ਭਾਜਪਾ ਦੀ ਹਰਿਆਣਾ ਤੇ ਕਸ਼ਮੀਰ ਵਿਚ ਖਿਸਕ ਰਹੀ ਹੈ ਸਿਆਸੀ ਜ਼ਮੀਨ
*ਹਰਿਆਣੇ ਦਾ ਜਾਟ ਭਾਈਚਾਰਾ ਤੇ ਸਿੱਖ ਭਾਈਚਾਰਾ ਕਾਂਗਰਸ ਦੀ ਹਮਾਇਤ ਵਿਚ
*ਸੌਦਾ ਸਾਧ ਨੂੰ 6 ਵਾਰ ਪੈਰੋਲ ਦੇਣ ਵਾਲੇ ਸਾਬਕਾ ਜੇਲ੍ਹਰ ਸੁਨੀਲ ਸਾਂਗਵਾਨ ਨੂੰ ਭਾਜਪਾ ਨੇ ਦਾਦਰੀ ਤੋਂ ਟਿਕਟ ਦਿਤੀ
* ਭਗਵੀਂ ਆਰਮੀ ਨੇ ਉਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ
* ਜੰਮ-ਕਸ਼ਮੀਰ ਵਿਚ ਸਰਕਾਰ ਬਣਾਉਣ ਦੀ ਸੰਭਾਵਨਾ ਘੱਟ
ਭਾਜਪਾ ਜੰਮੂ-ਕਸ਼ਮੀਰ ਵਿਚ ਸਿਰਫ਼ ਜੰਮੂ ਇਲਾਕੇ ਵਿਚ ਚੋਣ ਜਿੱਤ ਕੇ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਆਖਰੀ ਵਾਰ 2014 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਉਦੋਂ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ ਅਤੇ ਇਹ ਸਾਰੀਆਂ ਸੀਟਾਂ ਜੰਮੂ ਖੇਤਰ ਦੀਆਂ ਸਨ। ਉਸ ਤੋਂ ਬਾਅਦ 10 ਸਾਲਾਂ ਵਿਚ ਭਾਜਪਾ ਨੇ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕੀਤੇ। ਪਹਿਲਾਂ ਤਾਂ ਉਹ ਮੁਫ਼ਤੀ ਮੁਹੰਮਦ ਸਈਅਦ ਅਤੇ ਫਿਰ ਮਹਿਬੂਬਾ ਮੁਫਤੀ ਦੇ ਨਾਲ ਸਰਕਾਰ ਵਿਚ ਰਹੀ। ਉਸ ਤੋਂ ਬਾਅਦ ਪਿਛਲੇ 6 ਸਾਲ ਤੋਂ ਰਾਸ਼ਟਰਪਤੀ ਸ਼ਾਸਨ ਵਿਚ ਇਕ ਤਰ੍ਹਾਂ ਨਾਲ ਭਾਜਪਾ ਦਾ ਹੀ ਰਾਜ ਚੱਲ ਰਿਹਾ ਹੈ। ਸੂਬੇ ਦੀ ਵੰਡ ਤੋਂ ਲੈ ਕੇ ਹੱਦਬੰਦੀ ਅਤੇ ਰਾਖਵੇਂਕਰਨ ਤੱਕ ਕਈ ਅਜਿਹੇ ਕੰਮ ਹੋਏ, ਜਿਨ੍ਹਾਂ ਤੋਂ ਲੱਗਾ ਕਿ ਭਾਜਪਾ ਇਸ ਵਾਰ ਰਾਜ ਵਿਚ ਆਪਣੀ ਸਰਕਾਰ ਬਣਾਉਣ ਲਈ ਚੋਣਾਂ ਲੜੇਗੀ। ਉਸ ਨੇ ਕਸ਼ਮੀਰ ਘਾਟੀ ਦੀਆਂ ਸਾਰੀਆਂ 47 ਸੀਟਾਂ ਲਈ ਉਮੀਦਵਾਰ ਤਿਆਰ ਕੀਤੇ ਪਰ ਅਜਿਹਾ ਲੱਗ ਰਿਹਾ ਹੈ ਕਿ ਉਸ ਨੇ ਕਸ਼ਮੀਰ ਘਾਟੀ ਵਿਚ ਚੋਣਾਂ ਜਿੱਤਣ ਦੀ ਉਮੀਦ ਛੱਡ ਦਿੱਤੀ ਹੈ। ਇਸ ਲਈ ਪਹਿਲੇ ਪੜਾਅ ਵਿਚ 18 ਸਤੰਬਰ ਨੂੰ ਜਿਨ੍ਹਾਂ 16 ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿਚੋਂ ਸਿਰਫ਼ ਅੱਠ ਸੀਟਾਂ 'ਤੇ ਹੀ ਭਾਜਪਾ ਮੈਦਾਨ ਵਿਚ ਹੈ, ਉਹ ਵੀ ਅੱਧੇ ਮਨ ਨਾਲ।
ਸਵਾਲ ਹੈ ਕਿ ਜੇਕਰ ਘਾਟੀ ਵਿਚ 47 ਸੀਟਾਂ 'ਤੇ ਭਾਜਪਾ ਅੱਧੇ ਮਨ ਨਾਲ ਲੜਦੀ ਹੈ ਤਾਂ ਜੰਮੂ ਦੀਆਂ 43 ਸੀਟਾਂ 'ਤੇ ਲੜ ਕੇ ਉਸ ਦੀ ਸਰਕਾਰ ਕਿਵੇਂ ਬਣੇਗੀ?
