਦੇਸ਼ ਯੂਨਾਨ ਨੂੰ ਜਾ ਰਿਹਾ ਸੀ ਤਾਂ ਗੰਜੀ ਬਾਰ ਦੇ ਫ਼ੌਜੀ ਦਸਤਿਆਂ ਨੇ ਉਸ ਦੀ ਫ਼ੌਜ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਸੀ ।
ਬਾਰੀ ਦੁਆਬ ਦੀ ਦੂਜੀ ਬਾਰ 'ਨੀਲੀ ਬਾਰ' ਹੈ, ਜੋ ਸਤਲੁਜ ਤੇ ਰਾਵੀ ਦਰਿਆਵਾਂ ਦੇ ਦਰਮਿਆਨ ਅਤੇ ਗੰਜੀ ਬਾਰ ਦੇ ਦੱਖਣ 'ਚ ਹੈ | ਇਸ 'ਚ ਸਾਹੀਵਾਲ, ਉਕਾੜਾ ਅਤੇ ਪਾਕਪਟਨ ਦੇ ਇਲਾਕੇ ਸ਼ਾਮਿਲ ਹਨ । ਕਿਹਾ ਜਾਂਦਾ ਹੈ ਕਿ ਇੱਥੇ ਸਤਲੁਜ ਦਰਿਆ ਦਾ ਪਾਣੀ ਬਹੁਤ ਸਾਫ ਹੈ ਅਤੇ ਨੀਲੀ ਭਾਅ ਮਾਰਦਾ ਹੈ, ਇਸ ਕਰਕੇ ਇਸ ਨੂੰ ਨੀਲੀ ਬਾਰ ਦਾ ਨਾਂਅ ਦਿੱਤਾ ਗਿਆ ਸੀ । ਇੱਥੋਂ ਦੀ ਨੀਲੀ ਨਸਲ ਦੀ ਗਾਂ ਬਹੁਤ ਮਸ਼ਹੂਰ ਹੈ ।
ਰਚਨਾ ਦੁਆਬ, ਰਾਵੀ ਤੇ ਝਨਾਬ ਦਰਿਆਵਾਂ ਦੇ ਦਰਮਿਆਨ ਅਤੇ ਪੰਜਾਬ ਦੀ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡੀ 'ਸਾਂਦਲ ਬਾਰ' ਦਾ ਇਲਾਕਾ ਹੈ | ਇਸ ਦਾ ਰਕਬਾ 80__1MP__60 ਕਿ.ਮੀ. ਵਿਚ ਫੈਲਿਆ ਹੋਇਆ ਹੈ | ਇਸ ਵਿਚ ਫ਼ੈਸਲਾਬਾਦ, ਝੰਗ, ਚਿਨਿਉਟ, ਟੋਬਾ ਟੇਕ ਸਿੰਘ ਅਤੇ ਸ਼ੇਖੁਪੁਰਾ ਦੇ ਇਲਾਕੇ ਸ਼ਾਮਿਲ ਹਨ । ਜ਼ਿਆਦਾਤਰ ਜੰਗਲੀ ਇਲਾਕਾ ਹੋਣ ਕਰਕੇ ਇਸ ਨੂੰ ਜੰਗਲੀ ਬਾਰ ਵੀ ਕਿਹਾ ਜਾਂਦਾ ਹੈ ।ਇਹ ਬਹੁਤ ਹੀ ਉਪਜਾਊ ਇਲਾਕਾ ਹੈ । ਸ਼ਹੀਦ ਭਗਤ ਸਿੰਘ ਦੀ ਪੈਦਾਇਸ਼ ਚੱਕ 105 ਬੰਗਾ ਵਿਚ ਹੋਈ ਸੀ ।