ਪੰਜਾਬ ਡੁੱਬ ਰਿਹਾ ਹੈ...
ਪੰਜਾਬ ਇਸ ਵੇਲੇ ਅਤਿ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ। ਪੰਜਾਬ ਦੀ ਆਰਥਿਕ ਸਥਿਤੀ ਬੇਹੱਦ ਡਾਵਾਂਡੋਲ ਹੈ। ਸਰਕਾਰ ਹਰ ਮਹੀਨੇ 3 ਤੋਂ 4 ਕਰੋੜ ਕਰਜ਼ਾ ਲੈ ਕੇ ਦਿਨ ਟਪਾ ਰਹੀ ਹੈ।
ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ। ਜਿਸ ਹਿਸਾਬ ਨਾਲ ਪੰਜਾਬ ਸਿਰ ਕਰਜ਼ਾ ਵਧ ਰਿਹਾ ਹੈ, 2027 ਵਿਚ ਨਵੀਂ ਚੁਣੀ ਜਾਣ ਵਾਲੀ ਸਰਕਾਰ ਲਈ ਸਰਕਾਰ ਚਲਾਉਣਾ ਬਹੁਤ ਵੱਡੀ ਚੁਣੌਤੀ ਹੋਵੇਗੀ। ਉਸ ਵੇਲੇ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਵਿਆਜ ਵੀ ਬਹੁਤ ਔਖੀ ਹੋ ਕੇ ਮੋੜਿਆ ਕਰੇਗੀ। ਵਿਕਾਸ ਗ਼ਾਇਬ ਹੋ ਜਾਵੇਗਾ।
ਪੰਜਾਬ ਦਾ ਸਮਾਜਿਕ ਤਾਣਾ-ਬਾਣਾ ਹੀ ਡਾਵਾਂਡੋਲ ਹੈ। ਸਾਡੀ ਆਪਸੀ ਸਾਂਝ ਟੁੱਟ ਰਹੀ ਹੈ। ਰਿਸ਼ਤੇ ਡਾਵਾਂਡੋਲ ਹਨ। ਨਵੀਂ ਪੀੜ੍ਹੀ ਨੂੰ ਪੰਜਾਬ 'ਚ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਸਾਰੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਜਵਾਨੀ ਦੀਆਂ ਇਨ੍ਹਾਂ ਉਡਾਰੀਆਂ ਕਾਰਨ ਪਿੰਡ ਖਾਲੀ ਹੋ ਰਹੇ ਹਨ। ਪਿੱਛੇ ਬੁੱਢੇ ਰਹਿ ਗਏ ਹਨ। ਭਵਿੱਖ ਵਿਚ ਬੁੱਢਿਆਂ ਦੀ ਦੇਖਭਾਲ ਦਾ ਮਸਲਾ ਵੀ ਖੜ੍ਹਾ ਹੋ ਜਾਵੇਗਾ। ਪੰਜਾਬੀਆਂ ਲਈ ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਵਰਗੇ ਸੂਬਿਆਂ ਵਿਚ ਘਰ ਜਾਂ ਹੋਰ ਕੋਈ ਵੀ ਜਾਇਦਾਦ ਖਰੀਦਣ ਦੀ ਮਨਾਹੀ ਹੈ। ਪੰਜਾਬੋਂ ਬਾਹਰਲੇ ਕੋਈ ਵੀ ਲੋਕ ਪੰਜਾਬ ਆ ਕੇ ਘਰ ਅਤੇ ਜਾਇਦਾਦ ਖਰੀਦ ਸਕਦੇ ਹਨ। ਵੱਡੀ ਗਿਣਤੀ 'ਚ ਪ੍ਰਵਾਸੀ ਆ ਕੇ ਪੰਜਾਬ 'ਚ ਵੱਸ ਰਹੇ ਹਨ। ਮੂਲ ਪੰਜਾਬ ਵਾਸੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਬੜੀ ਤੇਜ਼ੀ ਨਾਲ ਪੰਜਾਬ ਦਾ ਸਵਰੂਪ ਅਤੇ ਸਮਾਜਿਕ ਤਾਣਾ-ਬਾਣਾ ਬਦਲ ਰਿਹਾ ਹੈ। ਇਹੋ ਹਾਲ ਰਿਹਾ ਤਾਂ ਵੱਧ ਤੋਂ ਵੱਧ 10 ਸਾਲ ਬਾਅਦ ਪੰਜਾਬ ਅਤੇ ਅਸਲੀ ਪੰਜਾਬੀਅਤ ਅਲੋਪ ਹੋਈ ਦਿਸੇਗੀ।
ਕਿਸੇ ਵੇਲੇ ਭਾਰਤ ਦੇ ਹਰ ਰਾਜ ਵਿਚ ਵੱਡੀਆਂ ਸਰਕਾਰੀ ਸੇਵਾਵਾਂ 'ਚ ਪੰਜਾਬੀਆਂ ਦਾ ਵੱਡਾ ਹਿੱਸਾ ਹੁੰਦਾ ਸੀ। ਅੱਜ ਪੰਜਾਬ ਦੀ ਅੱਧੋਗਤੀ ਇਹ ਹੈ ਕਿ ਪੰਜਾਬ 'ਚ ਹੀ ਅੱਧੋਂ ਵੱਧ ਵੱਡੀਆਂ ਸੇਵਾਵਾਂ ਉੱਤੇ ਪੰਜਾਬੋਂ ਬਾਹਰਲੇ ਅਧਿਕਾਰੀ ਤਾਇਨਾਤ ਹਨ। ਇਸ ਦਾ ਇਹ ਅਰਥ ਨਹੀਂ ਕਿ ਪੰਜਾਬੀ ਬੌਧਿਕ ਪੱਖੋਂ ਕਿਸੇ ਤੋਂ ਘੱਟ ਹਨ। ਅਸਲ ਵਿਚ ਅਜਿਹੀ ਹਵਾ ਵਗੀ ਹੈ ਕਿ ਨਵੀਂ ਪੀੜ੍ਹੀ ਹੀ ਨਹੀਂ, ਮਾਪਿਆਂ ਨੂੰ ਵੀ ਆਪਣੇ ਹੋਣਹਾਰ ਬੱਚਿਆਂ ਦਾ ਭਵਿੱਖ ਪੰਜਾਬ 'ਚ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਮਾਪੇ ਖ਼ੁਦ ਆਪਣੇ ਬੱਚਿਆਂ ਨੂੰ ਵਿਦੇਸ਼ੀਂ ਭੇਜ ਕੇ ਖੁਸ਼ ਅਤੇ ਸੰਤੁਸ਼ਟ ਦਿਖਾਈ ਦਿੰਦੇ ਹਨ। ਇੰਜ ਜਾਪਦਾ ਹੈ ਕਿ ਜਿਵੇਂ ਪੰਜਾਬੀਆਂ ਦਾ ਸਾਡੇ ਸਿਸਟਮ ਤੋਂ ਹੀ ਵਿਸ਼ਵਾਸ਼ ਉਠ ਗਿਆ ਹੋਵੇ। ਪੰਜਾਬੀਆਂ ਨੇ ਸਾਰੀ ਦੁਨੀਆ ਵਿਚ ਮੱਲਾਂ ਮਾਰੀਆਂ ਹਨ। ਵਿਦੇਸ਼ਾਂ 'ਚ ਆਪਣੀ ਵੱਖਰੀ ਥਾਂ ਅਤੇ ਪੈਂਠ ਬਣਾਈ ਹੈ। ਪੰਜਾਬੀ ਜਿੱਥੇ ਵੀ ਗਏ, ਆਪਣਾ ਵਿਰਸਾ ਨਾਲ ਲੈ ਕੇ ਗਏ। ਇਸ ਅਮੀਰ ਵਿਰਸੇ ਨਾਲ ਅੱਜ ਪੰਜਾਬੀ ਹਰ ਦੇਸ਼ 'ਚ ਚਮਕਦੇ ਸਿਤਾਰੇ ਦੇ ਵਾਂਗ ਨਜ਼ਰ ਆਉਂਦੇ ਹਨ।
