ਕੈਨੇਡਾ ਪੁਲਿਸ ਅਨੁਸਾਰ ਕੈਨੇਡਾ ਖ਼ਿਲਾਫ਼ ਗੈਂਗਸਟਰ ਲਾਰੈਂਸ ਨੂੰ ਵਰਤ ਰਹੀਆਂ ਭਾਰਤੀ ਏਜੰਸੀਆਂ
ਕੈਨੇਡਾ ਅਤੇ ਭਾਰਤ ਨੇ ਆਪਣੇ ਡਿਪਲੋਮੈਟਸ ਨੂੰ ਵਾਪਸ ਬੁਲਾਉਣ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇਲਜ਼ਾਮ ਲਾਇਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਦਹਿਸ਼ਤ ਫੈਲਾਉਣ ਲਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸਹਾਇਕ ਕਮਿਸ਼ਨਰ ਬ੍ਰਿਗੇਟ ਗੌਬਿਨ ਨੇ ਦੋਸ਼ ਲਾਇਆ ਸੀ ਕਿ ਭਾਰਤੀ ਖੁਫੀਆ ਏਜੰਸੀਆਂ ਜੁਰਮ ਨੂੰ ਅੰਜਾਮ ਦੇਣ ਲਈ ਸੰਗਠਿਤ ਅਪਰਾਧੀ ਤੱਤਾਂ ਦੀ ਵਰਤੋਂ ਕਰ ਰਹੀਆਂ ਹਨ ਤੇ ਖ਼ਾਸ ਤੌਰ ‘ਤੇ ਬਿਸ਼ਨੋਈ ਗੈਂਗ ਇਸ ਲਈ ਜ਼ਿੰਮੇਵਾਰ ਹੈ।ਬਿਸ਼ਨੋਈ ਗੈਂਗ ਭਾਰਤ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ।
ਭਾਰਤੀ ਅਧਿਕਾਰੀਆਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ , ਕੈਨੇਡਾ 'ਤੇ ਖਾਲਿਸਤਾਨੀ ਖਾੜਕੂਆਂ ਨੂੰ ਸ਼ਰਨ ਦੇਣ ਦਾ ਦੋਸ਼ ਲਗਾਇਆ ਹੈ ਜੋ ਖਾਲਿਸਤਾਨ ਦੀ ਸਿਰਜਣਾ ਦੀ ਮੰਗ ਕਰਦਾ ਹੈ I ਭਾਰਤ ਦੇ ਇਹ ਵੀ ਦੋਸ਼ ਹਨ ਕਿ ਲਿਬਰਲ ਸਰਕਾਰ ਸਿੱਖ ਭਾਈਚਾਰੇ ਦੇ ਮੈਂਬਰਾਂ ਤੋਂ ਵੋਟਾਂ ਹਾਸਿਲ ਕਰਨ ਦੇ ਚੱਕਰ ਵਿੱਚ ਹਨ I ਲੰਘੇ ਹਫ਼ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬਿਸ਼ਨੋਈ ਸਮੂਹ ਦੇ ਮੈਂਬਰਾਂ ਸਮੇਤ ਗੈਂਗਸਟਰਾਂ ਦੀ ਹਵਾਲਗੀ ਦੀਆਂ 26 ਬੇਨਤੀਆਂ ਬਕਾਇਆ ਹਨ ਅਤੇ ਭਾਰਤ ਇਹਨਾਂ ਦੀ ਵਾਪਸੀ ਕਰਵਾ ਮੁਕੱਦਮਾ ਚਲਾਉਣਾ ਚਾਹੁੰਦਾ ਹੈ I ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਨੇ ਭਾਰਤ ਸਰਕਾਰ ਦੀਆਂ ਬੇਨਤੀਆਂ ਨੂੰ ਅਣਡਿੱਠ ਕੀਤਾ ਹੈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ਇਹ ਸ਼ਬਦਾਂ ਵਿਚ ਇਕ ਵਿਰੋਧਾਭਾਸ ਹੈ, ਜਿਸ ਨੂੰ ਅਸੀਂ ਨਹੀਂ ਸਮਝਦੇ I ਕੈਨੇਡਾ ਭਾਰਤ ਦੇ ਸਰਕਾਰੀ ਏਜੰਟਾਂ ਨੂੰ ਉਨ੍ਹਾਂ ਹੀ ਗੈਂਗਸਟਰਾਂ ਨਾਲ ਜੋੜ ਰਿਹਾ ਹੈ, ਜਿਨ੍ਹਾਂ ਦੀ ਭਾਰਤ ਹਵਾਲਗੀ ਚਾਹੁੰਦਾ ਹੈ।
ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਵਿੱਚ ਇੱਕ ਖ਼ਬਰ ਛਪੀ ਸੀ ਜਿਸ ਵਿੱਚ ਪਿਛਲੇ ਸਾਲ ਇੱਕ ਸਿੱਖ ਵੱਖਵਾਦੀ ਭਾਈ ਹਰਦੀਪ ਸਿੰਘ ਨਿਝਰ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ਸਰਕਾਰ ਅਜਿਹੇ ਆਪਰੇਸ਼ਨਾਂ ਲਈ ਲਾਰੈਂਸ ਬਿਸ਼ਨੋਈ ਦੀ ਵਰਤੋਂ ਕਰ ਰਹੀ ਹੈ।
