ਭਾਰਤੀ ਜਮਹੂਰੀਅਤ ਵਿਰੋਧੀ ਜ਼ਮੀਰ ਵਿਹੂਣੇ ਸਿਆਸਤਦਾਨ 

ਭਾਰਤੀ ਜਮਹੂਰੀਅਤ ਵਿਰੋਧੀ ਜ਼ਮੀਰ ਵਿਹੂਣੇ ਸਿਆਸਤਦਾਨ 

       ਰਾਜਨੀਤੀ

     ਮੋਹਨ ਸ਼ਰਮਾ

ਗੱਲ ਉਸ ਸਮੇਂ ਦੀ ਹੈ ਜਦੋਂ ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਕੇ ਜਰਨਲ ਪਰਵੇਜ਼ ਮੁਸ਼ੱਰਫ ਨੇ ਪਾਕਿਸਤਾਨ ਦੀ ਕਮਾਨ ਸੰਭਾਲ ਲਈ ਸੀ। ਉਨ੍ਹਾਂ ਦਿਨਾਂ ਵਿੱਚ ਹੀ ਭਾਰਤ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੋਣ ਲਈ ਇੰਟਰਵਿਊ ਲਈ ਜਾ ਰਹੀ ਸੀ। ਇੱਕ ਉਮੀਦਵਾਰ ਤੋਂ ਕਮਿਸ਼ਨ ਦੇ ਮੈਂਬਰ ਨੇ ਸਵਾਲ ਪੁੱਛਿਆ, “ਪਾਕਿਸਤਾਨ ਦੇ ਪ੍ਰਮੁੱਖ ਸ਼ਾਸਕ ਦਾ ਨਾਂ ਕੀ ਹੈ?” ਉਮੀਦਵਾਰ ਨੇ ਗੰਭੀਰ ਹੋ ਕੇ ਜਵਾਬ ਦਿੱਤਾ, “ਸਰ, ਘੰਟਾ ਕੁ ਪਹਿਲਾਂ ਜਦੋਂ ਮੈਂ ਘਰੋਂ ਚੱਲਿਆ ਸੀ, ਉਸ ਵੇਲੇ ਜਨਰਲ ਪਰਵੇਜ਼ ਮੁਸ਼ੱਰਫ਼ ਮੁੱਖ ਪ੍ਰਸ਼ਾਸਕ ਸੀ। ਜੇ ਘੰਟੇ ਕੁ ਦੇ ਸਮੇਂ ਵਿੱਚ ਹੀ ਕਿਸੇ ਹੋਰ ਨੇ ਤਖ਼ਤਾ ਪਲਟ ਦਿੱਤਾ ਹੋਵੇ, ਫਿਰ ਮੈਨੂੰ ਪਤਾ ਨਹੀਂ।ਉਸ ਦਾ ਇਹ ਜਵਾਬ ਸਾਡੇ ਰਾਜਨੀਤਿਕ ਲੋਕਾਂ ਤੇ ਹੂ-ਬ-ਹੂ ਢੁਕਦਾ ਹੈ। ਇੱਕ ਦਿਨ ਪਹਿਲਾਂ ਰਾਜਨੀਤਿਕ ਆਗੂ ਦਾ ਬਿਆਨ ਆਉਂਦਾ ਹੈ, “ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਭਲਾ, ਮੈਂ ਆਪਣੀ ਮਾਂ ਪਾਰਟੀ ਨੂੰ ਕਿਵੇਂ ਛੱਡ ਸਕਦਾ ਹਾਂ? ਮੈਂ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹਾਂ।ਅਗਲੇ ਹੀ ਦਿਨ ਪਤਾ ਲਗਦਾ ਹੈ ਕਿ ਉਹ ਟਪੂਸੀ ਮਾਰ ਕੇ ਦੂਜੀ ਪਾਰਟੀ ਵਿੱਚ ਚਲਾ ਗਿਆ ਹੈ ਅਤੇ ਨਾਲ ਹੀ ਉਸ ਦਾ ਇਸ ਤਰ੍ਹਾਂ ਦਾ ਬਿਆਨ ਵੀ ਆ ਜਾਂਦਾ ਹੈ, “ਮੈਂ ਉਸ ਪਾਰਟੀ ਨੂੰ ਇਸ ਕਰਕੇ ਛੱਡਿਆ ਹੈ ਕਿ ਉਹ ਸਿਧਾਂਤਾਂ ਤੋਂ ਹਿੱਲ ਚੁੱਕੀ ਹੈ। ਗ਼ਰੀਬ, ਕਿਰਤੀ ਵਰਗ, ਦਲਿਤਾਂ, ਕਿਰਸਾਨਾਂ ਅਤੇ ਆਮ ਲੋਕਾਂ ਦੇ ਹਿਤਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਸੀ। ਜਿਸ ਪਾਰਟੀ ਵਿੱਚ ਮੈਂ ਸ਼ਾਮਲ ਹੋ ਰਿਹਾ ਹਾਂ, ਇਸ ਪਾਰਟੀ ਦਾ ਜਨ ਆਧਾਰ ਹੈ ਅਤੇ ਅਸਲੀ ਸ਼ਬਦਾਂ ਵਿੱਚ ਜਮਹੂਰੀਅਤ ਦੇ ਸਿਧਾਂਤਾਂ ਤੇ ਡਟ ਕੇ ਪਹਿਰਾ ਦੇ ਰਹੀ ਹੈ। ਇਸ ਪਾਰਟੀ ਵਿੱਚ ਰਹਿੰਦਿਆਂ ਪ੍ਰਾਂਤ ਅਤੇ ਦੇਸ਼ ਦੀ ਖੁਸ਼ਹਾਲੀ ਲਈ ਮੈਂ ਆਪਣਾ ਆਪ ਦਾਅ ਤੇ ਲਾ ਦਿਆਂਗਾ।ਰਾਜਨੀਤਿਕ ਲੋਕਾਂ ਦੀਆਂ ਇੰਜ ਮਾਂ ਪਾਰਟੀਨੂੰ ਅਲਵਿਦਾ ਕਹਿ ਕੇ ਦੂਜੀ ਪਾਰਟੀ ਦੀ ਬੁੱਕਲ ਵਿੱਚ ਬੈਠਣ ਤੇ ਆਤਮ-ਗਿਲਾਨੀ ਹੁੰਦੀ ਹੈ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸਦੇ ਰਹਿਨੁਮਾ ਦਾਗ਼ੀ ਜ਼ਮੀਰ ਵਾਲੇ ਹਨ, ਸਿਧਾਂਤਾਂ ਤੋਂ ਸੱਖਣੇ ਹਨ। ਸਿਰਫ ਤੇ ਸਿਰਫ ਆਪਣੇ ਹਿਤਾਂ ਦੀ ਪੂਰਤੀ ਕਰਦਿਆਂ ਦੇਸ਼ ਭਗਤੀ ਦਾ ਢੌਂਗ ਰਚਦੇ ਹਨ। ਅਜਿਹੇ ਜ਼ਮੀਰ ਵਿਹੂਣੇ ਲੀਡਰਾਂ ਨੂੰ ਨੇਤਾ ਜੀਕਹਿਣਾ ਤਾਂ ਮਹਾਨ ਦੇਸ਼ ਭਗਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਬੇਅਦਬੀ ਕਰਨਾ ਹੈ। 

