ਪਤੀ -ਪਤਨੀ 'ਚ ਪਰਾਏ ਰਿਸ਼ਤੇ ਦੀ ਐਂਟਰੀ ਖਤਰਨਾਕ

ਪਤੀ -ਪਤਨੀ 'ਚ ਪਰਾਏ ਰਿਸ਼ਤੇ ਦੀ ਐਂਟਰੀ ਖਤਰਨਾਕ

 ਖਸਮੁ ਵਿਸਾਰਹਿ ਤੇ ਕਮਜਾਤਿ*......

ਗੁਰਬਾਣੀ ਮਨੁੱਖ ਨੂੰ ਜੀਵਨ -ਜਾਚ ਸਿਖਾਉਂਦੀ ਹੈ। ਇਹ ਮਨੁੱਖ ਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਚਾਨਣਾ ਪਾਉਂਦੀ ਹੈ। ਪ੍ਰੰਤੂ ਅਜੋਕੇ ਸਮੇਂ ਵਿੱਚ ਜੇਕਰ ਸਮਾਜ ਵਿੱਚ ਵਿਚਰਿਆ ਜਾਵੇ ਤਾਂ ਬੇਹੱਦ ਹੈਰਾਨੀ ਹੁੰਦੀ ਹੈ ਕਿ ਅੱਜ- ਕੱਲ੍ਹ ਲੋਕਾਂ ਦਾ ਇੱਕ- ਦੂਜੇ ਨਾਲ ਵਿੱਚ  ਵਿਚਰਨਾ ਬਿਲਕੁੱਲ ਬਦਲ ਗਿਆ ਹੈ।  ਲੱਗਦਾ  ਜਿਵੇਂ  ਕਿਸੇ ਵੀ ਰਿਸ਼ਤੇ ਦੀ ਕੋਈ ਤਵੱਜੋ ਨਹੀਂ, ਸਗੋਂ  ਸਾਰਿਆਂ ਨੂੰ ਇੱਕ- ਦੂਜੇ ਨਾਲ ਥੋੜ੍ਹ -ਚਿਰੀ ਵਰਤੋਂ ਹੀ  ਚੰਗੀ ਲੱਗਦੀ ਹੈ। ਸਾਰੇ ਇੱਕ- ਦੂਜੇ ਤੋਂ ਨਿੱਕੀ  ਮੋਟੀ ਗੱਲ ਤੇ ਹੀ ਜਲਦੀ ਤੋੜ -ਵਿਛੋੜਾ ਕਰ ਲੈਂਦੇ ਹਨ, ਜੋ ਕਿ ਸਮਾਜ 'ਤੇ ਵਧੀਆ ਪ੍ਰਭਾਵ ਨਹੀਂ ਪਾਉਂਦਾ। 

ਭਾਵੇਂ ਕਿ ਸਾਰਾ ਕੁੱਝ ਇਸ ਨਿੱਕੀ ਜਿਹੀ ਡਿਵਾਈਸ ਭਾਵ ਮੋਬਾਈਲ ਸਦਕਾ ਹੀ ਹੋਇਆ ਹੈ, ਕਿਉਂਕਿ ਹੁਣ ਲੋਕ ਇਸ ਦੀ ਵਰਤੋਂ ਨਹੀਂ ਕਰ ਰਹੇ ਸਗੋਂ ਇਹ ਉਹਨਾਂ ਨੂੰ ਵਰਤ ਰਿਹਾ ਹੈ।ਕਾਢ ਤਾਂ  ਜ਼ਿੰਦਗੀ ਨੂੰ ਸੌਖਾ ਕਰਨ ਲਈ ਸੀ , ਪਰ ਅਸੀਂ ਗ਼ਲਤ ਵਰਤੋਂ ਕਰਕੇ ਆਪਣੇ -ਆਪ ਹੀ ਜੀਵਨ ਔਖ਼ਾ ਕਰ ਲਿਆ। ਇਸ ਦੀ ਅਜੋਕੀ  ਦੁਰ -ਵਰਤੋਂ  ਬਹੁਤ ਹੀ ਜਿਆਦਾ ਦੁੱਖਦਾਈ ਹੈ ,ਇਸ ਤੇ ਸਰੀਰਕ -ਮਾਨਸਿਕ ਤਾਂ ਮਾੜੇ ਪ੍ਰਭਾਵ ਹਨ ਹੀ ਜਿਨ੍ਹਾਂ ਤੋਂ ਹਰ ਕੋਈ ਭਲੀ -ਭਾਂਤ ਜਾਣੂ ਹੈ ਪਰ  ਸਮਾਜਿਕ  ਹੁੰਦੇ ਮਾੜੇ ਪ੍ਰਭਾਵ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ ।

