ਗੁਰੂ ਦੇ ਹੁਕਮ ਸਬੰਧੀ ਕਿਉਂ, ਕਿਸ ਲਈ ਆਦਿ ਸਭ ਸਵਾਲ ਮਿੱਟੀ ਹਨ   

ਗੁਰੂ ਦੇ ਹੁਕਮ ਸਬੰਧੀ ਕਿਉਂ, ਕਿਸ ਲਈ ਆਦਿ ਸਭ ਸਵਾਲ ਮਿੱਟੀ ਹਨ   

ਸਿੱਖ ਲਈ ਸਸ਼ਤਰ ਕੀ ਹਨ

ਪਿਛਲੇ ਦਿਨੀਂ ਛੇਵੇਂ ਪਾਤਿਸਾਹ ਜੀ ਦਾ ਗੁਰਗੱਦੀ ਦਿਵਸ ਲੰਘ ਕੇ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੇਵੇਂ ਪਾਤਿਸਾਹ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ ਸਾਰੇ ਛੇਵੇਂ ਪਾਤਿਸਾਹ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਸ਼ਤਰਧਾਰੀ ਹੋਈਏ। ਗੱਤਕੇਬਾਜੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਇਹਨਾਂ ਕਲਾਵਾਂ 'ਚ ਸਿਖਿਅਤ ਹੋਈਏ ਅਤੇ ਲਾਇਸੈਂਸੀ ਮੌਡਰਨ ਹਥਿਆਰ ਲੀਗਲ ਤਰੀਕੇ ਨਾਲ ਰੱਖਣ ਦਾ ਹਰ ਸਿੱਖ ਯਤਨ ਜਰੂਰ ਕਰੇ ਕਿਉਂਕਿ ਸਮਾਂ/ਹਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ। ਨਾਲ ਹੀ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਪੜ੍ਹਨ ਦੀ ਗੱਲ ਵੀ ਕਹੀ। ਇਸ ਬਿਆਨ ਮਗਰੋਂ ਪੰਜਾਬ ਦੇ ਸਿਆਸਤਦਾਨਾ, ਕਾਰਕੁੰਨਾਂ ਅਤੇ ਬਿਜਲ ਸੱਥ ਉੱਤੇ ਸਰਗਰਮ ਰਹਿਣ ਵਾਲਿਆਂ ਵਿੱਚ ਲਗਾਤਾਰ ਚਰਚਾ ਅਤੇ ਬਹਿਸ ਚੱਲ ਰਹੀ ਹੈ। ਪੰਜਾਬ ਦੇ ਨਵੇਂ ਸੂਬੇਦਾਰ ਦਾ ਵੀ ਬਿਆਨ ਆਇਆ, ਹੋਰਨਾਂ ਸਿਆਸੀ ਧਿਰਾਂ ਦੇ ਵੀ ਆਏ, ਕੁਝ ਸਿੱਖਾਂ ਨੇ ਵੀ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਅਤੇ ਅੱਜ ਦੇ ਅਖਬਾਰ ਵੀ ਇਸ ਤਰ੍ਹਾਂ ਦੇ ਬਿਆਨਾਂ ਨਾਲ ਭਰੇ ਪਏ ਹਨ। ਇਸ ਸਾਰੇ ਮਸਲੇ ਨੂੰ ਦੋ ਅਹਿਮ ਨੁਕਤਿਆਂ ਤੋਂ ਜਰੂਰ ਵੇਖਣਾ ਬਣਦਾ ਹੈ, ਪਹਿਲੀ ਇਹ ਕਿ ਜਥੇਦਾਰ ਸਾਹਿਬ ਨੇ ਜੋ ਕਿਹਾ ਉਸ ਦੀ ਸਿੱਖ ਪਰੰਪਰਾ ਵਿੱਚ ਕੀ ਥਾਂ ਹੈ, ਸਿੱਖ ਲਈ ਸਸ਼ਤਰ ਕੀ ਹਨ ਅਤੇ ਦੂਸਰਾ ਇਹ ਕਿ ਜਥੇਦਾਰ ਸਾਹਿਬ ਵੱਲੋਂ ਕਹੀ ਗੱਲ ਨੂੰ ਅੱਜ ਹਰ ਕੋਈ ਕਿਵੇਂ ਜਣਾ-ਖਣਾ ਕਿਵੇਂ ਚੁਣੌਤੀ ਦੇ ਰਿਹਾ ਹੈ, ਇਹ ਨੌਬਤ ਆਖਿਰ ਆਈ ਕਿਉਂ?

