ਕੈਲੀਫੋਰਨੀਆ ਵਿਚ ਗੋਲੀਬਾਰੀ 7 ਵਿਅਕਤੀ ਜ਼ਖਮੀ

ਕੈਲੀਫੋਰਨੀਆ ਵਿਚ ਗੋਲੀਬਾਰੀ 7 ਵਿਅਕਤੀ ਜ਼ਖਮੀ
ਫੋਟੋ ਕੈਪਸ਼ਨ: ਲਾਸ ਏਂਜਲਸ ਚ ਹੋਈ ਗੋਲੀਬਾਰੀ ਦੌਰਾਨ ਪੁਲੀਸ ਦੋਸ਼ੀ ਦੀ ਕਾਰ ਨੂੰ ਘੇਰਦੀ ਹੋਈ ਤੇ ਸੱਜੇ ਦੋਸ਼ੀ ਦੀ ਕੈਮਰਾ ਰਾਹੀਂ ਲਈ ਫੋਟੋ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 25 ਜੁਲਾਈ (ਹੁਸਨ ਲੜੋਆ ਬੰਗਾ)  ਅੱਜ ਲਾਸ ਏਂਜਲਸ ਦੇ ਗੁਆਂਢ  ਸੈਨ ਪੇਡਰੋ, ਕੈਲੀਫੋਰਨੀਆ ਵਿਚ ਅਣਪਛਾਤੇ ਹਮਲਾਵਰ ਵਲੋਂ ਕੀਤੀ ਗੋਲੀਬਾਰੀ ਵਿਚ 7 ਵਿਅਕਤੀ ਜ਼ਖਮੀ ਹੋ ਗਏ। ਇਹ ਜਾਣਕਾਰੀ  ਲਾਸ ਏਂਜਲਸ ਦੇ ਅੱਗ ਬੁਝਾਊ ਵਿਭਾਗ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ਹੈ। ਵਿਭਾਗ ਅਨੁਸਾਰ ਸੂੁਚਨਾ ਮਿਲਣ 'ਤੇ ਵਿਭਾਗ ਦੇ ਸਿਹਤ ਮੁਲਾਜ਼ਮ ਤੁਰੰਤ ਘਟਨਾ ਸਥਾਨ 'ਤੇ ਪੁੱਜੇ ਤੇ ਜ਼ਖਮੀ ਹੋਏ 7 ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਵਿਭਾਗ ਵੱਲੋਂ ਜਾਰੀ  ਬਿਆਨ ਅਨੁਸਾਰ ਇਹ ਘਟਨਾ ਪੈੱਕ ਪਾਰਕ ਵਿਚ ਕਾਰ ਸ਼ੋਅ ਦੌਰਾਨ ਵਾਪਰੀ ਦੱਸੀ ਜਾਂਦੀ ਹੈ। ਗੋਲੀਬਾਰੀ ਵਿਚ ਜ਼ਖਮੀ ਹੋਏ ਲੋਕਾਂ ਵਿਚ 4 ਮਰਦ ਤੇ 3 ਔਰਤਾਂ ਸ਼ਾਮਿਲ ਹਨ। ਇਸ ਸਬੰਧੀ ਲਾਸ ਏਂਜਲਸ ਪੁਲਿਸ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਨਾ ਹੀ ਘਟਨਾ  ਵਾਪਰਨ ਪਿੱਛੇ ਕੋਈ ਮਕਸਦ ਸਪੱਸ਼ਟ ਹੋ ਸਕਿਆ ਹੈ।  ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਸੀ ਸੀ ਟੀ ਵੀ ਕੈਮਰਿਆਂ ਨੂੰ ਘੋਖਿਆ ਜਾ ਰਿਹਾ ਹੈ ਤਾਂ ਜੋ ਸ਼ੱਕੀ ਹਮਲਾਵਾਰ ਬਾਰੇ ਕੋਈ ਸੂਹ ਮਿਲ ਸਕੇ।