ਦੇਸ਼ ਨੂੰ ਅਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਸਿਆਸੀ ਆਗੂਆਂ ਨੇ ਦੇਸ਼ ਦੇ ਕਾਨੂੰਨ, ਜ਼ਮੀਰ, ਸਿਧਾਂਤ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਬਹੁਤ ਚਿਰ ਦਾ ਕੁਆਰਨਟਾਈਨ ਕੀਤਾ ਹੋਇਆ ਹੈ। ਹਾਂ, ਲੋਕਾਂ ਨੂੰ ਲਾਰਿਆਂ, ਵਾਅਦਿਆਂ ਅਤੇ ਦਾਅਵਿਆਂ ਨਾਲ ਆਪਣੇ ਮਗਰ ਕਿੰਝ ਲਾਉਣਾ ਹੈ, ਇਹ ਮੁਹਾਰਤ ਉਨ੍ਹਾਂ ਨੂੰ ਪ੍ਰਾਪਤ ਹੈ। ਹਵਾ ਦੇ ਰੁਖ ਅਨੁਸਾਰ ਉਹ ਆਪਣਾ ਚੋਲਾ ਬਦਲਣ ਵਿੱਚ ਮਾਹਿਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਪਾਰਟੀ ਵਿੱਚ ਰਹਿ ਕੇ ਕੁਝ ਸਮੇਂ ਅੰਦਰ ਹੀ ਅਥਾਹ ਜ਼ਮੀਨ, ਪੈਟਰੋਲ ਪੰਪ, ਬੱਸਾਂ ਦਾ ਕਾਰੋਬਾਰ, ਕੇਬਲ ਕਾਰੋਬਾਰ, ਸਨਅਤਾਂ ਵਿੱਚ ਹਿੱਸੇਦਾਰੀ, ਪੰਜ ਤਾਰਾ ਹੋਟਲ, ਵੱਖ ਵੱਖ ਮਾਫੀਆ ਗਿਰੋਹਾਂ ਵਿੱਚ ਭਾਈਵਾਲੀ ਅਤੇ ਸਰਪ੍ਰਸਤੀ ਦੇ ਨਾਲ ਨਾਲ ਸੱਤਾ ਦਾ ਆਨੰਦ ਮਾਣਿਆ ਹੋਵੇ, ਉਸੇ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਘਟੀਆ ਪਾਰਟੀ ਕਹਿ ਕੇ ਦੂਜੀ ਪਾਰਟੀ ਨੂੰ ਲੋਕ ਹਿਤੈਸ਼ੀ ਪਾਰਟੀ ਕਹਿੰਦਿਆਂ ਉਸ ਵਿੱਚ ਸ਼ਾਮਲ ਹੋ ਕੇ ਵਿਕਾਸ ਕਰਨ ਦੇ ਦਾਅਵੇ ਕਰਨੇ, ਜਮਹੂਰੀਅਤ ਦੇ ਮੱਥੇ ਤੇ ਧੱਬਾ ਹੈ। ਦਰਅਸਲ ਜੇਕਰ ਦੇਸ਼ ਭੁੱਖ-ਮਰੀ ਅਤੇ ਕੁਪੋਸ਼ਨ ਵਿੱਚ ਸੰਸਾਰ ਦੇ ਅਤਿ ਪਛੜੇ ਦੇਸ਼ਾਂ ਵਿੱਚ ਸ਼ਾਮਲ ਹੈ ਤਾਂ ਇਹ ਸਭ ਕੁਝ ਅਜਿਹੇ ਘਟੀਆ ਕਿਰਦਾਰ ਵਾਲੇ ਆਗੂਆਂ ਦੀ ਬਦੌਲਤ ਹੀ ਹੈ। ਇੱਕ ਰਿਪੋਰਟ ਅਨੁਸਾਰ ਅੰਗਰੇਜ਼ਾਂ ਨੇ ਭਾਰਤ ਤੇ ਅੰਦਾਜ਼ਨ 200 ਸਾਲ ਰਾਜ ਕੀਤਾ ਅਤੇ ਦੇਸ਼ ਵਿੱਚੋਂ ਲਗਭਗ 100 ਲੱਖ ਕਰੋੜ ਰੁਪਇਆ ਲੁੱਟਿਆ। ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਇਸ ਸਮੇਂ ਦੇ ਦਰਮਿਆਨ ਸਿਆਸੀ ਆਗੂਆਂ ਦਾ ਸਵਿੱਸ ਬੈਂਕ ਦੇ ਵੱਖ ਵੱਖ ਖਾਤਿਆਂ ਵਿੱਚ ਜਮ੍ਹਾਂ ਕਾਲਾ ਧਨ ਅੰਦਾਜ਼ਨ 280 ਲੱਖ ਕਰੋੜ ਹੈ ਅਤੇ ਹਾਲਾਂ ਚੋਲੇ ਬਦਲ ਕੇ ਦੇਸ਼ ਨੂੰ ਹੋਰ ਲੁੱਟਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਹਨ।

