ਸਿੱਖ ਪੰਥ ਵਿਚ ਨਿਸ਼ਾਨ ਸਾਹਿਬ ਦੀ ਪਰੰਪਰਾ
ਧਰਮ ਤੇ ਵਿਰਸਾ
ਡਾਕਟਰ ਪਰਮਵੀਰ ਸਿੰਘ
-ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਸ਼ਾਨ ਸਾਹਿਬ ਸਿੱਖ ਪਛਾਣ ਦਾ ਮਹੱਤਵਪੂਰਨ ਅੰਗ ਹੈ ਜਿਹੜਾ ਕਿ ਹਰ ਇਕ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੁੰਦਾ ਹੈ। ਸਿੱਖ ਪਰੰਪਰਾ ਵਿਚ 'ਨਿਸ਼ਾਨ' ਸ਼ਬਦ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ ਪਰ ਇਸ ਨੂੰ ਝੰਡਾ ਜਾਂ ਧੁਜਾ ਦੇ ਰੂਪ ਵਿਚ ਪ੍ਰਮੁੱਖ ਤੌਰ 'ਤੇ ਦੇਖਿਆ ਜਾਂਦਾ ਹੈ। ਕੁਝ ਗੁਰਧਾਮ ਵੀ ਝੰਡਾ ਸਾਹਿਬ ਦੇ ਨਾਂਅ 'ਤੇ ਮੌਜੂਦ ਹਨ ਜਿਵੇਂ ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ ਦਸਵੀਂ, ਝੰਡਾ ਕਲਾਂ; ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ ਛੇਵੀਂ, ਚੱਕ ਪ੍ਰੇਮਾ, ਫਗਵਾੜਾ; ਗੁਰਦੁਆਰਾ ਝੰਡਾ ਸਾਹਿਬ, ਪਡਿਆਲਾ ਆਦਿ। ਰੋਜ਼ਾਨਾ ਦੀ ਅਰਦਾਸ ਵਿਚ 'ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ' ਦੀ ਭਾਵਨਾ ਇਸ ਦੇ ਮਹੱਤਵ ਪ੍ਰਤੀ ਦ੍ਰਿੜ੍ਹਤਾ ਪ੍ਰਦਾਨ ਕਰਦੀ ਹੈ। ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਹਨ।
ਸਿੱਖ ਪਰੰਪਰਾ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਨਿਸ਼ਾਨ ਸਾਹਿਬ ਦੀ ਪਰੰਪਰਾ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਪਰੰਤ ਇਸ ਦੇ ਉੱਪਰ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਸੀ। ਪਵਿੱਤਰਤਾ ਤੇ ਸਵੈਮਾਨ ਦਾ ਇਹ ਚਿੰਨ੍ਹ ਇਕ ਲੰਮੇ ਪੋਲ 'ਤੇ ਲਾਇਆ ਜਾਂਦਾ ਹੈ ਜਿਸ ਦੇ ਸਿਖ਼ਰ 'ਤੇ ਖੰਡਾ ਜਾਂ ਨੇਜਾ ਲੱਗਿਆ ਹੁੰਦਾ ਹੈ। ਕਈ ਵਾਰੀ ਇਹ ਗੁਰਦੁਆਰਾ ਸਾਹਿਬ ਦੇ ਗੁੰਬਦ ਉੱਪਰ ਵੀ ਸੁਸ਼ੋਭਿਤ ਹੁੰਦਾ ਹੈ। ਤਿਕੋਣ ਆਕਾਰ ਦੇ ਇਸ ਦੇ ਫਰਹਰੇ ਵਿਚ ਅਕਸਰ ਖੰਡਾ ਅਤੇ ਚੱਕਰ ਦਾ ਨਿਸ਼ਾਨ ਬਣਿਆ ਹੁੰਦਾ ਹੈ। ਜੰਗਾਂ-ਯੁੱਧਾਂ ਮੌਕੇ ਵਰਤੇ ਜਾਣ ਵਾਲੇ ਨਿਸ਼ਾਨ ਸਾਹਿਬ ਉੱਪਰ ਸ਼ਸਤਰਾਂ ਦੇ ਚਿੰਨ੍ਹ ਵੀ ਮੌਜੂਦ ਹੁੰਦੇ ਸਨ। ਮਰਯਾਦਾ ਪੂਰਵਕ ਹਰ ਇਕ ਗੁਰਧਾਮ ਵਿਚ ਸਥਾਪਿਤ ਕੀਤਾ ਜਾਣ ਵਾਲਾ ਇਹ ਨਿਸ਼ਾਨ ਸਾਹਿਬ ਅਕਸਰ ਬਸੰਤੀ ਰੰਗ ਦਾ ਹੁੰਦਾ ਹੈ, ਨਿਹੰਗ ਸਿੰਘਾਂ ਦੁਆਰਾ ਨਿਸ਼ਾਨ ਸਾਹਿਬ ਲਈ ਨੀਲਾ ਰੰਗ ਵਰਤਿਆ ਜਾਂਦਾ ਹੈ।ਵੈਸਾਖੀ ਮੌਕੇ ਨਵਾਂ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ ਪਰ ਕਈ ਵਾਰੀ ਕਿਸੇ ਵਿਸ਼ੇਸ਼ ਦਿਵਸ ਮੌਕੇ ਇਹ ਸੇਵਾ ਕੀਤੀ ਜਾਂਦੀ ਹੈ। ਧਾਰਮਿਕ ਸਮਾਗਮ, ਕੈਂਪ ਜਾਂ ਜੋੜ-ਮੇਲ ਦੇ ਅਸਥਾਨ 'ਤੇ ਵੀ ਵਿਧੀ ਪੂਰਵਕ ਨਿਸ਼ਾਨ ਸਾਹਿਬ ਝੁਲਾਉਣ ਦੇ ਨਾਲ-ਨਾਲ ਇਸ ਨੂੰ ਸਲਾਮੀ ਦਿੱਤੀ ਜਾਂਦੀ ਰਹੀ ਹੈ। ਸਮਾਗਮ ਸੰਪੂਰਨ ਹੋਣ 'ਤੇ ਵਿਧੀਵਤ ਢੰਗ ਨਾਲ ਇਸ ਨੂੰ ਆਪਣੇ ਸਥਾਨ 'ਤੇ ਪਹੁੰਚਾ ਦਿੱਤਾ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਲਗਪਗ 14 ਵੱਡੀਆਂ ਜੰਗਾਂ ਕੀਤੀਆਂ ਅਤੇ ਸਭਨਾਂ ਵਿਚ ਸਫ਼ਲਤਾ ਪ੍ਰਾਪਤ ਕੀਤੀ। ਜੰਗਾਂ-ਯੁੱਧਾਂ ਸਮੇਂ ਨਿਸ਼ਾਨ ਸਾਹਿਬ ਗੁਰੂ ਜੀ ਦੇ ਨਾਲ ਲਿਜਾਇਆ ਜਾਂਦਾ ਸੀ। ਅਨੰਦਪੁਰ ਦੇ ਇਕ ਯੁੱਧ ਦੀ ਘਟਨਾ ਵਿਚ ਨਿਸ਼ਾਨ ਸਾਹਿਬ ਦੇ ਮਹੱਤਵ ਦਾ ਵੇਰਵਾ ਦਿੰਦੇ ਹੋਏ ਗੁਰੂ ਕੀਆਂ ਸਾਖੀਆਂ ਵਿਚ ਦੱਸਿਆ ਗਿਆ ਹੈੈ ਕਿ 'ਸਤਿਗੁਰਾਂ ਕਾ ਹੁਕਮਿ ਪਾਇ ਮਾਨ ਸਿੰਘ ਨਿਸ਼ਾਨਚੀ ਨੇ ਆਗੇ ਹੋਇ ਭੂਮੀ ਮੇਂ ਝੰਡਾ ਗਾਡ ਕੇ ਜੰਮ ਕੇ ਲੜਾਈ ਲੜੀ। ਮਾਨ ਸਿੰਘ ਨਿਸ਼ਾਨਚੀ ਜ਼ਖ਼ਮੀ ਹੋ ਗਿਆ ਤੇ ਨਿਸ਼ਾਨ ਦੁਸ਼ਮਨ ਕੇ ਵਾਰ ਸੇ ਟੂਟ ਕੇ ਭੋਇ ਗਿਰ ਪਿਆ। ਇਸ ਘਟਨਾ ਕੀ ਖ਼ਬਰ ਕਿਸੇ ਸਿੱਖ ਨੇ ਤਖ਼ਤ ਸ੍ਰੀ ਕੇਸਗੜ੍ਹ ਮੇਂ ਆਇ ਦਈ। ਗੁਰੂ ਜੀ ਨੇ ਉਸੀ ਵਕਤ ਬੜੀ ਦਸਤਾਰ ਕੋ ਉਤਾਰ ਨੀਚੇ ਕੇਸਗੀ ਮੇਂ ਸੇ ਨੀਲੇ ਰੰਗ ਕਾ ਫਰਰਾ ਨਿਕਾਲ ਕੇ ਬਚਨ ਕੀਆ, ਇਹ ਖਾਲਸਾਈ ਨਿਸ਼ਾਨ ਕਭੀ ਆਗੇ ਸੇ ਟੂਟੇਗਾ ਨਹੀਂ।' ਇਥੋਂ ਹੀ ਨਿਹੰਗ ਸਿੰਘਾਂ ਵਿਚ ਦੁਮਾਲੇ ਨਾਲ ਫਰਹਰਾ ਸਜਾਉਣ ਦੀ ਪਰੰਪਰਾ ਵੀ ਆਰੰਭ ਹੋਈ ਦੱਸੀ ਜਾਂਦੀ ਹੈ। ਜੰਗਾਂ-ਯੁੱਧਾਂ ਸਮੇਂ ਨਿਸ਼ਾਨ ਦੇ ਰੂਪ ਵਿਚ ਸਾਹਮਣੇ ਆਇਆ ਇਹ ਫਰਹਰਾ ਇਹਨਾਂ ਵਿਚ ਸਥਾਈ ਰੂਪ ਧਾਰਨ ਕਰ ਗਿਆ ਹੈ।ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਗਏ ਕਿਲ੍ਹਿਆਂ 'ਤੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ। ਹਰ ਇਕ ਯੁੱਧ ਮੌਕੇ ਇਹ ਨਿਸ਼ਾਨ ਸਾਹਿਬ ਬਾਬਾ ਜੀ ਦੇ ਨਾਲ ਲਿਜਾਇਆ ਜਾਂਦਾ ਸੀ ਅਤੇ ਸਰਹਿੰਦ ਨੂੰ ਜਿੱਤ ਕੇ ਵਜ਼ੀਰ ਖ਼ਾਨ ਦੇ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ, ਇਸ ਦੀ ਯਾਦ ਵਿਚ 14 ਮਈ ਨੂੰ ਸਰਹਿੰਦ ਫ਼ਤਹਿ ਦਿਵਸ ਮਨਾਇਆ ਜਾਂਦਾ ਹੈ। 18ਵੀਂ ਸਦੀ ਦੇ ਸੰਘਰਸ਼ ਸਮੇਂ ਸਿੱਖ 12 ਮਿਸਲਾਂ ਵਿਚ ਵੰਡੇ ਗਏ ਸਨ ਅਤੇ ਇਨ੍ਹਾਂ ਵਿਚੋਂ ਇਕ ਵਿਸ਼ੇਸ਼ ਨਿਸ਼ਾਨਾਂਵਾਲੀ ਮਿਸਲ ਵੀ ਸਾਹਮਣੇ ਆਈ ਜਿਸ ਦਾ ਆਗੂ ਸਰਦਾਰ ਦਸੌਂਧਾ ਸਿੰਘ ਸੀ। ਅੰਮ੍ਰਿਤਸਰ ਸਾਹਿਬ ਵਿਖੇ ਇਸ ਮਿਸਲ ਦੀ ਛਾਉਣੀ ਸੀ ਜਿਹੜੀ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਸੀ। ਇਸ ਮਿਸਲ ਨਾਲ ਸਬੰਧਿਤ ਇਕ ਨਿਸ਼ਾਨ ਸਾਹਿਬ ਹਾਲੇ ਵੀ ਸ਼ਾਹਬਾਦ ਵਿਖੇ ਸੰਭਾਲ ਕੇ ਰੱਖਿਆ ਹੋਇਆ ਹੈ ਜਿਸ ਦੇ ਕਿਸੇ ਵਿਸ਼ੇਸ਼ ਦਿਨ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਦੋ ਨਿਸ਼ਾਨ ਸਾਹਿਬ ਪ੍ਰਮੁੱਖ ਤੌਰ 'ਤੇ ਸੁਸ਼ੋਭਿਤ ਹਨ ਅਤੇ ਇਨ੍ਹਾਂ ਨੂੰ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। 18ਵੀਂ ਸਦੀ ਵਿਚ ਇਹ ਅਸਥਾਨ ਬਾਹਰੀ ਹਮਲਾਵਰਾਂ ਦੇ ਨਿਸ਼ਾਨੇ 'ਤੇ ਰਿਹਾ। ਜਦੋਂ-ਜਦੋਂ ਉਹ ਇਥੇ ਹਮਲਾ ਕਰ ਕੇ ਇਸ ਨੂੰ ਮਿਟਾਉਣ ਦਾ ਯਤਨ ਕਰਦੇ, ਤਿਉਂ-ਤਿਉਂ ਇਹ ਅਸਥਾਨ ਸਿੱਖਾਂ ਦੇ ਮਨ ਵਿਚ ਪਵਿੱਤਰ ਭਾਵਨਾ ਅਤੇ ਦ੍ਰਿੜ੍ਹਤਾ ਦਾ ਵਾਧਾ ਕਰਦਾ ਰਿਹਾ। 18ਵੀਂ ਸਦੀ ਵਿਚ ਅਤਿ ਸੰਕਟ ਦੇ ਸਮੇਂ ਆਪਣਾ ਜੀਵਨ ਕੁਰਬਾਨ ਕਰ ਕੇ ਵੀ ਸਿੱਖ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ। 1767 ਵਿਚ ਅਹਿਮਦ ਸ਼ਾਹ ਦੁਰਾਨੀ ਨੂੰ ਭਜਾ ਕੇ ਭੰਗੀ ਸਰਦਾਰਾਂ ਨੇ ਲਾਹੌਰ 'ਤੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਦਾ ਧਿਆਨ ਇਲਾਕਿਆਂ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਗੁਰਧਾਮਾਂ ਦੀ ਸਾਂਭ-ਸੰਭਾਲ ਵੱਲ ਗਿਆ। ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਬਹਾਲ ਕਰਦੇ ਹੋਏ ਸਰਦਾਰ ਝੰਡਾ ਸਿੰਘ ਭੰਗੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਨਿਸ਼ਾਨ ਸਾਹਿਬ ਲਾਇਆ ਜਿਸ ਨੂੰ 'ਅਕਾਲ ਧੁਜਾ' ਜਾਂ 'ਸਤਿਗੁਰੂ ਦਾ ਨਿਸ਼ਾਨ' ਕਿਹਾ ਜਾਂਦਾ ਸੀ। ਇਸ ਤੋਂ ਲਗਪਗ 40 ਸਾਲ ਬਾਅਦ ਉਦਾਸੀ ਮਹੰਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਸ਼ਾਨ ਸਾਹਿਬ ਸਸ਼ੋਭਿਤ ਕਰਨ ਦਾ ਕਾਰਜ ਕੀਤਾ। ਮਹੰਤ ਸੰਤੋਖ ਦਾਸ ਅਤੇ ਮਹੰਤ ਪ੍ਰੀਤਮ ਦਾਸ ਦੇਹਰਾਦੂਨ ਤੋਂ ਸਾਲ ਦੇ ਰੁੱਖ ਦੀ ਇਕ ਲੰਮੀ ਲੱਕੜ ਅੰਮ੍ਰਿਤਸਰ ਲੈ ਕੇ ਆਏ ਅਤੇ ਉਹਨਾਂ ਨੇ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਥਾਪਿਤ ਕਰ ਕੇ ਇਸ 'ਤੇ ਨਿਸ਼ਾਨ ਸਾਹਿਬ ਝੁਲਾਇਆ ਸੀ। ਇਸ ਤੋਂ ਬਾਅਦ ਲੋਹੇ ਦੇ ਨਿਸ਼ਾਨ ਸਾਹਿਬ ਲਗਾਏ ਜਾਣ ਲੱਗੇ ਅਤੇ ਹੁਣ ਆਧੁਨਿਕ ਤਕਨੀਕ ਵਾਲੇ ਨਿਸ਼ਾਨ ਸਾਹਿਬ ਗੁਰਧਾਮਾਂ ਦੀ ਸ਼ੋਭਾ ਵਧਾ ਰਹੇ ਹਨ।ਨਿਸ਼ਾਨ ਸਾਹਿਬ ਲਗਾਉਣ ਦੀ ਇਕ ਵਿਧੀਵਤ ਪਰੰਪਰਾ ਅਤੇ ਮਰਯਾਦਾ ਹੈ ਪਰ ਇਸ ਦੇ ਨਾਲ ਹੀ ਸਿੱਖਾਂ ਵਿਚ ਖ਼ਾਲਸਾਈ ਨਿਸ਼ਾਨਾਂ ਦੀ ਪਰੰਪਰਾ ਵੀ ਦੇਖਣ ਨੂੰ ਮਿਲਦੀ ਹੈ। ਖ਼ਾਲਸਾਈ ਨਿਸ਼ਾਨ ਕਈ ਰੂਪਾਂ ਵਿਚ ਦੇਖੇ ਜਾ ਸਕਦੇ ਹਨ। ਕਈ ਵਾਰੀ ਨਿਸ਼ਾਨ ਸਾਹਿਬ ਵਰਗੇ ਹੀ ਦਿਖਾਈ ਦੇਣ ਵਾਲੇ ਇਹ ਖਾਲਸਾਈ ਨਿਸ਼ਾਨ ਕਾਰਾਂ, ਟਰੱਕਾਂ, ਜੀਪਾਂ, ਘਰਾਂ, ਸਿੱਖ ਸਭਾਵਾਂ ਆਦਿ ਵਿਖੇ ਲਗਾਏ ਜਾਂਦੇ ਹਨ। ਵਿਸ਼ੇਸ਼ ਮੌਕਿਆਂ 'ਤੇ ਕੱਢੇ ਜਾਣ ਵਾਲੇ ਨਗਰ ਕੀਰਤਨ ਮੌਕੇ ਬੱਚਿਆਂ ਅਤੇ ਆਮ ਲੋਕਾਂ ਦੇ ਹੱਥਾਂ ਵਿਚ ਵੀ ਇਹ ਆਮ ਦੇਖੇ ਜਾ ਸਕਦੇ ਹਨ। ਆਮ ਤੌਰ 'ਤੇ ਬਸੰਤੀ ਰੰਗ ਵਿਚ ਤਿਆਰ ਕੀਤੇ ਜਾਣ ਵਾਲੇ ਇਨ੍ਹਾਂ ਨਿਸ਼ਾਨਾਂ 'ਤੇ ਖੰਡਾ ਵੀ ਬਣਿਆ ਹੁੰਦਾ ਹੈ ਜਾਂ ਕਈ ਵਾਰੀ ੴ ਰੂਪੀ ਚਿੰਨ੍ਹ ਵੀ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਅਤੇ ਖ਼ਾਲਸਾਈ ਨਿਸ਼ਾਨ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਦ੍ਰਿੜ੍ਹਤਾ, ਸਵੈਮਾਨ, ਸੁਰੱਖਿਆ ਅਤੇ ਸਰਬੱਤ ਦੇ ਭਲੇ ਵਾਲੀ ਭਾਵਨਾ ਪ੍ਰਗਟ ਕਰਦੇ ਹਨ।
Comments (0)