ਭਾਈ ਦਲਜੀਤ ਸਿੰਘ ਬਿਟੂ ਪੰਜਾਬ ਤੇ ਪੰਥ ਦੀ ਸਾਖੀ ਅਗੇ ਤੌਰਨਗੇ

ਭਾਈ ਦਲਜੀਤ ਸਿੰਘ ਬਿਟੂ ਪੰਜਾਬ ਤੇ ਪੰਥ ਦੀ ਸਾਖੀ ਅਗੇ ਤੌਰਨਗੇ

ਸਿੱਖ ਸੁਰਤ ਦੀ ਪਰਵਾਜ ਵਿੱਚ 'ਸਾਖੀ' ਨੂੰ ਬਹੁਤ ਅਹਿਮ ਥਾਂ ਹਾਸਲ ਹੈ

ਸਿੱਖ ਸੁਰਤ ਦੀ ਪਰਵਾਜ ਵਿੱਚ 'ਸਾਖੀ' ਨੂੰ ਬਹੁਤ ਅਹਿਮ ਥਾਂ ਹਾਸਲ ਹੈ , ਇਸਦਾ ਮਤਲਬ ਤੇ ਹੈ ਅੱਖੀਂ ਵੇਖੀ ਜਾਂ ਕੰਨੀ ਸੁਣੀ ਵਾਰਤਾ ਨੂੰ ਬਿਆਨ ਕਰਨਾ (ਇਹ ਗਵਾਹ ਤੇ ਗਵਾਹੀ ਦੇ ਰੂਪ ਵਿਚ ਵੀ ਰੂਪਮਾਨ ਹੁੰਦੀ ਹੈ।ਸਿੱਖ ਸਾਹਿਤ  ਵਿੱਚ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਪ੍ਰਾਰੰਭ ਹੋ ਕੇ ਸਿੱਖ ਜੀਵਨ ਨੂੰ ਪ੍ਰਭਾਸ਼ਿਤ ਕਰਨ ਤੱਕ ਆਪਣੀ ਪੂਰਨ ਹਾਜ਼ਰੀ ਲਵਾਉਂਦਾ ਹੈ। ਸਾਖੀ ; ਇਤਿਹਾਸ ਨੂੰ ਬੇ ਰਸਾ ਤੇ ਬੋਝਲ ਹੋਣ ਤੋਂ ਬਚਾ ਕੇ ਰਸ ਭਰਪੂਰ ਬਣਾ ਸਰੋਤੇ ਨੂੰ ਇੰਝ ਆਪਣੇ ਨਾਲ ਬੰਨਦੀ ਹੈ ਜਿਵੇਂ ਸਾਰਾ ਵਾਕਿਆ ਉਸਦੀ ਹਾਜ਼ਰੀ ਵਿੱਚ ਉਸਦੇ ਸਨਮੁਖ ਹੀ ਵਾਪਰ ਰਿਹਾ ਹੋਵੇ ।