ਸਾਡੀ ਨਵੀਂ ਪੀੜ੍ਹੀ ਦਾ ਵੱਡਾ ਹਿੱਸਾ ਵਿਦੇਸ਼ਾਂ ਵੱਲ ਭੱਜਾ ਜਾ ਰਿਹਾ ਹੈ। ਬਾਕੀ ਰਹਿੰਦਿਆਂ 'ਚੋਂ ਕੁਝ ਜਾਂ ਤਾਂ ਨਸ਼ੇੜੀ ਹੋ ਰਹੇ ਹਨ ਜਾਂ ਇਸ ਨਿਰਾਸ਼ਤਾ ਕਾਰਨ ਲੁੱਟਾਂ-ਖੋਹਾਂ, ਚੋਰੀਆਂ-ਚਕਾਰੀਆਂ, ਡਕੈਤੀਆਂ ਵੀ ਕਰਨ ਲੱਗੇ ਹਨ। ਪਤਾ ਨਹੀਂ ਕੀ ਹਵਾ ਵਗੀ ਹੈ, ਆਪਣੇ ਪੰਜਾਬ 'ਚ ਸਾਡੇ ਨੌਜਵਾਨ ਕੱਪੜੇ ਲਿਬੇੜਨ ਵਾਲਾ ਕੋਈ ਵੀ ਕੰਮ ਕਰਨ ਲਈ ਤਿਆਰ ਨਹੀਂ। ਵਿਦੇਸ਼ਾਂ 'ਚ ਹਰ ਕੰਮ ਭੱਜ-ਭੱਜ ਕੇ ਕਰਦੇ ਹਨ। ਇਥੇ ਸਾਰੇ ਚਿੱਟ ਕੱਪੜੀਏ ਸਰਕਾਰੀ ਨੌਕਰ ਬਣਨਾ ਚਾਹੁੰਦੇ ਹਨ।
ਅਸੀਂ ਖ਼ੁਦ ਵੀ ਬੱਚਿਆਂ ਨੂੰ ਕੰਮ ਸੱਭਿਆਚਾਰ ਤੋਂ ਦੂਰ ਭੱਜਣ ਲਈ ਤਿਆਰ ਕਰਨ ਦੇ ਜ਼ਿੰਮੇਵਾਰ ਹਾਂ। ਆਮ ਦੇਖਣ 'ਚ ਮਿਲਦਾ ਹੈ ਕਿ ਜਦੋਂ ਮਾਪੇ ਬੱਚਿਆਂ ਨੂੰ ਆਖਦੇ ਹਨ, 'ਪੜ੍ਹ ਲੈ ਪੜ੍ਹ ਲੈ, ਕੁਝ ਬਣ ਜਾਵੇਗਾ, ਨਹੀਂ ਤਾਂ ਬਾਪੂ ਵਾਂਗ ਖੇਤੀ ਵਿਚ ਹੀ ਧੰਦ ਪਿੱਟਣਾ ਪਊ।' ਜਿਵੇਂ ਖੇਤੀ ਬਹੁਤ ਘਟੀਆ ਕੰਮ ਹੋਵੇ। ਕੁਝ ਤਾਂ ਪਰਿਵਾਰਕ ਵੰਡੀਆਂ ਕਾਰਨ ਜ਼ਮੀਨਾਂ ਦੀ ਮਾਲਕੀ ਛੋਟੀ ਹੋ ਗਈ, ਉਤੋਂ ਅਜਿਹਾ ਖੇਤੀ ਵਿਰੋਧੀ ਪ੍ਰਚਾਰ। ਹਰ ਕੋਈ ਆਪਣੇ ਤੋਂ ਵੱਡੇ ਵੱਲ ਦੇਖਦਾ ਹੈ, ਆਪਣੇ ਤੋਂ ਛੋਟੇ ਵੱਲ ਤਾਂ ਝਾਕਦਾ ਹੀ ਨਹੀਂ। ਅੱਜ ਪੰਜਾਬ ਦੇ ਕਿਸਾਨ ਪਰਿਵਾਰਾਂ 'ਚ ਘੱਟੋ-ਘੱਟ ਅੱਧੇ ਪਰਿਵਾਰਾਂ ਦੇ ਬੱਚੇ ਖੇਤੀ ਤੋਂ ਦੂਰ ਭੱਜ ਰਹੇ ਹਨ। ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ। ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ। ਹਰ ਰੋਜ਼ ਗੋਲੀਆਂ ਚੱਲਦੀਆਂ ਹਨ, ਕਤਲ ਹੁੰਦੇ ਹਨ। ਫਿਰੌਤੀਆਂ ਸ਼ਰੇਆਮ ਮੰਗੀਆਂ ਜਾ ਰਹੀਆਂ ਹਨ। ਹਰ ਰੋਜ਼ ਜਬਰ ਜਨਾਹ ਹੋ ਰਹੇ ਹਨ। ਬਹੁਤੇ ਕੇਸਾਂ ਵਿਚ ਚੁੱਪ-ਚਪੀਤੇ ਇਹ ਜ਼ਹਿਰ ਪੀ ਕੇ ਪੀੜਤ ਲੋਕ ਆਪਣੀ ਗ਼ਰੀਬੀ ਨੂੰ ਕੋਸ ਲੈਂਦੇ ਹਨ। ਚੋਣਾਂ ਤੋਂ ਬਾਅਦ ਰਾਜ ਦੀ ਸਥਿਤੀ ਨੂੰ ਸੁਧਾਰਨ ਲਈ ਕੋਈ ਕੁਝ ਨਹੀਂ ਕਰਦਾ। ਸਭ ਕੁਝ ਬਿਆਨਾਂ ਤੱਕ ਸੀਮਤ ਹੋ ਜਾਂਦਾ ਹੈ।
ਇਕ ਫੋਨ ਉੱਤੇ ਨਸ਼ਾ ਪੁੱਜ ਜਾਂਦਾ ਹੈ। ਨਸ਼ੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਵਿਕ ਸਕਦੇ। ਵਿਰੋਧੀ ਪਾਰਟੀਆਂ ਵੀ ਬਿਆਨਾਂ ਤੱਕ ਸੀਮਤ ਹਨ। ਹਮਾਮ ਵਿਚ ਸਾਰੇ ਨੰਗੇ ਹਨ।
ਲੋਕਾਂ ਦੇ ਧਾਰਮਿਕ ਵਖਰੇਵੇਂ ਵੀ ਹਨ। ਰਾਜਸੀ ਲੋਕ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਵੀ ਆਪਣੀ ਰਾਜਨੀਤੀ ਕਰਦੇ ਹਨ। ਧਾਰਮਿਕ ਬੇਅਦਬੀਆਂ ਵੀ ਇਕ ਕੋਝੀ ਚਾਲ ਜਾਪਦੀਆਂ ਹਨ, ਇਸ ਕਾਰਨ ਪੰਜਾਬ ਵਿਚ ਅਮਨ-ਕਾਨੂੰਨ ਖ਼ਤਰੇ ਵਿਚ ਪੈ ਜਾਂਦਾ ਹੈ। ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ, ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣਾ ਵੀ ਅੱਜ ਦੀ ਵਿਗੜੀ ਦਸ਼ਾ ਲਈ ਜ਼ਿੰਮੇਵਾਰ ਹੈ। ਸ੍ਰੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੀ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨੋ।' ਅੱਜ ਅਸੀਂ ਇਸ ਨੂੰ ਅਪਣਾ ਨਹੀਂ ਸਕੇ। ਰਾਜਸੀ ਲੋਕ ਵੋਟਾਂ ਸਮੇਂ ਧਰਮ ਅਤੇ ਜਾਤੀ ਵਖਰੇਵੇਂ ਖੜ੍ਹੇ ਕਰ ਕੇ ਲਾਹਾ ਲੈਂਦੇ ਰਹੇ ਹਨ।
