ਜਰੂਰੀ ਹੈ ਚੰਗੇ ਦੋਸਤਾਂ ਦਾ ਸਾਥ

ਜਰੂਰੀ ਹੈ ਚੰਗੇ ਦੋਸਤਾਂ ਦਾ ਸਾਥ

ਜੋ ਸਭ ਤੋਂ ਵੱਧ ਭਰੋਸੇਯੋਗ ਅਤੇ ਪਿਆਰ ਭਰਿਆ ਮੰਨਿਆ ਜਾਂਦਾ ਹੈ

ਜ਼ਿੰਦਗੀ ਰੱਬ ਵੱਲੋਂ ਬਖਸ਼ਿਆ ਸਭ ਤੋਂ ਖੂਬਸੂਰਤ ਤੋਹਫ਼ਾ ਹੈ। ਕੁਦਰਤ ਨੂੰ ਪੂਰੀ ਨੀਝ ਲਾ ਕੇ ਬਣਾਉਣ ਵਾਲੇ ਕਾਦਰ ਨੇ ਮਨੁੱਖੀ ਜਾਮੇ ਨੂੰ ਬ੍ਰਹਿਮੰਡ ਦਾ ਸਰਵਉੱਚ ਪ੍ਰਾਣੀ ਹੋਣ ਦਾ ਮਾਣ ਬਖਸ਼ਿਆ। ਇਸੇ ਕਰਕੇ ਮਨੁੱਖ ਦੇ ਹਿੱਸੇ ਕੇਵਲ ਖਾਣ ਪੀਣ ਤੇ ਸੌਣਾ ਹੀ ਨਹੀਂ ਆਇਆ। ਮਨੁੱਖ ਦੇ ਹਿੱਸੇ ਜਜ਼ਬਾਤ ਆਏ, ਮਨੁੱਖ ਦੇ ਹਿੱਸੇ ਰਿਸ਼ਤੇਦਾਰੀਆਂ ਆਈਆਂ, ਭਾਵਨਾਵਾਂ ਨੂੰ ਸਮਝਣ ਦੀ ਸੋਝੀ ਆਈ। ਜੇਕਰ ਜਜ਼ਬਾਤਾ ਦੀ ਗੱਲ ਕੀਤੀ ਜਾਵੇ ਤਾਂ ਸਾਡੀ ਜ਼ਿੰਦਗੀ ਵਿੱਚ ਹਰ ਰਿਸ਼ਤੇ ਦੀ ਆਪਣੀ ਇੱਕ ਅਹਿਮੀਅਤ ਹੈ। ਹਰ ਰਿਸ਼ਤੇ ਦਾ ਆਪਣਾ ਆਪਣਾ ਰੋਲ ਹੈ। ਮਾਤਾ ਪਿਤਾ ਭੈਣ ਭਾਈ ਸਾਰੇ ਹਰ ਇੱਕ ਦੇ ਸਭ ਤੋਂ ਪਿਆਰੇ ਰਿਸ਼ਤੇ ਹੁੰਦੇ ਹਨ। ਇਹਨਾਂ ਤੋਂ ਇਲਾਵਾ ਇੱਕ ਰਿਸ਼ਤਾ ਦੋਸਤੀ ਦਾ ਵੀ ਹੈ। ਜੋ ਸਭ ਤੋਂ ਵੱਧ ਭਰੋਸੇਯੋਗ ਅਤੇ ਪਿਆਰ ਭਰਿਆ ਮੰਨਿਆ ਜਾਂਦਾ ਹੈ। ਇੱਕ ਚੰਗਾ ਦੋਸਤ ਬਿਪਤਾ ਪੈਣ ਉੱਪਰ ਪਿੱਛੇ ਕਦਮ ਪੁੱਟਣ ਵਾਲਿਆਂ ਵਿੱਚੋਂ ਨਹੀਂ ਹੁੰਦਾ ਬਲਕਿ ਦੁੱਖ ਵਿੱਚ ਮਾਰਗ ਦਰਸ਼ਨ ਕਰਨ ਵਾਲਾ ਹੁੰਦਾ ਹੈ। ਦੋਸਤ ਦੇ ਰੂਪ ਵਿੱਚ ਸਾਨੂੰ ਇੱਕ ਅਜਿਹਾ ਇਨਸਾਨ ਮਿਲਦਾ ਹੈ, ਜਿਸ ਨਾਲ ਅਸੀਂ ਹਮੇਸ਼ਾ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ , ਬੇਝਿਜਕ ਆਪਣੇ ਦਿਲ ਦੇ ਜਜਬਾਤ ਇੱਕ ਦੂਸਰੇ ਨਾਲ ਵੰਡ ਸਕਦੇ ਹਾਂ। ਸਾਡੀ ਜ਼ਿੰਦਗੀ ਵਿੱਚ ਦੋਸਤਾਂ ਦਾ ਹੋਣਾ ਬਹੁਤ ਜਰੂਰੀ ਹੈ, ਸਕੂਲ, ਕਾਲਜ ਵਿੱਚ ਪੜਦਿਆਂ ਸਾਡੇ ਦੋਸਤ ਹੀ ਹੁੰਦੇ ਹਨ ਜਿੰਨਾ ਨਾਲ ਉਹ ਪਲ ਸਾਡੀ ਜ਼ਿੰਦਗੀ ਦੇ ਸੁਨਿਹਰੀ ਪਲ ਬਣ ਜਾਂਦੇ ਹਨ। ਸਾਡੇ ਜੀਵਨ ਦੀਆਂ ਅਹਿਮ ਯਾਦਾਂ ਸਾਡੇ ਦੋਸਤਾਂ ਨਾਲ ਬਿਤਾਏ ਪਲਾਂ ਦੀਆਂ ਹੀ ਸਰਮਾਇਆ ਹੁੰਦੀਆਂ ਹਨ। 

ਪਰ ਧਿਆਨ ਰਹੇ ਕਿ ਦੋਸਤਾਂ ਦੀ ਚੋਣ ਕਰਨ ਸਮੇਂ ਇਹ ਪਰਖ ਜਰੂਰ ਕਰ ਲਈ ਜਾਵੇ ਕਿ ਕੀ ਸਾਹਮਣੇ ਵਾਲਾ ਇਨਸਾਨ ਤੁਹਾਡੀ ਦੋਸਤੀ ਦੇ ਕਾਬਿਲ ਹੈਂ ਜਾਂ ਨਹੀਂ? ਕੀ ਉਸਦੀ ਸੰਗਤ ਦਾ ਤੁਹਾਡੇ ਉੱਪਰ ਕੋਈ ਬੁਰਾ ਅਸਰ ਤੇ ਨਹੀਂ ਹੋਵੇਗਾ? ਕੀ ਉਹ ਤੁਹਾਡਾ ਵਿਸ਼ਵਾਸਪਾਤਰ ਬਣਨ ਦੇ ਕਾਬਿਲ ਹੈ? ਇਹਨਾਂ ਸਵਾਲਾਂ ਨੂੰ ਜਾਂਚੇ ਬਿਨਾ ਸਾਨੂੰ ਦੋਸਤੀ ਕਰਨ ਲਈ ਕਦਮ ਅੱਗੇ ਨਹੀਂ ਵਧਾਉਣਾ ਚਾਹੀਦਾ। ਅਸਲ ਵਿੱਚ ਇੱਕ ਚੰਗਾ ਦੋਸਤ ਸਾਡੇ ਲਈ ਰਾਹ ਦਸੇਰਾ ਬਣ ਸਕਦਾ ਹੈ ਅਤੇ ਇੱਕ ਮਾੜਾ ਦੋਸਤ ਜ਼ਿੰਦਗੀ ਵਿੱਚ ਕਠਿਨਾਈਆਂ ਪੈਦਾ ਕਰ ਸਕਦਾ ਹੈ।  ਦੋਸਤ ਦੀ ਪਰਖ ਮੁਸੀਬਤ ਵੇਲੇ ਹੁੰਦੀ ਹੈ । ਮੁਸੀਬਤ ਵਿੱਚ ਸਾਥ ਦੇਣ ਵਾਲੇ ਦੋਸਤ ਚੰਗੇ ਦੋਸਤਾਂ ਦੀ ਕਤਾਰ ਵਿੱਚ ਆ ਖੜਦੇ ਹਨ। ਬਿਪਤਾ ਪੈਣ ਵੇਲੇ ਸਾਥ ਛੱਡਣ ਵਾਲੇ ਇਸ ਗੱਲ ਦਾ ਅਹਿਸਾਸ ਕਰਵਾ ਜਾਂਦੇ ਹਨ ਕਿ ਉਹ ਕਦੇ ਵੀ ਤੁਹਾਡੀ ਦੋਸਤੀ ਦੇ ਕਾਬਿਲ ਨਹੀਂ ਸਨ। ਅਜਿਹੇ ਲੋਕ ਜ਼ਿੰਦਗੀ ਦੇ ਗਹਿਰੇ ਸਬਕ ਦੇ ਕੇ ਜਾਂਦੇ ਹਨ। ਦੋਸਤੀ ਹਮੇਸ਼ਾ ਆਪਣੇ ਬਰਾਬਰ ਦੇ ਜਾਂ ਆਪਣੇ ਤੋਂ ਮਾੜੇ ਨਾਲ ਕਰੋ । ਬਰਾਬਰ ਦੀ ਵਿਚਾਰਧਾਰਾ, ਕਲਪਨਾ, ਆਰਥਿਕ ਹਾਲਾਤ ਵਾਲੇ ਲੋਕਾਂ ਦੀ ਦੋਸਤੀ ਲੰਬੇ ਸਮੇਂ ਤੱਕ ਨਿਭਦੀ ਹੈ। ਕਿਉਂਕਿ ਉਹ ਇੱਕ ਦੂਸਰੇ ਦੀ ਹਾਲਤ ਅਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਸਮਰੱਥ ਹੁੰਦੇ ਹਨ । ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਕੋਈ ਇੱਕ ਦੋ ਦੋਸਤ ਅਜਿਹੇ ਜਰੂਰ ਹੋਣੇ ਚਾਹੀਦੇ ਹਨ ਜਿੰਨਾ ਉੱਪਰ ਤੁਹਾਨੂੰ ਐਨਾ ਭਰੋਸਾ ਹੋਵੇ ਕਿ ਜਿੱਥੇ ਕੋਈ ਤੁਹਾਡਾ ਸਾਥ ਨਾ ਦੇਣ ਵਾਲਾ ਹੋਵੇ ਉਹ ਪਹਾੜ ਵਾਂਗ ਅਡੋਲ ਹੋਕੇ ਤੁਹਾਡੇ ਨਾਲ ਖੜ ਸਕਣ। ਮੇਰਾ ਮੰਨਣਾ ਹੈ ਕਿ ਜੇਕਰ ਤੁਹਾਡੇ ਕੋਲੋਂ ਅਜਿਹੇ ਇਨਸਾਨ ਹਨ ਤਾਂ ਤੁਸੀਂ ਦੁਨੀਆਂ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਹੋ। ਕਈ ਬੱਚੇ ਅਜਿਹੇ ਹੁੰਦੇ ਹਨ ਜੋ ਬਹੁਤ ਘੱਟ ਦੋਸਤ ਬਣਾਉਂਦੇ ਹਨ ਜਾਂ ਬਣਾਉਂਦੇ ਹੀ ਨਹੀਂ ਹਨ, ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦੋਸਤ ਬਣਨਾ ਚਾਹੀਦਾ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਹਨਾਂ ਦੇ ਵਿਵਹਾਰ, ਸੁਭਾਅ, ਉਮਰ ਦੇ ਅਨੂਕੂਲ ਹੋਕੇ ਗੱਲ ਕਰਨੀ ਚਾਹੀਦੀ ਹੈ। 

ਅੰਤ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਦੋਸਤਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਇਹ ਸਾਡੀ ਜ਼ਿੰਦਗੀ ਦੇ ਆਮ ਪਲਾਂ ਨੂੰ ਖਾਸ ਯਾਦਾਂ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਇੱਕ ਹੀ ਜੀਵਨ ਹੈ, ਇਸ ਜੀਵਨ ਨੂੰ ਬੇਰੁਖੇ ਲੋਕਾਂ ਨਾਲ ਰਹਿ ਕੇ ਨਾ ਗਵਾਇਆ ਜਾਵੇ, ਸਗੋਂ ਉਹਨਾਂ ਲੋਕਾਂ ਨਾਲ ਵਿਚਰ ਕੇ ਬਤੀਤ ਕੀਤਾ ਜਾਵੇ ਜਿੰਨਾ ਦਾ ਸਾਥ ਤੁਹਾਡੀ ਰੂਹ ਨੂੰ ਸਕੂਨ ਦਿੰਦਾ ਹੈ, ਜਿੰਨਾ ਦੇ ਬੋਲ ਹਮੇਸ਼ਾ ਤੁਹਾਡੇ ਚਿਹਰੇ ਉੱਪਰ ਮੁਸਕਰਾਹਟ ਲੈਕੇ ਆਉਦੇ ਹਨ। ਸੋ ਕਿਹਾ ਜਾ ਸਕਦਾ ਹੈ ਕਿ ਚੰਗੇ ਦੋਸਤਾਂ ਦਾ ਸਾਡੇ ਜੀਵਨ ਵਿੱਚ ਹੋਣਾ ਬਹੁਤ ਜਰੂਰੀ ਹੈ। 

ਹਰਕੀਰਤ ਕੌਰ 

9779118066