ਕਰਨਾਟਕ ਵਿਚ ਹਿਜਾਬ ਦਾ ਮਸਲਾ ਬਨਾਮ ਪੱਗ 

ਕਰਨਾਟਕ ਵਿਚ ਹਿਜਾਬ ਦਾ ਮਸਲਾ ਬਨਾਮ ਪੱਗ 

ਮੁਸਲਿਮ  ਔਰਤਾਂ ਨੂੰ ਨਿਸ਼ਾਨਾ ਬਣਾਉਣਾ ਦੁਸ਼ਮਣ ਵਿਤਕਰੇਦੀ ਮਿਸਾਲ

ਕਰਨਾਟਕ ਦੇ ਕਈ ਹਿੱਸਿਆਂ ਵਿਚ ਹਿਜਾਬ ਵਿਵਾਦ ਜਾਰੀ ਹੈ । ਸਰਕਾਰ ਹਿਜਾਬ ਵਿਵਾਦ 'ਤੇ ਸਖਤ ਮੂਡ ਵਿਚ ਨਜ਼ਰ ਆ ਰਹੀ ਹੈ।  ਕਰਨਾਟਕ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਦੁਆਰਾ ਚਲਾਏ ਜਾ ਰਹੇ ਘੱਟ ਗਿਣਤੀ ਵਿਦਿਅਕ ਅਦਾਰਿਆਂ ਵਿੱਚ ਵੀ ਹਿਜਾਬ ਪਹਿਨਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ  ਕਰਨਾਟਕ ਘੱਟ ਗਿਣਤੀ ਕਲਿਆਣ ਵਿਭਾਗ ਨੇ ਅਗਲੇ ਹੁਕਮਾਂ ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਭਗਵੇਂ ਸ਼ਾਲ, ਸਕਾਰਫ਼, ਹਿਜਾਬ ਆਦਿ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ।ਹਿਜਾਬ ਵਿਵਾਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਖ਼ਿਲਾਫ਼ ਟੁਮਕੁਰੂ ਜ਼ਿਲ੍ਹੇ ਵਿਚ ਪਹਿਲੀ ਐੱਫਆਈਆਰ ਦਰਜ ਕੀਤੀ ਗਈ ਹੈ। ਐਮਪ੍ਰੈੱਸ ਕਾਲਜ ਦੀ ਪ੍ਰਿੰਸੀਪਲ ਨੇ 15 ਤੋਂ 20 ਵਿਦਿਆਰਥਣਾਂ ਖ਼ਿਲਾਫ਼ ਹੁਕਮ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਂਜ ਇਸ ਐੱਫਆਈਆਰ ਵਿਚ ਕਿਸੇ ਵਿਦਿਆਰਥਣ ਦਾ ਨਾਮ ਦਰਜ ਨਹੀਂ ਹੈ। ਉਧਰ ਵਿਜੈਪੁਰਾ ਜ਼ਿਲ੍ਹੇ ਦੇ ਇੰਦੀ ਕਾਲਜ ਦੀ ਪ੍ਰਿੰਸੀਪਲ ਨੇ ਹਿੰਦੂ ਵਿਦਿਆਰਥਣ ਦੇ ਸਿੰਧੂਰ ਲਗਾ ਕੇ ਆਉਣ ਤੇ ਉਸ ਨੂੰ ਅੰਦਰ ਨਾ ਦਾਖ਼ਲ ਹੋਣ ਦਿੱਤਾ। ਜਦੋਂ ਮਾਮਲਾ ਭਖ ਗਿਆ ਤਾਂ ਪੁਲੀਸ ਦੇ ਦਖ਼ਲ ਨਾਲ ਉਸ ਨੂੰ ਜਮਾਤ ਅੰਦਰ ਦਾਖ਼ਲ ਹੋਣ ਦਿੱਤਾ ਗਿਆ। ਸ੍ਰੀਰਾਮ ਸੈਨਾ ਦੇ ਬਾਨੀ ਪ੍ਰਮੋਦ  ਨੇ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਉਸ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਬੇਲਗਾਵੀ ਜ਼ਿਲ੍ਹੇ ਦੇ ਖਾਨਪੁਰਵਾ ਨੰਦਗੜ੍ਹ ਕਾਲਜ ਵਿਚ ਭਗਵਾ ਸ਼ਾਲਾਂ ਲੈ ਕੇ ਆਏ ਵਿਦਿਆਰਥੀਆਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ।  ਕਰਨਾਟਕ ਸਰਕਾਰ ਦੇ ਹੁਕਮਾਂ ਅਤੇ ਕਰਨਾਟਕ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਦੇ ਬਾਵਜੂਦ ਵਿਦਿਆਰਥਣਾਂ ਹਿਜਾਬ ਪਹਿਨ ਕੇ ਸਕੂਲਾਂ ਤੇ ਕਾਲਜਾਂ ਵਿਚ ਆਈਆਂ, ਜਿਥੇ ਉਨ੍ਹਾਂ ਨੂੰ ਇਸ ਨੂੰ ਹਟਾਉਣ ਲਈ ਕਿਹਾ ਗਿਆ ।  ਹਿਜਾਬ ਉਤਾਰਨ ਤੋਂ ਇਨਕਾਰ ਕਰਨ ਤੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਪ੍ਰਸ਼ਾਸਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਰਾਲਕੋਪਾ ਵਿਖੇ ਲਗਪਗ 58 ਵਿਦਿਆਰਥਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਦਾਵਨਗਿਰੀ ਜ਼ਿਲ੍ਹੇ ਦੇ ਹਰੀਹਰ ਸਥਿਤ ਐਸ. ਜੇ. ਵੀ. ਪੀ. ਕਾਲਜ ਵਿਚ ਵੀ ਹਿਜਾਬ ਪਹਿਨਣ ਵਾਲੀਆਂ ਲੜਕੀਆਂ ਨੂੰ ਦਾਖਲੇ ਤੋਂ ਰੋਕ ਦਿੱਤਾ ਗਿਆ ।ਬਲਾਰੀ ਵਿਚ ਮੁਸਲਿਮ ਵਿਦਿਆਰਥਣਾਂ ਦੇ ਇਕ ਸਮੂਹ ਨੂੰ ਸਰਲਾ ਦੇਵੀ ਕਾਲਜ ਦੇ ਅੰਦਰ ਹਿਜਾਬ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਕੋਪਲ ਜ਼ਿਲ੍ਹੇ ਦੇ ਗੰਗਾਵਤੀ ਸਥਿਤ ਸਰਕਾਰੀ ਕਾਲਜ ਵਿਚ ਵੀ ਵਿਦਿਆਰਥਣਾਂ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ।ਕਰਨਾਟਕ ਪੁਲੀਸ ਨੇ ਕਲਬੁਰਗੀ ਵਿਚ ਕਾਂਗਰਸ ਆਗੂ ਮੁਕੱਰਮ ਖ਼ਾਨ ਵੱਲੋਂ ਵਿਵਾਦਤ ਟੁੱਕੜੇ ਟੁੱਕੜੇਬਿਆਨ ਦੇਣ ਤੇ ਐੱਫਆਈਆਰ ਦਰਜ ਕੀਤੀ ਹੈ। ਉਸ ਨੇ ਕਿਹਾ ਸੀ ਕਿ ਹਿਜਾਬ ਦੇ ਮੁੱਦੇ ਤੇ ਜੇਕਰ ਕੋਈ ਵਿਰੋਧ ਕਰੇਗਾ ਤਾਂ ਉਸ ਦੇ ਟੁੱਕੜੇ-ਟੁੱਕੜੇ ਕਰ ਦਿੱਤੇ ਜਾਣਗੇ। 

ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਰਨਾਟਕ  ਹਾਈ ਕੋਰਟ ਵਿਚ ਹਿਜਾਬ ਮਾਮਲੇ  ਵਿਚ ਸੁਣਵਾਈ ਹੋਈ। ਇਸ ਦੌਰਾਨ ਪਟੀਸ਼ਨਕਰਤਾਵਾਂ ਦੇ ਵਕੀਲ ਨੇ ਕਿਹਾ ਕਿ ਸਰਕਾਰ ਵੱਲੋਂ ਸਕਾਰਫ਼ ਲਈ ਮੁਸਲਿਮ  ਔਰਤਾਂ ਨੂੰ ਨਿਸ਼ਾਨਾ ਬਣਾਉਣਾ ਦੁਸ਼ਮਣ ਵਿਤਕਰੇਦੀ ਮਿਸਾਲ ਹੈ। ਇਸ ਦੌਰਾਨ ਉਨ੍ਹਾਂ ਹਿੰਦੂ, ਸਿੱਖ ਅਤੇ ਈਸਾਈ ਭਾਈਚਾਰੇ ਵੱਲੋਂ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਦਾ ਵੀ ਜ਼ਿਕਰ ਕੀਤਾ। ਵਕੀਲ ਨੇ ਕਿਹਾ ਕਿ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਲਈ ਕੋਈ ਵਰਦੀ ਨਹੀਂ ਹੈ। ਨਾਲ ਹੀ, ਕਰਨਾਟਕ ਐਜੂਕੇਸ਼ਨ ਐਕਟ 1983 ਦੇ ਤਹਿਤ, ਅਜਿਹਾ ਕੋਈ ਨਿਯਮ ਨਹੀਂ ਹੈ, ਜੋ ਹਿਜਾਬ ਪਹਿਨਣ 'ਤੇ ਪਾਬੰਦੀ ਲਗਾਉਂਦਾ ਹੈ। ਕਰਨਾਟਕ ਦੇ ਸਾਬਕਾ ਐਡਵੋਕੇਟ ਜਨਰਲ ਰਵੀ ਵਰਮਾ  ਨੇ ਹਾਈ ਕੋਰਟ ਦੀ ਬੈਂਚ ਨੂੰ ਦੱਸਿਆ ਕਿ ਹਿਜਾਬ ਪਹਿਨਣ ਵਾਲੀਆਂ ਮੁਸਲਿਮ ਕੁੜੀਆਂ ਨੂੰ ਕਲਾਸਾਂ ਵਿੱਚ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਧਰਮ ਦੇ ਆਧਾਰ 'ਤੇ ਵਿਤਕਰਾ ਹੈ, ਜਿਸ ਦੀ ਸੰਵਿਧਾਨ ਦੀ ਧਾਰਾ 15 ਤਹਿਤ ਮਨਾਹੀ ਹੈ।ਕੁਮਾਰ ਨੇ ਅਦਾਲਤ ਨੂੰ ਕਿਹਾ, 'ਹਿੰਦੂ, ਸਿੱਖ ਅਤੇ ਈਸਾਈ ਦੇ ਆਪਣੇ ਧਾਰਮਿਕ ਚਿੰਨ੍ਹ ਹਨ।ਪਰ  ਹਿਜਾਬ ਨੂੰ ਪਾਬੰਦੀ ਲਈ ਕਿਉਂ ਚੁਣਿਆ ਗਿਆ? ਕੀ ਇਹ ਇਸਲਾਮ ਧਰਮ ਕਾਰਨ ਨਹੀਂ?’ ਉਸ ਨੇ ਅਦਾਲਤ ਨੂੰ ਪੁੱਛਿਆ, ‘ਕੀ ਸਾਨੂੰ ਸਿੱਖਾਂ ਲਈ ਦਸਤਾਰਾਂ ਤੇ ਪਾਬੰਦੀ ਲਾਉਣੀ ਚਾਹੀਦੀ ਹੈ? ਕੁਮਾਰ ਨੇ ਕਿਹਾ, "ਜੇ ਦਸਤਾਰ ਪਹਿਨਣ ਵਾਲੇ ਲੋਕ ਫੌਜ ਵਿੱਚ ਹੋ ਸਕਦੇ ਹਨ, ਤਾਂ ਧਾਰਮਿਕ ਚਿੰਨ੍ਹ ਪਹਿਨਣ ਵਾਲੇ ਵਿਅਕਤੀ ਨੂੰ ਕਲਾਸ ਵਿੱਚ ਆਉਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਸਕਦੀ।" 