ਆਮ ਤੌਰ ਲੋਕ ਮਕਾਨ ਦੀਆਂ ਕੰਧਾ ਤੇ ਮੁਨਾਰਿਆਂ ਦੀ ਚਰਚਾ ਤੇ ਕਰਦੇ ਹਨ ਪਰ ਇਸਨੂੰ ਮਜ਼ਬੂਤੀ ਦੇਣ ਲਈ ਧਰਤੀ ਵਿੱਚ ਆਪਣੇ ਆਪ ਨੂੰ ਅਦਿੱਖ ਕਰਕੇ ਪਈਆਂ ਮਜ਼ਬੂਤ ਨੀਂਹਾਂ ਨੂੰ ਵਿਸਾਰ ਦਿੰਦੇ ਹਨ। ਸਿੱਖ ਸੰਘਰਸ਼ ਵਿੱਚ ਵਾਪਰੀਆਂ ਘਟਨਾਵਾਂ ਤੇ ਪ੍ਰਮੁਖ ਪਾਤਰਾਂ ਦਾ ਜ਼ਿਕਰ ਤਾਂ ਹਮੇਸ਼ਾ ਹੁੰਦਾ ਹੈ ਪਰ ਇਸ ਸੰਘਰਸ਼ ਤੇ ਸਿੱਖ ਜੁਝਾਰੂਆਂ ਲਈ ਆਪਣਾ ਸਭ ਕੁਝ ਕੁਰਬਾਨ ਕਰਕੇ ਇਸਨੂੰ ਚੱਲਦਾ ਰੱਖਣ ਵਾਲੇ ਆਮ ਲੋਕਾਂ ਦੀਆਂ ਸ਼ਹਾਦਤਾਂ ਦਾ ਵਖਿਆਨ ਗਾਇਬ ਹੋ ਜਾਂਦਾ ਹੈ। ਭਾਈ ਦਲਜੀਤ ਸਿੰਘ ਬਿੱਟੂ ਨੇ ਆਪਣੀ ਰਚਨਾ "ਖਾੜਕੂ ਸੰਘਰਸ਼ ਦੀ ਸਾਖੀ " ਰਾਹੀ ਸਾਨੂੰ ਉਹਨਾਂ ਅਣਜਾਣ ਰੂਹਾਂ ਦਾ ਦੀਦਾਰ ਕਰਵਾਇਆ ਹੈ , ਜਿਨ੍ਹਾਂ ਦੀ  ਕਥਾ ਤਵਾਰੀਖ਼ ਹੀ ਨਹੀਂ ਸ਼ਾਇਦ ਸਿੱਖ ਸਮਝ ਵਿਚੋਂ ਵੀ ਵਿਸਰ ਚੁਕੀ ਸੀ।ਇਸ 300 ਸਫ਼ੇ ਦੀ  ਸਾਖੀ ਨੂੰ ਭਾਈ ਸਾਬ੍ਹ ਨੇ ਛੇ ਭਾਗਾਂ ਵਿੱਚ ਵੰਡਿਆਂ ਹੈ । ਅਣਜਾਣੇ ਸਿੱਦਕੀ ਅਤੇ ਯੋਧੇ, ਅਣਗੌਲੇ ਸਿੱਦਕੀ ਅਤੇ ਯੋਧੇ, ਠਾਹਰਾਂ ਵਾਲੇ ਪਰਿਵਾਰ, ਟੁਟਦੇ ਤਾਰਿਆਂ ਦੀ ਚਮਕ, ਜੰਗ ਦੀ ਲਪੇਟ ਵਿੱਚ ਆਮ ਲੋਕ , ਜੰਗ ਅਤੇ ਬੰਦਿਆਂ ਦੇ ਕਿਰਦਾਰ।ਇਸ ਸਾਖੀ ਵਿੱਚ ਉਹਨਾਂ ਆਮ ਲੋਕਾਂ ਦੇ ਜੀਵਨ ਨੂੰ ਛੋਹਿਆ ਗਿਆ ਹੈ ਜਿਨ੍ਹਾਂ ਨੇ ਖਾੜਕੂ ਸੰਘਰਸ਼ ਲਈ ਨੀਂਹਾਂ ਦਾ ਕੰਮ ਕੀਤਾ। ਇਹ ਸ਼ਾਇਦ ਪਹਿਲੀ ਕਿਤਾਬ ਹੈ ਜੋ ਲੋਕਾਂ ਦੇ ਜੰਗਲ ਦਾ ਜ਼ਿਕਰ ਕਰਦੀ ਹੈ , ਜਿਸਨੇ ਜੁਝਾਰੂਆਂ ਦੀ ਹਰ ਤਰ੍ਹਾਂ ਮਦਦ ਕੀਤੀ ; ਉਸ ਲਈ ਉਹਨਾਂ ਨੂੰ ਚਾਹੇ ਕੋਈ ਵੀ ਕੀਮਤ ਉਤਾਰਨੀ ਪਈ ਹੋਵੇ ਉਹਨਾਂ ਖਿੜੇ ਮੱਥੇ ਸਭ ਪ੍ਰਵਾਨ ਕੀਤਾ।

