ਮਾਂ ਬੋਲੀ ਪੰਜਾਬੀ : ਸਦਾ ਮੁਹੱਬਤ

ਮਾਂ ਬੋਲੀ ਪੰਜਾਬੀ : ਸਦਾ ਮੁਹੱਬਤ

ਮਾਂ ਬੋਲੀ ਬਾਰੇ ਵਿਚਾਰ

ਸੰਸਾਰ ਵਿੱਚ ਰੰਗ, ਨਸਲ, ਬੋਲੀ, ਧਰਮ ਆਦਿ ਦੇ ਪੱਖ ਤੋਂ ਅਨੇਕਾਂ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਜਿਵੇਂ ਇਕੋ ਬਾਗ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨੇਕਾਂ ਫ਼ੁੱਲ ਖਿੜ੍ਹੇ ਹੁੰਦੇ ਹਨ ਅਤੇ ਸਾਰੇ ਹੀ ਮਹਿਕਾਂ ਛੱਡ ਰਹੇ ਹਨ। ਭਾਰਤ ਨੂੰ ਵੀ ਵਿਭਿੰਨਤਾਵਾਂ ਦਾ ਦੇਸ਼ ਕਿਹਾ ਜਾਂਦਾ ਹੈ। ਕਿਉਂਕਿ ਇੱਥੇ ਵੀ ਵੱਖ-ਵੱਖ ਸੱਭਿਆਚਾਰ, ਬੋਲੀ, ਧਰਮਾਂ ਦੇ ਲੋਕ ਰਹਿੰਦੇ ਹਨ। ਅਨੇਕਤਾ ਵਿੱਚ ਏਕਤਾ ਦਾ ਅਨੋਖਾ ਮੇਲ ਇਸ ਦੇਸ਼ ਵਿਚੋਂ ਵੇਖਣ ਨੂੰ ਮਿਲਦਾ ਹੈ। ਇਸੇ ਧਰਤੀ ਉੱਤੇ ਪੰਜਾਬੀ ਬੋਲੀ ਦਾ ਜਨਮ ਹੋਇਆ। ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਅੱਜ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਗੱਲ ਕਰ ਰਹੇ ਹਾਂ।

