ਏਸ਼ੀਅਨ ਅਮਰੀਕਨਾਂ ਉਪਰ ਹਮਲੇ ਹਰ ਹਾਲਤ ਵਿਚ ਬੰਦ ਹੋਣ-ਬਾਇਡਨ

ਏਸ਼ੀਅਨ ਅਮਰੀਕਨਾਂ ਉਪਰ ਹਮਲੇ ਹਰ ਹਾਲਤ ਵਿਚ ਬੰਦ ਹੋਣ-ਬਾਇਡਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਏਸ਼ੀਅਨ ਮੂਲ ਦੇ ਅਮਰੀਕੀ ਨਾਗਰਿਕਾਂ ਉਪਰ ਵਧੇ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਹਮਲੇ ਹਰ ਹਾਲਤ ਵਿਚ ਬੰਦ ਹੋਣੇ ਚਾਹੀਦੇ ਹਨ। ਰਾਸ਼ਟਰਪਤੀ ਕੋਵਿਡ-19 ਕੌਮਾਂਤਰੀ ਮਹਾਂਮਾਰੀ ਐਲਾਨੇ ਜਾਣ ਦਾ ਇਕ ਸਾਲ ਪੂਰਾ ਹੋਣ 'ਤੇ ਸੰਬੋਧਨ ਕਰ ਰਹੇ  ਸਨ। ਉਨਾਂ ਕਿਹਾ ''ਇਹ ਗਲਤ ਹੈ, ਇਹ ਅਮਰੀਕੀ ਕਦਰਾਂ ਕੀਮਤਾਂ ਦਾ ਘਾਣ ਹੈ, ਏਸ਼ੀਅਨਾਂ ਵਿਰੁੱਧ ਹਿੰਸਾ ਖਤਮ ਹੋਣੀ ਚਾਹੀਦੀ ਹੈ।'' ਉਨਾਂ ਕਿਹਾ ਕਿ '' ਅਕਸਰ ਅਸੀਂ ਇਕ ਦੂਸਰੇ ਵਿਰੁੱਧ ਹੋ ਜਾਂਦੇ ਹਾਂ, ਇਕ ਮਾਸਕ ਜਿੰਦਗੀਆਂ ਬਚਾਉਣ ਲਈ ਅਸਾਨ ਸਾਧਨ ਹੈ,ਕਈ ਵਾਰ ਇਸ ਮੁੱਦੇ ਉਪਰ ਅਸੀਂ ਵੱਖੋ ਵੱਖਰਾ ਸੋਚਦੇ ਹਾਂ। ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਬਹੁਤ ਭਿਆਨਕ ਨਫ਼ਰਤ ਭਰੇ ਅਪਰਾਧ ਹੋਏ ਹਨ, ਉਨਾਂ ਉਪਰ ਹਮਲੇ ਕੀਤੇ ਗਏ ਹਨ, ਉਨਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ ਤੇ ਉਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।'' ਰਾਸ਼ਟਰ ਨੂੰ ਸੰਬੋਧਨ ਕਰਦਿਆਂ ਬਾਇਡੇਨ ਨੇ ਕਿਹਾ ਕਿ ' ਇਸ ਅਹਿਮ ਪੜਾਅ ਉਪਰ ਏਸ਼ੀਅਨ ਸਿਹਤ ਕਾਮੇ ਮੋਹਰੇ ਹੋ ਕੇ ਮਹਾਂਮਾਰੀ ਤੋਂ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਲੱਗੇ ਹੋਏ ਹਨ ਪਰ ਅਜੇ ਵੀ ਉਨਾਂ ਨੂੰ ਡਰ ਦੇ ਮਹੌਲ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹ ਸੜਕਾਂ ਉਪਰ ਤੁਰਨ ਤੋਂ ਖੌਫ਼ ਖਾਂਦੇ ਹਨ।'' ਇਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ ਵਾਰ ਵਾਇਰਸ ਦੇ ਫੈਲਾਅ ਲਈ ਚੀਨ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ ਤੇ ਉਹ ਕਹਿੰਦੇ ਰਹੇ ਹਨ ਕਿ ਚੀਨ ਇਸ ਦਾ ਜਨਮ ਦਾਤਾ ਹੈ। ਕੁਝ ਅਲੋਚਕਾਂ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਵੱਲੋਂ ਵਰਤੀ ਗਈ ਭਾਸ਼ਾ ਨੇ ਲੋਕਾਂ ਨੂੰ ਏਸ਼ੀਅਨ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਲਈ ਉਕਸਾਇਆ ਹੈ।