ਮਾਤਾ ਦੀ ਅੰਤਿਮ ਅਰਦਾਸ 'ਤੇ ਆਉਣ ਲਈ ਭਾਈ ਭਿਉਰਾ ਨੂੰ ਨਹੀਂ ਦਿੱਤੀ ਪੈਰੋਲ

ਮਾਤਾ ਦੀ ਅੰਤਿਮ ਅਰਦਾਸ 'ਤੇ ਆਉਣ ਲਈ ਭਾਈ ਭਿਉਰਾ ਨੂੰ ਨਹੀਂ ਦਿੱਤੀ ਪੈਰੋਲ
ਭਾਈ ਪਰਮਜੀਤ ਸਿੰਘ ਭਿਉਰਾ

ਚੰਡੀਗੜ੍ਹ: ਭਾਰਤੀ ਨਿਆਪਾਲਕਾ ਨੇ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਉਹਨਾਂ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਪ੍ਰਵਾਨਗੀ ਦੇਣ ਤੋਂ ਨਾਹ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਭਾਈ ਭਿਉਰਾ ਦੀ ਪੈਰੋਲ ਲਈ ਪਾਈ ਅਪੀਲ ਨੂੰ ਰੱਦ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਬੀਬੀ ਪ੍ਰੀਤਮ ਕੌਰ ਜੀ ਬੀਤੇ ਦਿਨੀਂ ਲੰਬੀ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ ਲਈ ਗੁਰਬਾਣੀ ਦੇ ਭੋਗ ਮੋਹਾਲੀ ਸਥਿਤ ਗੁਰਦੁਆਰਾ ਸਾਹਿਬ ਵਿਚ ਪਾਏ ਜਾਣੇ ਹਨ। ਇਸ ਲਈ ਇਹ ਪੈਰੋਲ ਦੀ ਮੰਗ ਕੀਤੀ ਗਈ ਸੀ। 

ਦੱਸ ਦਈਏ ਕਿ ਭਾਈ ਪਰਮਜੀਤ ਸਿੰਘ ਭਿਉਰਾ ਵੱਲੋਂ ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ ਪਟੀਸ਼ਨਾਂ ਵੀ ਪਾਈਆਂ ਗਈਆਂ ਸਨ ਪਰ ਭਾਰਤੀ ਨਿਆਪਾਲਿਕਾ ਨੇ ਪੁੱਤ ਨੂੰ ਮਾਂ ਨਾਲ ਮਿਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਬਲਕਿ ਅਦਾਲਤ ਨੇ ਕਹਿ ਦਿੱਤਾ ਸੀ ਕਿ ਮਾਤਾ ਨੂੰ ਬੁੜੈਲ ਜੇਲ੍ਹ ਲਿਆ ਕੇ ਮਿਲਾਇਆ ਜਾਵੇ। ਜਦਕਿ ਮਾਤਾ ਜੀ ਦੀ ਸਿਹਤ ਐਨੀ ਖਰਾਬ ਸੀ ਕਿ ਉਹਨਾਂ ਦਾ ਜੇਲ੍ਹ ਜਾਣਾ ਮੁਮਕਿਨ ਨਹੀਂ ਸੀ। 

ਦਸ ਦਈਏ ਕਿ ਭਾਈ ਪਰਮਜੀਤ ਸਿੰਘ ਭਿਉਰਾ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਉਮਰ ਕੈਦ ਦੀ ਸਜ਼ਾ ਅਧੀਨ ਭਾਰਤੀ ਜੇਲ੍ਹ 'ਚ ਨਜ਼ਰਬੰਦ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।