ਪੰਜਾਬ 'ਚ ਸਿਹਤ ਸੇਵਾਵਾਂ ਦਾ ਵੀ ਬੁਰਾ ਹਾਲ ਹੈ। ਲੋਕਾਂ ਨੂੰ ਮੂਰਖ ਬਨਾਉਣ ਲਈ ਹਰ ਸਰਕਾਰ ਸਿਹਤ ਸੇਵਾਵਾਂ ਦਾ ਨਾਂਅ ਅਤੇ ਦਿੱਖ ਬਦਲ ਕੇ ਬੁੱਤਾ ਸਾਰਦੀ ਰਹੀ ਹੈ। ਸਰਕਾਰ ਜੋ ਮਰਜ਼ੀ ਆਖੇ, ਪਰ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਦੀ ਕਿਸੇ ਨੂੰ ਚਿੰਤਾ ਨਹੀਂ। ਮਾੜੀ-ਮੋਟੀ ਬਿਮਾਰੀ ਲਈ ਤਾਂ ਭਾਵੇਂ ਸਰਕਾਰੀਤੰਤਰ ਸੇਵਾਵਾਂ ਦੇਣ ਦੇ ਦਮਗਜੇ ਮਾਰੀ ਜਾਵੇ। ਕਿਸੇ ਗੰਭੀਰ ਬਿਮਾਰੀ ਦਾ ਕਿਸੇ ਵੀ ਸਰਕਾਰੀਤੰਤਰ ਵਿਚ ਇਲਾਜ ਨਹੀਂ। ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈਂਦਾ ਹੈ। ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਉਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਜੇ ਕੋਈ ਪ੍ਰਾਈਵੇਟ ਹਸਪਤਾਲਾਂ ਦੇ ਗੇੜ ਵਿਚ ਫਸ ਜਾਵੇ, ਬੱਸ ਫਿਰ ਰੱਬ ਹੀ ਰਾਖਾ। ਮਰੀਜ਼ ਭਾਵੇਂ ਬਚ ਜਾਵੇ, ਪਰ ਪਰਿਵਾਰ ਸਾਲਾਂ ਬੱਧੀ ਇਲਾਜ ਦੇ ਖਰਚੇ ਦਾ ਕਰਜ਼ਾ ਚੁਕਾਉਂਦਾ ਥੱਕ ਜਾਂਦਾ ਹੈ। ਕਿਸੇ ਵੇਲੇ ਲੋਕ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਕਰਦੇ ਸਨ। ਅੱਜ ਹਾਲਾਤ ਇਹ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਮਾਲਕ ਡਾਕਟਰਾਂ ਨੂੰ ਕਮਾਈ ਲਈ ਟੀਚਾ ਦਿੰਦੇ ਹਨ। ਮਰੀਜ਼ ਨੂੰ ਵੈਂਟੀਲੇਟਰ ਉੱਤੇ ਲਾ ਕੇ ਹੀ ਪੈਸੇ ਬਣਾਏ ਜਾਂਦੇ ਹਨ।
