ਗੁ: ਸੀਸ ਗੰਜ ਸਾਹਿਬ (ਪਾਤਸ਼ਾਹੀ ਨੌਵੀਂ, ਸ੍ਰੀ ਅਨੰਦਪੁਰ ਸਾਹਿਬ) ਦੀ ਪੁਰਾਤਨਤਾ ਬਚਾਉਣ ਲਈ ਸੰਗਤਾਂ ਦੀ ਇਕੱਤਰਤਾ 10 ਅਕਤੂਬਰ ਨੂੰ

ਗੁ: ਸੀਸ ਗੰਜ ਸਾਹਿਬ (ਪਾਤਸ਼ਾਹੀ ਨੌਵੀਂ, ਸ੍ਰੀ ਅਨੰਦਪੁਰ ਸਾਹਿਬ) ਦੀ ਪੁਰਾਤਨਤਾ ਬਚਾਉਣ ਲਈ ਸੰਗਤਾਂ ਦੀ ਇਕੱਤਰਤਾ 10 ਅਕਤੂਬਰ ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ

*ਸ੍ਰੀ ਅਨੰਦਪੁਰ ਸਾਹਿਬਃ* ਗੁਦੁਆਰਾ ਸੀਸ ਗੰਜ ਸਾਹਿਬ (ਪਾਤਸ਼ਾਹੀ ਨੌਵੀਂ, ਸ੍ਰੀ ਅਨੰਦਪੁਰ ਸਾਹਿਬ) ਦੀ ਪੁਰਾਤਨਤਾ ਨੂੰ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਮ ਉੱਤੇ ਸੰਗਮਰਮਰ ਲਗਾ ਕੇ ਬਦਲਣ ਤੋਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ। ਇਸੇ ਤਹਿਤ ਸੰਗਤਾਂ ਵੱਲੋਂ ਇਸ ਇਤਿਹਾਸਕ ਗੁਰਧਾਮ ਦੀ ਪੁਰਾਤਨਤਾ ਬਚਾਉਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਭਲਕੇ 10 ਅਕਤੂਬਰ ਨੂੰ ਸੰਗਤਾਂ ਦੀ ਭਾਰੀ ਇਕੱਤਰਤਾ ਸੱਦੀ ਗਈ ਹੈ।


ਜਿਕਰਯੋਗ ਹੈ ਕਿ ਇਹ ਅਸਥਾਨ ਕਲਗੀਧਰ ਪਾਤਸ਼ਾਹ ਜੀ ਵਲੋਂ ਆਪਣੇ ਹੱਥੀਂ ਤਿਆਰ ਕਰਵਾਇਆ ਗਿਆ ਹੈ, ਪੂਰੇ ਇੰਡੀਆ ਉਪਮਹਾਂਦੀਪ ਵਿੱਚ ਸਿਰਫ ਇੱਕ ਇਹੋ ਪੁਰਾਤਨ ਅਸਥਾਨ ਬਚਿਆ ਹੈ ਜਿਸ ਦੀ ਆਪਣੀ ਪੁਰਾਤਨ ਅਤੇ ਇਤਿਹਾਸਕ ਦਿੱਖ ਵਿੱਚ ਬਰਕਰਾਰ ਹੈ। 
ਸਥਾਨਕ ਸਿੱਖ ਸੰਗਤ ਦੇ ਦੱਸਣ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਨਵੀਨੀਕਰਨ ਦਾ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰੇਖ ਹੇਠ ਨਿਸ਼ਕਾਮ ਸੇਵਾ ਸੁਸਾਇਟੀ ਇੰਗਲੈਂਡ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਜੀ ਵੱਲੋਂ ਕਰਵਾਇਆ ਜਾ ਰਿਹਾ ਸੀ। ਸਥਾਨਕ ਸੰਗਤ ਦੇ ਮੁਤਾਬਿਕ ਸੰਗਤਾਂ ਵੱਲੋਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰੇਖ ਹੇਠ, ਨਿਸ਼ਕਾਮ ਸੇਵਾ ਸੁਸਾਇਟੀ ਇੰਗਲੈਂਡ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਜੀ ਨੂੰ ਪਿਛਲੇ ਇੱਕ ਮਹੀਨੇ ਤੋਂ ਬੇਨਤੀਆਂ ਕਰਨ ਦੇ ਬਾਵਜੂਦ ਵੀ ਇਸ ਕੰਮ ਨੂੰ ਰੋਕਿਅ ਨਹੀਂ ਜਾ ਰਿਹਾ। ਇਸ ਲਈ ਹੁਣ ਇਸ ਅਸਥਾਨ ਦੀ ਪੁਰਾਤਨਤਾ ਅਤੇ ਇਤਿਹਾਸਕ ਦਿੱਖ ਨੂੰ ਬਚਾਉਣ ਲਈ ਕੋਈ ਠੋਸ ਰਣਨੀਤੀ ਤਿਆਰ ਕਰਨ ਵਾਸਤੇ ਇਲਾਕੇ ਦੀ ਸੰਗਤ ਵੱਲੋਂ ਸਿੱਖ ਸੰਗਤਾਂ ਦਾ ਇਕੱਠ ਮਿਤੀ 10 ਅਕਤੂਬਰ ਦਿਨ ਵੀਰਵਾਰ ਦੁਪਹਿਰ 12 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਸੰਗਤ ਦੇ ਇਕੱਠ ਵਿੱਚ ਹੀ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ।