ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਵਾਲਾ ਦੀਪ ਸਿੱਧੂ

ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਵਾਲਾ ਦੀਪ ਸਿੱਧੂ

ਸਿੱਖਾਂ ਨੂੰ ਲਗਾਤਾਰ ਉਤਪੀੜਨ ਦਾ ਸਾਹਮਣਾ ਕਰਨਾ ਪਿਆ

ਫਿਲਮੀ ਅਦਾਕਾਰ, ਸਰਗਰਮ ਕਾਰਕੁੰਨ ਅਤੇ ਪੇਸ਼ੇ ਵਜੋਂ ਵਕੀਲ ਦੀਪ ਸਿੱਧੂ, ਦੀ ਬੀਤੇ ਦਿਨੀਂ  ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।ਮੁਕਤਸਰ ਨਾਲ ਸੰਬੰਧਿਤ ਇਸ ਅਦਾਕਾਰ ਨੂੰ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਦੇ ਰੂਪ ਵਿਚ ਦੇਖਿਆ ਗਿਆ।ਮਲੇਰਕੋਟਲਾ ਦੇ ਅਮਰਗੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਸਮਰਥਨ ਵਿਚ ਪ੍ਰਚਾਰ ਕਰਦਿਆਂ ਦੀਪ ਸਿੱਧੂ ਦੀ ਵੀਡਿਓ ਉਸ ਦੀ ਮੌਤ ਤੋਂ ਬਾਅਦ ਕਾਫੀ ਵਾਇਰਲ ਹੋ ਚੁੱਕੀ ਹੈ।ਇਸ ਵੀਡਿਓ ਵਿਚ ਉਸ ਨੇ ਇਕ ਹੱਥ ਵਿਚ ਕਿਰਪਾਨ ਅਤੇ ਦੂਜੇ ਵਿਚ ਝਾੜੂ ਫੜਿਆ ਹੋਇਆ ਹੈ।ਉਹ ਵੋਟਰਾਂ ਨੂੰ ਇਸ ਗੱਲ ਦਾ ਨਿਰਣਾ ਲੈਣ ਲਈ ਆਖ ਰਿਹਾ ਹੈ ਕਿ ਉਨ੍ਹਾਂ ਨੇ ਕਿਰਪਾਨ ਚੁਣਨੀ ਹੈ ਜਾਂ ਝਾੜੂ? ਜਿਸ ਤਰਾਂ ਉਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਛੋਹਿਆ ਹੈ, ਇਹ ਤੱਥ ਪੇਂਡੂ ਖੇਤਰਾਂ ਵਿਚ ਆਮ ਆਦਮੀ ਪਾਰਟੀ ਦੇ ਵਿਰੁੱਧ ਭੁਗਤ ਸਕਦਾ ਹੈ।ਭਾਵੇਂ ਕਿ ਦੀਪ ਸਿੱਧੂ ਦੀ ਮੌਤ ਇਕ ਕਾਰ ਐਕਸੀਡੈਂਟ ਵਿਚ ਹੋਈ ਹੈ, ਸਿੱਖਾਂ ਦਾ ਇਕ ਵੱਡਾ ਤਬਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ।ਉਹ ਇਸ ਨੂੰ ਇਕ ਸਾਜਿਸ਼ ਗਰਦਾਨ ਦੇ ਰਹੇ ਹਨ ਜੋ ਕਿ ਇਸ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ ਕਿ ਸਿੱਖਾਂ ਨੂੰ ਲਗਾਤਾਰ ਉਤਪੀੜਨ ਦਾ ਸਾਹਮਣਾ ਕਰਨਾ ਪਿਆ ਹੈ। ਇਹ ਸਿੱਖ ਵੋਟ ਦਾ ਨਿਰਣਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।ਜਿਸ ਤਰਾਂ ਦੀਪ ਸਿੱਧੂ ਨੇ ਪੰਜਾਬ ਦੇ ਪਾਣੀਆਂ, ਕਿਸਾਨਾਂ ਦੀਆਂ ਸਮੱਸਿਆਵਾਂ, ਬੇਅਦਬੀ ਅਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਉਠਾਇਆ, ਇਸ ਨੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਟੁੰਬਿਆ।2020 ਦੇ ਮੱਧ ਵਿਚ ਜਦੋਂ ਕਿਸਾਨ ਅੰਦੋਲਨ ਅਜੇ ਆਪਣਾ ਰੂਪ ਲੈ ਹੀ ਰਿਹਾ ਸੀ ਤਾਂ ਦੀਪ ਸਿੱਧੂ ਦੇ ਕਾਫੀ ਸਮਰਥਕ ਪੰਜਾਬ ਵਿਚ ਪੈਦਾ ਹੋ ਗਏ ਸਨ।ਕਾਨੂੰਨੀ ਪਿਛੋਕੜ ਹੋਣ ਕਰਕੇ ਦੀਪ ਸਿੱਧੂ ਰਾਜਨੀਤਿਕ ਮੁੱਦਿਆਂ, ਖਾਸ ਕਰਕੇ ਪੰਜਾਬ ਨਾਲ ਸੰਬੰਧਿਤ, ਬਾਰੇ ਖੁਲ ਕੇ ਬੋਲਦਾ ਸੀ।ਕਿਸਾਨ ਅੰਦੋਲਨ ਨਾਲ ਜੁੜੇ ਹੋਣ ਦੌਰਾਨ ਪਹਿਲਾਂ ਉਸ ਨੇ ਅੰਦੋਲਨਕਾਰੀਆਂ ਦਾ ਸਮਰਥਨ ਕੀਤਾ ਅਤੇ ਫਿਰ ਉਸ ਨੇ ਆਪਣਾ ਅਲੱਗ ਮੋਰਚਾ ਲਗਾ ਲਿਆ ਜਿਸ ਵਿਚ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅਵਾਜ਼ ਉਠਾਉਂਦੇ ਹੋਏ ਉਸ ਨੇ ਬਾਅਦ ਵਿਚ ਸੰਵਿਧਾਨ ਵਿਚ ਸੰਘੀ ਢਾਂਚੇ ਦਾ ਮੁੱਦਾ ਉਠਾਇਆ।