ਪੰਜਾਬ ਵਿਚ ਵਿੱਦਿਆ ਦਾ ਲਗਾਤਾਰ ਭੱਠਾ ਬਿਠਾਇਆ ਜਾ ਰਿਹਾ ਹੈ। ਕੋਈ ਮਿਆਰ ਹੀ ਨਹੀਂ। ਤੰਗ ਆ ਕੇ ਲੋਕੀ ਆਪਣੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਂਦੇ ਹਨ। ਪੰਜਾਬ ਵਿਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ, ਜਿੱਥੇ ਕੋਈ ਸਰਕਾਰੀ ਅਧਿਕਾਰੀ ਜਾਂ ਸਕੂਲ ਦਾ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਂਦਾ ਹੋਵੇ। ਇਕਾ-ਦੁੱਕਾ ਛੱਡ ਕੇ 99 ਪ੍ਰਤੀਸ਼ਤ ਅਧਿਕਾਰੀ ਅਤੇ ਅਧਿਆਪਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹਨ। ਪੰਜਾਬ ਸਰਕਾਰ ਨੇ ਕੇਂਦਰ ਅੱਗੇ ਹਥਿਆਰ ਸੁੱਟ ਦਿੱਤੇ ਹਨ। ਸਾਡੇ ਬੱਚਿਆਂ ਦੀ ਪੜ੍ਹਾਈ 'ਚੋਂ ਮੁਗ਼ਲ ਕਾਲ ਦਾ ਇਤਿਹਾਸ ਹੀ ਗ਼ਾਇਬ ਕਰ ਦਿੱਤਾ। ਇਸੇ ਕਾਲ 'ਚ ਹੀ ਤਾਂ ਸਿੱਖਾਂ ਦਾ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਰਚਿਆ ਗਿਆ ਜੋ ਸਾਡੇ ਬੱਚਿਆਂ ਦੇ ਸਿਲੇਬਸ ਵਿਚੋਂ ਗ਼ਾਇਬ ਕਰਕੇ ਆਪਣੇ ਗੌਰਵਮਈ ਇਤਿਹਾਸ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਕੇਂਦਰੀ ਭਾਜਪਾਈ ਹੁਕਮਰਾਨ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਆਜ਼ਾਦੀ ਦੇ ਪਰਵਾਨਿਆਂ ਦਾ ਇਤਿਹਾਸ ਗ਼ਾਇਬ ਕਰ ਕੇ ਅੰਗਰੇਜ਼ ਤੋਂ ਮੁਆਫ਼ੀ ਮੰਗਣ ਵਾਲੇ ਸਾਵਰਕਰ ਵਰਗਿਆਂ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹਨ। ਪੰਜਾਬ ਵਿਚ ਸਰਕਾਰ ਹੀ ਸਨਅਤ ਦਾ ਭੱਠਾ ਬਿਠਾ ਰਹੀ ਹੈ। ਪੰਜਾਬ ਦੀ ਸਨਅਤ ਯੂ.