ਆਖ਼ਰ ਵੋਟ ਕਿਸ ਨੂੰ ਪਾਈਏ?

ਆਖ਼ਰ ਵੋਟ ਕਿਸ ਨੂੰ ਪਾਈਏ?

ਚੋਣ ਕਮੀਸ਼ਨ ਨੇ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਤੇ ਬਿਨ੍ਹਾਂ ਕੁਝ ਸੋਚੇ-ਸਮਝੇ

ਪ੍ਰਸਿੱਧ ਲੇਖਕ ਮਾਰਕ ਟਵੇਨ ਦੇ ਸ਼ਬਦ ਹਨ ਕਿ “ਜੇ ਵੋਟ ਪਾਉਣ ਨਾਲ ਕੋਈ ਫ਼ਰਕ ਪੈਣਾ ਹੁੰਦਾ ਤਾਂ ਇਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਦੇਣਾ ਹੀ ਨਹੀਂ ਸੀ।” ਜੇ ਲੋਕਤੰਤਰੀ ਵਿਵਸਥਾ ਵਿੱਚ ਮਾਰਕ ਟਵੇਨ ਦੇ ਕਥਨ ਅਨੁਸਾਰ ਵੋਟ ਪਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਾਂ ਕੀ ਫਿਰ ਵੋਟ ਨਾ ਪਾ ਕੇ ਸਰ ਸਕਦਾ ਹੈ? 1992 ਵਿੱਚ ਪੰਜਾਬ ਵਿੱਚ ਵੋਟਾਂ ਦਾ ਬਾਈਕਾਟ ਕਰਕੇ ਵੀ ਵੇਖ ਲਿਆ, ਪਰੰਤੂ ਬਾਈਕਾਟ ਦੇ ਬਾਵਜੂਦ, ਘੱਟ ਪੋਲਿੰਗ ਦੇ ਬਾਵਜੂਦ ਵੀ ਇੱਕ ਹਾਕਮੀ ਜਮਾਤ ਬਣੀ। ਇੱਥੋ ਇਹ ਪਤਾ ਚੱਲਦਾ ਹੈ ਕਿ ਵੋਟ ਨਾ ਪਾਉਣਾ ਵੀ ਕਿਸੇ ਪੱਖੋਂ ਹੱਕ ਵਿੱਚ ਨਹੀਂ ਜਾਂਦਾ। ਵੋਟ ਨਾ ਪਾ ਕੇ ਆਪਣੇ ਆਪ ਹੀ ਵਿਰੋਧੀ ਨੂੰ ਇੱਕ ਵੋਟ ਜਿਤਾਉਣਾ ਸਾਬਤ ਹੁੰਦਾ ਹੈ।ਸਵਾਲ ਬਣਦਾ ਹੈ ਕਿ ਆਖ਼ਰ ਕਿਸ ਨੂੰ ਵੋਟ ਪਾਈਏ? ਵੋਟ ਦੀ ਸਹੀ ਅਹਿਮੀਅਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਕਿਸੇ ਰਾਜੇ ਦੀ ਜਨਤਾ ਬਣਨ ਦੀ ਥਾਂ ਦੇਸ ਅਤੇ ਲੋਕਤੰਤਰੀ ਵਿਵਸਥਾ ਵਿੱਚ ਨਾਗਰਿਕ ਬਣਿਆ ਜਾਵੇ। ਆਪਣੀ ਵੋਟ ਦੀ ਮਹੱਤਤਾ ਨੂੰ ਸਮਝਿਆ ਜਾਵੇ ਕਿ ਇੱਕ ਅਮੀਰ ਵਿਅਕਤੀ ਦੀ ਵੋਟ ਤੇ ਗਰੀਬ ਵਿਅਕਤੀ ਦੀ ਵੋਟ ਦੀ ਸ਼ਕਤੀ ਬਰਾਬਰ ਹੈ। ਨਸ਼ੇ, ਪੈਸੇ, ਡਰ ਜਾਂ ਕਿਸੇ ਲਾਲਚਵਸ ਆਪਣੀ ਵੋਟ ਦਾ ਸੌਦਾ ਕਰ ਲੈਣਾ, ਵੇਚ ਦੇਣਾ ਆਪਣੇ ਭਵਿੱਖ ਅਤੇ ਆਪਣੀ ਆਉਣ ਵਾਲੀ ਪੀੜੀ ਦੇ ਭਵਿੱਖ ਨੂੰ ਖੂਹ ਵਿੱਚ ਧੱਕ ਦੇਣਾ ਹੈ। ਵੋਟ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈ, ਮੁਲਾਜ਼ੇਦਾਰੀਆਂ, ਧਰਮ, ਜਾਤ ਆਦਿ ਦੇ ਚੱਕਰਾਂ ‘ਚ ਪੈ ਕੇ ਨਹੀਂ ਪਾਉਣਾ ਚਾਹੀਦਾ ਸਗੋਂ ਸੋਚ ਵਿਚਾਰ ਕੇ ਹੀ ਵੋਟ ਪਾਉਣੀ ਚਾਹੀਦੀ ਹੈ।

ਚੋਣ ਲੜ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਘੋਖਣਾ ਚਾਹੀਦਾ ਹੈ। ਅੱਖਾਂ ਮੀਟ ਕੇ ਪਾਰਟੀਆਂ ਪਿੱਛੇ ਨਹੀਂ ਲੱਗਣਾ ਚਾਹੀਦਾ ਸਗੋਂ ਪਾਰਟੀ ਤਰਫ਼ੋਂ ਦਿੱਤੇ ਉਮੀਦਵਾਰ ਨੂੰ ਵੀ ਆਪਣੀ ਵਿਚਾਰਾਂ ਦੀ ਕਸੌਟੀ ਤੇ ਵਿਚਾਰਨਾ ਚਾਹੀਦਾ ਹੈ। ਹਲਕੇ ਵਿੱਚ ਜੋ ਉਮੀਦਵਾਰ ਚੋਣ ਲੜ ਰਹੇ ਹੋਣ, ਉਹਨਾਂ ਵਿਚੋਂ ਕੌਣ ਪਹਿਲਾਂ ਤੋਂ ਲੋਕਾਂ ਵਿੱਚ ਵਿਚਰ ਰਿਹਾ ਹੈ ਅਤੇ ਕੌਣ ਚੌਣਾਂ ਸਮੇਂ ਬਰਸਾਤੀ ਡੱਡੂ ਬਣਿਆ ਹੈ, ਜ਼ਮੀਨੀ ਗੱਲ ਕਿਹੜਾ ਉਮੀਦਵਾਰ ਕਰਦਾ ਹੈ ਤੇ ਹਵਾਈ ਗੱਲਾਂ ਕਿਹੜਾ ਕਰਦਾ ਹੈ ਇਸ ਦਾ ਅੰਤਰ ਸਮਝਣਾ ਚਾਹੀਦਾ ਹੈ। ਕਿਸ ਉਮੀਦਵਾਰ ਤੱਕ ਪਹੁੰਚ ਕਰਨਾ ਸੌਖਾ ਹੈ, ਕਿਹੜਾ ਉਮੀਦਵਾਰ ਗੱਲ ਸੁਣਦਾ ਹੈ ਤੇ ਕਿਹੜਾ ਲੋੜ ਪੈਣ ਤੇ ਲੋਕਾਂ ਨਾਲ ਖੜ੍ਹਦਾ ਵਿਖਾਈ ਦਿੰਦਾ ਹੈ, ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ, ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ। ਉਮੀਦਵਾਰ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ? ਕਿਤੇ ਉਮੀਦਵਾਰ ਸਿੱਧੇ ਅਸਿੱਧੇ ਢੰਗਾਂ ਨਾਲ ਡਰਾ ਕੇ, ਪੈਸੇ ਨਾਲ, ਜਾਤੀ, ਧਰਮ ਆਦਿ ਵਿਸ਼ੇਸ ਤੇ ਵੋਟ ਤਾਂ ਨਹੀਂ ਮੰਗ ਰਿਹਾ ਜਾਂ ਫਿਰ ਤੁਹਾਡੇ ਮੁੱਦਿਆਂ ਅਤੇ ਵਿਕਾਸ ਦੀ ਗੱਲ ਕਰਕੇ ਵੋਟ ਮੰਗ ਰਿਹਾ ਹੈ। ਜੋ ਤੁਹਾਡੇ ਹਲਕੇ ਦਾ ਉਮੀਦਵਾਰ ਹੈ ਉਸਦੇ ਆਲੇ ਦੁਆਲੇ, ਉਸਦੇ ਸਰਕਲ ਵਿੱਚ ਕਿਸ ਤਰ੍ਹਾਂ ਦੇ ਬੰਦੇ ਹਨ? ਉਮੀਦਵਾਰ ਦਾ ਬਦਮਾਸ਼, ਧੱਕਾ ਕਰਨ ਵਾਲਾ, ਲੁੱਟ ਮਚੋਣ ਵਾਲਾ, ਰਿਸ਼ਵਤਖੋਰ ਅਤੇ ਖੂੰਖਾਰ ਅਪਰਾਧਿਕ ਰਿਕਾਰਡ ਤਾਂ ਨਹੀਂ। ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਜਾ ਸਕਦੀ ਹੈ ਅਤੇ ਜੇਕਰ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਉਮੀਦਵਾਰ ਸਹੀ ਨਹੀਂ ਜਾਪਦਾ ਤਾਂ ਵੋਟਿੰਗ ਮਸ਼ੀਨ ਜਾਂ ਵੋਟ ਪਰਚੀ ਤੇ ਸਭ ਤੋਂ ਅਖ਼ੀਰ ਵਿੱਚ ‘ਨੋਟਾ-ਇਹਨਾਂ ਵਿੱਚੋਂ ਕੋਈ ਨਹੀਂ (NOTA – None of the above)’ ਨੂੰ ਵੋਟ ਕੀਤੀ ਜਾ ਸਕਦੀ ਹੈ।ਚੋਣ ਕਮੀਸ਼ਨ ਨੇ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਤੇ ਬਿਨ੍ਹਾਂ ਕੁਝ ਸੋਚੇ-ਸਮਝੇ, ਬਿਨ੍ਹਾਂ ਕੁਝ ਵਿਚਾਰੇ ਵੋਟ ਪਾ ਆਏ, ਕੋਈ ਜਿੱਤ ਗਿਆ ਤੇ ਕੋਈ ਹਾਰ ਗਿਆ ਤੇ ਸਾਨੂੰ ਕੀ? ਇਹ ਸਜਗ ਵੋਟਰ ਦੀ ਨਿਸ਼ਾਨੀ ਨਹੀਂ। ਵੋਟ ਭਵਿੱਖ ਤੈਅ ਕਰਦੀ ਹੈ, ਜਦ ਵੋਟਰ ਵੋਟ ਦੀ ਮਹੱਤਤਾ ਸਮਝੇਗਾ ਅਤੇ ਸੋਚ ਵਿਚਾਰ ਕਰਕੇ ਆਪਣੀ ਵੋਟ ਪਾਵੇਗਾ ਤੇ ਯੋਗ ਉਮੀਦਵਾਰ ਚੁਣਨ ਦੀ ਕੋਸ਼ਿਸ਼ ਕਰੇਗਾ ਤਦ ਹੀ ਲੋਕਤੰਤਰ ਨੂੰ ਅਮਲੀ ਜਾਮਾ ਪ੍ਰਾਪਤ ਹੋਵੇਗਾ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com