ਕੈਨੇਡਾ ਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਦੋਸ਼ਾਂ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਹੁਣ ਉਨ੍ਹਾਂ ਕਿਹਾ ਕਿ ਭਾਰਤ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਅਤੇ ਖਾਲਿਸਤਾਨੀ ਨੇਤਾਵਾਂ 'ਤੇ ਹਮਲੇ ਕਰਨ ਲਈ ਲਾਰੈਂਸ ਬਿਸ਼ਨੋਈ ਦੇ ਗਿਰੋਹ ਦੀ ਮਦਦ ਲੈ ਰਿਹਾ ਹੈ।
ਇਸ ਦੌਰਾਨ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ ਮਹੀਨੇ ਭਾਰਤ ਤੇ ਕੈਨੇਡਾ ਵਿਚਾਲੇ ਗੁਪਤ ਮੀਟਿੰਗ ਹੋਈ ਸੀ। ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਪਿਛਲੇ ਹਫ਼ਤੇ ਸਿੰਗਾਪੁਰ ਵਿੱਚ ਸਨ, ਜਿੱਥੇ ਉਨ੍ਹਾਂ ਨੇ ਕੈਨੇਡੀਅਨ ਅਧਿਕਾਰੀਆਂ ਨਾਲ ਗੁਪਤ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਕੈਨੇਡੀਅਨ ਅਧਿਕਾਰੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਗੱਲ ਕੀਤੀ ਸੀ।ਇਸ ਦੌਰਾਨ ਕੈਨੇਡੀਅਨ ਸਰਕਾਰ ਨੇ ਭਾਰਤ 'ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਹੋਰ ਖਾਲਿਸਤਾਨੀ ਨੇਤਾਵਾਂ 'ਤੇ ਹਮਲੇ ਦੇ ਦੋਸ਼ ਲਗਾਏ ਸਨ । ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੇ ਇਸ਼ਾਰੇ 'ਤੇ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ ਕੈਨੇਡਾ 'ਚ ਇਹ ਸਭ ਕੁਝ ਕਰ ਰਹੇ ਹਨ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਜੀਤ ਡੋਭਾਲ ਨਾਲ ਹੋਈ ਮੀਟਿੰਗ ਵਿੱਚ ਕੈਨੇਡਾ ਸਰਕਾਰ ਨੇ ਲਾਰੈਂਸ ਬਿਸ਼ਨੋਈ ਦੀ ਸ਼ਮੂਲੀਅਤ ’ਤੇ ਜ਼ੋਰ ਦਿੱਤਾ ਸੀ। ਇੱਕ ਕੈਨੇਡੀਅਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੀਟਿੰਗ ਦੌਰਾਨ ਅਜੀਤ ਡੋਵਾਲ ਨੇ ਪਹਿਲਾਂ ਇੰਝ ਜਤਾਇਆ ਜਿਵੇਂ ਉਹ ਲਾਰੈਂਸ ਬਿਸ਼ਨੋਈ ਨੂੰ ਨਹੀਂ ਜਾਣਦੇ ਪਰ ਬਾਅਦ ਵਿੱਚ ਉਸਨੇ ਮੰਨਿਆ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਬੈਠ ਕੇ ਵੀ ਹਿੰਸਾ ਤੇ ਹਮਲਿਆਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਇਹ ਮੀਟਿੰਗ ਪੰਜ ਘੰਟੇ ਚੱਲੀ, ਜਿਸ ਵਿੱਚ ਕੈਨੇਡਾ ਦੀ ਸੁਰੱਖਿਆ ਸਲਾਹਕਾਰ ਨੈਟਲੀ ਡਰੋਇਨ ਤੋਂ ਇਲਾਵਾ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸੀਨੀਅਰ ਮੈਂਬਰ ਵੀ ਮੌਜੂਦ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਅਜੀਤ ਡੋਵਾਲ ਨੂੰ ਦੱਸਿਆ ਕਿ ਉਹ ਨਿੱਝਰ ਕਤਲ ਕੇਸ ਵਿੱਚ ਚਾਰ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਵੇਰਵੇ ਜਨਤਕ ਕਰਨ ਬਾਰੇ ਸੋਚ ਰਹੇ ਹਨ ਕਿਉਂਕਿ ਇਸ ਕੇਸ ਦੀ ਜਾਂਚ ਅਗਲੇ ਮਹੀਨੇ ਹੋਣੀ ਹੈ। ਹਾਲਾਂਕਿ, ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਨਿੱਝਰ ਦੇ ਕਤਲ ਜਾਂ ਕੈਨੇਡਾ ਵਿੱਚ ਹਿੰਸਾ ਭੜਕਾਉਣ ਨਾਲ ਭਾਰਤ ਦੇ ਸਬੰਧ ਦੇ ਕਿਸੇ ਵੀ ਕੈਨੇਡੀਅਨ ਦੋਸ਼ਾਂ ਨੂੰ ਰੱਦ ਕਰਦਾ ਹੈ।
ਕੈਨੇਡਾ ਸਰਕਾਰ ਅਨੁਸਾਰ ਭਾਰਤੀ ਡਿਪਲੋਮੈਟ ਸ਼ੱਕੀ ਸਿੱਖ ਵੱਖਵਾਦੀਆਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਦੇ ਹਨ, ਜੋ ਕਿ ਫਿਰ ਰਾਅ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਬਿਸ਼ਨੋਈ ਦੀ ਅਗਵਾਈ ਵਾਲੇ ਗਰੋਹ ਦੇ ਨਿਸ਼ਾਨੇ ਦੀ ਪਛਾਣ ਕੀਤੀ ਜਾ ਸਕੇ। ਸਥਾਨਕ ਪੁਲਿਸ ਮੁਤਾਬਿਕ, ਸਤੰਬਰ 2023 ਤੋਂ ਹੁਣ ਤੱਕ ਉਨ੍ਹਾਂ ਨੇ ਘੱਟੋ-ਘੱਟ 13 ਸਿਖਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ, ਕਤਲ ਮਾਮਲੇ ਵਿਚ ਕਰੀਬ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਘੱਟੋ-ਘੱਟ 22 ਲੋਕਾਂ ਨੂੰ ਫਿਰੌਤੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।
ਖਹਿਰਾ ਤੇ ਚੰਨੀ ਕੈਨੇਡਾ ਸਰਕਾਰ ਨਾਲ ਸਹਿਮਤ
ਉਧਰ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੀ ਪ੍ਰੈਸ ਕਾਂਫਰੰਸ ਨੂੰ ਨਸ਼ਰ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਕੈਨੇਡੀਅਨ ਸਰਕਾਰ ਅਤੇ ਇਸ ਦੇ ਸੀਨੀਅਰ ਪੁਲਿਸ ਅਧਿਕਾਰੀ ਭਾਰਤੀ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਰੈਂਸ ਬਿਸ਼ਨੋਈ ਗਰੁੱਪ ਬਾਰੇ ਆਪਣੀ ਧਰਤੀ ‘ਤੇ ਸਿੱਖਾਂ ਨੂੰ ਸਰੀਰਕ ਤੌਰ ‘ਤੇ ਖਤਮ ਕਰਨ ਦੇ ਜੋ ਦੋਸ਼ ਲਗਾ ਰਹੇ ਹਨ, ਉਸ ਵਿੱਚ ਜੇਕਰ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਭਾਰਤ ਵਿੱਚ ਵੀ ਵਿਰੋਧ ਕਰਨ ਵਾਲਿਆਂ ਨੂੰ ਰੱਬ ਹੀ ਬਚਾ ਸਕਦਾ ਹੈ!
ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ ਸਿੱਖਾਂ ਪ੍ਰਤੀ ਚਿੰਤਤ ਹਨ, ਉਥੇ ਹੀ ਸਾਡੇ ਪੰਜਾਬ ਦੇ ਆਗੂ ਅਤੇ ਲੋਕ ਕੁੱਲ੍ਹੜ ਪੀਜ਼ਾ ਜੋੜੇ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਬੇਤੁੱਕੇ ਮੁੱਦਿਆਂ ਤੱਕ ਉਲਝੇ ਹੋਏ ਹਨ।ਖਹਿਰਾ ਨੇ ਕਿਹਾ ਕਿ ਜੋ ਪੰਜਾਬ ਦੇ ਅਸਲ ਮੁੱਦੇ ਹਨ, ਜਿਨ੍ਹਾਂ ’ਤੇ ਪੰਜਾਬ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ, ਉਨ੍ਹਾਂ ਵੱਲ ਕਿਸੇ ਆਗੂ ਦਾ ਧਿਆਨ ਨਹੀਂ ਜਾ ਰਿਹਾ। ਉਹ ਮੁੱਦਾ ਹੈ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ। ਪਿਛਲੇ ਦਿਨੀਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੇ ਕੈਨੇਡਾ ਦੇ ਆਫੀਸ਼ਿਅਲਜ਼ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਕਤਲ ਵਿੱਚ ਭਾਰਤ ਦੀਆਂ ਏਜੰਸੀਆਂ ਤੇ ਅਧਿਕਾਰੀਆਂ ਦੀ ਸ਼ਮੂਲੀਅਤ ਹੈ।ਖਹਿਰਾ ਨੇ ਕਿਹਾ ਕਿ ਕੈਨੇਡਾ ਦੇ ਨਾਲ-ਨਾਲ ਅਮਰੀਕੀ ਪੁਲਿਸ ਨੇ ਵੀ ਇੱਕ ਬੰਦਾ ਫੜਿਆ ਹੈ ਤੇ ਸਥਾਨਕ ਅਦਾਲਤ ਵਿੱਚ ਭਾਰਤ ਦੀ ਰਾਅ ਏਜੰਸੀ ਦਾ ਇੱਕ ਬੰਦਾ ਨਾਮਜ਼ਦ ਕੀਤਾ ਹੈ। ਇਸ ਸਭ ਵਿੱਚ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆ ਰਿਹਾ ਹੈ। ਬਿਸ਼ਨੋਈ ਨੇ ਤਾਂ ਹਾਲ ਹੀ ਵਿੱਚ ਮੁੰਬਈ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ ਤੇ ਜੇਲ੍ਹ ਵਿੱਚੋਂ ਉਸ ਦੀਆਂ ਕਈ ਵੀਡੀਓ ਤੇ ਇੰਟਰਵਿਊਜ਼ ਵਾਇਰਲ ਹੋਈਆਂ ਹਨ। ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ।
ਖਹਿਰਾ ਨੇ ਚਿੰਤਾ ਜਤਾਈ ਹੈ ਕਿ ਪੰਜਾਬ ਦੇ ਲੀਡਰ ਇਸ ਵੇਲੇ ਇਹੋ ਜਿਹੇ ਸੰਜੀਦਾ ਮੁੱਦਿਆਂ ’ਤੇ ਮੌਨ ਧਾਰੀ ਬੈਠੇ ਹਨ। ਖ਼ਾਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਸ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਇਸ ਮੁੱਦੇ ’ਤੇ ਚੁੱਪ ਹਨ। ਇੱਕ ਪਾਸੇ 5 ਆਈਜ਼ ਤੇ ਵੈਸਟ ਦੇ ਸ਼ਤਕੀਸ਼ਾਲੀ ਦੇਸ਼ ਸਿੱਖਾਂ ਲਈ ਚਿੰਤਿਤ ਹਨ ਤੇ ਦੂਜੇ ਪਾਸੇ ਪੰਜਾਬ ਦੇ ਆਗੂ ਇਸ ਮੁੱਦੇ ’ਤੇ ਚੁੱਪ ਹਨ। ਇੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਮੁੱਦੇ ਨੂੰ ਛੱਡ ਕੇ ਪੰਚਾਇਤੀ ਚੋਣਾਂ ਵਿੱਚ ਉਲਝੇ ਹਨ।
ਖਹਿਰਾ ਨੇ ਸਰਕਾਰ ਸਵਾਲ ਪੁੱਛੇ ਹਨ ਕਿ ਜੇ ਸਰਕਾਰ ਬਾਹਰਲੇ ਸਿੱਖਾਂ ਨੂੰ ਮਰਵਾਉਣ ’ਤੇ ਤੁਲੀ ਹੈ ਤਾਂ ਪੰਜਾਬ ਦੇ ਸਿੱਖ ਕਿੱਦਾਂ ਸੁਰੱਖਿਅਤ ਹਨ? ਸਰਕਾਰ ਦੇ ਬਿਸ਼ਨੋਈ ਨਾਲ ਕੀ ਤਾਲੁਕਾਤ ਹਨ? ਉਹ ਜੇਲ੍ਹ ਵਿੱਚ ਬੈਠ ਕੇ ਇੰਟਰਵਿਊ ਕਿੱਦਾਂ ਦੇ ਸਕਦਾ ਹੈ? ਬਿਸ਼ਨੋਈ ’ਤੇ ਕੋਈ ਐਕਸ਼ਨ ਕਿਉਂ ਨਹੀਂ ਹੋਇਆ?
ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਖਹਿਰਾ ਵਾਂਗ ਕਿਹਾ ਕਿ ਗੈਂਗਸਟਰਾਂ ਦੇ ਉਭਾਰ ਵਿਚ ਭਾਰਤੀ ਏਜੰਸੀਆਂ ਸ਼ਾਮਲ ਹਨ। ਚੰਨੀ ਨੇ ਕਿਹਾ ਕਿ ਸਾਡੇ ਲੋਕ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਰਹਿ ਰਹੇ ਹਨ। ਸਾਡੇ ਅਜ਼ੀਜ਼, ਸਾਡੇ ਰਿਸ਼ਤੇਦਾਰ ਉੱਥੇ ਰਹਿ ਰਹੇ ਹਨ ਅਤੇ ਸਾਡੇ ਕੈਨੇਡਾ ਨਾਲ ਬਹੁਤ ਚੰਗੇ ਸਬੰਧ ਹਨ, ਇਸ ਲਈ ਸਰਕਾਰ ਨੂੰ ਕੈਨੇਡਾ ਦੇ ਨਾਲ ਸਬੰਧ ਖ਼ਰਾਬ ਨਹੀਂ ਕਰਨੇ ਚਾਹੀਦੇ। ਸਾਡੀ ਸਰਕਾਰ ਨੂੰ ਦੋ-ਪੱਖੀ ਸਬੰਧਾਂ ਨੂੰ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਫ਼ ਹੋ ਚੁੱਕਿਆ ਹੈ ਕਿ ਗੈਂਗਸਟਰਾਂ ਦੇ ਉਭਾਰ ਪਿੱਛੇ ਭਾਰਤੀ ਏਜੰਸੀਆਂ ਸ਼ਾਮਲ ਹਨ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਵੀ ਰਾਜਨੀਤਿਕ ਸੀ ਅਤੇ ਇਹ ਗੱਲ ਤੁਹਾਨੂੰ ਥੋੜ੍ਹੀ ਦੇਰ ਬਾਅਦ ਆਪਣੇ ਆਪ ਹੀ ਸਮਝ ਆ ਜਾਵੇਗੀ।
ਲਾਰੈਂਸ ਗੈਂਗ ਦਾ ਸਨਸਨੀਖੇਜ਼ ਕਰਾਈਮ
29 ਮਈ 2022 ਨੂੰ ਪੰਜਾਬੀ ਗਾਇਕ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ।
➤ 20 ਸਤੰਬਰ 2023 ਨੂੰ ਕੈਨੇਡਾ ਵਿੱਚ ਬੰਬੀਹਾ ਗਰੁੱਪ ਦੇ ਸੁਖਦੁਲ ਸਿੰਘ ਉਰਫ ਸੁੱਖੂ ਦਾਨੁਕੇ ਦਾ ਕਤਲ।
➤ 5 ਦਸੰਬਰ 2023 ਨੂੰ ਜੈਪੁਰ ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਦੀ ਦਾ ਕਤਲ।
➤ 14 ਅਪ੍ਰੈਲ 2024 ਨੂੰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ
➤ 12 ਸਤੰਬਰ 2024 ਨੂੰ ਗ੍ਰੇਟਰ ਕੈਲਾਸ਼, ਦਿੱਲੀ ਵਿੱਚ ਜਿਮ ਕਾਰੋਬਾਰੀ ਨਾਦਿਰ ਸ਼ਾਹ ਦੀ ਹੱਤਿਆ।
12 ਅਕਤੂਬਰ 2024 ਨੂੰ ਐਨਸੀਪੀ ਨੇਤਾ ਬਾਬਾ ਸਿੱਦੀਕੀ ਦਾ ਕਤਲ
Comments (0)