ਮਿਸਾਲ ਬਣੀ ਖੇਤੀ ਉਦਯੋਗ ਵਿਚ ਬੀਬੀ ਰਜਿੰਦਰ ਕੌਰ ਸੁਨਾਮ
ਆਚਾਰ ਚਟਣੀਆਂ ਦੇ ਨਾਲ-ਨਾਲ ਮਸਾਲਾ ਤੇ ਸ਼ਹਿਦ ਤਿਆਰ ਕਰਨ ਲਗੀ
* ਆਪਣੇ ਪਿੰਡ ਦੀਆਂ ਔਰਤਾਂ ਨੂੰ ਰੁਜ਼ਗਾਰ ਵਲ ਲਗਾਇਆ
ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਵਿਚ ਪੈਂਦੇ ਪਿੰਡ ਚੱਠਾ ਨਨਹੇੜਾ ਦੀ ਰਜਿੰਦਰ ਕੌਰ ਆਪਣੇ ਪੇਕਿਆਂ ਤੋਂ ਵਿਰਾਸਤੀ ਖੇਤੀ ਦੀ ਜਾਣਕਾਰੀ ਅਤੇ ਤਜਰਬਾ ਲੈ ਕੇ ਸਹੁਰਿਆਂ ਦੀ ਹਿੱਸੇ ਆਈ ਢਾਈ ਏਕੜ ਜ਼ਮੀਨ ਵਿਚ ਪੂਰੀ ਕਾਮਯਾਬੀ ਨਾਲ ਫ਼ਸਲਾਂ ਦੀ ਕਾਸ਼ਤ ਕਰ ਰਹੀ ਹੈ। ਸ਼ੁਰੂਆਤ ਵਿਚ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰ ਕੇ ਆਪਣੇ ਘਰ ਦੇ ਖ਼ਰਚੇ ਕੱਢੇ ਜਾਂਦੇ ਸੀ ਪਰ ਉਸ ਨੇ ਖੇਤੀ ਦੇ ਨਾਲ-ਨਾਲ ਕੁਝ ਵਿਲੱਖਣ ਕਰਨ ਦਾ ਮਨ ਬਣਾਇਆ। ਉਸ ਨੇ ਆਪਣੇ ਜਿਲ੍ਹੇ ਦੇ ਕਿ੍ਸ਼ੀ ਵਿਗਿਆਨ ਕੇਂਦਰ ਤੋਂ ਕੱਪੜੇ ਧੋਣ ਵਾਲੇ ਸਰਫ਼ ਨੂੰ ਬਣਾਉਣ ਦੀ ਸਿਖਲਾਈ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ। ਉਸ ਦਾ ਇਹ ਕੰਮ ਵਧੀਆ ਚੱਲ ਤਾਂ ਪਿਆ ਪਰ ਇਸ ਕੰਮ ਵਿਚ ਦਿੱਕਤ ਇਹ ਸੀ ਕਿ ਇਸ ਕੰਮ ਵਿਚ ਵਰਤਿਆ ਜਾਂਦਾ ਰਸਾਇਣ ਜ਼ਮੀਨ ਵਿਚ ਜਾ ਕੇ ਉਸ ਨੂੰ ਖ਼ਰਾਬ ਕਰਨ ਲੱਗਾ ਅਤੇ ਖੇਤੀ ਜਿਣਸਾਂ ਵਿਚ ਜ਼ਹਿਰ ਦੀ ਮਿਕਦਾਰ ਵਧਣ ਲੱਗੀ। ਇਸ ਗੱਲ ’ਤੇ ਉਸ ਨੇ ਬਹੁਤ ਹੀ ਗੰਭੀਰਤਾ ਨਾਲ ਸੋਚ ਵਿਚਾਰ ਕੀਤਾ ਤੇ ਨਤੀਜੇ ਵਜੋਂ ਸਰਫ਼ ਪਾਊਡਰ ਬਣਾਉਣ ਦੇ ਕੰਮ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਅਤੇ ਆਪਣੀ ਜ਼ਮੀਨ ਦੀ ਸਿਹਤ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਆਪਣੀ ਸਾਰੀ ਖੇਤੀ ਨੂੰ ਪੂਰੀ ਤਰ੍ਹਾਂ ਜੈਵਿਕ ਕਰ ਲਿਆ।
ਪਿੰਡ ਦੀਆਂ ਔਰਤਾਂ ਨੂੰ ਵੀ ਦਿੱਤਾ ਰੁਜ਼ਗਾਰ
