ਸਭ ਕੁਝ ਖਿੰਡ ਪੁੰਡ ਗਿਆ ਹੈ•••

ਸਭ ਕੁਝ ਖਿੰਡ ਪੁੰਡ ਗਿਆ ਹੈ•••

ਆਪ ਦੀ ਆਮਦ ਤੇ ਇਕ ਨਜ਼ਰ

ਰਤਾ ਉਡੀਕ ਕਰਨੀ ਪੈਣੀ ਹੈ। ਰਾਜ ਪਰਬੰਧ ਦੇ ਮਾਮਲੇ ਵਿੱਚ ਕੁਝ ਅਹਿਮ ਸੁਧਾਰ ਹੋ ਸਕਦੇ ਹਨ।ਪਰ ਰਾਜਨੀਤਿਕ ਮਾਹਰ ਇਹ ਵੀ ਦੱਸਦੇ ਹਨ ਕਿ ਜਦੋਂ ਕੁਰਪਸ਼ਨ ਨੂੰ ਬੇਰਹਿਮ ਹੋ ਕੇ ਮਕੈਨੀਕਲ ਤਰੀਕੇ ਨਾਲ ਨਜਿਠਿਆ ਗਿਆ ਤਾਂ ਰਾਜ ( state) ਪੁਲਿਸ-ਸਟੇਟ ਵੀ ਬਣ ਸਕਦੀ ਹੈ।  ਪੰਜਾਬੀ ਚੇਤਨਾ ਦਾ ਸਿਖ ਸਰੂਪ ਆਪਣੇ  "ਨਿਰਮਲ ਸਰੂਪ"ਵਿੱਚ ਗੈਰ ਹਾਜ਼ਰ ਰਹੇਗਾ। ਯਾਨੀ ਨਿਰਮਲ ਸਰੂਪ ਨੂੰ ਧਰਮ ਨਿਰਪੱਖ ਰੰਗ ਵਿੱਚ ਰੰਗਿਆ ਜਾਵੇਗਾ। ਇਹੋ ਗੈਰਹਾਜ਼ਰੀ ਗੰਭੀਰ ਸਮੱਸਿਆ ਬਣੇਗੀ ਹੀ ਬਣੇਗੀ। ਨਿਰਮਲ ਸਰੂਪ ਦੀ ਗੈਰਹਾਜ਼ਰੀ  ਨਾਲ ਟੱਕਰ ਲੈਣ ਵਾਲੇ "ਸਿਰ ਫਿਰੇ" ਮੈਦਾਨ ਵਿੱਚ ਉਤਰਣਗੇ ਹੀ ਉਤਰਣਗੇ। 