ਕੀ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ ਅਤੇ ਇਸ ਲਈ ਉਪ ਰਾਜਪਾਲ ਨੂੰ ਪਹਿਲਾਂ ਹੀ ਜ਼ਿਆਦਾ ਤਾਕਤ ਦੇ ਕੇ ਸਿੱਧੇ ਰੂਪ ਨਾਲ ਸੱਤਾ ਆਪਣੇ ਹੱਥ ਵਿਚ ਰੱਖਣ ਦਾ ਫ਼ੈਸਲਾ ਕੀਤਾ ਹੈ ਜਾਂ ਚੋਣਾਂ ਉਪਰੰਤ ਗੱਠਜੋੜ ਦੀ ਉਸ ਦੀ ਕੋਈ ਰਣਨੀਤੀ ਹੈ, ਜਿਸ ਨੂੰ ਹਾਲੇ ਕੋਈ ਸਮਝ ਨਹੀਂ ਰਿਹਾ?
ਇਸੇ ਤਰ੍ਹਾਂ ਹਰਿਆਣਾ ਵਿਚ ਭਾਜਪਾ ਨੂੰ ਕਿਸ ਕਦਰ ਆਪਣੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਉਸ ਨੇ ਆਪਣਾ ਮੁੱਖ ਮੰਤਰੀ ਬਦਲਿਆ ਅਤੇ ਹੁਣ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਖੇਤਰ ਵੀ ਉਸ ਨੂੰ ਬਦਲਣਾ ਪੈ ਗਿਆ। ਮਹਿਜ 6 ਮਹੀਨੇ ਮੁੱਖ ਮੰਤਰੀ ਬਣੇ ਨਾਇਬ ਸਿੰਘ ਸੈਣੀ ਤਿੰਨ ਮਹੀਨੇ ਪਹਿਲਾਂ ਕਰਨਾਲ ਸੀਟ ਤੋਂ ਜ਼ਿਮਨੀ ਚੋਣ ਲੜ ਕੇ ਵਿਧਾਨ ਸਭਾ ਦੇ ਮੈਂਬਰ ਬਣੇ ਸਨ ਪਰ ਹੁਣ ਪਾਰਟੀ ਨੇ ਉਨ੍ਹਾਂ ਨੂੰ ਕਰਨਾਲ ਦੀ ਬਜਾਏ ਲਾਡਵਾ ਤੋਂ ਉਮੀਦਵਾਰ ਬਣਾਇਆ ਹੈ।
ਸਵਾਲ ਹੈ ਕਿ ਜਿਸ ਸੈਣੀ ਦੇ ਨਾਂਅ 'ਤੇ ਭਾਜਪਾ ਨੇ ਚੋਣਾਂ ਲੜਨੀਆਂ ਹਨ, ਉਨ੍ਹਾਂ ਦੀ ਸੀਟ ਆਖ਼ਰ ਕਿਉਂ ਬਦਲਣੀ ਪਈ? ਕੀ ਭਾਜਪਾ ਨੂੰ ਲੱਗ ਰਿਹਾ ਹੈ ਕਿ ਸੈਣੀ ਚੋਣ ਹਾਰ ਸਕਦੇ ਹਨ? ਕੀ ਖੱਟਰ ਸਰਕਾਰ ਦੇ ਖ਼ਿਲਾਫ਼ ਜਿਸ ਸੱਤਾ ਵਿਰੋਧੀ ਭਾਵਨਾ (ਐਂਟੀ ਇਨਕੁੰਬੈਂਸੀ) ਦੀ ਚਰਚਾ ਚੱਲ ਰਹੀ ਹੈ, ਉਸ ਦਾ ਨੁਕਸਾਨ ਸੈਣੀ ਨੂੰ ਹੋ ਸਕਦਾ ਹੈ?