ਰਜਿੰਦਰ ਕੌਰ ਨੇ ਕਿ੍ਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਆਚਾਰ ਚਟਣੀਆਂ ਆਦਿ ਬਣਾਉਣ ਦੀ ਸਿਖਲਾਈ ਲੈ ਲਈ ਅਤੇ ਇਸ ਮੁਤਾਬਕ ਆਪਣਾ ਕੰਮ ਸ਼ੁਰੂ ਕੀਤਾ। ਉਸ ਨੇ ਕਣਕ-ਝੋਨੇ ਦੇ ਨਾਲ-ਨਾਲ ਆਪਣੇ ਖੇਤਾਂ ਵਿਚ ਹਲਦੀ, ਦਾਲਾਂ, ਲੱਸਣ, ਹਰੀਆਂ ਮਿਰਚਾਂ, ਨਿੰਬੂ ਆਦਿ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਕੁਦਰਤੀ ਸੁਆਦਾਂ ਨੂੰ ਪੂਰਦੇ ਮਸਾਲੇ ਵੀ ਬਣਾਏ ਤੇ ਇਨ੍ਹਾਂ ਮਸਾਲਿਆਂ ਵਿਚ ਵਰਤੀਆਂ ਜਾਂਦੀਆਂ ਜਿਣਸਾਂ ਨੂੰ ਵੀ ਆਪਣੇ ਹੀ ਖੇਤਾਂ ਵਿਚ ਉਗਾਇਆ ਜਿਵੇਂ ਨਿਆਜ਼ਪੋਜ਼, ਪੁਦੀਨਾ, ਸੁਹੰਜਣਾ ਆਦਿ। ਉਸ ਨੇ ਆਚਾਰ ਚਟਣੀਆਂ ਦੇ ਨਾਲ-ਨਾਲ ਉਹ ਮਸਾਲਾ ਬਣਾਇਆ, ਜੋ ਦਹੀਂ, ਲੱਸੀ ਤੇ ਚਾਹ ਵਿਚ ਵਰਤਿਆ ਜਾਂਦਾ ਹੈ। ਇਸ ਸਾਮਾਨ ਦੀ ਵਧੀਆ ਵਿਕਰੀ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਬਣਾਏ ਉਤਪਾਦਾਂ ਦੀ ਵਿਕਰੀ ਲਈ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਦਾ ਬਹੁਤ ਸਾਥ ਬਣਿਆ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲਿਆਂ ਅਤੇ ਹੋਰ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਲਾਏ ਜਾਂਦੇ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿਚ ਇਸ ਸਾਮਾਨ ਦੀ ਵਧੀਆ ਵਿਕਰੀ ਹੋਣ ਲੱਗੀ। ਉਸ ਦੇ ਇਸ ਉੱਦਮ ਨੂੰ ਦੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ 2018 ਵਿਚ ਸਫ਼ਲ ਕਿਸਾਨ ਔਰਤ ਵਜੋਂ ਸਨਮਾਨਿਤ ਕੀਤਾ।
ਉਸ ਦਾ ਪਤੀ ਨੈਬ ਸਿੰਘ ਅਤੇ ਪੁੱਤਰ ਮਨਜੀਤ ਸਿੰਘ ਵੀ ਇਸ ਕੰਮ ਵਿਚ ਪੂਰਾ ਸਾਥ ਦਿੰਦੇ ਹਨ। ਇਸ ਦੇ ਨਾਲ ਹੀ ਉਸ ਨੇ ਕਿ੍ਰਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਵੀ ਲੈ ਲਈ, ਜਿਸ ਵਿਚ ਲਗਭਗ 15 ਡੱਬਿਆਂ ਦਾ ਸ਼ਹਿਦ ਦਾ ਕੰਮ ਵੀ ਪੂਰੀ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ। ਸ਼ਹਿਦ ਦੀਆਂ ਮੱਖੀਆਂ ਦੀ ਖ਼ੁਰਾਕ ਦਾ ਸਾਰਾ ਪ੍ਰਬੰਧ ਪਿੰਡ ’ਚ ਹੀ ਹੋ ਜਾਂਦਾ ਹੈ ਜਿਵੇਂ ਸਫ਼ੈਦਾ ਤੇ ਸਰ੍ਹੋਂ ਆਦਿ ਫ਼ਸਲਾਂ ਪਿੰਡ ’ਚ ਹੀ ਮਿਲ ਜਾਂਦੀਆਂ ਹਨ ਤੇ ਇਸ ਪੈਦਾ ਹੋਏ ਸ਼ਹਿਦ ਤੋਂ ਵੀ ਉਸ ਨੂੰ ਚੰਗੀ ਆਮਦਨ ਹੋ ਜਾਂਦੀ ਹੈ। ਭਵਿੱਖ ਵਿਚ ਉਸ ਦੀ ਇਹ ਯੋਜਨਾ ਹੈ ਕਿ ਕਣਕ-ਝੋਨੇ ਨੂੰ ਘਟਾ ਕੇ ਹੋਰ ਦੂਜੀਆਂ ਫ਼ਸਲਾਂ ਲਾਈਆਂ ਜਾਣ ਤੇ ਆਪਣੇ ਆਚਾਰ ਚਟਣੀਆਂ ਦੇ ਕੰਮ ਨੂੰ ਹੋਰ ਉੱਚੇ ਪੱਧਰ ’ਤੇ ਲੈ ਕੇ ਜਾਇਆ ਜਾਵੇ।