 ਇਹ ਕਿਤਾਬ ਦਸਦੀ ਹੈ ਸਿੱਦਕ ਗੁਰੂ ਦੀ ਬਖਸ਼ਿਸ਼ ਹੈ , ਦ੍ਰਿੜਤਾ ਗੁਰੂ ਦੀ ਮਿਹਰ ਹੈ, ਨੀਂਹਾਂ ਤਾਂ ਖੜੋਤੀਆਂ ਰਹਿੰਦੀਆਂ ਹਨ ਪਰ ਕਈ ਵਾਰ ਕੰਧਾਂ ਡਿੱਗ ਕੇ ਉਹਨਾਂ ਨੂੰ ਛੇਤੀ ਨੰਗਾ ਕਰ ਦਿੰਦੀਆਂ ਹਨ ਤੇ ਉਸ ਵਕਤ ਨੀਂਹਾਂ ਵੀ ਸ਼ਸ਼ੋਪੰਜ ਵਿੱਚ ਪੈ ਜਾਂਦੀਆਂ ਹਨ ਕਿ ਅਸੀਂ ਕਿੰਨਾ ਨੋ ਓਟ ਦਿੱਤੀ ਸੀ । ਇਹ ਕਿਤਾਬ ਇਹ ਵੀ ਦਸਦੀ ਹੈ ਕਿ ਗੁਰੂ ਕਿ ਸਿੱਖ ਲਈ ਗੁਰਬਾਣੀ ਦਾ ਅਦਬ ਕਿੱਡੀ ਵੱਡੀ ਗੱਲ ਹੈ ; ਇਹ ਕਿਤਾਬ ਅਨੁਭਵ ਦੇ ਉਸ ਪੜਾਅ ਨੂੰ ਵੀ ਸਾਖੀ ਜਰੀਏ ਸਨਮੁਖ ਲੈ ਕੇ ਆਉਂਦੀ ਹੈ , ਜਿਥੇ ਸੁਰਤ ਸ਼ਬਦ ਨਾਲ ਅਭੇਦ ਹੋ ਨਿਰਭੈਤਾ ਦੇ ਸਿਖਰ ਤੇ ਜੀਵਨ ਨੂੰ ਕਿਵੇਂ ਪਹੁੰਚਾ ਦਿੰਦੀ ਹੈ। ਇਥੇ ਸੇਵਾ ਨਿਮਤ ਕੁਰਬਾਨੀ ਦੇਣ ਲਈ ਤਤਪਰ ਰਹਿਣ ਦੀ ਵਾਰਤਾ ਵੀ ਹੈ ਤੇ ਨਿੱਜੀ ਗਰਜਾਂ ਲਈ ਥੱਲੇ ਡਿੱਗਣ ਦੀ ਕਥਾ ਵੀ । ਇਥੇ ਉਸ ਗੁਰੂ ਨਾਲ ਜੁੜੀ  ਸੁਰਤ ਦੇ ਦਰਸ਼ਨ ਵੀ ਹੁੰਦੇ ਹਨ ; ਜਿਥੇ ਦੁਸ਼ਮਣ ਤੇ ਦੋਸਤ ਨਾਲ ਇਕੋ  ਵਤੀਰਾ ਹੈ ਦੂਜੇ ਪਾਸੇ ਉਹ ਸੁਰਤ ਵੀ ਦਿਖਾਈ ਦਿੰਦੀ ਹੈ ਜੋ ਆਪਣਿਆਂ ਨੂੰ ਹੀ ਦੁਸ਼ਮਣ ਮੰਨ ਵਹਿਸ਼ੀ ਦਰਿੰਦੇ ਬਣਾ ਦਿੰਦੀ ਹੈ।ਇਥੇ ਸੰਘਰਸ਼ ਦੇ ਰਾਹ ਤੁਰੇ ਤੇ ਸ਼ਹੀਦ ਹੋਏ ਪੁਤਾਂ ਨੂੰ ਉਡੀਕਦੀਆਂ ਮਾਵਾਂ ਦੀ ਗਾਥਾ ਵੀ ਹੈ ਤੇ ਇਹਨਾਂ ਯੋਧਿਆਂ ਦੀ ਸੇਵਾ ਕਰਨ ਕਰਕੇ ਉਜਾੜੇ ਪਰਿਵਾਰਾਂ ਦੀ ਕਥਾ ਵੀ ਨਾਲ ਟੁਰਦੀ ਹੈ। ਇਥੇ ਜੇ ਉੱਚੇ ਸੁੱਚੇ ਕਿਰਦਾਰਾਂ ਦਾ ਜ਼ਿਕਰ ਹੈ ਤਾਂ ਥੱਲੇ ਡਿੱਗੇ ਕਿਰਦਾਰਾਂ ਦਾ ਵੀ ਕਿੱਸਾ ਹੈ । ਇਥੇ ਜੇ ਭਰੋਸੇ ਦੀਆਂ ਕਥਾਵਾਂ ਦਾ ਰਸ ਹੈ ਤਾਂ ਬੇ ਭਰੋਸਗੀ ਦੀ ਕਥਾ ਦੁਆਰਾ ਹੋਏ ਨੁਕਸਾਨ ਵੀ ਸਨਮੁਖ ਰੱਖੇ ਗਏ ਹਨ । ਇਹ ਸੰਘਰਸ਼ ਦੇ ਚੜਾਅ ਤੇ ਉਤਰਾਅ ਦੇ ਕਾਰਨਾਂ ਨੂੰ ਛੂਹਣ ਦਾ ਪਹਿਲਾ ਸਾਰਥਕ ਕਦਮ ਵੀ ਹੈ , ਇਥੇ ਸਿਰਫ ਸੋਹਲੇ ਹੀ ਨਹੀਂ ਕਮੀਆਂ ਦੀ ਵੀ ਗੱਲ ਹੈ ।  ਇਹ ਸਾਖੀ ਇੱਥੇ ਨਹੀਂ ਮੁਕਣੀ ; ਹੋਰ ਅੱਗੇ ਤੁਰੇਗੀ , ਅਜੇ ਇਸਨੂੰ ਭਾਈ ਦਲਜੀਤ ਸਿੰਘ ਹੀ ਅੱਗੇ ਟੋਰਨਗੇ ਪਰ ਇਸਨੂੰ ਪੜ੍ਹਨ ਤੋਂ ਬਾਅਦ ਉਹਨਾਂ ਦੇ ਸਮਕਾਲੀ ਵੀ ਸ਼ਾਇਦ ਹੋਰ ਸਾਖੀ ਲਿਖਣ ਲਈ ਅੱਗੇ ਆਵਣ , ਮੇਰੀ ਅਰਦਾਸ ਹੈ ਸਾਖੀ ਆਪਣੇ ਉਸ ਰੂਪ ਵਿੱਚ ਵੀ ਰੂਪਮਾਨ ਹੋਵੇ ਜੋ ਸ਼ਖਾਵਾਂ ਦਾ ਹੁੰਦਾ ਹੈ , ਹੋਰ ਅੱਗੇ ਵਧੇ, ਫੈਲੇ ! ਆਮੀਨ

 

ਬਲਦੀਪ ਸਿੰਘ ਰਾਮੂੰਵਾਲੀਆ