ਭਾਰਤ ਦੀ ਅੱਵਲ ਨਿਸ਼ਾਨਚੀ ਮਨੂੰ ਭਾਕਰ

ਭਾਰਤ ਦੀ ਅੱਵਲ ਨਿਸ਼ਾਨਚੀ ਮਨੂੰ ਭਾਕਰ

ਖੇਡ ਸੰਸਾਰ

ਅਸ਼ਵਨੀ

ਪਿਸਤੌਲ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਇਕੋ ਹੀ ਸਾਲ (2018) ਵਿਚ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਦੋਵਾਂ ਵਿਚ ਸੋਨੇ ਦੇ ਤਗਮੇ ਜਿੱਤਣ ਵਾਲੀ ਮਨੂੰ ਭਾਕਰ ਉਹ ਪਹਿਲੀ ਭਾਰਤੀ ਖਿਡਾਰਨ ਹੈ, ਜਿਸ ਨੂੰ ਅਜਿਹਾ ਕਾਰਨਾਮਾ ਸਭ ਤੋਂ ਛੋਟੀ ਉਮਰ ਵਿਚ ਕਰ ਵਿਖਾਉਣ ਦਾ ਮਾਣ ਹਾਸਲ ਹੋਇਆ ਹੈ। ਹਰਿਆਣਾ ਵਿਚ ਝੱਜਰ ਜ਼ਿਲ੍ਹੇ ਦੇ ਪਿੰਡ ਗੋਰੀਆ ਵਿਖੇ ਜਨਮੀ ਪਿਤਾ ਰਾਮ ਕਿਸ਼ਨ ਭਾਕਰ ਦੀ ਲਾਡਲੀ ਧੀ ਮਨੂੰ ਅਨੇਕਾਂ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ।ਜੂਨੀਅਰ ਮੁਕਾਬਲਿਆਂ ਵਿਚ ਹਿੱਸਾ ਲੈਣਾ : 2017 ਵਿਚ ਖੇਡੇ ਗਏ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਭਾਕਰ ਨੇ ਇਸੇ ਸਾਲ ਦੀਆਂ ਰਾਸ਼ਟਰੀ ਖੇਡਾਂ ਵਿਚ ਨੌਂ ਸੋਨ ਤਮਗੇ ਜਿੱਤ ਕੇ ਅਤੇ ਵਿਸ਼ਵ ਕੱਪ ਤਗਮੇ ਜੇਤੂ ਖਿਡਾਰਨ ਹਿਨਾ ਸਿੱਧੂ ਨੂੰ ਹਰਾ ਕੇ ਦੇਸ਼ ਦੇ ਖਿਡਾਰੀ ਚੋਣਕਾਰਾਂ ਨੂੰ ਅਚੰਭੇ ਵਿਚ ਪਾ ਦਿੱਤਾ।