ਪਰ ਜੇਕਰ ਅਜਿਹਾ ਹੁੰਦਾ ਤਾਂ ਜ਼ਿਮਨੀ ਚੋਣਾਂ ਵਿਚ ਵੀ ਦਿਖਾਈ ਦਿੰਦਾ ਪਰ ਉਦੋਂ ਤਾਂ ਸੈਣੀ ਆਰਾਮ ਨਾਲ ਚੋਣ ਜਿੱਤ ਗਏ। ਇੰਜ ਲੱਗ ਰਿਹਾ ਹੈ ਕਿ ਭਾਜਪਾ ਸੁਰੱਖਿਅਤ ਖੇਡਣਾ ਚਾਹੁੰਦੀ ਹੈ। ਉੱਤਰਾਖੰਡ ਦੇ ਤਜਰਬੇ ਨਾਲ ਉਸ ਨੇ ਇਹ ਸਬਕ ਲਿਆ ਹੈ। ਉੱਤਰਾਖੰਡ ਵਿਚ ਇਸੇ ਤਰ੍ਹਾਂ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਤੀਰਥ ਸਿੰਘ ਰਾਵਤ ਨੂੰ ਹਟਾ ਕੇ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਉਹ ਵਿਧਾਨ ਸਭਾ ਚੋਣਾਂ 'ਚ ਹਾਰ ਗਏ ਸਨ। ਹਾਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਅਤੇ ਉਹ ਦੂਜੀ ਸੀਟ ਤੋਂ ਜ਼ਿਮਨੀ ਚੋਣ ਲੜ ਕੇ ਜਿੱਤੇ। ਝਾਰਖੰਡ ਵਿਚ ਵੀ ਪਿਛਲੀ ਵਾਰ ਭਾਜਪਾ ਦੇ ਮੁੱਖ ਮੰਤਰੀ ਰਘੁਵਰ ਦਾਸ ਚੋਣਾਂ ਹਾਰ ਗਏ ਸਨ। ਅਜਿਹਾ ਕੁੱਝ ਹਰਿਆਣਾ 'ਚ ਨਾ ਹੋਵੇ, ਇਸ ਲਈ ਪਾਰਟੀ ਸੁਰੱਖਿਅਤ ਰਸਤਾ ਅਖ਼ਤਿਆਰ ਕਰ ਰਹੀ ਹੈ।
ਪਰ ਜਾਟ ਭਾਈਚਾਰਾ ਮੋਦੀ ਸਰਕਾਰ ਖਿਲਾਫ ਹੈ,ਉਸ ਦੇ ਦੋ ਕਾਰਣ ਹਨ ।ਇਕ ਤਾਂ ਕਿਸਾਨ ਸੰਘਰਸ਼ ਨੂੰ ਸਟੇਟ ਦੇ ਡੰਡੇ ਨਾਲ ਕੁਚਲਿਆ ਗਿਆ।ਕੋਈ ਮੰਗ ਨਹੀਂ ਮੰਨੀ ਗਈ। ਦੂਜਾ ਸਿਆਸੀ ਤੌਰ ਉਪਰ ਜਾਟ ਭਾਈਚਾਰੇ ਨੂੰ ਅਲਗ ਥਲਗ ਕੀਤਾ ਗਿਆ।ਇਸ ਕਾਰਣ ਪੂਰਾ ਜਾਟ ਭਾਈਚਾਰਾ ਕਾਂਗਰਸ ਦੀ ਮਦਦ ਉਪਰ ਦਿਖਾਈ ਦੇ ਰਿਹਾ ਹੈ।ਉਸਨੇ ਭਾਜਪਾ ਨੂੰ ਹਰਾਉਣ ਲਈ ਕਮਰਕਸੇ ਕੀਤੇ ਹੋਏ ਹਨ।ਹੁਣੇ ਜਿਹੇ ਕਾਂਗਰਸ ਵਿਚ ਸ਼ਾਮਿਲ ਹੋਏ ਉਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਇਸ ਤੋਂ ਜਾਪਦਾ ਹੈ ਕਿ ਦਹਿਸ਼ਤਗਰਦ ਭਗਵੀਂ ਆਰਮੀ ਸਰਗਰਮ ਹੈ ਜੋ ਕਿ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਧਮਕੀ ਦੇ ਰਹੀ ਹੈ ।