ਭਗਵੰਤ ਮਾਨ ਦੀ ਪਲੇਟ ਤੇ "ਸਿੰਘ" ਸ਼ਬਦ ਦੀ ਅਣਹੋਂਦ ਮਹਿਜ਼ ਇਤਫਾਕ ਨਹੀਂ, ਸੋਚੀ ਸਮਝੀ "ਰਾਸ਼ਟਰਵਾਦੀ" ਪਹੁੰਚ ਅਤੇ ਰਵੱਈਆ ਹੈ। ਸਹੁੰ ਚੁੱਕ ਸਮਾਗਮ ਵਿੱਚ ਭਾਰਤ ਮਾਤਾ ਦੀ ਜੈ ਨੂੰ ਬੋਲੇ ਸੋ ਨਿਹਾਲ ਦਾ ਸ਼ਰੀਕ ਬਣਾ ਦਿੱਤਾ ਗਿਆ ਹੈ। ਮਾਨ ਦੀ ਤਕਰੀਰ ਵਿੱਚ ਫਤਿਹ ਗੈਰ ਹਾਜ਼ਰ ਹੈ।ਸਿਖ ਚੇਤਨਾ ਨੂੰ ਕਥਿਤ ਸੈਕੁਲਰ ਰੰਗ ਨਾਲ ਸਜਾਇਆ ਜਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉਤਾਰ ਕੇ "ਰਣਜੀਤ ਰਾਜ ਜਾਂ ਸਰਕਾਰ-ਏ-ਖਾਲਸਾ" ਨੂੰ ਭੁੱਲ ਜਾਣ ਵਾਲੀ ਮਾਨਸਿਕਤਾ ਦੇ ਅਧੀਨ ਕਰ ਦਿੱਤਾ ਗਿਆ ਹੈ। ਯਕੀਨਨ ਕੁਝ ਆਵਾਜ਼ਾਂ ਆਪ ਪਾਰਟੀ ਦੇ ਅੰਦਰੋਂ ਵੀ ਉਠ ਸਕਦੀਆਂ ਹਨ ਪਰ ਸਮਾਂ ਲਗ ਸਕਦਾ ਹੈ। ਬਾਦਲ ਦਲ ਵਿੱਚ ਬਾਦਲ ਬਾਹਰ ਨਹੀਂ ਹੋਣ ਲੱਗੇ।ਸਿਖ ਮਨਾਂ ਵਿੱਚ ਇਹ ਗਲ ਬਿਠਾਈ ਜਾ ਰਹੀ ਹੈ ਕਿ ਬਾਦਲਾਂ ਦਾ ਕੋਈ ਪਕਾ ਬਦਲ ਵੀ ਨਹੀਂ ਜੋ ਸਿੱਖ ਚੇਤਨਾ ਦੀ ਨੁਮਾਇੰਦਗੀ ਕਰ ਸਕੇ। ਉਨਾਂ ਨੇ ਆਪਣੇ ਰਾਜ ਦੌਰਾਨ ਬੁਨਿਆਦ ਤਕ ਯਾਨੀ ਪਿੰਡੋਂ ਪਿੰਡ ਕੁਰਪਸ਼ਨ ਵੰਡ ਦਿੱਤੀ ਸੀ,ਇਸ ਲਈ ਕਿਸੇ ਵਡੀ ਅਤੇ ਅਣਖੀਲੀ  ਬਗਾਵਤ ਸੁਪਨੇ ਵਰਗੀ ਹੀ ਹੋਵੇਗੀ।  ਵੈਸੇ ਕਿਸੇ ਵਖਰੀ ਸਿੱਖ ਪਾਰਟੀ ਕਾਇਮ ਕਰਨ ਦਾ ਮੈਦਾਨ ਖਾਲੀ ਪਿਆ ਹੈ, ਪਰ ਨਾਂ ਹੀ ਵੱਡੇ ਦਾਨਿਸ਼ਵਰ ਨਜ਼ਰ ਆ ਰਹੇ ਹਨ ਅਤੇ ਨਾ ਹੀ ਧਰਮ ਆਧਾਰਿਤ ਸਿਆਸਤਦਾਨ। ਇਹ ਘਾਟ ਘਾਗ ਬਾਦਲਾਂ ਨੂੰ ਵੀ ਪਤਾ ਹੈ। ਇਸੇ ਲਈ ਉਹ ਸਿੰਘਾਸਨ ਨਾਲ ਚੰਬੜੇ ਹੋਏ ਹਨ। 

ਜਿਨ੍ਹਾਂ ਨੇ ਬਾਦਲਾਂ ਨੂੰ ਹੇਠਾਂ ਸੁੱਟਣ ਦੇ ਮਿਸ਼ਨ ਨੂੰ ਧਰਮ ਯੁੱਧ ਬਣਾ ਰਖਿਆ ਹੈ ,ਉਹ ਵੀ ਦੁਧ ਧੋਤੇ ਨਹੀਂ,ਸਿਆਣੇ ਲੋਕਾਂ ਨੂੰ ਉਨ੍ਹਾਂ ਵਿੱਚ ਕਲ ਦੇ ਲੁਕੇ "ਬਾਦਲ" ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਛੋਟੀ ਵਾਛੜ ਜ਼ਿਆਦਾ ਧੂੜ ਉਡਾਵੇਗੀ ਜਦਕਿ ਬਾਦਲਾਂ ਨੇ ਹਰ ਕਿਸਮ ਦੀ ਠੱਗੀ ਨੂੰ ਪੂਰੀ ਤਰ੍ਹਾਂ ਜਥੇਬੰਦ ਕੀਤਾ ਹੋਇਆ ਹੈ-ਯਾਨੀ ਇਹ ਅਕਾਲ ਤਖ਼ਤ ਸਾਹਿਬ ਤੇ ਵੀ ਮੌਜੂਦ ਹੈ, ਸ਼ਰੋਮਣੀ ਕਮੇਟੀ ਵਿੱਚ ਵੀ ਇਹ ਠੱਗੀ ਹਾਜ਼ਰ ਨਾਜ਼ਰ ਹੈ ਅਤੇ ਹਰ ਅਕਾਲੀ ਦਲ ਵਿੱਚ ਵੀ।  