ਪੰਜਾਬ ਦੇ ਦੋ ਮਸ਼ਹੂਰ ਤੇ ਅਮਰ ਪ੍ਰੇਮੀ ਜੋੜੇ ਹੀਰ-ਰਾਂਝਾ ਅਤੇ ਮਿਰਜ਼ਾ ਸਾਹਿਬਾ ਦਾ ਤਾਅਲੁਕ ਸਾਂਦਲ ਬਾਰ ਨਾਲ ਹੈ ਮਸ਼ਹੂਰ 'ਕਿੱਸਾ ਹੀਰ' ਦੇ ਰਚੇਤਾ ਵਾਰਿਸ ਸ਼ਾਹ ਵੀ ਇੱਥੇ ਦੇ ਸਨ । ਹੋਰ ਤੇ ਹੋਰ ਗ਼ਰੀਬਾਂ ਦੇ ਮਸੀਹਾ ਅਤੇ ਨਾਮੀ ਹਸਤੀ 'ਦੁੱਲਾ ਭੱਟੀ' ਜਿਨ੍ਹਾਂ ਨੇ ਬਾਦਸ਼ਾਹ ਅਕਬਰ ਨਾਲ ਲੋਹਾ ਲਿਆ ਸੀ ਅਤੇ ਇਨ੍ਹਾਂ ਨੂੰ ਲੋਹੜੀ 'ਤੇ 'ਦੁੱਲਾ ਭੱਟੀ ਵਾਲਾ' ਦੇ ਨਾਂਅ ਨਾਲ ਯਾਦ ਕਰਦੇ ਹਾਂ, ਉਹ ਵੀ ਇਸ ਇਲਾਕੇ ਦੇ ਸਨ ।ਕਿਹਾ ਜਾਂਦਾ ਹੈ ਕਿ ਇਸ ਬਾਰ ਦਾ ਨਾਂਅ ਦੁੱਲਾ ਭੱਟੀ ਦੇ ਦਾਦੇ ਸਾਂਦਲ ਦੇ ਨਾਂਅ 'ਤੇ ਰੱਖਿਆ ਗਿਆ ਸੀ | ਦੂਜੀ ਦਲੀਲ ਜੋ ਇਸ ਕਰਕੇ ਜ਼ਿਆਦਾ ਢੁਕਵੀਂ ਲਗਦੀ ਹੈ ਕਿ ਸਤਯੁਗ ਦੇ ਰਿਸ਼ੀ ਸ਼ਾਂਡਲਿਆ ਦੇ ਨਾਂਅ ਉੱਤੇ ਰੱਖਿਆ ਗਿਆ ਸੀ ।
ਪੰਜਾਬ ਦੀ ਚੌਥੀ ਤੇ ਆਖਰੀ ਬਾਰ ਛੱਝ ਦੁਆਬ, ਝਨਾਬ-ਜਿਹਲਮ ਦਰਿਆਵਾਂ ਦੇ ਕੇਂਦਰੀ ਅਤੇ ਦੱਖਣੀ ਇਲਾਕੇ ਨੂੰ 'ਕਿਰਾਨਾ ਬਾਰ' ਕਿਹਾ ਜਾਂਦਾ ਹੈ ।ਇਸ ਵਿਚ ਮੰਡੀ ਬਹਉਦੀਨ, ਸਰਗੋਧਾ ਅਤੇ ਗੁਜਰਾਤ ਦੇ ਇਲਾਕੇ ਆਉਂਦੇ ਹਨ । ਇਸ ਦਾ ਨਾਂਅ ਇਸ ਇਲਾਕੇ 'ਚ 'ਕਿਰਾਨਾ ਪਹਾੜ' ਦੇ ਨਾਂਅ ਉੱਤੇ ਰੱਖਿਆ ਗਿਆ ਹੈ | 18ਵੀਂ ਸਦੀ 'ਚ ਚੜ੍ਹਦੇ ਪੰਜਾਬ ਤੋਂ ਗੋਂਦਲ ਗੋਤਰ ਦੇ ਲੋਕ ਇਸ ਬਾਰ 'ਚ ਆ ਵਸੇ, ਜਿਸ ਕਰਕੇ ਇਸ ਖਿੱਤੇ ਨੂੰ ਗੋਂਦਲ ਬਾਰ ਵੀ ਕਿਹਾ ਜਾਂਦਾ ਹੈ ।ਇਹ ਇਲਾਕਾ ਸਾਂਦਲ ਬਾਰ ਤੋਂ ਵੀ ਜ਼ਿਆਦਾ ਉਪਜਾਊ ਹੈ ।
ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਬਾਰ ਦੇ ਜ਼ਿਆਦਾਤਰ ਇਲਾਕੇ ਜੰਗਲੀ ਸਨ ਅਤੇ ਇਨ੍ਹਾਂ ਵਿਚ ਘੱਟ ਆਬਾਦੀ ਦੇ ਨਾਲ-ਨਾਲ ਆਬ ਪਾਸ਼ੀ (ਸਿੰਚਾਈ) ਦੇ ਸਾਧਨ ਵੀ ਨਾ ਹੋਣ ਦੇ ਬਰਾਬਰ ਸਨ । 