ਕੈਰੋਲੀਨਾ ਵਿਚ ਹੈਲੀਕਾਪਟਰ ਤਬਾਹ, ਟੀ ਵੀ ਪੱਤਰਕਾਰ ਤੇ ਪਾਇਲਟ ਦੀ ਮੌਤ

ਕੈਰੋਲੀਨਾ ਵਿਚ ਹੈਲੀਕਾਪਟਰ ਤਬਾਹ, ਟੀ ਵੀ ਪੱਤਰਕਾਰ ਤੇ ਪਾਇਲਟ ਦੀ ਮੌਤ
ਕੈਪਸ਼ਨ: ਹੈਲੀਕਾਪਟਰ ਹਾਦਸੇ ਵਿਚ ਮਾਰੇ ਗਏੇ ਪਾਇਲਟ ਚਿਪ ਤਿਆਗ ਤੇ ਜੈਸਨ ਮਾਇਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 23 ਨਵੰਬਰ (ਹੁਸਨ ਲੜੋਆ ਬੰਗਾ)-ਉੱਤਰੀ ਕੈਰੋਲੀਨਾ ਵਿਚ ਚਰਲੋਟ ਵਿਖੇ ਇਕ ਹੈਲੀਕਾਪਟਰ ਤਬਾਹ ਹੋ ਗਿਆ ਜਿਸ ਵਿਚ ਸਵਾਰ ਡਬਲਯੂ ਬੀ ਟੀ ਵੀ ਦੇ ਮੌਸਮ ਵਿਗਿਆਨੀ (ਪੱਤਰਕਾਰ) ਤੇ ਪਾਈਲਟ ਦੀ ਮੌਤ ਹੋ ਗਈ। ਟੀ ਵੀ ਸਟੇਸ਼ਨ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਾਰੇ ਗਏ ਉਸ ਦੇ ਮੁਲਾਜ਼ਮਾਂ ਦੀ ਪਛਾਣ ਮੌਸਮ ਵਿਗਿਆਨੀ ਜੈਸਨ ਮਾਇਰਜ ਤੇ ਪਾਇਲਟ ਚਿਪ ਤਿਆਗ ਵਜੋਂ ਹੋਈ ਹੈ। ਟੀ ਵੀ ਸਟੇਸ਼ਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ  ਡਬਲਯੂ ਬੀ ਟੀ ਵੀ ਪਰਿਵਾਰ ਨੂੰ  ਉਸ ਵੇਲੇ ਅਸਹਿ ਨੁਕਸਾਨ ਪੱਜਾ ਜਦੋਂ ਉਸ ਦਾ ਨਿਊਜ਼ ਹੈਲੀਕਾਪਟਰ ਸਕਾਈ 3 ਮੰਗਲਵਾਰ ਦੁਪਹਿਰ ਵੇਲੇ ਤਬਾਹ ਹੋ ਗਿਆ। ਅਸੀਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਹਾਂ। ਚਰਲੋਟ ਮੈਕਲੈਨਬਰਗ ਪੁਲਿਸ ਮੁੱਖੀ ਜੌਹਨੀ ਜੈਨਿੰਗਜ ਅਨੁਸਾਰ ਪੁਲਿਸ ਨੂੰ ਦੁਪਹਿਰ 12 ਵਜੇ ਦੇ ਕਰੀਬ ਇੰਟਰਸਟੇਟ 77 ਉਪਰ ਸੜਕ ਦੇ ਇਕ ਪਾਸੇ ਹੈਲੀਕਾਪਟਰ ਦੇ ਤਬਾਹ ਹੋਣ ਦੀ ਸੂਚਨਾ ਮਿਲੀ ਸੀ। ਹੈਲੀਕਾਪਟਰ ਵਿਚ ਸਵਾਰ ਦੋਨਾਂ ਵਿਅਕਤੀਆਂ ਦੀ ਮੌਕੇ ਉਪਰ ਹੀ ਮੌਤ ਹੋ ਚੁੱਕੀ ਸੀ। ਉਨਾਂ ਕਿਹਾ ਕਿ ਇਸ ਘਟਨਾ ਵਿਚ ਹੋਰ ਕੋਈ ਵਾਹਣ ਸ਼ਾਮਿਲ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਪਾਈਲਟ ਨੇ ਅੰਤ ਵੇਲੇ ਸੜਕ ਉਪਰ ਜਾ ਰਹੇ ਲੋਕਾਂ ਦੇ ਬਚਾਅ ਲਈ ਹੈਲੀਕਾਪਟਰ ਨੂੰ ਸੜਕ ਤੋਂ ਦੂਰ ਲਿਜਾਣ ਦਾ ਯਤਨ ਕੀਤਾ। ਘਟਨਾ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ  ਸੰਘੀ ਹਵਾਬਾਜ਼ੀ ਪ੍ਰਸਾਸ਼ਨ ਦੇ ਅਧਿਕਾਰੀ ਕਰ ਰਹੇ ਹਨ।