ਪਹਿਲਾਂ ਇਹ ਵੇਖ ਲਈਏ ਕਿ ਕਿਸ ਨੇ ਕੀ ਕੀ ਕਿਹਾ?

ਪੰਜਾਬ ਦੇ ਨਵੇਂ ਸੂਬੇਦਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ, ਜਥੇਦਾਰ ਸਾਹਿਬ ਜੀ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ। ਜਥੇਦਾਰ ਸਾਹਿਬ ਆਪਾਂ ਪੰਜਾਬ ਵਿੱਚ ਸ਼ਾਂਤੀ, ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ। ਆਮ ਆਦਮੀ ਪਾਰਟੀ ਦੇ ਹੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੱਖਾਂ ਦੀ ਸਿਰਮੌਰ ਹਸਤੀ ਹਨ, ਓਹਨਾ ਦੇ ਬਿਆਨ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਬੜਿੰਗ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੱਸਣ ਕਿ ਕਿਉਂ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਲੋੜ ਹੈ? ਸਿੱਖ ਭਾਈਚਾਰੇ ਦੇ ਸਭ ਤੋਂ ਅਹਿਮ ਅਹੁਦੇ 'ਤੇ ਬੈਤ ਕੇ ਉਹਨਾਂ ਦਾ ਅਜਿਹਾ ਬਿਆਨ ਭਾਈਚਾਰੇ ਲਈ ਖਤਰਨਾਕ ਹੈ। ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਅਜਿਹਾ ਕੀ ਖਤਰਾ ਹੈ ਕਿ ਇਹ ਬਿਆਨ ਦਿੱਤਾ। ਉਦਾਂ ਉਹਨਾਂ ਨੇ ਆਪਣੀ ਟਿੱਪਣੀ ਕਰਦਿਆਂ ਇਹ ਵੀ ਮੰਨ ਲਿਆ ਕਿ ਹਥਿਆਰ ਸਿੱਖ ਦੀ ਸ਼ਾਨ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਕਨੂੰਨ ਵਿਵਸਥਾ ਠੀਕ ਨਹੀਂ ਹੈ ਇਸ ਲਈ ਇਹ ਬਿਆਨ ਸਹੀ ਹੈ। ਭਾਜਪਾ ਦੇ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਅਜੇ ਤੱਕ ਹਲਾਤ ਖਰਾਬ ਨਹੀਂ ਹੋਏ ਪਰ ਅਜਿਹੇ ਬਿਆਨ ਨਾਲ ਹਲਾਤ ਖਰਾਬ ਹੋ ਸਕਦੇ ਹਨ। ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਇੱਕ ਪੰਜਾਬੀ ਗਾਉਣਵਾਲਾ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛ ਰਿਹਾ ਹੈ ਕਿ ਤੁਸੀਂ ਕਲਮ ਦੀ ਥਾਂ ਹਥਿਆਰ ਕਿਉਂ ਕਿਹਾ? ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਵਾਲ ਕੀਤਾ ਹੈ ਕਿ ਕੀ ਇਸ ਸੰਦੇਸ਼ ਨਾਲ ਸਿੱਖ ਨੌਜਵਾਨ ਆਪਣੀ ਦਿਸ਼ਾ ਤੋਂ ਨਹੀਂ ਭਟਕਣਗੇ? 

ਸਿੱਖ ਲਈ ਸਸ਼ਤਰ ਕੀ ਹਨ? 