 ਦੱਸ ਦੇਈਏ ਕਿ ਹਿਜਾਬ ਵਿਵਾਦ ਤੋਂ ਬਾਅਦ ਕਰਨਾਟਕ ਹਾਈ ਕੋਰਟ ਨੇ ਆਪਣੇ ਅੰਤਰਿਮ ਆਦੇਸ਼ ਵਿੱਚ ਕਿਹਾ ਹੈ ਕਿ ਹਿਜਾਬ, ਭਗਵਾ ਸ਼ਾਲ ਜਾਂ ਕਿਸੇ ਹੋਰ ਧਾਰਮਿਕ ਵਸਤੂ ਨੂੰ ਉਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਜਿੱਥੇ ਡਰੈੱਸ ਕੋਡ ਲਾਗੂ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵਿਦਿਅਕ ਅਦਾਰਿਆਂ ਵਿੱਚ ਧਾਰਮਿਕ ਪਹਿਰਾਵੇ ਦੀ ਮਨਾਹੀ ਵਾਲਾ ਸਰਕੂਲਰ ਵੀ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਕਰਨਾਟਕ ਦੇ ਗ੍ਰਹਿ ਮੰਤਰੀ ਅਰੰਗਾ ਜਨੇਂਦਰਾ ਨੇ ਵੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਚਿਤਾਵਨੀ ਦਿੱਤੀ ਸੀ ਕਿ ਅਦਾਲਤ ਦੇ ਅੰਤਰਿਮ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇਗੀ।ਭਾਵੇਂ ਕਰਨਾਟਕਾ ਸਰਕਾਰ ਦਾ ਹਿਜਾਬ ਬਾਰੇ ਫੈਸਲਾ ਗਲਤ ਹੈ ,ਪਰ ਮੁਸਲਮਾਨਾਂ ਤੇ ਇਸਦੇ ਵਕੀਲਾਂ ਨੂੰ ਦਸਤਾਰ ਦੀ ਪਾਬੰਦੀ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ। ਇਸਦੇ ਲਈ ਸੰਵਿਧਾਨਕ ਦਲੀਲ ਦਾ ਆਸਰਾ ਲੈਣਾ ਚਾਹੀਦਾ ਹੈ।  ਹਿਜਾਬ ਦੇ ਮਸਲੇ ਉਪਰ ਪੱਗ ਜਾਂ ਦਸਤਾਰ ਨੂੰ ਤਰਕ ਦਾ ਆਧਾਰ ਬਣਾਉਣ ਤੇ ਪਾਬੰਦੀ ਦੀ ਮੰਗ ਉਠਾਉਣ ਕਾਰਣ ਸਿਖ ਤੇ ਮੁਸਲਿਮ ਭਾਈਚਾਰੇ ਵਿਚ ਕੁੜਤਨ ਪੈਦਾ ਹੋਵੇਗੀ।ਹਾਲਾਂਕਿ ਕਿ ਕਰਨਾਟਕਾ ਸਰਕਾਰ ਨੇ ਸਪਸ਼ਟ ਕੀਤਾ ਕਿ ਪੱਗ ਸਿਖ ਲਈ ਪਛਾਣ ਤੇ ਹੋਂਦਾ ਦਾ ਮਸਲਾ ਹੈ।ਇਸ ਉਪਰ ਪਾਬੰਦੀ ਨਹੀਂ ਲਗਾਈ ਜਾ ਸਕਦੀ। ਅਸੀਂ ਸਮਝਦੇ ਹਾਂ ਕਿ ਹਿਜਾਬ ਉਪਰ ਪਾਬੰਦੀ ਲਗਾਉਣਾ ਮੁਸਲਮ ਭਾਈਚਾਰੇ ਨਾਲ ਵਿਤਕਰਾ ਹੈ।

ਚੀਨ ਨਾਲ ਭਾਰਤ ਦੇ ਰਿਸ਼ਤੇ ਮੁਸ਼ਕਲ ਦੌਰ ਵਿਚ

ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਦਾ ਮਾਮਲਾ ਹਮੇਸ਼ਾ ਹੀ ਸੰਵੇਦਨਸ਼ੀਲ ਰਿਹਾ ਹੈ। ਭਾਰਤ ਸਰਕਾਰ ਚੀਨ ਨਾਲ ਸੰਬੰਧਾਂ ਵਿਚ ਆਏ ਵਿਗਾੜ ਨੂੰ ਸਵੀਕਾਰ ਕਰ ਰਹੀ ਹੈ। ਹੁਣੇ ਜਿਹੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ  ਕਿਹਾ ਕਿ ਭਾਰਤ ਦੇ ਗੁਆਂਢੀ ਮੁਲਕ ਚੀਨ ਨਾਲ ਰਿਸ਼ਤੇ ਬਹੁਤ ਹੀ ਔਖੇ ਦੌਰਵਿਚੋਂ ਲੰਘ ਰਹੇ ਹਨ। ਮਿਊਨਿਖ ਸੁਰੱਖਿਆ ਕਾਨਫਰੰਸ ਵਿਚ ਜੈਸ਼ੰਕਰ ਨੇ ਕਿਹਾ ਕਿ ਪੇਈਚਿੰਗ ਨੇ ਫ਼ੌਜਾਂ ਨੂੰ ਸਰਹੱਦ ਉਤੇ ਲਿਆ ਕੇ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਾਨਫਰੰਸ ਵਿਚ ਕਿਹਾ ਕਿ ਭਾਰਤ ਨੂੰ ਅਸਲ ਕੰਟਰੋਲ ਰੇਖਾ ਤੇ ਚੀਨ ਨਾਲ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੈਸ਼ੰਕਰ ਨੇ ਕਿਹਾ, ‘45 ਸਾਲਾਂ ਤੱਕ ਸ਼ਾਂਤੀ ਸੀ। ਸਥਿਰ ਸਰਹੱਦੀ ਪ੍ਰਬੰਧਨ ਸੀ, ਸੰਨ 1975 ਤੋਂ ਸਰਹੱਦ ਉਤੇ ਕੋਈ ਫ਼ੌਜੀ ਜਵਾਨ ਸ਼ਹੀਦ ਨਹੀਂ ਹੋਇਆ ਸੀ। ਇਹ ਸਭ ਚੀਨ ਨੇ ਐਲਏਸੀ ਤੇ ਸੈਨਾ ਲਿਆ ਕੇ ਬਦਲ ਦਿੱਤਾ ਜਦਕਿ ਇਹ ਸਮਝੌਤਾ ਸੀ ਕਿ ਦੋਵਾਂ ਮੁਲਕਾਂ ਵਿਚੋਂ ਕੋਈ ਵੀ ਸਰਹੱਦ ਉਤੇ ਫ਼ੌਜ ਜਮ੍ਹਾਂ ਨਹੀਂ ਕਰੇਗਾ।ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੀ ਸੈਨਾ ਵਿਚਾਲੇ 15 ਜੂਨ, 2020 ਨੂੰ ਲੱਦਾਖ ਦੀ ਗਲਵਾਨ ਵਾਦੀ ਵਿਚ ਹਿੰਸਕ ਟਕਰਾਅ ਹੋਇਆ ਸੀ। ਜੈਸ਼ੰਕਰ ਨੇ ਪਿਛਲੇ ਹਫ਼ਤੇ ਮੈਲਬਰਨ ਵਿਚ ਵੀ ਐਲਏਸੀ ਦਾ ਮੁੱਦਾ ਉਠਾਇਆ ਸੀ। ਜੈਸ਼ੰਕਰ ਨੇ ਮਿਊਨਿਖ ਵਿਚ ਹੋਈ ਸੁਰੱਖਿਆ ਕਾਨਫਰੰਸ ਦੌਰਾਨ ਯੂਕਰੇਨ ਸੰਕਟ ਬਾਰੇ ਹੋਈ ਵਿਚਾਰ-ਚਰਚਾ ਵਿਚ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਨਾਟੋ ਮੁਲਕਾਂ ਤੇ ਰੂਸ ਵਿਚਾਲੇ ਯੂਕਰੇਨ ਮੁੱਦੇ ਉਤੇ ਟਕਰਾਅ ਵਧਦਾ ਜਾ ਰਿਹਾ ਹੈ। ਭਾਰਤ ਅਮਰੀਕਾ ਨਾਲ ਇਕਜੁੱਟ ਹੋੋਣ ਕਾਰਣ ਰੂਸ ਨਾਲ ਸੰਬੰਧ ਵਿਗੜਨਾ ਲਾਜ਼ਮੀ ਹੈ। ਇਸ ਨਾਲ ਭਾਰਤ ,ਚੀਨ ,ਨੇਪਾਲ ,ਪਾਕਿਸਤਾਨ ਨੂੂੰ ਰੂਸ ਸਮੇਤ ਦੁਸ਼ਮਣ ਬਣਾ ਲਵੇਗਾ। ਚੀਨ ਤੇ ਰੂਸ ਅਮਰੀਕਾ ਵਿਰੋੋੋਧੀ ਦੇਸ਼ਾਂ ਖਾਸ ਕਰਕੇੇ ਏਸ਼ੀਅਨ ਦੇੇੇਸ਼ਾਂਂ ਦੀ ਅਗਵਾਈ ਕਰ ਰਹੇ ਹਨ।