ਦਿੱਲੀ ਦੇ ਸਿੱਖ ਵਪਾਰੀਆਂ 'ਤੇ ਝੁੱਲਿਆ ਭਾਰਤੀ ਸੁਰੱਖਿਆ ਬਲਾਂ ਦਾ ਕਹਿਰ

ਦਿੱਲੀ ਦੇ ਸਿੱਖ ਵਪਾਰੀਆਂ 'ਤੇ ਝੁੱਲਿਆ ਭਾਰਤੀ ਸੁਰੱਖਿਆ ਬਲਾਂ ਦਾ ਕਹਿਰ

ਨਵੀਂ ਦਿੱਲੀ: ਦਿੱਲੀ ਦੇ ਮਾਇਆਪੁਰੀ ਇਲਾਕੇ ਵਿੱਚ ਅੱਜ ਭਾਰਤੀ ਸੁਰੱਖਿਆ ਬਲਾਂ ਵੱਲੋਂ ਤਾਕਤ ਦੀ ਵਰਤੋਂ ਨਾਲ ਇੱਥੇ ਚਲਦੀਆਂ ਕੁਬਾੜ ਦੀਆਂ ਦੁਕਾਨਾਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਦੁਕਾਨਦਾਰਾਂ ਅਤੇ ਭਾਰਤੀ ਸੁਰੱਖਿਆ ਬਲਾਂ ਦਰਮਿਆਨ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਘਟਨਾ ਦੀਆਂ ਸਾਹਮਣੇ ਆਈਆਂ ਵੀਡੀਓ ਵਿੱਚ ਨਜ਼ਰ ਪੈ ਰਿਹਾ ਹੈ ਕਿ ਭਾਰਤੀ ਸੁਰੱਖਿਆ ਬੱਲ ਸਿੱਖ ਦੁਕਾਨਦਾਰਾਂ 'ਤੇ ਲਾਠੀਚਾਰਜ ਅਤੇ ਪਥਰਾਅ ਕਰ ਰਹੇ ਹਨ ਜਿਸ ਦੇ ਜਵਾਬ ਵਿੱਚ ਸਿੱਖ ਦੁਕਾਨਦਾਰ ਵੀ ਭਾਰਤੀ ਸੁਰੱਖਿਆ ਬਲਾਂ 'ਤੇ ਪਥਰਾਅ ਕਰਦੇ ਨਜ਼ਰ ਆ ਰਹੇ ਹਨ। 

ਪ੍ਰਾਪਤ ਜਾਣਕਾਰੀ ਮੁਤਾਬਿਕ ਮਾਇਆਪੁਰੀ ਦੇ ਇਸ ਇਲਾਕੇ ਵਿੱਚ ਸਿੱਖਾਂ ਦੀਆਂ ਜ਼ਿਆਦਾ ਦੁਕਾਨਾਂ ਹਨ ਜਿਹਨਾਂ ਵਿਚ ਕਬਾੜ ਦਾ ਕੰਮ ਹੁੰਦਾ ਹੈ। ਇਹ ਦੁਕਾਨਾਂ ਬਹੁਤ ਪੁਰਾਣੇ ਸਮੇਂ ਤੋਂ ਇੱਥੇ ਹਨ। ਪਰ ਬੀਤੇ ਦਿਨੀਂ ਭਾਰਤ ਦੇ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਪ੍ਰਦੂਸ਼ਣ ਨੂੰ ਕਾਰਨ ਦਸਦਿਆਂ ਇਹਨਾਂ ਦੁਕਾਨਾਂ ਨੂੰ ਬੰਦ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਅੱਜ ਭਾਰਤੀ ਸੁਰੱਖਿਆ ਬਲਾਂ ਵੱਲੋਂ ਵੱਡੀ ਗਿਣਤੀ ਵਿੱਚ ਇਹਨਾਂ ਦੁਕਾਨਾਂ ਨੂੰ ਜਬਰਨ ਸੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਹੋਈ ਬਹਿਸ ਬਾਜ਼ੀ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਸਿੱਖਾਂ ਦੀਆਂ ਦਸਤਾਰਾਂ ਉਤਾਰ ਦਿੱਤੀਆਂ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। 