ਸਿੱਖ ਲਈ ਸਸ਼ਤਰ ਪੀਰ ਹਨ, ਸਿੱਖ ਲਈ ਸਸ਼ਤਰ ਗੁਰੂ ਦਾ ਹੁਕਮ ਹਨ। ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਣ ਵੇਲੇ ਸਿੱਖ ਸਸ਼ਤਰਾਂ ਨੂੰ ਵੀ ਨਾਲ ਹੀ ਸੀਸ ਝੁਕਾਉਂਦਾ ਹੈ। ਗੁਰੂ ਪਾਤਿਸਾਹ ਨੇ ਸਿੱਖ ਨੂੰ ਕੇਸਾਂ ਅਤੇ ਸਸ਼ਤਰਾਂ ਨਾਲ ਹੀ ਦਰਸ਼ਨ ਦੇਣ ਦੀ ਹਾਮੀ ਭਰੀ ਹੈ, ਸਸ਼ਤਰ ਅਭਿਆਸ ਸਿੱਖ ਲਈ ਜਰੂਰੀ ਕੀਤਾ ਹੈ। ਦਸਵੇਂ ਪਾਤਿਸਾਹ ਵੱਲੋਂ ਪਲੰਘ ਦੇ ਪਾਵੇ 'ਚ ਮਾਰਿਆ ਤੀਰ ਜਦੋਂ ਵਜ਼ੀਰ ਖਾਨ ਨੂੰ ਕਰਾਮਾਤ ਲੱਗਾ ਤਾਂ ਪਾਤਿਸਾਹ ਨੇ ਇਕ ਤੀਰ ਦਰਖਤ ਦੇ ਟਾਹਣ 'ਚ ਮਾਰਿਆ, ਨਾਲ ਚਿੱਠੀ ਸੀ ਜਿਸ ਵਿਚ ਲਿਖਿਆ ਸੀ, ਕਰਾਮਾਤ ਨਹੀਂ ਅਭਿਆਸ। ਜਦੋਂ ਕਪੂਰਾ ਚੌਧਰੀ ਨੇ ਦਸਵੇਂ ਪਾਤਿਸਾਹ ਨੂੰ ਪੁੱਛਿਆ ਕਿ ਸਸ਼ਤਰਾਂ ਨੂੰ ਬਰਾਬਰ ਕਿਉੰ ਸਜਾਇਆ ਹੈ ਤੇ ਇਨਾਂ 'ਤੇ ਚੌਰ ਕਿਉਂ ਕੀਤਾ ਜਾ ਰਿਹਾ ਹੈ ਤਾਂ ਪਾਤਿਸਾਹ ਨੇ ਉਸ ਨੂੰ ਪੁੱਛਿਆ ਕਿ ਚੰਦੋਆ ਲਗਾ ਕੇ, ਚੌਰ ਕਿਸ 'ਤੇ ਕੀਤਾ ਜਾਂਦਾ ਹੈ? ਚੌਧਰੀ ਨੇ ਕਿਹਾ ਗੁਰੂ ਪੀਰਾਂ 'ਤੇ। ਪਾਤਿਸਾਹ ਨੇ ਕਿਹਾ ਅਸੀ ਸਿੱਖਾਂ ਦੇ ਗੁਰੂ ਹਾਂ ਤੇ ਇਹ ਸ਼ਸ਼ਤਰ ਸਾਡੇ ਗੁਰੂ ਹਨ। ਮਹਿਰਾਜ ਦੀ ਜੰਗ ਵੇਲੇ ਰਾਇ ਜੋਧ ਵੱਲੋਂ ਟਲ ਜਾਣ ਦੀ ਸਲਾਹ ਦੇ ਜਵਾਬ ਵਿੱਚ ਛੇਵੇਂ ਪਾਤਿਸਾਹ ਕਹਿੰਦੇ ਹਨ “ਲੋਕ ਪ੍ਰਲੋਕ ਦੇ ਸਾਰੇ ਸੁੱਖ ਸੂਰਬੀਰਾਂ ਦੀਆਂ ਭੁਜਾਂ ਨਾਲ ਲਮਕਦੇ ਹਨ।” ਜਦੋਂ ਦਸਵੇਂ ਪਾਤਿਸਾਹ ਨੇ ਮਾਛੀਵਾੜੇ ਟਿੰਡ ਦਾ ਸਰ੍ਹਾਨਾ ਲਾਇਆ ਤਾਂ ਵੀ ਹੱਥ ਕਿਰਪਾਨ ਦੀ ਮੁੱਠ ਉੱਤੇ ਹੀ ਸੀ। ਬਾਬਾ ਬੰਦਾ ਸਿੰਘ ਜੀ ਨਾਲ ਸਰਹਿੰਦ ਨੂੰ ਜਾਣ ਵਕਤ ਸਿੰਘ ਆਪਣੇ ਭਾਂਡੇ, ਡੰਗਰ ਅਤੇ ਜਮੀਨਾਂ ਵੇਚ ਕੇ ਹਥਿਆਰ, ਘੋੜੇ ਖਰੀਦ ਜੰਗ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਗੁਰੂ ਪਾਤਿਸਾਹ ਨੇ ਜਿਸ ਤਰੀਕੇ ਸਾਨੂੰ ਘੜਿਆ ਹੈ, ਓਹੀ ਸਾਡੀ ਸ਼ੁੱਧਤਾ ਹੈ। ਅਸੀਂ ਦੋ ਵੇਲੇ ਅਰਦਾਸ 'ਚ ਪੜ੍ਹਦੇ ਹਾਂ “ਜਿੰਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ।” ਜੋ ਤਰੀਕਾਕਾਰ ਸਾਨੂੰ ਗੁਰੂ ਪਾਤਿਸਾਹ ਨੇ ਦੱਸਿਆ ਕਈ ਵਾਰ ਅਸੀਂ ਓਹਦੇ ਹਾਮੀ ਵੀ ਹੁੰਦੇ ਹੋਏ ਓਹਨੂੰ ਦੁਨਿਆਵੀ ਢਾਂਚੇ ਦੇ ਜੋੜ ਘਟਾਉ ਨਾਲ ਰੱਦ ਕਰ ਦਿੰਦੇ ਹਾਂ ਜਾ ਛੱਡ ਦਿੰਦੇ ਹਾਂ ਪਰ ਇਹ ਯਾਦ ਰੱਖੀਏ ਕਿ ਸਸ਼ਤਰ ਰੱਖਣਾ ਗੁਰੂ ਦਾ ਹੁਕਮ ਹੈ ਤੇ ਗੁਰੂ ਦੇ ਹੁਕਮ ਸਬੰਧੀ ਕਿਉਂ, ਕਿਸ ਲਈ ਆਦਿ ਸਭ ਸਵਾਲ ਮਿੱਟੀ ਹਨ ਅਤੇ ਮਿੱਟੀ ਹੀ ਰਹਿਣਗੇ। 