ਕੌਮਾਂਤਰੀ ਪੱਧਰ ਦੀ ਪ੍ਰਾਪਤੀਆਂ : ਮੈਕਸੀਕੋ ਦੇ ਸ਼ਹਿਰ ਗੁਆਡੁਲਹਾਰਾ ਵਿਖੇ ਖੇਡੇ ਗਏ 2018 ਦੇ ਕੌਮਾਂਤਰੀ ਪਿਸਤੌਲ ਖੇਡ ਵਿਸ਼ਵ ਕੱਪ ਵਿਚ ਮਨੂੰ ਨੇ ਦੋ ਵਾਰ ਦੀ ਵਿਸ਼ਵ ਕੱਪ ਜੇਤੂ ਅਤੇ ਮੇਜ਼ਬਾਨ ਦੇਸ਼ ਦੀ ਖਿਡਾਰਨ ਅਲਜ਼ਾਂਡਰਾ ਜਵਾਲਾ ਨੂੰ ਸ਼ਿਕਸਤ ਦੇ ਕੇ ਵਿਸ਼ਵ ਕੱਪ ਆਪਣੇ ਨਾਂਅ ਕੀਤਾ ਅਤੇ ਸੰਸਾਰ ਭਰ ਵਿਚ ਆਪਣੀ ਧਾਕ ਜਮਾਈ। ਅਜਿਹਾ ਕਰਨ ਵਾਲੀ ਉਹ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣੀ। ਇਸੇ ਮੁਕਾਬਲੇ ਵਿਚ ਉਸ ਨੇ ਹਮਵਤਨ ਓਮ ਪ੍ਰਕਾਸ਼ ਮਿਥਾਰਵਲ ਨਾਲ ਜੋੜੀ ਬਣਾ ਕੇ ਮਿਕਸਡ ਟੀਮ ਮੁਕਾਬਲੇ ਵਿਚ 476.1 ਅੰਕ ਹਾਸਲ ਕੀਤੇ ਅਤੇ ਆਪਣੀ ਵਿਰੋਧੀ ਟੀਮ ਨੂੰ ਧੂੜ ਚਟਾ ਕੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ। 2018 ਵਿਚ ਹੀ ਗੋਲਡ ਕੋਸਟ ਵਿਖੇ ਖੇਡੇ ਗਏ ਰਾਸ਼ਟਰਮੰਡਲ ਖੇਡਾਂ ਦੇ ਪਿਸਤੌਲ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ 240.9 ਅੰਕ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਣ ਵਾਲੀ ਮਨੂੰ ਨੇ ਖੇਡਾਂ ਦੇ ਖੇਤਰ ਵਿਚ ਦੇਸ਼ ਦੀ ਸਾਖ਼ ਵਧਾਈ। ਯੁਵਾ ੳਲੰਪਿਕ (2018) ਦੇ ਦਸ ਮੀਟਰ ਮਹਿਲਾ ਪਿਸਤੌਲ ਮੁਕਾਬਲੇ ਵਿਚ 236.5 ਅੰਕ ਹਾਸਲ ਕਰਨ ਵਾਲੀ ਮਨੂੰ ਨੇ ਅੰਕ ਸੂਚੀ ਵਿਚ ਸਭ ਤੋਂ ਉੱਪਰਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਪਿਸਤੌਲ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਇਸ ਤਰ੍ਹਾਂ ਦੀ ਬਾਜ਼ੀ ਮਾਰਨ ਵਾਲੀ ਮਨੂੰ ਪਹਿਲੀ ਭਾਰਤੀ ਖਿਡਾਰਨ ਬਣੀ। ਭਾਰਤ ਦੇ ਉੱਘੇ ਸ਼ੂਟਿੰਗ ਕੋਚ ਜਸਪਾSportਲ ਰਾਣਾ ਦੀ ਹੋਣਹਾਰ ਸ਼ਾਗਿਰਦ ਮਨੂੰ ਭਾਕਰ ਨੇ ਤਾਈਵਾਨ ਵਿਚ ਖੇਡੇ ਗਏ ਏਸ਼ਿਆਈ ਹਵਾਈ ਪਿਸਤੌਲ ਚੈਂਪੀਅਨਸ਼ਿਪ (2019) ਦੇ ਸਿੰਗਲ ਮੁਕਾਬਲੇ ਵਿਚ ਹਾਂਗਕਾਂਗ ਦੀ ਛਿੰਗ-ਚਿੰਗ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਟੀਮ ਮੁਕਾਬਲੇ ਵਿਚ ਸੌਰਵ ਚੌਧਰੀ ਨਾਲ ਮਿਲ ਕੇ ਦੱਖਣੀ ਕੋਰੀਆ ਦੀ ਟੀਮ ਨੂੰ ਸ਼ਿਕਸਤ ਦਿੱਤੀ ਅਤੇ ਮਿਕਸਡ ਕੈਟਾਗਿਰੀ ਵਿਚ ਵੀ ਸੋਨ ਤਗਮਾ ਦੇਸ਼ ਦੇ ਨਾਂਅ ਕੀਤਾ। ਭਾਰਤ ਦੀ ਹੋਣਹਾਰ ਬੇਟੀ ਮਨੂੰ ਚਾਹੇ ਕਿ ਪਿਸਤੌਲ ਨਿਸ਼ਾਨੇਬਾਜ਼ੀ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਖੇਡਣ ਤੋਂ ਵਾਕਿਫ਼ ਹੈ ਪਰ ਉਸ ਨੂੰ ਦਸ ਮੀਟਰ ਹਵਾਈ ਮੁਕਾਬਲੇ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ। ਸੰਸਾਰ ਪੱਧਰ ਦੀ ਮੌਜੂਦਾ ਰੈਂਕਿੰਗ ਵਿਚ ਦੂਜੇ ਸਥਾਨ ਉੱਤੇ ਬਿਰਾਜਮਾਨ ਮਨੂੰ ਭਾਕਰ ਹੁਣ ਤੱਕ ਦੇਸ਼ ਲਈ ਸੋਨੇ ਦੇ ਕਰੀਬ 18 ਅਤੇ ਚਾਂਦੀ ਦੇ ਚਾਰ ਤਗਮੇ ਜਿੱਤ ਕੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਭਾਰਤ ਦਾ ਨਾਂਅ ਰੌਸ਼ਨ ਕਰ ਰਹੀ ਹੈ। ਭਾਰਤ ਦੇ ਕੌਮੀ ਰਾਈਫਲ ਸੰਗਠਨ ਵਲੋਂ ਟੋਕੀਓ ਵਿਖੇ ਖੇਡੀਆਂ ਗਈਆਂ ਉਲੰਪਿਕ ਖੇਡਾਂ ਵਿਚ ਭਾਗ ਲੈਣ ਲਈ ਐਲਾਨੀ ਗਈ ਨਿਸ਼ਾਨੇਬਾਜ਼ੀ ਦੀ ਚੌਦਾਂ ਮੈਂਬਰਾਂ ਦੀ ਟੋਲੀ ਵਿਚ ਮਨੂੰ ਭਾਕਰ ਦਾ ਨਾਂਅ ਵਿਸ਼ੇਸ਼ ਰੂਪ ਵਿਚ ਸ਼ਾਮਿਲ ਕੀਤਾ ਗਿਆ ਸੀ। ਭਾਰਤ ਦੇ ਲੋਕਾਂ ਨੂੰ ਅਤੇ ਖ਼ਾਸ ਕਰਕੇ ਖੇਡ ਪ੍ਰੇਮੀਆਂ ਨੂੰ ਉਸ ਕੋਲੋਂ ਬਹੁਤ ਉਮੀਦਾਂ ਸਨ। ਵਿਸ਼ਵ ਨਿਸ਼ਾਨੇਬਾਜ਼ੀ ਦੇ ਦੂਜੇ ਰੈਂਕ ਦੀ ਮਨੂੰ ਭਾਕਰ ਨੂੰ ਉਦੋਂ ਇਕ ਵੱਡਾ ਝਟਕਾ ਲੱਗਾ ਜਦੋਂ ਟੋਕੀਓ ਉਲੰਪਿਕ ਦੇ 10 ਮੀਟਰ ਹਵਾਈ ਪਿਸਤੌਲ ਫਾਈਨਲ ਮੁਕਾਬਲੇ ਵਿਚ ਉਸ ਦੀ ਪਿਸਤੌਲ ਵਿਚ ਖਰਾਬੀ ਆ ਗਈ। ਨਤੀਜੇ ਵਜੋਂ ਉਸ ਨੂੰ ਖਾਲੀ ਹੱਥ ਘਰ ਵਾਪਸ ਆਉਣਾ ਪਿਆ, ਜਦਕਿ ਭਾਰਤ ਦੇ ਖੇਡ ਪ੍ਰੇਮੀ ਉਸ ਕੋਲੋਂ ਸੋਨ ਤਗਮੇ ਦੀ ਆਸ ਲਗਾਈ ਬੈਠੇ ਸਨ।

 

-