ਇਸ  ਨਾਲ਼ ਪਰਿਵਾਰ ਦਾ ਹਰੇਕ ਰਿਸ਼ਤਾ ਪ੍ਰਭਾਵਿਤ ਹੋਇਆ, ਭਾਵੇਂ ਉਹ ਮਾਤਾ -ਪਿਤਾ ,ਭੈਣ- ਭਰਾ ਬੱਚੇ ਜਾਂ ਪਤੀ- ਪਤਨੀ ਹੋਣ। ਜੇ ਸੋਚਿਆ ਜਾਵੇ ਤਾਂ ਸਾਰੇ ਰਿਸ਼ਤਿਆਂ ਦੀ ਜੜ੍ਹ ਪਤੀ- ਪਤਨੀ ਦਾ ਰਿਸ਼ਤਾ  ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਜਿਸ ਨਾਲ਼ ਤਾਂ ਸਾਰਾ ਪਰਿਵਾਰ ਹੀ ਹਿੱਲ ਜਾਂਦਾ । ਪਤਾ ਨਹੀਂ ਕਿਉਂ ਉਮਰ ਵਧਣ ਦੇ ਨਾਲ਼ ਤਜਰਬੇ ਹੋਣ 'ਤੇ ਜਿਹੜੇ ਰਿਸ਼ਤੇ ਨੂੰ  ਹੋਰ ਮਜ਼ਬੂਤ  ਹੋਣਾ ਚਾਹੀਦਾ ਸੀ ,ਉਹ ਏਨਾ ਕਮਜ਼ੋਰ ਕਿਵੇਂ ਹੋ ਜਾਂਦਾ??

 ਅੱਜ ਕੱਲ ਤਾਂ ਬਹੁਤ ਹੀ ਗਲਤ ਸਿਸਟਮ ਚੱਲ ਪਿਆ ਹੈ ਜੋ ਕਿ ਸਾਡੀ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਹੀ ਕਲੰਕਿਤ ਕਰ ਰਿਹਾ। ਸਾਡਾ ਸਮਾਜ ਭਾਵੇਂ ਕਿੰਨਾ ਵੀ ਅਗਾਂਹ- ਵਧੂ ਕਿਉਂ ਨਾ ਕਹਿਲਾਉਣ ਲੱਗ ਪਵੇ ,ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਕਦੇ ਪ੍ਰਵਾਨ ਨਹੀਂ ਕਰਦਾ। ਉਹ ਵੱਖਰੀ ਗੱਲ ਹੈ ਕਿ  ਹੁਣ ਕੋਈ ਵੀ ਕਿਸੇ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ  ਕੋਈ ਕਿਸੇ ਨਾਲ   ਬਿਨ੍ਹਾਂ ਮਤਲਬ ਤੋਂ   ਵਰਤਣਾ ਚਾਹੁੰਦਾ । ਸਗੋਂ ਸਾਰੇ ਸੋਚਦੇ ਹਨ ਕਿ "ਜਿਸ ਦੀਆਂ ਅੱਖਾਂ ਦੁਖਣਗੀਆਂ ਉਹ ਆਪੇ ਪੱਟੀ ਬਨੂੰ ।" ਪਰ ਕਈ ਵਾਰ ਵਖ਼ਤ ਅਜਿਹੇ ਜਖਮਾਂ ਤੇ ਪੱਟੀਆਂ ਬੰਨ੍ਹਣ ਦਾ ਸਮਾਂ ਵੀ  ਨਹੀਂ ਦਿੰਦਾ। 

ਪਤੀ- ਪਤਨੀ ਦੋਹਾਂ ਲਈ ਬੇਹੱਦ ਸ਼ਰਮਨਾਕ  ਗੱਲ ਹੁੰਦੀ ਹੈ ਕਿ ਉਹ ਬਾਹਰ ਇੱਕ ਨਵਾਂ ਰਿਸ਼ਤਾ ਸਿਰਜਣ, ਜੋ ਕਿ ਬਿਲਕੁੱਲ ਵੀ ਕਿਸੇ ਪਿਆਰ- ਪਿਓਰ ਤੇ ਅਧਾਰਿਤ ਨਹੀਂ ਹੁੰਦਾ। ਸਗੋਂ ਨਵੀਆਂ ਸਮੱਸਿਆਵਾਂ ਦੀ ਨੀਂਹ ਹੁੰਦਾ। ਅਜਿਹੇ ਨਵੇਂ ਬਣਾਏ ਰਿਸ਼ਤੇ ਦੂਸਰੇ ਅਪਣੱਤ ਭਰੇ ਰਿਸ਼ਤਿਆਂ ਦਾ ਵੀ  ਘਾਣ ਕਰ ਦਿੰਦੇ ਹਨ ।ਇਹ  ਦੂਸਰੇ ਰਿਸ਼ਤਿਆਂ 'ਤੇ ਬਹੁਤ ਹੀ ਮਾੜੇ ਪ੍ਰਭਾਵ ਪਾਉਂਦੇ ਹਨ। ਜਿਸ ਦਾ ਕਿ ਅਜਿਹਾ ਕਰਨ ਵਾਲੇ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਸ਼ਾਤਰ ਦਿਮਾਗ ਸਮਝਦਾ ਹੈ। ਉਸਨੂੰ ਲੱਗਦਾ ਹੈ ਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ ??

ਤੁਹਾਡੇ ਇਸ ਤਰ੍ਹਾਂ ਕਰਨ ਨਾਲ਼ ਹੋਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਪ੍ਰੰਤੂ ਤੁਹਾਡੇ ਨਜ਼ਦੀਕੀ ਨੂੰ ਇਸ ਦਾ  ਬੇਹੱਦ ਫ਼ਰਕ ਪੈਂਦਾ। ਉਸ ਦੀਆਂ ਭਾਵਨਾਵਾਂ ਮਰ ਹੀ ਜਾਂਦੀਆਂ ਹਨ ,ਉਸ ਨੂੰ ਆਪਣੇ ਜਿਉਣ ਦਾ ਮਕਸਦ ਹੀ ਨਹੀਂ ਸਮਝ ਆਉਂਦਾ। ਉਹ ਵਿਚਾਰਾ ਜਾਂ ਵਿਚਾਰੀ ਇਸ ਕਦਰ ਟੁੱਟ ਜਾਂਦੇ ਹਨ ਕਿ ਕੋਈ ਤਾਂ ਧੋਖਾ ਖਾ ਕੇ ਦੁਬਾਰਾ ਜੁੜਨ ਦੀ ਹਿੰਮਤ ਹੀ ਨਹੀਂ ਕਰ ਪਾਉਂਦੇ ਤੇ ਸੰਸਾਰ ਛੱਡ ਕੇ ਚਲੇ ਜਾਂਦੇ ਹਨ , ਜਿਹੜੇ ਹਿੰਮਤ ਕਰ ਲੈਂਦੇ ਹਨ ਉਹਨਾਂ ਦੇ ਰਿਸ਼ਤਿਆਂ ਵਿੱਚ ਗੰਢ ਪੈ ਜਾਂਦੀ ਹੈ ।ਜਿਹੜੀ ਸਾਰੀ ਜਿੰਦਗੀ ਰੜਕਦੀ ਰਹਿੰਦੀ ਹੈ। 

ਸੋਚਨਾ ਚਾਹੀਦਾ ਕਿ ਇਨ੍ਹਾਂ ਹਰਕਤਾਂ ਦਾ ਅਸਰ ਤੁਹਾਡੇ ਬੱਚਿਆਂ ਤੇ ਜ਼ਰੂਰ ਪੈਂਦਾ। ਉਹ ਬੇਕਸੂਰ ਹੋ ਕੇ ਵੀ ਕਸੂਰਵਾਰ ਹੋ ਜਾਂਦੇ ਹਨ। ਉਹਨਾਂ ਨੂੰ ਆਪਣੇ ਮਾਪਿਆਂ ਦੀਆਂ ਜਿਹੀਆਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਉਹ ਅੰਤਹਿਕਰਨ ਤੱਕ ਦੁਖੀ ਹੁੰਦੇ ਹਨ ।ਸਾਰੀ ਉਮਰ ਉਹ ਇਨਸਾਨ ਨੂੰ ਨਫ਼ਰਤ ਦਾ ਪਾਤਰ ਹੀ ਸਮਝਦੇ ਹਨ।   ਅਜਿਹੇ  ਮਾਪਿਆਂ ਦੇ ਬੱਚੇ ਵੀ ਜ਼ਿੰਦਗੀ ਆਪਣੀ ਜ਼ਿੰਦਗੀ ਨਾਲ ਕਦੇ ਸਾਵੇ -ਪੱਧਰੇ ਨਹੀਂ ਹੋ ਸਕਦੇ ।ਕਈ ਵਾਰ ਇੱਕ ਦੀ ਕੀਤੀ ਗ਼ਲਤੀ ਕਾਰਨ ਦੂਸਰਾ  ਵੀ ਗੁਮਰਾਹ ਹੋ ਕੇ ਉਹੀ ਗ਼ਲਤੀ  ਕਰਨ ਬਾਰੇ ਸੋਚ ਲੈਂਦਾ , ਫਿਰ ਅਜਿਹੀ ਦਲਦਲ ਵਿੱਚ ਦੋਵੇਂ ਬੁਰੀ ਤਰ੍ਹਾਂ ਫ਼ਸ ਜਾਂਦੇ ਹਨ। ਜਿੱਥੋਂ ਨਿਕਲਣਾ ਨਾ ਮੁਮਕਿਨ ਹੁੰਦਾ। ਅਜਿਹੇ ਪਰਿਵਾਰਾਂ ਲਈ ਜ਼ਿੰਦਗੀ ਧਰਤੀ ਉੱਤੇ ਹੀ ਨਰਕ ਵਾਂਗਰ ਬਤੀਤ  ਹੁੰਦੀ ਹੈ।

ਕੀ ਲਾਭ ਅਜਿਹੇ ਦੁਰਾਚਾਰ ਕਰਨ ਦਾ???  ਕਾਸ਼ ਤੁਸੀਂ ਉਹੀ ਸਮਾਂ ਆਪਣੇ ਪਰਿਵਾਰ ਨੂੰ ਦੇ ਕੇ ਵੇਖੋ ਜਿਹੜੀਆਂ ਤਰੀਫਾਂ ਦੇ ਪੁੱਲ ਬਾਹਰ ਬੰਨ੍ਹ ਦੇ ਥੱਕਦੇ ।  ਉਹ ਆਪਣੇ ਲਾਈਫ਼ -ਪਾਟਨਰ  ਨਾਲ਼ ਕਰਕੇ ਤਾਂ ਵੇਖੋ। ਸਭ ਤੋਂ ਵੱਡੀ ਗੱਲ  ਲਾਵਾਂ -ਫੇਰਿਆਂ ਦੀ ਅਹਿਮੀਅਤ ਸਮਝੋ।ਬਾਹਰ ਜਿੰਨਾ ਮਰਜ਼ੀ ਭੱਜ ਲਓ , ਕੋਈ  ਲਾਭ ਨਹੀਂ।ਹੁਣ ਅਜਿਹੇ ਰਿਸ਼ਤੇ ਬਣਾਉਣੇ ਫ਼ੋਨ ਕਰਕੇ ਬਹੁਤ ਸੌਖੇ ਹਨ । ਜਿੰਨੇ  ਮਰਜ਼ੀ ਬਣਾ ਲਓ। ਪ੍ਰੰਤੂ ਪਰਿਵਾਰ ਤੋਂ ਵੱਧ ਕੇ ਤੁਹਾਡੇ ਨੇੜੇ ਕੋਈ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਕਿ  ਜੇਕਰ ਕੋਈ ਮਨ ਮਿਟਾ ਹੋਇਆ  ਤਾਂ ਘਰ ਬੈਠ ਕੇ ਹੀ ਦੂਰ ਕਰ  ਲਿਆ ਜਾਵੇ ,ਨਾ ਕਿ ਅਜਿਹੀਆਂ ਨਵੀਆਂ ਮੁਸੀਬਤਾਂ  ਖੜ੍ਹੀਆਂ ਕਰੀਆਂ ਲਈਆਂ ਜਾਣ। ਜਿਨਾਂ ਵਿੱਚ ਤੁਹਾਡਾ ਕੋਈ ਸਾਥੀ ਨਹੀਂ ਰਹਿ ਜਾਂਦਾ। ਵੈਸੇ ਵੀ ਸਾਡੇ ਗੁਰੂਆਂ -ਪੀਰਾਂ ਦੇ ਉਪਦੇਸ਼ ਨੂੰ ਮੰਨਣਾ ਚਾਹੀਦਾ ਕਿ ਅਜਿਹਾ ਕੰਮ ਕਰਨ ਵਾਲੇ ਲੋਕ ਕਮਜਾਤਿ ਬਰਾਬਰ ਹਨ । ਭਲੇ ਲੋਕ ਬਣੋ , ਆਪਣੇ ਪਰਿਵਾਰ ਅਤੇ ਸਮਾਜ ਲਈ ਚੰਗੇ ਸਹਾਇਕ ਬਣੋ।

 

   ਸਿਮਰਜੀਤ ਸਿੰਮੀ 

 ਨਾਨਕ ਨਗਰੀ (ਮੋਗਾ)