ਨਵੰਬਰ 1984 ਦੇ ਹਜ਼ਾਰਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ ਭੇਂਟ ਕੀਤੀ ਸ਼ਰਧਾਂਜਲੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 4 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਹਜ਼ਾਰਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 40 ਸਾਲਾਂ ਤੋਂ ਸਿੱਖ ਕੌਮ ਇਨਸਾਫ ਦੀ ਉਡੀਕ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਸੱਜਣ ਕੁਮਾਰ ਤੇ ਕੁਝ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਤਾਂ ਉਸ ਵੇਲੇ ਸਾਡੇ ਜ਼ਖ਼ਮਾਂ ’ਤੇ ਕੁਝ ਮੱਲ੍ਹਮ ਲੱਗੀ ਸੀ ਪਰ ਹਾਲੇ ਲੰਬੀ ਲੜਾਈ ਬਾਕੀ ਹੈ ਤੇ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਬਾਕੀ ਹਨ। ਉਹਨਾਂ ਕਿਹਾ ਕਿ ਜਦੋਂ ਤੱਕ 1984 ਦੇ ਸਿੱਖ ਕਤਲੇਆਮ ਦੇ ਸਾਰੇ ਪੀੜਤਾਂ ਨੂੰ ਸੰਪੂਰਨ ਇਨਸਾਫ ਨਹੀਂ ਮਿਲ ਜਾਂਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲੜਾਈ ਨੂੰ ਲੜਦੀ ਰਹੇਗੀ ਭਾਵੇਂ ਉਹ ਕਾਨੂੰਨ ਦੀ ਕਚਹਿਰੀ ਦੇ ਅੰਦਰ ਲੜਾਈ ਲੜਨੀ ਪਵੇ ਜਾਂ ਫਿਰ ਸੜਕਾਂ ’ਤੇ ਨਿੱਤਰ ਕੇ ਲੜਾਈ ਲੜਨੀ ਪਵੇ।
ਉਹਨਾਂ ਕਿਹਾ ਕਿ ਇਨਸਾਫ ਦੀ ਲੜਾਈ ਲੜਨ ਵਿਚ ਇੰਨਾ ਲੰਬਾ ਸਮਾਂ ਇਸ ਕਰ ਕੇ ਲੱਗ ਗਿਆ ਕਿਉਂਕਿ ਸਾਡੀ ਕੌਮ ਵਿਚ ਕੁਝ ਅਜਿਹੇ ਅਨਸਰ ਵੀ ਸਨ ਜਿਹਨਾਂ ਨੇ ਆਪਣੇ ਵਪਾਰਕ ਹਿੱਤਾਂ ਦੀ ਖ਼ਾਤਰ ਕਤਲੇਆਮ ਦੇ ਦੋਸ਼ੀਆਂ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸੱਦ ਕੇ ਸਨਮਾਨਤ ਕੀਤਾ ਜਾਂਦਾ ਰਿਹਾ ਤੇ ਸਿੱਖ ਕੌਮ ਨੂੰ ਕਤਲੇਆਮ ਨੂੰ ਭੁੱਲਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਰਹੀਆਂ।
ਉਹਨਾਂ ਕਿਹਾ ਕਿ ਅਕਾਲ ਪੁਰਖ ਦੀ ਰਹਿਮਤ ਨਾਲ ਭਾਵੇਂ ਲੜਾਈ ਨੂੰ ਲੰਬਾ ਸਮਾਂ ਲੱਗ ਗਿਆ ਪਰ ਸਾਨੂੰ ਆਸ ਹੈ ਕਿ ਅਸੀਂ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰਵਾ ਕੇ ਰਹਾਂਗੇ। ਉਹਨਾਂ ਇਹ ਵੀ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੀੜਤਾਂ ਦੀ ਆਰਥਿਕ ਮਦਦ ਕਰਨੀ ਵੀ ਜਾਰੀ ਰੱਖੇਗੀ ਤੇ ਜੇਕਰ ਕੁਝ ਬਕਾਏ ਰਹਿ ਗਏ ਹਨ ਤਾਂ ਉਹ ਵੀ ਜਲਦੀ ਹੀ ਅਦਾ ਕੀਤੇ ਜਾਣਗੇ।
Comments (0)