ਪੀ. ਅਤੇ ਹਿਮਾਚਲ ਵੱਲ ਭੱਜ ਰਹੀ ਹੈ। ਸਾਡੇ ਮੁੱਖ ਮੰਤਰੀ ਨੇ ਕਿਤੇ ਸਰਕਾਰੀ ਜਹਾਜ਼ ਉੱਤੇ ਸੈਰ ਕਰਨ ਜਾਣਾ ਹੋਵੇ ਤਾਂ ਉਹ ਬੰਬਈ 'ਚ ਚਾਰ ਕਾਰਖ਼ਾਨੇਦਾਰਾਂ ਨਾਲ ਮੀਟਿੰਗ ਕਰਕੇ ਪੂੰਜੀ ਨਿਵੇਸ਼ ਲਿਆਉਣ ਦਾ ਡਰਾਮਾ ਕਰਦੇ ਹਨ। ਪੰਜਾਬ 'ਚ ਵਿੱਦਿਆ ਦਾ ਮਿਆਰ ਖਤਮ ਹੋ ਰਿਹਾ ਹੈ, ਆਪਣੇ ਚਹੇਤਿਆਂ ਨੂੰ ਸਿੰਗਾਪੁਰ ਦੀ ਸੈਰ ਜ਼ਰੂਰ ਕਰਵਾ ਦਿੱਤੀ ਜਾਂਦੀ ਹੈ। ਕਦੀ ਅਫ਼ਸਰਾਂ ਦੀ ਵੱਡੀ ਟੀਮ ਲੈ ਕੇ ਜਰਮਨੀ ਵਰਗੇ ਦੇਸ਼ਾਂ 'ਚ ਦੌਰਾ ਸ਼ੁਰੂ ਹੋ ਜਾਂਦਾ ਹੈ ਪਰ ਸਨਅਤ ਪੰਜਾਬ ਵੱਲ ਮੂੰਹ ਵੀ ਨਹੀਂ ਕਰਦੀ।
ਭ੍ਰਿਸ਼ਟਾਚਾਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਾਰੇ ਵਿਧਾਇਕ, ਮੰਤਰੀ-ਸੰਤਰੀ ਮਾਲ ਬਣਾਉਣ 'ਚ ਕੋਈ ਘੱਟ ਨਹੀਂ। ਲੋਕਾਂ ਦੇ ਮੁੱਦਿਆਂ ਉੱਤੇ ਕੋਈ ਪਕੜ ਨਹੀਂ। ਝੂਠ ਵੀ ਹੱਦਾਂ ਬੰਨ੍ਹੇ ਟੱਪ ਗਿਆ ਹੈ। ਲੋਕ ਬਦਲਾਅ ਅਤੇ ਇਨਕਲਾਬ ਦੇ ਨਾਅਰਿਆਂ ਤੋਂ ਤੰਗ ਆ ਗਏ ਹਨ। ਪੰਜਾਬ ਦਾ ਧਰਤੀ ਹੇਠਲਾ ਪਾਣੀ ਕੇਵਲ ਖਤਮ ਹੀ ਨਹੀਂ ਹੋ ਰਿਹਾ, ਸਗੋਂ ਪਿਛਲੇ ਇਜਲਾਸ ਦੌਰਾਨ ਪਾਰਲੀਮੈਂਟ 'ਚ ਰਾਜ ਸਭਾ ਐਮ.ਪੀ. ਸ੍ਰੀ ਸਾਰਨੀ ਦੇ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਪੰਜਾਬ ਦੀ ਜ਼ਿਲ੍ਹੇਵਾਰ ਰਿਪੋਰਟ 'ਚ ਕਿਹਾ ਕਿ ਸਾਰੇ ਪੰਜਾਬ ਦਾ ਪਾਣੀ ਕੈਂਸਰ ਅਤੇ ਕਾਲੇ ਪੀਲੀਏ ਦਾ ਮੁੱਖ ਸੋਮਾ ਹੀ ਨਹੀਂ, ਸਗੋਂ ਦੇਸ਼ ਦੀ ਪੰਜਾਬ ਦੀ ਰਾਜਧਾਨੀ ਬਣ ਗਿਆ ਹੈ। ਸਾਡੇ ਕੋਲ ਨਾ ਪੀਣ ਲਈ ਸਾਫ਼ ਪਾਣੀ ਹੈ, ਨਾ ਸਾਹ ਲੈਣ ਲਈ ਸਾਫ਼ ਹਵਾ। ਸਰਕਾਰ ਅਤੇ ਨਾ ਆਮ ਆਦਮੀ ਪਾਰਟੀ ਦੇ ਇਹ ਭਿਆਨਕ ਸਥਿਤੀ ਏਜੰਡੇ 'ਤੇ ਹੈ। ਪੰਜਾਬ ਡੁੱਬ ਰਿਹਾ ਹੈ, ਵਾਹਿਗੁਰੂ ਭਲੀ ਕਰੇ।
ਬਲਬੀਰ ਸਿੰਘ ਰਾਜੇਵਾਲ
Comments (0)