ਯੂਰੋਪੀ ਤਾਕਤਾਂ ਪਹਿਲਾਂ ਹੀ ਹਿੰਦ-ਪ੍ਰਸ਼ਾਂਤ ਵਿਚ ਸਖ਼ਤ ਸਟੈਂਡ ਲੈ ਰਹੀਆਂ ਹਨ। ਭਾਰਤ ਵੀ ਇਹਨਾਂ ਦਾ ਸਹਿਯੋਗੀ ਹੈ।ਜਦ ਕਿ ਭਾਰਤ ਨੂੰ ਨਿਰਪਖ ਰਹਿਣਾ ਚਾਹੀਦਾ ਹੈ। 

 ਯਾਦ ਰਹੇ ਕਿ ਸਰਹੱਦ ਉੱਤੇ 45 ਸਾਲ ਤੱਕ ਸ਼ਾਂਤੀ ਰਹੀ ਹੈ। 1975 ਤੋਂ ਚੀਨ ਦੀ ਸਰਹੱਦ ਉੱਤੇ ਕੋਈ ਫ਼ੌਜੀ ਜਵਾਨ ਸ਼ਹੀਦ ਨਹੀਂ ਹੋਇਆ ਸੀ ਪਰ 15 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਹਿੰਸਕ ਟਕਰਾਅ ਦੌਰਾਨ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਸਨ। ਕੇਂਦਰ ਸਰਕਾਰ ਨੇ ਚੀਨ ਦੀਆ ਬਹੁਤ ਸਾਰੀਆਂ ਐਪਸ ਉੱਤੇ ਪਾਬੰਦੀ ਲਗਾਈ ਹੈ ਪਰ ਹਕੀਕਤ ਦਾ ਦੂਸਰਾ ਪਾਸਾ ਇਹ ਵੀ ਹੈ ਕਿ ਭਾਰਤ ਵਸਤਾਂ ਦਰਾਮਦ ਕਰਨ ਦੇ ਮਾਮਲੇ ਵਿਚ ਚੀਨ ਉੱਤੇ ਵੱਧ ਨਿਰਭਰ ਹੈ ਅਤੇ ਵਪਾਰ ਵਿਚ ਕੋਈ ਕਮੀ ਨਹੀਂ ਆਈ ਹੈ।ਪਿਛਲੇ ਦਿਨੀਂ ਡਾ. ਮਨਮੋਹਨ ਸਿੰਘ ਨੇ ਇਕ ਬਿਆਨ ਵਿਚ ਵਿਦੇਸ਼ ਨੀਤੀ ਬਾਰੇ ਕਿਹਾ ਸੀ ਕਿ ਬਿਨਾਂ ਸੱਦੇ ਕਿਸੇ ਦੇਸ਼ ਵਿਚ ਚਲੇ ਜਾਣ ਅਤੇ ਵਿਦੇਸ਼ੀ ਆਗੂਆਂ ਨੂੰ ਗਲਵੱਕੜੀ ਪਾ ਕੇ ਮਿਲਣ ਨਾਲ ਦੇਸ਼ਾਂ ਦੇ ਸੰਬੰਧ ਨਹੀਂ ਬਣਦੇ ਬਲਕਿ ਇਹ ਕੂਟਨੀਤਿਕ ਸਿਆਣਪ ਤੇ ਆਧਾਰਿਤ ਵਿਦੇਸ਼ ਨੀਤੀ ਰਾਹੀਂ ਸਿਰਜੇ ਜਾਂਦੇ ਹਨ। ਭਾਰਤ ਅੰਦਰ ਵੋਟ-ਬੈਂਕ ਸਿਆਸਤ ਕਾਰਨ ਬਹੁਤ ਵਾਰ ਪਾਕਿਸਤਾਨ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ।ਭਾਰਤ ਤੇ ਚੀਨ ਦੀਆਂ ਸਰਕਾਰਾਂ ਨੂੰ ਆਪਸੀ ਗੱਲਬਾਤ ਰਾਹੀਂ ਮੁੱਦੇ ਦਾ ਹੱਲ ਤਲਾਸ਼ਣ ਦਾ ਰਾਹ ਅਪਣਾਉਣਾ ਚਾਹੀਦਾ ਹੈ।   

 

ਰਜਿੰਦਰ ਸਿੰਘ ਪੁਰੇਵਾਲ