ਦਰਬਾਰ ਸਾਹਿਬ ਦੀ ਰੱਖਿਆ ਕਰਨ ਹਿੱਤ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਨਿਹੰਗ

ਦਰਬਾਰ ਸਾਹਿਬ ਦੀ ਰੱਖਿਆ ਕਰਨ ਹਿੱਤ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ  ਨਿਹੰਗ

ਸਿੱਖ ਇਤਿਹਾਸ 'ਚ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ (ਨਿਹੰਗ ਸਿੰਘ) ਦਾ ਨਾਂਅ ਵਿਸ਼ੇਸ਼ ਸਥਾਨ ਰੱਖਦਾ ਹੈ।

ਉਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਹਿੱਤ ਆਪਣੀ ਸ਼ਹੀਦੀ ਦਿੱਤੀ। ਬਾਬਾ ਗੁਰਬਖ਼ਸ਼ ਸਿੰਘ ਦਾ ਜਨਮ 10 ਅਪ੍ਰੈਲ, 1688 ਈ. ਨੂੰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਪਿੰਡ ਲੀਲ (ਹੁਣ ਪਾਕਿਸਤਾਨ) ਵਿਖੇ ਭਾਈ ਦਸੌਂਧਾ ਸਿੰਘ ਦੇ ਘਰ ਮਾਤਾ ਲਛਮੀ ਦੀ ਕੁੱਖੋਂ ਹੋਇਆ। ਬਾਬਾ ਜੀ ਦਾ ਪਰਿਵਾਰ ਸੰਨ 1693 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਵੱਸਿਆ। ਇੱਥੇ ਬਾਬਾ ਜੀ ਨੇ ਭਾਈ ਮਨੀ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਆਪ ਜੀ ਤਤਕਾਲੀ ਮਹਾਨ ਸਿੱਖ ਜਰਨੈਲ ਬਾਬਾ ਦੀਪ ਸਿੰਘ ਦੇ ਜਥੇ 'ਚ ਸ਼ਾਮਿਲ ਹੋ ਗਏ। ਸੰਨ 1757 ਈ. ਵਿਚ ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਨੇ ਆਪਣਾ ਨਵਾਂ ਜਥਾ ਸਥਾਪਿਤ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ (ਅਕਾਲ ਬੁੰਗੇ) ਦੀ ਸੇਵਾ ਲਈ ਸ੍ਰੀ ਅੰਮ੍ਰਿਤਸਰ ਵਿਚ ਰਹਿਣ ਲੱਗ ਪਏ।