ਦਰਅਸਲ ਰਾਜਸੀ ਨੇਤਾ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਜਾ ਕੇ ਅਜਿਹੇ ਕਾਨੂੰਨ ਬਣਾਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਆਪਣੇ ਰਾਜਸੀ ਅਤੇ ਆਰਥਿਕ ਹਿਤ ਪੂਰੇ ਹੋ ਜਾਣ। ਆਪਣੇ ਵਿਕਾਸਨੂੰ ਹੀ ਉਹ ਲੋਕਾਂ ਦਾ ਵਿਕਾਸ ਸਮਝਦੇ ਹਨ। ਸਿਆਸੀ ਆਗੂਆਂ ਦੇ ਝੰਬੇ ਪਏ ਲੋਕਾਂ ਅੰਦਰ ਹੁਣ ਰਾਜਸੀ ਲੋਕਾਂ ਪ੍ਰਤੀ ਵਿਦਰੋਹ ਦੀ ਭਾਵਨਾ ਹੈ ਅਤੇ ਅੰਦਰਖਾਤੇ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਜੇਕਰ ਐੱਮ.ਪੀ. ਜਾਂ ਐੱਮ. ਐੱਲ਼ ਏ. ਨੂੰ ਆਪਣੀ ਪਾਰਟੀ ਤੋਂ ਸਮਰਥਨ ਵਾਪਸ ਲੈਣ ਦਾ ਅਧਿਕਾਰ ਹੈ ਤਾਂ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਹੈ, ਉਨ੍ਹਾਂ ਲੋਕਾਂ ਕੋਲ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਅਜਿਹੇ ਵਿਕਾਊ, ਖੁਦਗਰਜ਼, ਜ਼ਮੀਰ ਵਿਹੂਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਲੋਕਾਂ ਕੋਲ ਹੋਵੇ ਤਾਂ ਜੋ ਉਨ੍ਹਾਂ ਦੇ ਆਪ ਹੁਦਰੇਪਨ ਤੇ ਨਕੇਲ ਪਾਈ ਜਾ ਸਕੇ ਅਤੇ ਉਹ ਕੋਈ ਸੌਦੇਬਾਜ਼ੀ ਕਰਕੇ ਹੱਥ ਨਾ ਰੰਗ ਸਕਣ। ਟ੍ਰਾਂਸਪੇਰੈਂਟ ਇੰਟਰਨੈਸ਼ਨਲ ਦੀ ਇਹ ਰਿਪੋਰਟ ਕਿ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਮੁਹਰਲੀ ਕਤਾਰ ਵਿੱਚ ਆਉਂਦਾ ਹੈ, ਦਾ ਧੱਬਾ ਵੀ ਇਸ ਤਰੀਕੇ ਨਾਲ ਧੋਤਾ ਜਾ ਸਕਦਾ ਹੈ। ਕੋਈ ਵੀ ਸਿਆਸੀ ਆਗੂ ਸਮਾਜ ਤੋਂ ਉੱਪਰ ਨਹੀਂ ਹੁੰਦਾ।ਦੇਸ਼ ਵਿੱਚ ਹੁਣ ਤਕ 15 ਵਿਧਾਨ ਸਭਾ ਦੀਆਂ ਚੋਣਾਂ ਅਤੇ 16 ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ। ਪੰਜਾਬ ਸਮੇਤ ਭਾਰਤ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪੈਸੇ ਦੀ ਤਾਕਤ ਅਤੇ ਬਾਹੂਬਲ ਨਾਲ ਰਾਜ ਸਤਾ ਦੀ ਪੌੜੀ ਚੜ੍ਹਨ ਵਾਲਿਆਂ ਪ੍ਰਤੀ ਵੋਟਰ ਸੁਚੇਤ ਹਨ। ਉਸਾਰੂ ਸੋਚ ਦੇ ਧਾਰਨੀ, ਬੁੱਧੀਜੀਵੀ, ਲੇਖਕ, ਸੁਲਝੇ ਹੋਏ ਪੱਤਰਕਾਰ ਅਤੇ ਕਰਮਯੋਗੀ ਵੋਟਰਾਂ ਨੂੰ ਇਹ ਕਹਿੰਦਿਆਂ ਜਾਗਰੂਕ ਕਰ ਰਹੇ ਹਨ:

ਸੱਤਾ ਕੀ ਸ਼ਹਿ ਪਾ ਕਰ ਅਬ ਹਰ ਏਕ ਪਰਿੰਦਾ,

ਚੁਣ ਕਰ ਕਲੀਆਂ ਮਸਲ ਰਹਾ ਹੈ, ਅਬ ਤੋਂ ਜਾਗੋ।

ਜਿਸ ਭਾਰਤ ਕਾ ਖ਼ਵਾਬ ਸ਼ਹੀਦੋਂ ਨੇ ਦੇਖਾ ਥਾ,

ਹਾਕਮ ਉਸ ਕੋ ਕੁਚਲ ਰਹਾ ਹੈ, ਅਬ ਤੋਂ ਜਾਗੋ