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ 'ਤੇ ਹਰ ਕੋਈ ਕਿੰਤੂ ਪ੍ਰੰਤੂ ਕਰਨ ਦੀ ਜੁਰਤ ਕਿਉਂ ਕਰਨ ਲੱਗਾ?

ਭਾਵੇਂ ਕਿ ਜਿੰਨੇ ਵੀ ਬਿਆਨ ਜਥੇਦਾਰ ਸਾਹਿਬ ਦੇ ਬਿਆਨ ਦੇ ਖਿਲਾਫ ਆਏ ਉਹ ਇਕੱਲੇ ਇਕੱਲੇ ਬਿਆਨ ਦੀ ਵਿਖਿਆ ਅਤੇ ਜਵਾਬੀ ਦਲੀਲ ਦਿੱਤੀ ਜਾ ਸਕਦੀ ਹੈ ਪਰ ਨੁਕਤਾ ਸਮਝਣ ਵਾਲਾ ਇਹ ਹੈ ਕਿ ਕੋਈ ਵੇਲਾ ਸੀ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੁਨਿਆਵੀ ਰਾਜੇ ਨੂੰ ਸਜਾ ਲਾਉਣ ਦੀ ਜੁਰਤ ਰੱਖਦਾ ਸੀ ਅਤੇ ਅੱਜ ਇਹ ਵੇਲਾ ਆ ਗਿਆ ਕਿ ਹਰ ਕੋਈ ਉੱਠ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੱਸ ਰਿਹਾ ਹੈ ਕਿ ਕੀ ਬੋਲਣਾ ਚਾਹੀਦਾ ਕੀ ਨਹੀਂ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅੱਜ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟ ਸਿਆਸਤ ਵਾਲੀ ਧਿਰ ਦੀ ਦਖਲਅੰਦਾਜੀ ਤੋਂ ਮੁਕਤ ਨਹੀਂ ਹੈ। ਇਹ ਦਖਲਅੰਦਾਜੀ ਭਵਿੱਖ ਵਿੱਚ ਹੋਰ ਬਹੁਤ ਅਜਿਹੀਆਂ ਚੁਣੌਤੀਆਂ ਲੈ ਕੇ ਆਵੇਗੀ। ਇਸ ਦੇ ਹੱਲ ਲਈ ਲੋੜੀਂਦੇ ਯਤਨ ਬਿਨਾ ਦੇਰੀ ਅਤੇ ਸੁਹਿਰਦਤਾ ਨਾਲ ਕਰਨੇ ਚਾਹੀਦੇ ਹਨ। 


 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