ਸਿੱਖਾਂ ਨੂੰ ਖ਼ਤਮ ਕਰਨ ਲਈ ਕਈ ਮੁਹਿੰਮਾਂ ਵਿਚ ਅਸਫ਼ਲ ਰਹਿਣ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ 1764 ਈ. ਵਿਚ ਆਪਣੇ ਲਾਮ-ਲਸ਼ਕਰ ਨਾਲ ਹਿੰਦੁਸਤਾਨ ਉੱਤੇ ਹਮਲਾ ਕੀਤਾ। ਇਸ ਦੌਰਾਨ ਉਹ ਤੇਜ਼ੀ ਨਾਲ ਸਿੱਖਾਂ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਵਧਿਆ। ਅਬਦਾਲੀ ਦੀ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਨੀਤੀ ਦੀ ਖ਼ਬਰ ਸੁਣ ਕੇ ਬਹਾਦਰ ਯੋਧੇ ਬਾਬਾ ਗੁਰਬਖ਼ਸ਼ ਸਿੰਘ ਅਤੇ ਉਨ੍ਹਾਂ ਨਾਲ ਮੌਜੂਦ ਹੋਰ 30 ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੋਰਚਾ ਲਾਇਆ। ਇਸ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਤੀਹ ਹਜ਼ਾਰ ਦੀ ਗਿਣਤੀ 'ਚ ਮਾਰਧਾੜ ਕਰਦੀ ਹੋਈ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ 'ਚ ਦਾਖ਼ਲ ਹੋ ਗਈ। ਇਤਿਹਾਸ ਗਵਾਹ ਹੈ ਕਿ ਦਸੰਬਰ, 1764 ਈ. ਨੂੰ ਜਦੋਂ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਆਪਣੇ ਸਾਥੀਆਂ ਸਮੇਤ ਗੁਰਬਾਣੀ ਦੇ ਮਹਾਵਾਕ 'ਸਿਰੁ ਦੀਜੈ ਕਾਣਿ ਨ ਕੀਜੈ' 'ਤੇ ਡਟ ਕੇ ਪਹਿਰਾ ਦਿੰਦਿਆਂ ਹੋਇਆਂ ਮੋਰਚਾ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਕੀਤੀ। ਸਿਰਫ 30 ਸਿੰਘਾਂ ਨੇ 30,000 ਗਿਲਜਿਆਂ (ਡਾ. ਗੰਡਾ ਸਿੰਘ ਮੁਤਾਬਿਕ 18 ਹਜ਼ਾਰ ਅਫ਼ਗਾਨ ਅਤੇ 12 ਹਜ਼ਾਰ ਬਲੋਚ) 'ਤੇ ਇੰਨਾ ਭਿਆਨਕ ਹਮਲਾ ਕੀਤਾ ਕਿ ਸੈਂਕੜੇ ਗਿਲਜਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਮਾਸਾਨ ਦੇ ਯੁੱਧ ਵਿਚ ਕੁਝ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਪਰ ਥੋੜ੍ਹੇ ਜਿਹੇ ਸਿੰਘਾਂ ਨੇ ਅਬਦਾਲੀ ਦੀ ਫ਼ੌਜ ਨੂੰ ਮੁਸੀਬਤ 'ਚ ਪਾ ਦਿੱਤਾ ਸੀ। ਉਹ ਦੂਰੋਂ ਹੀ ਗੋਲੀਆਂ ਤੇ ਤੀਰਾਂ ਨਾਲ ਹਮਲਾ ਕਰ ਰਹੇ ਸਨ। ਉਨ੍ਹਾਂ ਦੀ ਸਿੰਘਾਂ ਦੇ ਨੇੜੇ ਆਉਣ ਦੀ ਹਿੰਮਤ ਨਹੀਂ ਸੀ ਪੈ ਰਹੀ, ਐਨੀ ਵੱਡੀ ਗਿਣਤੀ ਦੇ ਬਾਵਜੂਦ ਵੀ ਉਹ ਸਿੰਘਾਂ ਨਾਲ ਹੱਥੋਂ-ਹੱਥ ਲੜਾਈ ਕਰਨ ਦੇ ਹੌਂਸਲੇ ਵਿਚ ਨਹੀਂ ਸਨ। 'ਸ੍ਰੀ ਗੁਰ ਪੰਥ ਪ੍ਰਕਾਸ਼' ਅਨੁਸਾਰ:

ਗੋਲੀ ਛਾਡੈਂ ਦੂਰ ਖੜ ਔ ਧਰੀ ਤੀਰਨ ਕੀ ਮਾਰ।

ਸਿੰਘ ਗਏ ਚੀਰ ਸਰੀਰ ਕੋ ਪਰੇ ਨਾ ਜ਼ਖ਼ਮ ਸੁਮਾਰ 73

ਪਰ ਜਦੋਂ ਬਾਬਾ ਜੀ ਕੋਲ ਕੁਝ ਕੁ ਸਿੰਘ ਹੀ ਰਹਿ ਗਏ ਤਾਂ ਉਨ੍ਹਾਂ ਨੇ ਨਾਲੋਂ-ਨਾਲ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦੇ ਹੋਏ ਆਪਣੇ ਗੁਰਧਾਮ ਦੀ ਰੱਖਿਆ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਇਤਿਹਾਸਕਾਰਾ ਮੁਤਾਬਿਕ ਕਾਜ਼ੀ ਨੂਰ ਮੁਹੰਮਦ, ਜੋ ਉਸ ਸਮੇਂ ਅਬਦਾਲੀ ਦੇ ਨਾਲ ਸੀ ਅਤੇ ਉਸ ਨੇ ਇਹ ਸਾਰਾ ਦ੍ਰਿਸ਼ ਆਪਣੀਂ ਅੱਖੀਂ ਵੇਖਿਆ ਸੀ, ਸਿੰਘਾਂ ਅਤੇ ਗਿਲਜਿਆਂ ਵਿਚਕਾਰ ਹੋਈ, ਇਸ ਜੰਗ 'ਚ ਸਿੰਘਾਂ ਦੀ ਦਲੇਰੀ ਅਤੇ ਬਹਾਦਰੀ ਬਾਰੇ ਵਿਸ਼ੇਸ਼ ਵਰਣਨ ਕਰਦਾ ਹੈ। ਡਾ. ਗੰਡਾ ਸਿੰਘ ਨੇ 'ਜੰਗਨਾਮਾ' ਕ੍ਰਿਤ ਕਾਜ਼ੀ ਨੂਰ ਮੁਹੰਮਦ ਦਾ ਪੰਜਾਬੀ 'ਚ ਉਲੱਥਾ ਕਰ ਕੇ ਲਿਖਿਆ ਹੈ ਕਿ: 'ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ (ਗੁਰੂ ਕੇ) ਚੱਕ (ਸ੍ਰੀ ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫਿਰ (ਸਿੱਖ) ਉੱਥੇ ਨਜ਼ਰ ਨਾ ਆਇਆ ਪਰ ਕੁਝ ਥੋੜ੍ਹੇ ਜਿਹੇ ਬੰਦੇ (ਸਿੰਘ) ਗੜ੍ਹੀ (ਬੁੰਗੇ) 'ਚ ਟਿਕੇ ਹੋਏ ਸਨ ਕਿ ਆਪਣਾ ਖ਼ੂਨ ਡੋਲ੍ਹ ਦੇਣ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ 'ਚੋਂ ਨਿਕਲ ਪਏ। ਉਹ ਸਾਰੇ ਗਿਣਤੀ 'ਚ ਤੀਹ ਸਨ। ਉਹ ਜ਼ਰਾ ਵੀ ਨਾ ਡਰੇ, ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ (ਸ਼ਹੀਦ) ਹੋਣ ਦਾ ਡਰ ਸੀ। ਨਾ ਮੌਤ ਦਾ ਭੈਅ। ਉਹ ਗਾਜ਼ੀਆਂ ਨਾਲ ਜੁਟ ਪਏ ('ਤੇ ਟੁੱਟ ਪਏ) ਅਤੇ ਉਲਝਣ ਵਿਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ ਸਿੰਘ ਕਤਲ (ਸ਼ਹੀਦ) ਹੋ ਗਏ।''

ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਅੰਤਿਮ ਸਸਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਕੀਤਾ ਗਿਆ। ਬਾਬਾ ਗੁਰਬਖ਼ਸ਼ ਸਿੰਘ ਦੀ ਸੂਰਬੀਰਤਾ ਅਤੇ ਗੁਰੂ ਪ੍ਰਤੀ ਸਮਰਪਣ ਭਾਵਨਾ ਦੀ ਯਾਦਗਾਰ ਵਜੋਂ 'ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ' (ਨਿਹੰਗ ਸਿੰਘ) ਸੁਸ਼ੋਭਿਤ ਹੈ। ਇੱਥੇ ਸ੍ਰੀ ਅਖੰਡ ਪਾਠ ਸਾਹਿਬ ਨਿਰੰਤਰ ਚੱਲਦੇ ਹਨ। ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦਸੰਬਰ ਦੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ) ਵਲੋਂ ਬਾਬਾ ਜੀ ਦੇ ਸ਼ਹੀਦੀ ਸਥਾਨ 'ਤੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ, ਜੋ ਕਿ ਇਸ ਵਰ੍ਹੇ 4 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ।