ਗੈਂਗਸਟਰ ਲਾਰੈਂਸ ਨੂੰ ਸਟੇਟ ਗੈਸਟ' ਵਰਗੀਆਂ ਸਹੂਲਤਾਂ ਮਿਲ ਰਹੀਆਂ ਸਨ

ਗੈਂਗਸਟਰ ਲਾਰੈਂਸ ਨੂੰ ਸਟੇਟ ਗੈਸਟ' ਵਰਗੀਆਂ ਸਹੂਲਤਾਂ ਮਿਲ ਰਹੀਆਂ ਸਨ

 ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਾਈਆਂ ਝਾੜਾਂ

*ਅਪਰਾਧਿਕ ਸਾਜਿਸ਼ ਤੇ ਭਿ੍ਸ਼ਟਾਚਾਰ ਦੇ ਪਹਿਲੂ ਦੀ ਜਾਂਚ ਵਿਸ਼ੇਸ਼ ਡੀ.ਜੀ.ਪੀ. ਕਰਨਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਪੰਜਾਬ ਦੇ ਖਰੜ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿਚ ਸਿਰਫ਼ ਹੇਠਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮੁਹਾਲੀ ਦੇ ਤਤਕਾਲੀ ਐੱਸ.ਐੱਸ.ਪੀ. ਅਤੇ ਤਤਕਾਲੀ ਐੱਸ.ਪੀ. ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਹੈ । ਹਾਈ ਕੋਰਟ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ ਸਿਰਫ਼ ਨਾ-ਮਾਤਰ ਹੀ ਸੀ, ਅਸਲ ਵਿਚ ਪੰਜਾਬ ਵਿਚ ਉਸ ਨੂੰ 'ਸਟੇਟ ਗੈਸਟ' ਵਰਗੀਆਂ ਸਹੂਲਤਾਂ ਮਿਲ ਰਹੀਆਂ ਸਨ । ਬੀਤੇ ਦਿਨੀਂ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਅਦਾਲਤ ਨੇ ਪੁੱਛਿਆ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ? ਹਾਈ ਕੋਰਟ ਨੂੰ ਦੱਸਿਆ ਗਿਆ ਕਿ ਡੀ.ਐੱਸ.ਪੀ. ਤੋਂ ਲੈ ਕੇ ਕਾਂਸਟੇਬਲ ਤੱਕ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ।ਹਾਈ ਕੋਰਟ ਨੇ ਪੁੱਛਿਆ ਕਿ ਮੁਹਾਲੀ ਦੇ ਤਤਕਾਲੀ ਐੱਸ.ਐੱਸ.ਪੀ. ਅਤੇ ਐੱਸ.ਪੀ. ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ ?ਪੰਜਾਬ ਦੇ ਏ.ਜੀ. ਨੇ ਕਿਹਾ ਕਿ ਐੱਸ.ਐੱਸ.ਪੀ. ਨੂੰ ਇਸ ਦੀ ਜਾਣਕਾਰੀ ਨਹੀਂ ਸੀ । ਹਾਈ ਕੋਰਟ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਏਨਾ ਵੱਡਾ ਕਾਫ਼ਲਾ ਚੱਲਦਾ ਹੈ, ਇਹ ਕਿਵੇਂ ਹੋ ਸਕਦਾ ਹੈ ਕਿ ਐੱਸ.ਐੱਸ.ਪੀ. ਨੂੰ ਇਸ ਦੀ ਜਾਣਕਾਰੀ ਨਾ ਹੋਵੇ ।

 ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਐੱਸ.ਆਈ.ਟੀ. ਦੀ ਰਿਪੋਰਟ ਦੇਖਣ ਤੋਂ ਬਾਅਦ ਐੱਸ.ਐੱਸ.ਪੀ. ਅਤੇ ਐੱਸ.ਪੀ. ਖ਼ਿਲਾਫ਼ ਉਚਿਤ ਕਾਰਵਾਈ ਕਰੇ । ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹਾਈ ਕੋਰਟ ਹੁਕਮ ਜਾਰੀ ਕਰੇਗੀ ।ਅਦਾਲਤ ਨੇ ਸਵਾਲ ਉਠਾੳਾੁਦਿਆਂ ਕਿਹਾ ਕਿ ਕਿਉਂ ਉਨ੍ਹਾਂ ਦਿਨਾਂ ਵਿਚ ਲਾਰੈਂਸ ਬਿਸ਼ਨੋਈ ਨੂੰ ਵਾਰ-ਵਾਰ ਪੰਜਾਬ ਲਿਆਂਦਾ ਜਾ ਰਿਹਾ ਸੀ ।ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪਿੱਛੇ ਕਾਰਨ ਕੀ ਸੀ, ਇਹ ਪਤਾ ਲਗਾਉਣਾ ਜ਼ਰੂਰੀ ਹੈ । ਮਾਮਲੇ ਦੀ ਜਾਂਚ ਕਰ ਰਹੇ ਆਈ.ਪੀ.ਐਸ. ਅਧਿਕਾਰੀ ਵਿਸ਼ੇਸ਼ ਡੀ. ਜੀ. ਪੀ. (ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ) ਪ੍ਰਬੋਧ ਕੁਮਾਰ ਦੀ ਐੱਸ.ਆਈ.ਟੀ. ਨੂੰ ਹਾਈ ਕੋਰਟ ਨੇ ਇਹ ਪਤਾ ਲਗਾਉਣ ਦੇ ਹੁਕਮ ਦਿੱਤੇ ਹਨ ।ਨਾਲ ਹੀ ਇਸ ਮਾਮਲੇ ਵਿਚ ਅਪਰਾਧਿਕ ਸਾਜਿਸ਼ ਤੇ ਭਿ੍ਸ਼ਟਾਚਾਰ ਦੇ ਪਹਿਲੂ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ । ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ 'ਤੇ ਜੇਕਰ ਹਾਈ ਕੋਰਟ ਨੂੰ ਸ਼ੱਕ ਹੋਇਆ ਤਾਂ ਜਾਂਚ ਕਿਸੇ ਸੁਤੰਤਰ ਏਜੰਸੀ ਨੂੰ ਸੌਂਪ ਦਿੱਤੀ ਜਾਵੇਗੀ ।ਹਾਈ ਕੋਰਟ ਨੇ ਕਿਹਾ ਕਿ ਡੀ.ਜੀ.ਪੀ. ਨੇ ਕਿਹਾ ਸੀ ਕਿ ਇੰਟਰਵਿਊ ਪੰਜਾਬ ਵਿਚ ਨਹੀਂ ਹੋਈ ਸੀ, ਹੁਣ ਉਹ ਇਹ ਹਲਫ਼ਨਾਮਾ ਦਾਇਰ ਕਰਕੇ ਦੱਸਣ ਕਿ ਉਨ੍ਹਾਂ ਨੇ ਇਹ ਗੱਲ ਕਿਸ ਆਧਾਰ 'ਤੇ ਕਹੀ ਸੀ । ਨਾਲ ਹੀ ਉਨ੍ਹਾਂ ਵਲੋਂ ਬਣਾਈ ਗਈ ਐੱਸ.ਆਈ.ਟੀ. ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੰਬੰਧੀ ਜਾਂਚ ਪੂਰੀ ਕਰਨ ਵਿਚ ਕਿਉਂ ਨਾਕਾਮ ਰਹੀ।