1857 ਦੀ ਜੰਗ-ਏ-ਆਜ਼ਾਦੀ ਨੂੰ ਦਬਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਮੁਕੰਮਲ ਹਕੂਮਤ ਹਾਸਿਲ ਕਰ ਲਈ ਸੀ ।ਇੱਥੇ ਮੈਂ ਅੰਗਰੇਜ਼ਾਂ ਦੀ ਦੂਰ-ਅੰਦੇਸ਼ੀ ਦੀ ਸਿਫ਼ਤ ਕਰਨ ਤੋਂ ਬਗੈਰ ਨਹੀਂ ਰਹਿ ਸਕਦਾ, ਕਿਉਂਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਾਰ ਦੇ ਇਲਾਕਿਆਂ ਨੂੰ ਵਸਾਉਣ, ਖੇਤੀਬਾੜੀ ਤੇ ਸਿੰਚਾਈ ਦੇ ਕਾਬਿਲ ਬਣਾਉਣ ਦਾ ਬੀੜਾ ਉਠਾਇਆ । ਇਹ ਮੁਹਿੰਮ 1885 ਤੋਂ ਸ਼ੁਰੂ ਹੋਈ ।
ਬਾਰ ਦੇ ਇਲਾਕਿਆਂ ਦੀ ਉਸਾਰੀ ਲਈ ਸਿੰਚਾਈ ਨੂੰ ਸੁਧਾਰਨ ਲਈ ਇਨ੍ਹਾਂ ਇਲਾਕਿਆਂ ਵਿਚ 9 ਨਹਿਰਾਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ । ਸਭ ਤੋਂ ਪਹਿਲਾਂ ਇੱਥੇ ਨਹਿਰੀ ਬਸਤੀਆਂ ਵਸਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਵੱਡੇ ਪੈਮਾਨੇ 'ਤੇ ਮਾਝੇ ਤੇ ਕੁਝ ਹੱਦ ਤੱਕ ਦੁਆਬੇ ਤੋਂ 10 ਲੱਖ ਲੋਕਾਂ ਨੂੰ ਇੱਥੇ ਲਿਆਂਦਾ ਗਿਆ ।ਜੰਗਲੀ ਅਤੇ ਖਾਲੀ ਇਲਾਕੇ ਹੋਣ ਕਰਕੇ, ਇੱਥੋਂ ਦੀ ਜ਼ਮੀਨ ਸਰਕਾਰੀ ਮਲਕੀਅਤ ਸੀ ਅਤੇ ਇਨ੍ਹਾਂ ਟੱਬਰਾਂ ਨੂੰ ਇੱਥੇ ਜ਼ਮੀਨ ਅਲਾਟ ਕੀਤੀ ਗਈ । ਇਨ੍ਹਾਂ 9 ਨਹਿਰੀ ਬਸਤੀਆਂ ਦਾ ਵੇਰਵਾ ਇਹ ਹੈ:-
ਗੰਜੀ ਅਤੇ ਨੀਲੀ ਬਾਰਾਂ 'ਚ 1880-88 ਵਿਚ ਸਿਧਾਣੀ ਬਸਤੀ (ਮੁਲਤਾਨ), ਸੁਹਾਗ ਪਾਰਾ ਬਸਤੀ (ਸਾਹੀਵਾਲ), 1896 ਵਿਚ ਚੁਨੀਆ ਬਸਤੀ, 1914 ਵਿਚ ਦੱਖਣੀ ਲਾਹੌਰ ਅਤੇ ਉਕਾੜਾ ਦੇ ਵਿਚਕਾਹੇ ਲੋਅਰ ਬਾਰੀ ਦੁਆਬ ਅਤੇ 1926 ਨੀਲੀ ਬਾਰ ਬਸਤੀ (ਸਾਹੀਵਾਲ-ਮੁਲਤਾਨ) ਵਿਚ ਵਸਾਈਆਂ ਗਈਆਂ ।