ਰਜਿੰਦਰ ਕੌਰ ਵਾਤਾਵਰਨ ਅਤੇ ਜ਼ਮੀਨ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਾ ਕਰਦੀ ਹੈ। ਉਹ ਆਪਣੀਆਂ ਸਾਰੀਆਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਜਜ਼ਬ ਕਰਦੀ ਹੈ, ਜਿਸ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ ਅਤੇ ਫ਼ਸਲਾਂ ਦਾ ਝਾੜ ਵਧੇਰੇ ਹੁੰਦਾ ਹੈ। ਧਰਤੀ ਹੇਠਲੇ ਪਾਣੀ ਦੀ ਹੁੰਦੀ ਬਰਬਾਦੀ ਨੂੰ ਲੈ ਕੇ ਉਹ ਬਹੁਤ ਚਿੰਤਾ ਕਰਦੀ ਹੈ, ਜਿਸ ਕਰਕੇ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਨੂੰ ਹੌਲੀ-ਹੌਲੀ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਬਦਲ ਵਜੋਂ ਉਹ ਹੋਰ ਦੂਜੀਆਂ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨਾ ਚਾਹੁੰਦੀ ਹੈ ਅਤੇ ਵਧੇਰੇ ਝਾੜ ਅਤੇ ਆਮਦਨ ਲੈਣਾ ਚਾਹੁੰਦੀ ਹੈ। ਉਸ ਵੱਲੋਂ ਬਣਾਏ ਗਏ ਸਾਰੇ ਉਤਪਾਦ ਬਹੁਤ ਹੀ ਸਾਫ਼-ਸੁਥਰੇ ਅਤੇ ਵਧੀਆ ਪੈਕ ਕੀਤੇ ਜਾਂਦੇ ਹਨ। ਉਸ ਜਿਹੀਆਂ ਉੱਦਮੀ ਔਰਤਾਂ ਆਪਣੇ ਪਰਿਵਾਰ ਦੀ ਸਿਹਤ ਹੀ ਨਹੀਂ ਸਗੋਂ ਹੋਰ ਲੋਕਾਂ ਦੀ ਚੰਗੀ ਸਿਹਤ ਲਈ ਵੀ ਵਚਨਬੱਧ ਹੁੰਦੀਆਂ ਹਨ। ਉਸ ਦੇ ਇਸ ਅਗਾਂਹਵਧੂ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ।
ਰਜਿੰਦਰ ਕੌਰ ਨੇ ਆਪਣੇ ਇਸ ਸਾਰੇ ਕੰਮ ਵਿਚ ਆਪਣੇ ਪਿੰਡ ਦੀਆਂ ਕੁਝ ਔਰਤਾਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ ਹੈ, ਜੋ ਕਿ ਆਚਾਰ, ਚਟਣੀਆਂ ਅਤੇ ਮਸਾਲਿਆਂ ਦੀ ਪੈਕਿੰਗ ਵਿਚ ਉਸ ਦੀ ਮਦਦ ਕਰਦੀਆਂ ਹਨ। ਉਸ ਨੇ ਕਈ ਔਰਤਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕੀਤਾ ਹੈ। ਉਸ ਦਾ ਇਹ ਉੱਦਮ ਸ਼ਲਾਘਾਯੋਗ ਹੈ।
Comments (0)