ਦੁਨੀਆਂ ਵਿੱਚ ਸਾਡੀ ਹੋਂਦ ਨੂੰ ਰੂਪਮਾਨ ਕਰਦੀ ਮਾਂ ਬੋਲੀ ਪੰਜਾਬੀ ਨਾ ਸਿਰਫ਼ ਸਾਡੀ ਮਾਂ ਦੀ ਬੋਲੀ ਹੈ ਬਲਕਿ ਸੰਤਾਂ, ਗੁਰੂਆਂ, ਪੀਰਾਂ, ਫ਼ਕੀਰਾਂ, ਸ਼ਾਇਰਾਂ ਅਤੇ ਯੋਧਿਆਂ ਦੀ ਵੀ ਬੋਲੀ ਹੈ। ਇਸ ਬੋਲੀ ਵਿੱਚ ਮਹਾਨ ਗ੍ਰੰਥ ਰਚੇ ਗਏ, ਸਮੇਂ ਦੇ ਨਾਲ ਬਦਲਾਵ ਨੂੰ ਆਪਣੇ ਕਲਾਵੇ ’ਚ ਲੈਂਦੀ ਸਾਡੀ ਮਾਂ ਬੋਲੀ ਪੰਜਾਬੀ ਮੋਹ, ਪਿਆਰ ਦੀਆਂ ਤੰਦਾਂ ’ਚ ਬੱਝੀ ਹੋਈ ਮਹਾਨ ਵਿਰਾਸਤ ਨੂੰ ਸਾਂਭੀ ਬੈਠੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਵਿਰਸੇ ਦੀ ਮਾਂ ਬੋਲੀ ਪੰਜਾਬੀ ਕਿਸੇ ਮਹਾਰਾਣੀ ਤੋਂ ਘੱਟ ਨਹੀਂ।  ਕਿਹਾ ਜਾਂਦਾ ਹੈ ਕਿ ਸ਼ਬਦ ਪਹਾੜਾਂ ਵਿੱਚ ਕਾਂਬਾ ਛੇੜ ਸਕਦੇ ਹਨ ਤੇ ਸਮੁੰਦਰਾਂ ਵਿੱਚ ਅੱਗ ਲਾ ਸਕਦੇ ਹਨ ਪਰ ਇਨ੍ਹਾਂ ਬੋਲਾਂ ਦਾ ਅਸਰ ਤਦ ਹੀ ਹੁੰਦਾ ਹੈ ਜਦੋਂ ਇਹ ਮਾਂ ਬੋਲੀ ਵਿੱਚ ਹੋਣ ਜੇ ਅਜਿਹਾ ਨਾ ਹੁੰਦਾ ਤਾਂ ਬੁੱਧ ਸੰਸਕ੍ਰਿਤ ਵਿੱਚ ਹੀ ਆਪਣੇ ਬੋਲਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਤੇ ਨਾਨਕ ਵੀ ਪੰਜਾਬੀ ਦੀ ਵਰਤੋਂ ਨਾ ਕਰਦੇ। ਮਾਂ ਬੋਲੀ ਵਿੱਚ ਆਖੇ ਗਏ ਸ਼ਬਦ ਦਿਲ ਟੁੰਬਵੇਂ ਅਤੇ ਸਿੱਧਾ ਅਸਰ ਕਰਨ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਹਰ ਕੋਈ ਸਮਝ ਸਕਦਾ ਹੈ। ਬੋਲੀ ਸਮਾਜ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮਾਂ ਬੋਲੀ ਸਾਡੇ ਰਗਾਂ ਵਿਚ ਵੱਸੀ ਹੋਈ ਹੈ, ਭਾਵੇਂ ਅਸੀਂ ਵੇਖਾ-ਵੇਖੀ ਆਪਣੇ ਬੋਲਾਂ ਉੱਤੇ ਦੂਜੀਆਂ ਭਾਸ਼ਾਵਾਂ ਦਾ ਲੇਪ ਚੜ੍ਹਾ ਕੇ ਬੋਲਦੇ ਹਾਂ ਪਰ ਇਸ ਸੱਚ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਇੰਞ ਕਰਦੇ ਅਸੀਂ ਬਿਲਕੁਲ ਝੂਠੇ ਤੇ ਨਕਲੀ ਲਗਦੇ ਹਾਂ।   

