ਮਿੱਠੇ ਗੁਣਾਂ ਵਾਲਾ ਕੌੜਾ ਕਰੇਲਾ

ਮਿੱਠੇ ਗੁਣਾਂ ਵਾਲਾ ਕੌੜਾ ਕਰੇਲਾ

ਕਰੇਲਾ ਵਾਤ, ਪਿਤ ਵਿਕਾਰ

ਕਈ ਲੋਕ ਕਰੇਲਾ ਕੌੜਾ ਹੋਣ ਕਾਰਨ ਖਾਣਾ ਪਸੰਦ ਨਹੀਂ ਕਰਦੇ ਪਰ ਇਹ ਸਰੀਰ ਲਈ ਕਾਫ਼ੀ ਲਾਭਕਾਰੀ ਹੁੰਦਾ ਹੈ। ਸਿਹਤਮੰਦ ਰਹਿਣ ਲਈ ਜਿਵੇਂ ਖੱਟੇ, ਮਿੱਠੇ, ਕੁਸੈਲੇ, ਤਿੱਖੇ ਰਸ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਕੌੜੇ ਰਸ ਦੀ ਜ਼ਰੂਰਤ ਵੀ ਸਰੀਰ ਨੂੰ ਲੋੜ ਹੁੰਦੀ ਹੈ। ਸਿਹਤਮੰਦ ਸਰੀਰ ਲਈ ਰਸਾਂ ਦੀ ਠੀਕ ਮਾਤਰਾ ਦੀ ਜ਼ਰੂਰਤ ਹੁੰਦੀ ਹੈ। ਇਸ ਵਿਚੋਂ ਕਿਸੇ ਵੀ ਰਸ ਦੀ ਘਾਟ ਹੋਣ 'ਤੇ ਸਰੀਰ ਵਿਚ ਵਿਕਾਰ ਪੈਦਾ ਹੋ ਜਾਂਦੇ ਹਨ।

ਕਰੇਲਾ ਵਾਤ, ਪਿਤ ਵਿਕਾਰ ਪਾਂਡੂ, ਪ੍ਰਮੇਹ ਅਤੇ ਕ੍ਰਿਮਨਾਸ਼ੀ ਭਾਵ ਪੇਟ ਅੰਦਰਲੇ ਕੀੜਿਆਂ ਦਾ ਨਾਸ਼ ਕਰਨ ਵਾਲਾ ਹੁੰਦਾ ਹੈ। ਵੱਡੇ ਕਰੇਲੇ ਖਾਣ ਨਾਲ ਪ੍ਰਮੇਹ, ਪੀਲੀਆ ਅਤੇ ਅਫ਼ਾਰਾ ਹੋਣ 'ਤੇ ਲਾਭ ਮਿਲਦਾ ਹੈ। ਛੋਟਾ ਕਰੇਲਾ ਵੱਡੇ ਕਰੇਲੇ ਦੀ ਤੁਲਨਾ ਵਿਚ ਜ਼ਿਆਦਾ ਗੁਣਕਾਰੀ ਹੁੰਦਾ ਹੈ।

ਕਰੇਲਾ ਠੰਢਾ, ਹਲਕਾ, ਕੌੜਾ ਤੇ ਵਾਤ ਕਾਰਕ ਹੁੰਦਾ ਹੈ ਅਤੇ ਬੁਖਾਰ, ਪਿਤ, ਕਫ਼, ਪਾਂਡੂ ਰੋਗ, ਪ੍ਰਮੇਹ ਅਤੇ ਕ੍ਰਿਮ ਰੋਗ ਦਾ ਨਾਸ਼ ਵੀ ਕਰਦਾ ਹੈ। ਕਰੇਲੀ ਦੇ ਗੁਣ ਵੀ ਕਰੇਲੇ ਜਿੰਨੇ ਹੀ ਹਨ।

ਕਰੇਲੇ ਦਾ ਸਾਗ ਸਰੀਰ ਨੂੰ ਕਈ ਰੋਗ ਵਿਕਾਰਾਂ ਤੋਂ ਬਚਾਉਂਦਾ ਹੈ ਤੇ ਸਿਹਤ ਲਈ ਬੜਾ ਉੱਤਮ ਪਦਾਰਥ ਹੈ। ਇਸ ਵਿਚ ਵਿਟਾਮਿਨ 'ਏ' ਜ਼ਿਆਦਾ ਮਾਤਰਾ ਵਿਚ ਹੁੰਦਾ ਹੈ। ਇਸ ਵਿਚ ਲੋਹਾ, ਫਾਸਫੋਰਸ ਅਤੇ ਥੋੜ੍ਹੀ ਜਿਹੀ ਮਾਤਰਾ ਵਿਚ ਵਿਟਾਮਿਨ 'ਸੀ' ਵੀ ਪਾਇਆ ਜਾਂਦਾ ਹੈ। ਛੋਟੇ ਕਰੇਲੇ ਵਿਚ ਲੋਹ ਤੱਤ ਜ਼ਿਆਦਾ ਹੁੰਦੇ ਹਨ। ਕਰੇਲੇ ਦੇ ਕੁਝ ਲਾਭ ਹੇਠਾਂ ਦਿੱਤੇ ਜਾ ਰਹੇ ਹਨ: * ਸ਼ੂਗਰ ਦੇ ਰੋਗੀਆਂ ਲਈ ਕਰੇਲਾ ਵਿਸ਼ੇਸ਼ ਲਾਭਕਾਰੀ ਹੈ। ਹਰ ਰੋਜ਼ ਸਵੇਰੇ ਕਰੇਲੇ ਦਾ ਰਸ ਪੀਣ ਨਾਲ ਸ਼ੂਗਰ ਵਿਚ ਲਾਭ ਮਿਲਦਾ ਹੈ। * 50 ਗ੍ਰਾਮ ਕਰੇਲੇ ਦਾ ਰਸ ਕੁਝ ਦਿਨ ਲਗਾਤਾਰ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ ਅਤੇ ਖੂਨ ਵਿਕਾਰ ਤੋਂ ਛੁਟਕਾਰਾ ਮਿਲਦਾ ਹੈ। * ਪੱਕੇ ਕਰੇਲੇ ਦਾ ਰਸ ਗਰਮ ਪਾਣੀ ਨਾਲ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

* ਇਕ ਕੱਪ ਕਰੇਲੇ ਦਾ ਰਸ ਪੀਣ ਨਾਲ ਕਬਜ਼ ਦੂਰ ਹੁੰਦੀ ਹੈ। * ਪੱਕੇ ਕਰੇਲੇ ਦੇ 50 ਗ੍ਰਾਮ ਰਸ ਵਿਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਪੀਣ ਨਾਲ ਪੇਸ਼ਾਬ ਖੁਲ੍ਹ ਕੇ ਆਉਂਦਾ ਹੈ ਅਤੇ ਮੂਤਰ ਰੋਗ ਦੂਰ ਹੋ ਜਾਂਦਾ ਹੈ। * ਕਰੇਲੇ ਦੀ ਸਬਜ਼ੀ ਖਾਣ ਅਤੇ ਦੋ ਕਰੇਲਿਆਂ ਦਾ ਰਸ ਲਗਾਤਾਰ ਕੁਝ ਦਿਨ ਪੀਣ ਨਾਲ ਗੁਰਦੇ ਦੀ ਪੱਥਰੀ ਟੁੱਟ ਕੇ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ।