ਨਸ਼ੇੜੀ ਹੈ ਬਾਲੀਵੁੱਡ

ਨਸ਼ੇੜੀ ਹੈ ਬਾਲੀਵੁੱਡ
ਕੰਗਨਾ ਰਣੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਵਿਚਲੀ ਨਸ਼ੇ ਦੀ ਮੈਲ ਨੂੰ ਉਜਾਗਰ ਕਰਦਿਆਂ ਖੁਲਾਸਾ ਕੀਤਾ ਹੈ ਕਿ ਬਾਲੀਵੁੱਡ ਵਿਚ ਨਸ਼ਾ ਆਮ ਹੈ ਅਤੇ ਬਾਲੀਵੁੱਡ ਨਾਲ ਜੁੜੇ ਲੋਕ ਸਭ ਤੋਂ ਵੱਧ ਕੋਕੀਨ ਦੀ ਵਰਤੋਂ ਕਰਦੇ ਹਨ। 

ਕੰਗਨਾ ਰਣੌਤ ਨੇ ਬੀਤੇ ਕੱਲ੍ਹ ਇਸ ਸਬੰਧੀ ਚਾਰ ਟਵੀਟ ਕੀਤੇ। ਪਹਿਲੇ ਟਵੀਟ ਵਿਚ ਕੰਗਨਾ ਨੇ ਲਿਕਿਆ ਕਿ ਜੇ ਨਾਰਕੋਟਿਕਸ ਬਿਊਰੋ ਬੂਲੀਵੁੱਡ (ਬਾਲੀਵੁੱਡ) ਦੀ ਜਾਂਚ ਕਰਦਾ ਹੈ ਅਤੇ ਬਾਲੀਵੁੱਡ ਨਾਲ ਸਬੰਧਿਤ ਲੋਕਾਂ ਦੇ ਖੂਨ ਦੀ ਜਾਂਚ ਕੀਤੀ ਜਾਵੇ ਤਾਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਣਗੇ। ਕੰਗਨਾ ਨੇ ਲਿਖਿਆ ਕਿ ਉਹ ਆਸ ਕਰਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛ ਭਾਰਤ ਮੁਹਿੰਮ ਅਧੀਨ ਬੂਲੀਵੁੱਡ (ਬਾਲੀਵੁੱਡ) ਦੀ ਵੀ ਸਫਾਈ ਕਰਨਗੇ।

ਕੰਗਨਾ ਨੇ ਕਿਹਾ ਕਿ ਨਸ਼ਾ ਬਾਲੀਵੁੱਡ ਨਾਲ ਸਬੰਧਿਤ ਹਰ ਘਰੇਲੂ ਪਾਰਟੀ ਵਿੱਚ ਵਰਤਾਇਆ ਜਾਂਦਾ ਹੈ ਤੇ ਇਹ ਬਹੁਤ ਮਹਿੰਗਾ ਹੁੰਦਾ ਹੈ ਪਰ ਸ਼ੁਰੂ ਵਿੱਚ ਜਦੋਂ ਤੁਸੀਂ ਕਿਸੇ ਰਸੂਖ਼ਦਾਰ ਦੀ ਪਾਰਟੀ ਵਿੱਚ ਜਾਂਦੇ ਹੋ ਤਾਂ ਇਹ ਮੁਫ਼ਤ ਦਿੱਤਾ ਜਾਂਦਾ ਹੈ। ਕੰਗਨਾ ਨੇ ਕਿਹਾ ਕਿ ਨਸ਼ੀਲੇ ਪਦਾਰਥ ਨੂੰ ਪਾਣੀ ਵਿਚ ਮਿਲਾ ਕੇ ਪਿਲਾ ਦਿੱਤਾ ਜਾਂਦਾ ਹੈ।

ਇਸ ਦੇ ਨਾਲ ਹੀ ਉਸ ਨੇ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਕਿਸੇ ਤਰ੍ਹਾਂ ਦੀ ਜਾਂਚ ਜਿਸ ਵਿੱਚ ਉਸ ਦੀ ਲੋੜ ਹੋਵੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਇਸ ਬਦਲੇ ਉਸ ਨੇ ਕੇਂਦਰ ਸਰਕਾਰ ਤੋਂ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ। 

ਕੰਗਨਾ ਨੇ ਕਿਹਾ ਕਿ ਉਹ ਇਹ ਖੁਲਾਸੇ ਕਰਕੇ ਸਿਰਫ ਆਪਣੇ ਕੈਰੀਅਰ ਨੂੰ ਹੀ ਨਹੀਂ ਬਲਕਿ ਆਪਣੀ ਜ਼ਿੰਦਗੀ ਨੂੰ ਵੀ ਦਾਅ 'ਤੇ ਲਾ ਰਹੀ ਹੈ। ਕੰਗਨਾ ਨੇ ਕਿਹਾ ਕਿ ਇਹ ਤੈਅ ਹੈ ਕਿ ਸੁਸ਼ਾਂਤ ਰਾਜਪੂਤ ਇਹਨਾਂ ਸਾਰੇ ਮਾੜੇ ਭੇਤਾਂ ਬਾਰੇ ਜਾਣਦਾ ਸੀ ਜੋ ਉਸ ਦੇ ਕਤਲ ਦੀ ਵਜ੍ਹਾ ਬਣਿਆ।