ਹਾਥਰਸ ਕਾਂਡ ਬਨਾਮ ਪਖੰਡੀ ਬਾਬਿਆਂ ਦਾ ਬਜ਼ਾਰ

ਹਾਥਰਸ ਕਾਂਡ ਬਨਾਮ ਪਖੰਡੀ ਬਾਬਿਆਂ ਦਾ ਬਜ਼ਾਰ

ਕੁਆਰੀਆਂ ਕੁੜੀਆਂ ਨੂੰ ਭੇਜੋ ਪੈਸਿਆਂ ਦੀ ਹੋਵੇਗੀ ਬਰਸਾਤ

*ਹਰੀ ਚਟਨੀ ਨਾਲ ਸਮੋਸੇ ਖਾਓ ,ਕ੍ਰਿਪਾ ਬਰਸੇਗੀ... 

*ਜਾਣੋ ਆਪੇ ਬਣੇ ਪਖੰਡੀ ਬਾਬਿਆਂ ਦਾ ਜਾਦੂ

 ਇੱਕ ਸ਼ਹਿਰ ਵਿੱਚ ਦਰਬਾਰ ਲਗਾ ਸੀ। ਇਹ ਦਰਬਾਰ ਕਿਸੇ ਰਾਜੇ ਜਾਂ ਬਾਦਸ਼ਾਹ ਦਾ ਨਹੀਂ, ਸਗੋਂ ਆਪਣੇ ਆਪ ਨੂੰ ਰੱਬ ਦਾ ਅਵਤਾਰ ਅਖਵਾਉਣ ਵਾਲੇ ਬਾਬੇ ਦਾ ਸੀ। ਭੀੜ-ਭੜੱਕੇ ਵਾਲੇ ਕਚਹਿਰੀ ਵਿਚ ਇਕ ਵਿਅਕਤੀ ਖੜ੍ਹਾ ਹੋ ਕੇ ਕਹਿੰਦਾ ਹੈ, ਬਾਬਾ ਜੀ ਮੈਨੂੰ ਨੌਕਰੀ ਨਹੀਂ ਮਿਲੀ। ਇਸ 'ਤੇ ਬਾਬਾ ਕਹਿੰਦਾ ਤੁਸੀਂ ਆਖਰੀ ਵਾਰ ਸਮੋਸਾ ਕਦੋਂ ਖਾਧਾ ਸੀ? ਵਿਅਕਤੀ ਦਾ ਕਹਿਣਾ ਹੈ ਕਿ ਮੈਂ ਪਿਛਲੇ ਐਤਵਾਰ ਨੂੰ ਸਮੋਸਾ ਖਾਧਾ ਸੀ। 

ਫਿਰ ਬਾਬਾ ਪੁੱਛਦਾ ਹੈ ਕਿ ਇਹ ਸਮੋਸਾ ਲਾਲ ਚਟਨੀ ਨਾਲ ਖਾਧਾ ਜਾਂ ਹਰੀ ਚਟਨੀ ਨਾਲ? ਫਿਰ ਆਦਮੀ ਲਾਲ ਚਟਨੀ ਨਾਲ ਕਹਿੰਦਾ ਹੈ। ਇਸ 'ਤੇ ਬਾਬਾ ਝੱਟ ਕਹਿ ਦਿੰਦਾ ਹੈ ਕਿ ਸਿਰਫ਼ ਇਸੇ ਕਰਕੇ ਕਿਰਪਾ ਰੁਕੀ ਹੋਈ ਹੈ। ਇਸ ਵਾਰ ਜਦੋਂ ਵੀ ਸਮੋਸਾ ਖਾਓ ਤਾਂ ਹਰੀ ਚਟਨੀ ਦੇ ਨਾਲ ਖਾਓ। ਕਿਰਪਾ ਦੌੜ ਕੇ ਆਵੇਗੀ। ਇਹ ਇੱਕ ਬਾਬੇ ਦੀ ਕਹਾਣੀ ਹੈ। ਹੁਣ ਇੱਕ ਹੋਰ ਬਾਬੇ ਦੀ ਕਹਾਣੀ ਜਾਣੋ।

 ਇਸ ਸਾਲ ਫਰਵਰੀ ਵਿੱਚ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਦੋ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਕਰਨ ਵਾਲੇ ਪਖੰਡੀ ਬਾਬੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਬਾਬਾ ਲੋਕਾਂ ਨੂੰ ਮੂਰਖ ਬਣਾਉਂਦਾ ਸੀ ਕਿ ਉਹ ਦੈਵੀ ਸ਼ਕਤੀਆਂ ਰਾਹੀਂ ਧਨ ਦੀ ਬਰਸਾਤ ਕਰੇਗਾ। ਉਹ ਕਹਿੰਦਾ ਸੀ ਕਿ ਜੇ ਤੂੰ ਆਪਣੀਆਂ ਧੀਆਂ ਨੂੰ ਪੂਜਾ 'ਤੇ ਭੇਜ ਦੇਵੋ ਤਾਂ ਮਾਇਆ ਬਰਸੇਗੀ । ਦਰਅਸਲ ਪੀੜਤ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਦੇ ਨਾਂ ਨਾਲ ਜਾਣਿਆ ਜਾਂਦਾ ਕੁਲੇਸ਼ਵਰ ਕੁਆਰੀਆਂ ਕੁੜੀਆਂ ਦੀ ਪੂਜਾ ਕਰਵਾਉਂਦਾ ਸੀ, ਜਿਸ ਤੋਂ ਬਾਅਦ ਕਾਫੀ ਪੈਸਾ ਬਰਸਦਾ ਸੀ। ਇਸ ਜਾਲ ਵਿੱਚ ਫਸ ਕੇ ਪਰਿਵਾਰਕ ਮੈਂਬਰਾਂ ਨੇ ਘਰ ਦੀਆਂ ਦੋਵੇਂ ਨਾਬਾਲਗ ਧੀਆਂ ਨੂੰ ਪਖੰਡੀ ਬਾਬੇ ਕੋਲ ਰਤਨਪੁਰ ਭੇਜ ਦਿੱਤਾ।ਜੋ ਉਨ੍ਹਾਂ ਧੀਆਂ ਦਾ ਸ਼ੋਸ਼ਣ ਹੋਇਆ ਉਹ ਲਿਖਣ ਦੀ ਲੋੜ ਨਹੀਂਂ।

ਭਾਰਤ ਕੁਝ ਕੁ ਸੱਚੇ ਸਾਧਾਂ-ਸੰਤਾਂ ਦੇ ਨਾਲ-ਨਾਲ ਅਜਿਹੇ ਨਕਲੀ ਅਤੇ ਪਾਖੰਡੀ ਬਾਬਿਆਂ ਦੀ ਬਹੁਤ ਭਰਮਾਰ ਹੈ, ਜਿਨ੍ਹਾਂ ਕੋਲ ਹਰ ਸਮੱਸਿਆ ਦਾ ਹੱਲ ਹਮਰਾਜ ਚੂਰਨ ਵਾਂਗ ਹੈ।ਲੋਕ ਅੰਧਵਿਸ਼ਵਾਸੀ ਹਨ,ਇਸੇ ਕਰਕੇ ਵਿਹਲੜ ਬਾਬੇ ਐਸ਼ ਕਰਦੇ ਹਨ।ਸਿਖ ਪੰਥ ਵਿਚ ਵੀ ਅਜਿਹੇ ਬਰਾਂਡ ਦੇ ਬਾਬੇ ਮੌਜੂਦ ਹਨ।ਚੁਪਹਿਰੇ -ਦੁਪਹਿਰੇ ਵਾਲੇ ਬਾਬੇ,ਮੁੰਡੇ ਦੇਣ ਵਾਲੇ ਬਾਬੇ,ਨਾਮ ਦੇਣ ਵਾਲੇ ਬਾਬੇ।