ਸੋਸ਼ਲ ਮੀਡੀਆ 'ਤੇ ਪੁਲਸੀਆ ਕਹਿਰ ਦੀਆਂ ਵੀਡੀਓ ਵਾਇਰਲ ਹੋਣ ਮਗਰੋਂ ਰਾਜਨੀਤਕ ਲਾਹੇ ਲਈ ਟਵੀਟੋ-ਟਵੀਟ ਹੋਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦਿੱਲੀ ਦੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਇਸ ਕਾਰਵਾਈ ਲਈ ਮੋਦੀ ਸਰਕਾਰ ਨੂੰ ਦੋਸ਼ੀ ਦੱਸਿਆ ਹੈ। "ਆਪ" ਦੇ ਅਧਿਕਾਰਤ ਟਵਿੱਟਰ ਖਾਤੇ ਤੋਂ ਟਵੀਟ ਕਰਦਿਆਂ ਭਾਜਪਾ ਸਰਕਾਰ ਦੀ ਇਸ ਕਾਰਵਾਈ ਨੂੰ ਜਲਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਵੱਲੋਂ ਕੀਤੇ ਪੁਲਸੀਆ ਜੁਲਮ ਦੇ ਬਰਾਬਰ ਦੱਸਿਆ ਗਿਆ ਹੈ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ , "ਅਪਣੇ ਹੀ ਵਪਾਰੀਆਂ ਨੂੰ ਇਸ ਤਰ੍ਹਾਂ ਕੁੱਟਣਾ ਬੇਹੱਦ ਸ਼ਰਮਨਾਕ ਹੈ। ਵਪਾਰੀਆਂ ਨੇ ਹਮੇਸ਼ਾ ਧੰਨ ਅਤੇ ਵੋਟ ਨਾਲ ਭਾਜਪਾ ਦਾ ਸਾਥ ਦਿੱਤਾ। ਬਦਲੇ ਵਿੱਚ ਭਾਜਪਾ ਨੇ ਉਹਨਾਂ ਦੀਆਂ ਦੁਕਾਨਾਂ ਸੀਲ ਕੀਤੀਆਂ ਅਤੇ ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ। ਚੋਣਾਂ ਵਿਚ ਵੀ ਵਪਾਰੀਆਂ 'ਤੇ ਇੰਨਾ ਬੁਰਾ ਲਾਠੀਚਾਰਜ? ਭਾਜਪਾ ਸਾਫ ਕਹਿ ਰਹੀ ਹੈ- ਨਹੀਂ ਚਾਹੀਦਾ ਭਾਜਪਾ ਨੂੰ ਵਪਾਰੀਆਂ ਦਾ ਸਾਥ।"

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਫੇਸਬੁੱਕ ਖਾਤੇ 'ਤੇ ਪੁਲਸੀਆ ਜੁਲਮ ਦੀ ਵੀਡੀਓ ਸਾਂਝੀ ਕਰਦਿਆਂ ਦਿੱਲੀ ਪੁਲਿਸ ਦੇ ਰਵੱਈਏ ਦੀ ਨਿਖੇਧੀ ਕੀਤੀ ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਲੋਕ ਸਭਾ ਚੋਣਾਂ ਤੱਕ ਸੀਲਿੰਗ ਡਰਾਈਵ ਰੋਕਣ ਦੇ ਹੁਕਮ ਤੁਰੰਤ ਜਾਰੀ ਕਰਨ। 

ਇਸ ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਜਲਦ ਹੀ ਪਾਠਕਾਂ ਨਾਲ ਸਾਂਝੇ ਕੀਤੇ ਜਾਣਗੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