ਗਿਆਨ ਸ਼ਕਤੀ ਦੇ ਧਾਰਨੀ ਹੋਣਾ ਸਫਲ ਜੀਵਨ ਦਾ ਸਬਕ

ਗਿਆਨ ਸ਼ਕਤੀ ਦੇ ਧਾਰਨੀ ਹੋਣਾ ਸਫਲ ਜੀਵਨ ਦਾ ਸਬਕ

ਧਰਮ ਤੇ ਫਲਸਫਾ 

 ਡਾਕਟਰ ਇੰਦਰਜੀਤ ਸਿੰਘ ਗੋਗੋਆਣੀ

ਧਾਰਮਿਕ ਜਗਤ ਵਿਚ ਉੱਤਮ ਸ਼ਖ਼ਸੀਅਤ ਨੂੰ ਸੋਲਾਂ ਕਲਾਂ ਸੰਪੂਰਨ ਵੀ ਕਿਹਾ ਗਿਆ ਅਤੇ ਬੇਅੰਤ ਸ਼ਕਤੀਆਂ ਦੇ ਮਾਲਕ ਵੀ ਕਿਹਾ। ਦਰਅਸਲ ਆਮ ਮਨੁੱਖ ਲਈ ਸਫਲ ਜੀਵਨ ਜੀਣ ਵਾਸਤੇ ਇਹ ਸਿੱਖਿਆਵਾਂ ਹਨ ਜਾਂ ਇੰਜ ਕਹੀਏ ਕਿ ਇਕ ਪੁਸਤਕ ਦੇ ਸੋਲਾਂ ਸਬਕ ਜਾਂ ਸਿੱਖਿਆਦਾਇਕ ਪਾਠ ਹਨ ਜੋ ਸਫਲ ਜੀਵਨ ਜੀਣ ਦਾ ਹੁਨਰ ਸਿਖਾਉਂਦੀ ਹੈ। ਪਹਿਲਾ ਸਬਕ 'ਗਿਆਨ ਕਲਾ' ਹੈ।'ਮਹਾਨ ਕੋਸ਼' ਅਨੁਸਾਰ ਗਿਆਨ ਤੋਂ ਭਾਵ, ਜਾਣਨਾ, ਬੋਧ, ਸਮਝ, ਇਲਮ ਆਦਿ। ਸਮ ਅਰਥ ਕੋਸ਼ ਵਿਚ ਗਿਆਨ ਦੇ ਸਮਾਨਅਰਥੀ ਸ਼ਬਦ-ਵਿੱਦਿਆ, ਅਨਭਉ, ਅਨੰਭਉ, ਸੁਬਿਦਿਆ, ਗਯਾਨ, ਙਿਆਨ, ਚੇਤਨਤਾ, ਜਾਨ, ਜਾਨਣਾ, ਪ੍ਰਕਾਸ਼, ਬੇਦ, ਬੋਧ, ਵਿਬੋਧ, ਵੇਦ ਆਦਿ ਸ਼ਬਦ ਹਨ।

ਹੁਣ ਸਫਲ ਜੀਵਨ ਲਈ ਸਭ ਤੋਂ ਪਹਿਲਾਂ ਨਿੱਜ ਦਾ ਗਿਆਨ ਭਾਵ ਆਪਣੇ-ਆਪ ਬਾਰੇ ਜਾਣਨਾ ਹੈ ਕਿ ਮੈਂ ਕੀ ਹਾਂ, ਕਿਉਂ ਹਾਂ ਤੇ ਮੇਰੇ ਸੰਸਾਰ ਜਾਂ ਸਮਾਜ ਵਿਚ ਕੀ ਫ਼ਰਜ਼ ਤੇ ਅਧਿਕਾਰ ਹਨ? ਸਰੀਰ ਬਾਰੇ ਗਿਆਨ, ਖੁਰਾਕ ਤੇ ਪੁਸ਼ਾਕ ਦਾ ਗਿਆਨ, ਆਲੇ ਦੁਆਲੇ ਦਾ ਗਿਆਨ, ਸਮਾਜ, ਸੰਸਾਰ, ਮਾਪੇ, ਰਿਸ਼ਤੇ, ਕਾਦਰ, ਕੁਦਰਤ, ਉੱਦਮ, ਉਤਸ਼ਾਹ, ਆਸ਼ਾਵਾਦ, ਕਿਰਤ, ਵਿੱਦਿਆ, ਖ਼ੁਸ਼ੀ, ਅਨੰਦ ਆਦਿ ਸਭ ਗਿਆਨ 'ਤੇ ਆਧਾਰਿਤ ਹਨ। ਇਸੇ ਲਈ ਗਿਆਨ ਦੀ ਪ੍ਰਕਾਸ਼ ਨਾਲ ਤੇ ਅਗਿਆਨਤਾ ਦੀ ਹਨੇਰੇ ਨਾਲ ਤੁਲਨਾ ਕੀਤੀ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਫ਼ਰਮਾਨ ਹੈ:

ਦੀਵਾ ਬਲੈ ਅੰਧੇਰਾ ਜਾਇ

ਬੇਦ ਪਾਠ ਮਤਿ ਪਾਪਾ ਖਾਇ

ਉਗਵੈ ਸੂਰ ਨ ਜਾਪੈ ਚੰਦ

ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ

(ਅੰਗ : 791)

ਭਾਵ ਜਿਵੇਂ ਦੀਵੇ ਦੀ ਰੌਸ਼ਨੀ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਧਰਮ ਪੁਸਤਕਾਂ ਦੇ ਪਾਠ-ਪਾਪਾਂ ਦਾ ਨਾਸ਼ ਕਰ ਦਿੰਦੇ ਹਨ। ਜਿਵੇਂ ਸੂਰਜ ਦੇ ਪ੍ਰਕਾਸ਼ਮਾਨ ਹੋਣ ਨਾਲ ਚੰਦਰਮਾ ਅਲੋਪ ਹੋ ਜਾਂਦਾ ਹੈ, ਇਸੇ ਪ੍ਰਕਾਰ ਜਿਥੇ ਗਿਆਨ ਦਾ ਪ੍ਰਕਾਸ਼ ਹੋ ਜਾਏ, ਉਥੇ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।ਦੂਜੇ ਪਾਸੇ ਅਧੂਰਾ ਤੇ ਥੋੜ੍ਹਾ ਗਿਆਨ ਕਿਸੇ ਧਰਮ, ਕੌਮ ਜਾਂ ਸਮਾਜ ਦੇ ਲੋਕਾਂ ਲਈ ਅੱਤ ਖ਼ਤਰਨਾਕ ਹੁੰਦਾ ਹੈ। ਲੋਕ ਅਖਾਣ 'ਨੀਮ ਹਕੀਮ ਖ਼ਤਰਾ ਏ ਜਾਨ' ਅਤੇ 'ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ' ਅਧੂਰੇ ਗਿਆਨ ਦੀਆਂ ਉਦਾਹਰਨਾਂ ਹਨ। ਗਿਆਨ ਤਾਂ ਅਥਾਹ ਸਾਗਰ ਹੈ ਤੇ ਜਾਗਦੀਆਂ ਰੂਹਾਂ ਸਦਾ ਕਾਰਜਸ਼ੀਲ ਰਹਿੰਦੀਆਂ ਹਨ। ਇਕੱਲਾ ਕਿਤਾਬੀ ਗਿਆਨ ਜਾਂ ਡਿਗਰੀਆਂ ਹੀ ਗਿਆਨ ਨਹੀਂ ਹੁੰਦੀਆਂ, ਅਨੁਭਵੀ ਗਿਆਨ ਵੀ ਹੁੰਦਾ ਹੈ। ਬਾਬਾ ਬੁੱਲ੍ਹੇ ਸ਼ਾਹ ਨੇ ਇਸੇ ਪ੍ਰਸੰਗ ਵਿਚ ਲਿਖਿਆ ਹੈ: 'ਪੜ੍ਹ ਪੜ੍ਹ ਆਲਮ ਫ਼ਾਜ਼ਲ ਹੋਇਉਂ, ਪਰ ਆਪਣੇ ਆਪ ਨੂੰ ਪੜ੍ਹਿਆ ਈ ਨਹੀਂ'