ਬੀਤੇ ਦਿਨੀਂ ਉਤਰ ਪ੍ਰਦੇਸ਼ ਦੇ ਇਲਾਕੇ ਹਾਥਰਸ 'ਚ ਵੀ ਭੋਲੇ ਬਾਬੇ ਦੇ ਸਤਿਸੰਗ ਦੌਰਾਨ ਮਚੀ ਭਗਦੜ 'ਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਭੋਲੇ ਬਾਬਾ ਮੂਲ ਰੂਪ ਤੋਂ ਕਾਂਸ਼ੀਰਾਮ ਨਗਰ (ਕਾਸਗੰਜ) ਦੇ ਪਿੰਡ ਪਟਿਆਲੀ ਦਾ ਰਹਿਣ ਵਾਲਾ ਹੈ।ਪਰ ਬਾਬਾ ਗਿ੍ਫਤਾਰ ਕਰਨ ਦੀ ਥਾਂ ਉਸਦੇ ਚੇਲੇ ਪ੍ਰਬੰਧਕ ਗਿ੍ਫਤਾਰ ਕੀਤੇ ਗਏ।ਵਡੀ ਭੀੜ ਜਟਾਉਣ ਵਾਲੇ ਬਾਬੇ ਸਰਕਾਰੀ ਮਹਿਮਾਨ ਹੁੰਦੇ ਹਨ।ਉਨ੍ਹਾਂ ਦੀਆਂ ਜੜ੍ਹਾਂ ਪਤਾਲ ਤਕ ਹੁੰਦੀਆਂ ਹਨ।

2017 ਦੌਰਾਨ, ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਅਜਿਹੇ ਫਰਜ਼ੀ ਬਾਬਿਆਂ ਦੀ ਸੂਚੀ ਤਿਆਰ ਕੀਤੀ ਸੀ, ਜੋ ਮਨੀ ਲਾਂਡਰਿੰਗ, ਬਲਾਤਕਾਰ ਅਤੇ ਕਤਲ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਸਨ। ਇਨ੍ਹਾਂ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਆਸਾਰਾਮ, ਨਰਾਇਣ ਸਾਈਂ, ਰਾਧੇ ਮਾਂ, ਰਾਮਪਾਲ, ਸਵਾਮੀ ਅਸੀਮਾਨੰਦ, ਸਵਾਮੀ ਸਚਿਦਾਨੰਦ, ਓਮ ਸਵਾਮੀ, ਨਿਰਮਲ ਬਾਬਾ, ਇੱਛਾਧਾਰੀ ਭੀਮਾਨੰਦ, ਅਚਾਰੀਆ ਕੁਸ਼ਮੁਨੀ, ਬ੍ਰਿਹਸਪਤੀ ਗਿਰੀ ਅਤੇ ਮਲਖਾਣ ਸਿੰਘ ਸ਼ਾਮਲ ਸਨ।

ਕੁਝ ਬਾਬਿਆਂ ਵਿਰੁੱਧ ਬਲਾਤਕਾਰ ਅਤੇ ਕਤਲ ਦੇ ਕੇਸ ਹਨ ਅਤੇ ਕੁਝ ਟੈਕਸ ਚੋਰੀ ਕਰਦੇ ਹਨ।

ਸੌਦਾ ਸਾਧ ਰਾਮ ਰਹੀਮ ਦੇ ਖਿਲਾਫ ਬਲਾਤਕਾਰ ਅਤੇ ਕਤਲ ਦੇ ਮਾਮਲੇ ਚੱਲ ਰਹੇ ਹਨ। ਆਸਾ ਰਾਮ ਬਾਪੂ ਦੇ ਖਿਲਾਫ ਕਤਲ ਅਤੇ ਬਲਾਤਕਾਰ ਦਾ ਮਾਮਲਾ ਦਰਜ ਹੈ ਅਤੇ ਉਹ 2013 ਤੋਂ ਜੇਲ੍ਹ ਵਿੱਚ ਹੈ। ਆਸਾਰਾਮ ਦੇ ਬੇਟੇ ਨਰਾਇਣ ਸਾਈਂ 'ਤੇ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਰਾਧੇ ਮਾਂ 'ਤੇ ਦਾਜ ਲਈ ਉਤਪੀੜਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਸੰਤ ਰਾਮਪਾਲ 'ਤੇ ਕਤਲ ਦਾ ਦੋਸ਼ ਹੈ। ਸਵਾਮੀ ਅਸੀਮਾਨੰਦ 'ਤੇ 4 ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।

 ਸਵਾਮੀ ਸਚਿਦਾਨੰਦ ਨੂੰ ਡਿਸਕੋ ਬਾਬਾ ਜਾਂ ਬਿਲਡਰ ਬਾਬਾ ਵੀ ਕਿਹਾ ਜਾਂਦਾ ਹੈ, ਜਿਸ 'ਤੇ ਸ਼ਰਾਬ ਦੇ ਕਾਰੋਬਾਰ ਦਾ ਦੋਸ਼ ਹੈ। ਇਸ ਦੇ ਨਾਲ ਹੀ ਬਿੱਗ ਬੌਸ ਸੀਜ਼ਨ 10 'ਚ ਰਹਿ ਚੁੱਕੇ ਓਮ ਸਵਾਮੀ 'ਤੇ ਇਕ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਨਿਰਮਲ ਬਾਬਾ 'ਤੇ ਟੈਕਸ ਚੋਰੀ ਅਤੇ ਅੰਧਵਿਸ਼ਵਾਸ ਫੈਲਾਉਣ ਦਾ ਦੋਸ਼ ਹੈ। ਇੱਛਾਧਾਰੀ ਭੀਮਾਨੰਦ 'ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਹੈ। ਆਚਾਰੀਆ ਕੁਸ਼ਮਣੀ, ਬ੍ਰਿਹਸਪਤੀ ਗਿਰੀ ਅਤੇ ਮਲਖਾਣ ਸਿੰਘ 'ਤੇ ਵੀ ਇਹੋ ਜਿਹੇ ਦੋਸ਼ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਨੇ ਅਖਾੜਾ ਪ੍ਰੀਸ਼ਦ ਦੀ ਇਸ ਸੂਚੀ ਨੂੰ ਰੱਦ ਕਰ ਦਿੱਤਾ ਸੀ।

ਜ਼ਿਆਦਾਤਰ ਬਾਬੇ ਦੁਖੀ ਅੰਧਵਿਸ਼ਵਾਸੀ ਲੋਕਾਂ ਖਾਸ ਕਰਕੇ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਦੁਖ ਦੂਰ ਕਰਨ ਦੇ ਨਾਮ 'ਤੇ ਪੈਸਾ ਕਮਾਉਂਦੇ ਹਨ ਜਾਂ ਗਲਤ ਕੰਮ ਕਰਦੇ ਹਨ।ਇਹੀ ਬਾਬਿਆਂ ਦੀ ਮਾਰਕੀਟ ਹੈ। ਉਹ ਰੱਬ ਦੇ ਅਵਤਾਰ ਬਾਰੇ ਗੱਲਾਂ ਕਰਕੇ ਭਰਮ ਪੈਦਾ ਕਰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਪਖੰਡੀ ਬਾਬਿਆਂ ,ਕਰਮਕਾਂਡਾਂ ਵਿਰੁਧ ਲਹਿਰ ਤੌਰੀ ਪਰ ਸਿਖ ਪਖੰਡੀ ਬਾਬਿਆਂ ਦੇ ਭਵਜਲ ਵਿਚ ਡੁਬੇ ਹੋਏ ਹਨ।