ਬਜਰੰਗ ਨੂੰ ਧਮਕੀ ਵਿਚ ਲਿਖਿਆ ਹੈ ਕਿ ਬਜਰੰਗ ਕਾਂਗਰਸ ਛੱਡ ਦਿਓ ਨਹੀਂ ਤਾਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ । ਇਸ ਬਾਰੇ ਪੂਨੀਆ ਵਲੋਂ ਸੋਨੀਪਤ ਦੇ ਬਹਿਲਗੜ੍ਹ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ । ਬੀਤੇ ਦਿਨੀਂ ਉਲੰਪੀਅਨ ਪੂਨੀਆ ਤੇ ਵਿਨੇਸ਼ ਫੋਗਾਟ ਕਾਂਗਰਸ ਵਿਚ ਸ਼ਾਮਿਲ ਹੋ ਕੇ ਸਿਆਸੀ ਮੈਦਾਨ ਵਿਚ ਉਤਰੇ ਹਨ,ਜਿਸ ਕਾਰਣ ਭਾਜਪਾ ਔਖੀ ਮਹਿਸੂਸ ਕਰ ਰਹੀ ਹੈ।
ਜਿਥੇ ਜਾਟ ਭਾਈਚਾਰਾ ਭਾਜਪਾ ਤੋਂ ਹਰਿਆਣੇ ਵਿਚ ਸੰਤੁਸ਼ਟ ਨਹੀਂ ਉਥੇ ਸਿਖ ਭਾਈਚਾਰਾ ਗੁਰਦੁਆਰਾ ਪ੍ਰਬੰਧ ਵਿਚ ਦਖਲ ਅੰਦਾਜ਼ੀ ਕਾਰਣ ਤੇ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦੇਣ ਕਾਰਣ ਤੇ ਜਾਟ ਭਾਈਚਾਰੇ ਨਾਲ ਵਿਤਕਰਾ ਕਰਨ ਕਾਰਣ ਔਖਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬਲਾਤਕਾਰ ਅਤੇ ਕਤਲ ਮਾਮਲੇ ਵਿਚ ਬੰਦ ਸੌਦਾ ਸਾਧ ਨੂੰ ਜਦੋਂ 6 ਵਾਰ ਪੈਰੋਲ ਅਤੇ ਫਰਲੋ ਮਿਲੀ ਤਾਂ ਉਸ ਵੇਲੇ ਜੇਲ੍ਹਰ ਰਹੇ, ਸਾਬਕਾ ਜੇਲ੍ਹਰ ਨੂੰ ਭਾਜਪਾ ਨੇ ਦਾਦਰੀ ਤੋਂ ਟਿਕਟ ਦੇ ਕੇ ਸੁਨੀਲ ਸਾਂਗਵਾਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।ਸੁਨੀਲ ਸਾਂਗਵਾਨ ਜੇਲ੍ਹ ਸੁਪਰਡੈਂਟ ਦੇ ਅਹੁਦੇ ਤੋਂ ਵੀਆਰਐੱਸ ਯਾਨੀ ਸਵੈ-ਇੱਛਤ ਸੇਵਾਮੁਕਤੀ ਲੈ ਕੇ ਇਸੇ ਹਫ਼ਤੇ ਭਾਜਪਾ ਵਿਚ ਸ਼ਾਮਲ ਹੋਏ ਸਨ।ਭਾਜਪਾ ਇਸ ਰਾਹੀਂ ਡੇਰੇ ਦੀ ਵੋਟ ਦਾ ਲਾਹਾ ਲੈਣਾ ਚਾਹੁੰਦੀ ਹੈ।ਇਸ ਕਾਰਣ ਸਿਖ ਜਗਤ ਵਿਚ ਖਾਸਾ ਰੋਸ ਪਾਇਆ ਜਾ ਰਿਹਾ ਹੈ।
ਸਿਖ ਭਾਈਚਾਰਾ ਇਸੇ ਕਾਰਣ ਕਾਂਗਰਸ ਦੀ ਹਮਾਇਤ ਉਪਰ ਜਾ ਰਿਹਾ ਹੈ।
ਹੁਣੇ ਜਿਹੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਬੀਜੇਪੀ ਦੇ ਮੌਜੂਦਾ ਆਗੂ ਬਲਕੌਰ ਸਿੰਘ ਨੇ ਹੁਣ ਸਿਖ ਭਾਈਚਾਰੇ ਦੀ ਨਬਜ਼ ਪਛਾਣਦਿਆਂ ਪਾਰਟੀ ਛੱਡ ਦਿੱਤੀ ਹੈ । ਬੀਜੇਪੀ ਨੇ ਉਨ੍ਹਾਂ ਦੀ ਥਾਂ ਇਸ ਵਾਰ ਰਾਜੇਂਦਰ ਦੇਸੁਜੋਧਾ ਨੂੰ ਟਿਕਟ ਦਿੱਤੀ ਹੈ ।
Comments (0)