ਸਾਂਦਲ ਬਾਰ 1892 'ਚ ਸਭ ਤੋਂ ਵੱਡੀ ਚਿਨਾਬ ਬਸਤੀ ਫ਼ੈਸਲਾਬਾਦ ਅਤੇ ਝੰਗ ਦੇ ਇਲਾਕੇ 'ਚ ਵਸਾਈ ਗਈ | ਇਸ ਤੋਂ ਬਾਅਦ 1914 ਵਿਚ 'ਉਪਰੀ ਚਿਨਾਬ' ਬਸਤੀ ਹੋਂਦ 'ਚ ਆਈ | ਕਿਰਾਨਾ ਬਾਰ 'ਚ 1902 ਨੂੰ ਜੇਹਲਮ ਬਸਤੀ ਨੂੰ ਵਸਾਉਣ ਦਾ ਕੰਮ ਸ਼ੁਰੂ ਹੋਇਆ, ਨਾਲ ਹੀ ਇੱਥੇ ਘੋੜਿਆਂ ਦੀ ਨਸਲ ਸੁਧਾਰਨ ਦਾ ਫਾਰਮ ਵੀ ਬਣਾਇਆ ਗਿਆ । ਨਹਿਰੀ ਬਸਤੀਆਂ ਦੇ ਵਸਾਉਣ ਅਤੇ 9 ਨਹਿਰਾਂ ਦੀ ਉਸਾਰੀ ਦਾ ਕੰਮ 1940 ਵਿਚ ਮੁਕੰਮਲ ਹੋ ਗਿਆ । ਇਸ ਮੁਹਿੰਮ ਨੇ ਪੰਜਾਬ ਦੀ ਨੁਹਾਰ ਬਦਲ ਦਿੱਤੀ । ਜਿੱਥੇ 1879 ਵਿਚ ਇਸ ਖਿੱਤੇ 'ਚ ਸਿਰਫ ਇਕ 'ਅੱਪਰ ਬਾਰੀ ਦੁਆਬ' ਨਹਿਰ ਸੀ, ਉਥੇ 1940 ਤੱਕ ਨਹਿਰਾਂ ਦਾ ਜਾਲ ਵਿਛ ਗਿਆ ।ਜੋ ਇਲਾਕੇ ਪਾਣੀ ਖੁਣੋ ਬੰਜਰ ਤੇ ਰੇਗਿਸਤਾਨ ਬਣ ਗਏ ਸਨ, ਉੱਥੇ ਖੇਤੀਬਾੜੀ ਸ਼ੁਰੂ ਹੋ ਗਈ ।ਸਹੀ ਮਾਅਨਿਆਂ 'ਚ ਇਨ੍ਹਾਂ ਨਾਲ ਪੰਜਾਬ 'ਚ ਹਰਾ ਇਨਕਲਾਬ ਆ ਗਿਆ, ਕਿਉਂਕਿ ਇਕ ਕਰੋੜ 10 ਲੱਖ ਏਕੜ ਹੋਰ ਜ਼ਮੀਨ ਨੂੰ ਸਿੰਚਾਈ ਅਤੇ ਖੇਤੀਬਾੜੀ ਹੇਠ ਲਿਆਂਦਾ ਗਿਆ | ਫ਼ੈਸਲਾਬਾਦ ਤੇ ਝੰਗ ਜਿੱਥੇ ਇਕ ਵੀ ਨਹਿਰ ਨਹੀਂ ਸੀ, ਉਹ ਪੂਰੇ ਮੁਲਕ ਲਈ ਸਭ ਤੋਂ ਉੱਤਮ ਨਹਿਰੀ ਨਿਜ਼ਾਮ ਦੀ ਮਿਸਾਲ ਬਣ ਗਏ ।ਇਨ੍ਹਾਂ ਬਾਰਾਂ ਦੀ ਇਤਿਹਾਸਕ, ਸਮਾਜਿਕ ਅਤੇ ਬਹਾਦਰੀ ਅਤੇ ਇੱਥੋਂ ਦੇ ਲੋਕਾਂ ਦੀ ਮਿਹਨਤ ਸਦਕੇ ਪੰਜਾਬੀ ਵਿਰਸੇ ਵਿਚ ਆਪਣੀ ਖ਼ਾਸ ਜਗ੍ਹਾ ਬਣ ਗਈ ।ਕਿਸੇ ਸਿਆਣੇ ਨੇ ਠੀਕ ਹੀ ਆਖਿਆ ਹੈ ਕਿ 'ਪੰਜਾਬ ਦੀਆਂ ਬਾਰਾਂ ਤੇ ਦੁੱਧ ਦੀਆਂ ਧਾਰਾਂ।
ਕਰਨਲ ਰਮੇਸ਼ ਦਵੇਸਰ
Comments (0)