ਆਇਰਲੈਂਡ ਦੇ ਸ਼ਾਇਰ ਵਿਲੀਅਮ ਬੁਟਲਰ ਯੀਟਸ(1865-1939)  ਦੀ ਕਵਿਤਾ second coming ਜਿਸ ਨੇ ਯੂਰਪ ਦੀ ਰਾਜਨੀਤੀ ਅਤੇ ਸਾਹਿਤ ਦੀ ਦੁਨੀਆਂ ਵਿੱਚ ਤਹਿਲਕਾ ਮਚਾ ਦਿੱਤਾ ਸੀ,ਉਸ ਕਵਿਤਾ ਦਾ ਦਰਦਨਾਕ ਸੰਸਾਰ ਅਜ ਖਾਲਸਾ ਪੰਥ ਦੀ ਹਾਲਤ ਉਤੇ ਵੀ ਇੰਨ ਬਿੰਨ ਢੁਕਦਾ ਹੈ। ਇਸ ਕਵਿਤਾ ਦੀਆਂ ਕੁਝ ਸਤਰਾਂ ਦੇ ਰਹਸਵਾਦੀ ਅਤੇ ਖੁੱਲੇ ਅਰਥ ਹੇਠਾਂ ਦਿੱਤੇ ਜਾ ਰਹੇ ਹਨ:  ਸਭ ਕੁਝ ਖਿੰਡ ਪੁੰਡ ਗਿਆ ਹੈ•••ਬਾਜ਼ ਆਪਣੇ ਕਰਤਾ ਤੋਂ ਕਿਤੇ ਦੂਰ ਚਲਾ ਗਿਆ ਹੈ••• ਕਿਤੇ ਕੋਈ ਕੇਂਦਰ ਨਜ਼ਰ ਨਹੀਂ ਆਉਂਦਾ ਜੋ ਸਾਰੀ ਹਾਲਤ ਨੂੰ ਕਾਬੂ ਵਿੱਚ ਰਖ ਸਕੇ •••ਚਾਰੇ ਪਾਸੇ ਅਫਰਾ ਤਫਰੀ ਦਾ  ਰਾਜ ਹੈ •••ਚੰਗਿਆਂ ਤੋਂ ਚੰਗਿਆਂ ਬੰਦਿਆਂ ਵਿੱਚ ਸਿਦਕ ਨਹੀਂ, ਦ੍ਰਿੜਤਾ ਨਹੀਂ, ਵਚਨਬੱਧਤਾ ਨਹੀਂ ਪਰ ਭੈੜਿਆਂ ਤੋਂ ਭੈੜੇ ਨੈਤਿਕਤਾ ਦਾ ਸਬਕ ਪੜਾ ਰਹੇ ਹਨ।1921 ਵਿੱਚ ਲਿਖੀ ਇਸ ਕਵਿਤਾ ਦੇ ਅਨੇਕਾਂ ਅਰਥ ਕੀਤੇ ਗਏ ਹਨ ਅਤੇ ਅਜ ਵੀ ਕੀਤੇ ਜਾ ਰਹੇ ਹਨ। ਉਂਜ ਪਹਿਲੀ ਵਿਸ਼ਵ ਜੰਗ ਪਿੱਛੋਂ ਯੂਰਪ ਦਾ ਹਰ ਪਰਿਵਾਰ ਘੋਰ ਉਦਾਸੀਆਂ ਵਿੱਚ ਡੁੱਬਿਆ ਹੋਇਆ ਸੀ। ਇਹ ਕਵਿਤਾ ਉਸ ਇਤਿਹਾਸਕ ਦਰਦ ਦੀ ਰਹਸਵਾਦੀ ਦਾਸਤਾਨ ਹੈ।

 

    ਕਰਮਜੀਤ ਸਿੰਘ ਚੰਡੀਗੜ੍ਹ