ਪੰਜਾਬ ਅਤੇ ਹਰਿਆਣਾ ਦੀ ਸਰਹੱਦ ਸ਼ੰਭੂ ਉੱਪਰ ਭਾਵਨਾਵਾਂ ਦਾ ਹੜ੍ਹ ਵਹਿ ਆਇਆ ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋ ਗਏ।ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਵਾਲੀ ਐਂਬੂਲੈਂਸ ਦੇ ਨਾਲ-ਨਾਲ ਪੰਜਾਬ ਨੰਬਰ ਵਾਲੀਆਂ ਗੱਡੀਆਂ ਅਤੇ ਮੋਟਰਸਾਈਕਲ ਚੱਲ ਰਹੇ ਸਨ ਅਤੇ ਵਾਹਨ ਉੱਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਨੌਜਵਾਨ ਉਸ ਨੂੰ ਸ਼ਹੀਦ ਗਰਦਾਨਦੇ ਹੋਏ ਦੀਪ ਸਿੱਧੂ ਜ਼ਿੰਦਾਬਾਦ’, ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’, ‘ਦੀਪ ਸਿੱਧੂ ਅਮਰ ਰਹੇ’, ‘ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’, ‘ਰਾਜ ਕਰੇਗਾ ਖਾਲਸਾਅਤੇ ਖਾਲਿਸਤਾਨ ਜ਼ਿੰਦਾਬਾਦਦੇ ਨਾਅਰੇ ਲਗਾ ਰਹੇ ਸਨ।ਦੀਪ ਸਿੱਧੂ ਦੇ ਸਸਕਾਰ ਅਤੇ ਉਸ ਤੋਂ ਬਾਅਦ ਭੋਗ ਉੱਪਰ ਹੋਇਆ ਭਾਰੀ ਇਕੱਠ ਸਿੱਖ ਨੌਜਵਾਨਾਂ ਅੰਦਰ ਚੱਲ ਰਹੇ ਅੰਤਰਪ੍ਰਵਾਹ ਦੀ ਤਰਜਮਾਨੀ ਕਰਦਾ ਹੈ ਜਿਸ ਤੋਂ ਲੱਗਦਾ ਹੈ ਕਿ ਸਿੱਖਾਂ, ਖਾਸਕਰ ਨੌਜਵਾਨਾਂ, ਵਿਚ ਇਕ ਵਿਰੋਧ ਅਤੇ ਗੁੱਸੇ ਦੀ ਭਾਵਨਾ ਹੈ ਜੋ ਕਿ ਸਿੱਖ ਮੁੱਦਿਆਂ ਨੂੰ ਮਜਬੂਤ ਅਤੇ ਸਹੀ ਦਿਸ਼ਾ ਲਈ ਚਿਹਰੇ ਦੀ ਭਾਲ ਵਿਚ ਹਨ।

 

      ਰਣਜੀਤ ਕੁਕੀ