ਪੰਜਾਬ ਸੰਤਾਪ ਨਾਲ ਜੁੜੀ ਕਹਾਣੀ ‘ਜਮਰੌਦ’

ਪੰਜਾਬ ਸੰਤਾਪ ਨਾਲ ਜੁੜੀ ਕਹਾਣੀ ‘ਜਮਰੌਦ’

ਅੰਗਰੇਜ ਸਿੰਘ ਵਿਰਦੀ

ਜਮਰੌਦ’ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਅਜਿਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਜਿਸ ਵਿੱਚ ਪੰਜਾਬ ਵਾਸੀਆਂ ਦੇ ਧਾਰਮਿਕ, ਆਰਥਿਕ, ਰਾਜਨੀਤਕ ਤੇ ਸਮਾਜਿਕ ਮਸਲਿਆਂ ਨੂੰ ਬੜੀ ਡੂੰਘਾਈ ਨਾਲ ਬਿਆਨ ਕੀਤਾ ਗਿਆ ਹੈ। ਇਸੇ ਕਹਾਣੀ ਨੂੰ ਆਧਾਰ ਬਣਾ ਕੇ ਫਿਲਮਸਾਜ਼ ਨਵਤੇਜ ਸੰਧੂ ਨੇ ਪੰਜਾਬੀ ਫ਼ਿਲਮ ‘ਜਮਰੌਦ’ ਦਾ ਨਿਰਮਾਣ ਕੀਤਾ ਹੈ ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਹੈ।ਨਿਰਮਾਤਾ ਬੌਬੀ ਸਚਦੇਵਾ ਦੀ ਇਸ ਫ਼ਿਲਮ ਦੀ ਪਟਕਥਾ ਅਤੇ ਸੰਵਾਦ ਵੀ ਨਵਤੇਜ ਸੰਧੂ ਅਤੇ ਵਰਿਆਮ ਸਿੰਘ ਸੰਧੂ ਨੇ ਲਿਖੇ ਹਨ। ਇਸ ਵਿੱਚ ਸਰਦਾਰ ਸੋਹੀ, ਕੁਲਜਿੰਦਰ ਸਿੱਧੂ, ਹਰਵਿੰਦਰ ਕੌਰ ਬਬਲੀ, ਜਤਿੰਦਰ ਕੌਰ, ਕੁਲ ਸਿੱਧੂ, ਮਨਪ੍ਰੀਤ ਕੌਰ ਦਿਓਲ ਅਤੇ ਜੋਤ ਅਰੋੜਾ ਆਦਿ ਨੇ ਅਦਾਕਾਰੀ ਕੀਤੀ ਹੈ। ਇਸ ਦੇ ਗੀਤ ਲਿਖੇ ਹਨ ਬਾਬੂ ਸਿੰਘ ਮਾਨ, ਅਮਰਦੀਪ ਸਿੰਘ ਗਿੱਲ ਅਤੇ ਰਾਜ ਸੰਧੂ ਨੇ। ਸੰਗੀਤ ਤਿਆਰ ਕੀਤਾ ਹੈ ਸੰਗੀਤਕਾਰ ਗੁਰਮੀਤ ਸਿੰਘ ਅਤੇ ਅਨੁਜ ਚਤੁਰਵੇਦੀ ਨੇ।

ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1995 ਤੋਂ ਜਦੋਂਂ ਪੰਜਾਬ ਦੇ ਮਾੜੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋ ਰਹੇ ਹੁੰਦੇ ਹਨ। ਮਾਝੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਅਮਰ ਸਿੰਘ ਨੂੰ ਕੈਨੇਡਾ ਤੋਂ ਉਸ ਦੇ ਇਕਲੌਤੇ ਪੁੱਤਰ ਸਤਿੰਦਰ ਦਾ ਟੈਲੀਫੋਨ ਆਉਂਦਾ ਹੈ ਕਿ ਉਹ ਕੈਨੇਡਾ ਵਿੱਚ ਪੱਕਾ ਹੋ ਗਿਆ ਹੈ ਤੇ ਛੇਤੀ ਹੀ ਉਹ ਉਨ੍ਹਾਂ ਸਾਰਿਆਂ ਨੂੰ ਕੈਨੇਡਾ ਬੁਲਾ ਰਿਹਾ ਹੈ। ਅਮਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਹਿੰਦਾ। ਉਹ ਤੇ ਉਹਦਾ ਸਾਰਾ ਪਰਿਵਾਰ ਕੈਨੇਡਾ ਜਾਣ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦਾ ਹੈ। ਅਮਰ ਸਿੰਘ ਯਾਦ ਕਰਦਾ ਹੈ 7 ਸਾਲ ਪਹਿਲਾਂ ਯਾਨੀ 1988 ਦੇ ਪੰਜਾਬ ਦੇ ਮਾੜੇ ਦੌਰ ਦਾ ਉਹ ਵੇਲਾ ਜਦੋਂ ਉਸ ਦਾ ਪੁੱਤਰ ਸਤਿੰਦਰ ਅਜੇ ਕਾਲਜ ਪੜ੍ਹ ਰਿਹਾ ਹੁੰਦਾ ਹੈ। ਇੱਕ ਦਿਨ ਉਨ੍ਹਾਂ ਦੇ ਘਰ ਰਾਤ ਵੇਲੇ ਪੰਜ ਸੱਤ ਹਥਿਆਰਬੰਦ ਸਿੰਘ ਪ੍ਰਸ਼ਾਦਾ ਛਕਣ ਆ ਜਾਂਦੇ ਹਨ। ਸਿੰਘ ਪ੍ਰਸ਼ਾਦਾ ਛਕ ਕੇ ਚਲੇ ਜਾਂਦੇ ਹਨ, ਪਰ ਸਵੇਰ ਵੇਲੇ ਜਦੋਂ ਇਲਾਕੇ ਦੇ ਥਾਣੇਦਾਰ ਗੁਰਜੰਟ ਸਿੰਘ ਦੇ ਕੰਨੀ ਇਹ ਗੱਲ ਪੈਂਦੀ ਹੈ ਤਾਂ ਉਹ ਅਮਰ ਸਿੰਘ ਦੇ ਘਰ ਆ ਧਮਕਦਾ ਹੈ। ਇਹ ਉਹ ਦੌਰ ਸੀ ਜਦੋਂ ਪੰਜਾਬ ਦੇ ਬੇਗੁਨਾਹ ਨੌਜਵਾਨਾਂ ਨੂੰ ਮਾਰ ਕੇ ਪੁਲੀਸ ਅਫ਼ਸਰ ਤਰੱਕੀਆਂ ਲੈਣ ਦੀ ਦੌੜ ਵਿੱਚ ਲੱਗੇ ਹੋਏ ਸਨ ਤੇ ਇਸ ਸਭ ਲਈ ਉਹ ਹਰ ਗ਼ਲਤ ਕੰਮ ਕਰਨ ਨੂੰ ਤਿਆਰ ਰਹਿੰਦੇ ਸਨ। ਥਾਣੇਦਾਰ ਗੁਰਜੰਟ ਸਿੰਘ ਅਮਰ ਸਿੰਘ ਨੂੰ ਧਮਕੀ ਦਿੰਦਾ ਹੈ ਕਿ ਜਾਂ ਤਾਂ ਉਸ ਨੂੰ ਪੰਜ ਲੱਖ ਰੁਪਿਆ ਦਿੱਤਾ ਜਾਵੇ ਜਾਂ ਉਹ ਆਪਣੇ ਮੁੰਡੇ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖ਼ਬਰ ਸੁਣਨ ਲਈ ਤਿਆਰ ਰਹੇ। ਇਸ ਤਰ੍ਹਾਂ ਕਹਾਣੀ ਅੱਗੇ ਵਧਦੀ ਹੈ।