ਸਮੇਂ ਦੇ ਬਦਲਾਵਾਂ ਨੂੰ ਸਹਿੰਦੇ ਹੋਏ ਅੱਜ ਪੰਜਾਬੀ ਦਾ ਰੂਪ ਵਿਗੜਦਾ ਜਾ ਰਿਹਾ ਹੈ। ਅੱਜ ਅਸੀਂ ਫੋਕੀ ਸ਼ਾਨੋ ਸ਼ੌਕਤ ਲਈ ਪੰਜਾਬੀ ਬੋਲਣ ਵਿੱਚ ਆਪਣੀ ਹੱਤਕ ਸਮਝਦੇ ਹਾਂ। ਆਪਣੀ ਬੋਲੀ ਨਾਲ ਪਿਆਰ, ਜ਼ਜ਼ਬਾਤ, ਗੂੜ੍ਹ- ਰਿਸ਼ਤੇ ਤੇ ਭਾਵ ਜੁੜੇ ਹੁੰਦੇ ਹਨ। ਭਾਵੇਂ ਅਸੀਂ ਦੁਨੀਆਂ ਦੀ ਆਪੋ-ਧਾਪੀ ਦੀ ਦੌੜ ਵਿੱਚ ਦੂਜੀਆਂ ਭਾਸ਼ਾਵਾਂ ਨੂੰ ਬਿਨਾਂ ਸੋਚੇ ਸਮਝੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਹਾਂ ਪਰ ਇਸਦੇ ਅਸਰ ਬਹੁਤ ਗਹਿਰੇ ਹਨ। ਮਾਂ ਬੋਲੀ ਨਾਲੋਂ ਟੁੱਟਣ ਨਾਲ ਅਸੀਂ ਆਪਣੀ ਮਾਂ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ। ਅੱਜ-ਕੱਲ੍ਹ ਬੱਚਿਆਂ ਦਾ ਆਪਣੇ ਮਾਤਾ-ਪਿਤਾ ਨਾਲ ਵੀ ਪਹਿਲਾਂ ਵਰਗਾ ਮੋਹ ਨਹੀਂ ਰਿਹਾ ਸ਼ਾਇਦ ਇਹ ਬੋਲੀ ਨੂੰ ਵਿਸਰ ਜਾਣ ਕਰ ਕੇ ਹੋ ਰਿਹਾ ਹੈ। ਜਿਸ ਕਾਰਨ ਸਮਾਜ ਵਿੱਚ ਵੀ ਉੱਥਲ-ਪੁੱਥਲ ਵੇਖੀ ਜਾ ਸਕਦੀ ਹੈ। ਅੱਜ ਕੱਲ੍ਹ ਬੱਚਿਆਂ ਨੂੰ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਤੱਕ ਲਗਾ ਦਿੱਤਾ ਜਾਂਦਾ ਹੈ, ਇਹ ਮਾਂ ਬੋਲੀ ਤੇ ਕੀਤੇ ਜਾ ਰਹੇ ਜ਼ੁਲਮ ਦੀ ਹੱਦ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਇਸ ਸਭ ਤੇ ਚੁੱਪ ਵੱਟ ਕੇ ਬੈਠੇ ਹਾਂ। ਦੂਜੀਆਂ ਬੋਲੀਆਂ ਸਾਡੇ ਰਿਸ਼ਤਿਆਂ ਅਤੇ ਸਾਡੀ ਬੋਲੀ ਨੂੰ ਵੀ ਖਾ ਗਈਆਂ ਹਨ। ਪੰਜਾਬੀ ਨੂੰ ਬੁੱਢੀ ਭਾਸ਼ਾ ਕਹਿ ਕੇ ਨਕਾਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਵਿੱਚ ਵੀ ਬੱਚਿਆਂ ਉੱਤੇ ਦੂਜੀਆਂ ਭਾਸ਼ਾਵਾਂ ਥੋਪੀਆਂ ਜਾਂਦੀਆਂ ਹਨ। ਪਤਾ ਨਹੀਂ ਸੰਸਾਰ ਵਿੱਚ ਇਹ ਹੋੜ ਕਿਉਂ ਆ ਗਈ ਹੈ ਕਿ ਸਭ ਨੂੰ ਇਕੋ ਰੰਗਤ ਵਿੱਚ ਰੰਗਣ ਦੀ ਕੋਸ਼ਿਸ਼ ਚੱਲ ਪਈ ਹੈ। ਅਸੀਂ ਸਭ ਜਾਣ ਕੇ ਵੀ ਇਸ ਹੋੜ ਦਾ ਹਿੱਸਾ ਬਣ ਰਹੇ ਹਾਂ ਅਤੇ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਇਹ ਗੱਲ ਜੱਗ ਜ਼ਾਹਿਰ ਹੈ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ, ਇਤਿਹਾਸ ਆਪਣੀ ਬੋਲੀ ਨੂੰ ਭੁੱਲ ਜਾਂਦੀਆਂ ਹਨ ਉਹ ਦੁਨੀਆਂ ਦੇ ਨਕਸ਼ੇ ਵਿਚੋਂ ਮਿਟ ਜਾਂਦੀਆਂ ਹਨ।

ਆਓ ਤੁਸੀਂ, ਅਸੀਂ ਤੇ ਆਪਾ ਸਾਰੇ ਰਲ ਕੇ ਮਾਂ ਬੋਲੀ ਦੇ ਸੱਚੇ ਪੁੱਤਰ ਤੇ ਧੀਆਂ ਬਣ ਕੇ ਹੰਭਲਾ ਮਾਰੀਏ ਤੇ ਮਰਦੀ ਮਰਦੀ ਆਪਣੀ ਪੰਜਾਬੀ ਬੋਲੀ ਨੂੰ ਬਚਾ ਲਈਏ।

 

   ਸਤਿੰਦਰ ਕੌਰ ਸਾਰੰਗ