ਫ਼ਿਲਮ ਦੀ ਕਹਾਣੀ ਪਰਿਵਾਰਕ ਰਿਸ਼ਤਿਆਂ ਨਾਲ ਪਰੁੱਚੇ ਹੋਏ ਸਿੱਧੇ ਸਾਦੇ ਸਾਧਾਰਨ ਪੇਂਡੂ ਪਰਿਵਾਰ ਦੀ ਕਹਾਣੀ ਹੈ। ਜਿਸ ਵਿੱਚ ਕਿਸਾਨੀ ਕਿੱਤੇ ਨਾਲ ਜੁੜੇ ਪਿਓ ਵੱਲੋਂ ਪੁੱਤਰ ’ਤੇ ਲਾਈਆਂ ਆਸਾਂ ਤੇ ਉਮੀਦਾਂ, ਮਾਂ-ਪੁੱਤ ਦੇ ਮੋਹ ਪਿਆਰ ਅਤੇ ਭੈਣਾਂ ਦੀ ਆਪਣੇ ਪ੍ਰਦੇਸੀ ਵੀਰ ਲਈ ਖਿੱਚ ਤੇ ਉਹਦੀਆਂ ਖੁਸ਼ੀਆਂ ਨਾਲ ਹੀ ਆਪਣੀਆਂ ਖੁਸ਼ੀਆਂ ਜੁੜੀਆਂ ਹੋਣ ਦੀਆਂ ਭਾਵਨਾਵਾਂ ਨੂੰ ਬਾਖੂਬੀ ਦਰਸਾਇਆ ਗਿਆ ਹੈ।ਬੇਸ਼ੱਕ ਫ਼ਿਲਮ ਨੂੰ ਕਾਫ਼ੀ ਮਿਹਨਤ ਨਾਲ ਬਣਾਇਆ ਗਿਆ ਹੈ, ਪਰ ਮੈਨੂੰ ਵਰਿਆਮ ਸਿੰਘ ਦੀ ਲਿਖੀ ਅਸਲ ਕਹਾਣੀ ਤੇ ਫ਼ਿਲਮ ਦੀ ਕਹਾਣੀ ਵਿੱਚ ਕਾਫ਼ੀ ਅੰਤਰ ਨਜ਼ਰ ਆਇਆ। ਫ਼ਿਲਮ ਦਾ ਮਾਹੌਲ ਵੀ ਲੋੜ ਤੋਂ ਜ਼ਿਆਦਾ ਦੁਖੀ ਦਿਖਾਇਆ ਗਿਆ ਹਾਲਾਂਕਿ ਦੁੱਖ ਦਾ ਕਾਰਨ ਸਿਰਫ਼ ਅਮਰ ਸਿੰਘ ਨੂੰ ਪਤਾ ਹੁੰਦਾ ਹੈ, ਪਰ ਕੈਨੇਡਾ ਜਾਣ ਤੋਂ ਪਹਿਲਾਂ ਸਾਰਾ ਪਰਿਵਾਰ ਕਿਉਂ ਇੰਨਾ ਦੁਖੀ ਵਿਖਾਇਆ ਇਸ ਦੀ ਸਮਝ ਨਹੀਂ ਲੱਗੀ। ਜੇਕਰ ਫ਼ਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਹਰ ਗੀਤ ਫ਼ਿਲਮ ਦੀ ਕਹਾਣੀ ਅਨੁਸਾਰ ਢੁੱਕਵਾਂ ਲੱਗਾ।