ਗਿਆਨ ਕਲਾ ਤਾਂ ਸ਼ਕਤੀ ਹੈ। ਆਪੇ ਦੀ ਚੇਤਨਾ, ਭਲੇ ਬੁਰੇ ਦੀ ਪਹਿਚਾਣ। ਭਗਤ ਕਬੀਰ ਜੀ ਨੇ 'ਕਬੀਰਾ ਜਹਾ ਗਿਆਨੁ ਤਹ ਧਰਮ ਹੈ' ਫ਼ਰਮਾਉਂਦਿਆਂ ਸਮਾਜ ਨੂੰ ਨੇਕੀ, ਪਰਉਪਕਾਰ ਤੇ ਧਰਮ ਪ੍ਰਤੀ ਜਾਗ੍ਰਿਤ ਕੀਤਾ। ਗਿਆਨ ਹਰ ਮੁਸ਼ਕਲ ਭਰਪੂਰ ਤਾਲੇ ਦੀ ਕੁੰਜੀ ਹੈ। ਸਦੀਵ ਗਿਆਨ ਪ੍ਰਾਪਤੀ ਦੀ ਲੋਚਾ 'ਕਰਤ ਕਰਤ ਅਭਿਆਸ ਸੇ ਜੜ੍ਹ ਮਤ ਹੋਤ ਸੁਜਾਨ' ਵਾਲੀ ਗੱਲ ਹੁੰਦੀ ਹੈ। ਸ਼ੇਖ ਸਾਅਦੀ ਨੂੰ ਕਿਸੇ ਨੇ ਪੁੱਛਿਆ ਕਿ ਏਨਾ ਗਿਆਨ ਕਿਥੋਂ ਪ੍ਰਾਪਤ ਕੀਤਾ? ਉਹ ਕਹਿੰਦਾ 'ਨੇਤਰਹੀਣਾਂ ਕੋਲੋਂ, ਕਿਉਂਕਿ ਉਹ ਜਦ ਤੱਕ ਧਰਤੀ ਮਾਪ ਨਹੀਂ ਲੈਂਦੇ, ਅਗਲਾ ਕਦਮ ਨਹੀਂ ਪੁੱਟਦੇ।' ਪਹਿਲਾਂ 'ਤੋਲੋ ਫੇਰ ਬੋਲੋ' ਵੀ ਗਿਆਨ ਦਾ ਇਕ ਨੁਕਤਾ ਹੈ।'ਗਿਆਨ' ਨਿੱਜ ਦਾ ਵਿਕਾਸ ਤੇ ਸਵੈ ਦੀ ਚੇਤੰਨਤਾ ਹੈ। ਇਕ ਸੋਚ ਕਿ ਅੱਜ ਨਵਾਂ ਕੀ ਸਿੱਖਿਆ ਹੈ? ਖੇਤਰ ਕੋਈ ਵੀ ਹੋਵੇ, ਗਿਆਨ ਅਸੀਮ ਹੈ। ਜੇਕਰ ਮਨ ਨੀਵਾਂ ਹੋਵੇ ਤਾਂ ਮੱਤ ਉੱਚੀ ਹੁੰਦੀ ਹੈ। ਗਿਆਨ ਹੋਵੇ ਤਾਂ ਮਨ ਸਥਿਰ ਰਹਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ 'ਗਿਆਨ ਕਾ ਬਧਾ ਮਨੁ ਰਹੈ' ਦਾ ਮੰਤਰ ਦ੍ਰਿੜ੍ਹ ਕਰਵਾਉਂਦੇ ਹਨ। ਗਿਆਨ ਜਿਥੋਂ ਵੀ ਮਿਲੇ, ਜਿਸ ਕੀਮਤ 'ਤੇ ਮਿਲੇ ਭਲਾ ਹੀ ਭਲਾ ਹੈ। ਇਹ ਸ਼ਹਿਦ ਦੀਆਂ ਮੱਖੀਆਂ ਵਾਂਗ ਸਦਾ ਕਾਰਜਸ਼ੀਲਤਾ ਦਾ ਨਾਉਂ ਹੈ। ਇਹ ਮਹਾਨ ਪੁਸਤਕਾਂ, ਗ੍ਰੰਥ, ਲਾਇਬਰੇਰੀਆਂ, ਮੈਗਜ਼ੀਨ, ਅਖ਼ਬਾਰ, ਖੋਜੀ ਵਿਦਵਾਨ ਸਭ ਚੰਗੇ ਸਮਾਜ ਦੀ ਸਿਰਜਣਾ ਦੇ ਉਸਤਾਦ ਤੇ ਗਿਆਨ ਦਾ ਭੰਡਾਰ ਹਨ, ਇਨ੍ਹਾਂ ਨੂੰ ਪਿਆਰ ਕਰੀਏ। ਪੰਜਾਬੀਆਂ ਨੂੰ ਮਿਹਣਾ ਵੀ ਹੈ ਕਿ ਸਾਲ ਵਿਚ ਇਹ ਜਿੰਨੇ ਕਰੋੜ ਦਾ ਨਸ਼ਾ ਕਰਦੇ ਹਨ, ਉਹਦੇ ਦਸਵੇਂ ਹਿੱਸੇ ਮੁੱਲ ਦੀਆਂ ਵੀ ਪੁਸਤਕਾਂ ਨਹੀਂ ਖਰੀਦੇ। ਕਾਸ਼! ਇਸ ਦੇ ਉਲਟ ਹੁੰਦਾ ਤਾਂ ਅਸੀਂ ਕਿੰਨੀਆਂ ਅਲਾਮਤਾਂ ਤੇ ਫੋਕਟ ਕਰਮਕਾਂਡਾਂ ਤੋਂ ਬਚ ਜਾਂਦੇ। ਗਿਆਨ ਦੀ ਮਹਿਮਾ ਵਰਨਣ ਕਰਦਿਆਂ ਕਲਗੀਧਰ ਪਾਤਸ਼ਾਹ ਜੀ ਦਾ ਫ਼ਰਮਾਨ ਹੈ:

ਧੀਰਜ ਧਾਮ ਬਨਾਇ ਇਹੈ ਤਨ,

ਬੁਧਿ ਸੁ ਦੀਪਕ ਜਿਉ ਉਜੀਅਰੈ

ਗਿਯਾਨਹਿ ਕੀ ਬਢਨੀ ਮਨਹੁ ਹਾਥ ਲੈ,

ਕਾਤਰਤਾ ਕੁਤਵਾਰ ਬੁਹਾਰੈ

(ਸ੍ਰੀ ਦਸਮ ਗ੍ਰੰਥ, ਪੰਨਾ 570)

ਭਾਵ ਤਨ ਨੂੰ ਧੀਰਜ ਦਾ ਘਰ ਬਣਾਓ ਤੇ ਬੁੱਧ ਰੂਪੀ ਦੀਪਕ ਜਗਾਉ। ਮਨ ਰੂਪੀ ਹੱਥ ਦੇ ਵਿਚ ਗਿਆਨ ਰੂਪੀ ਬੁਹਾਰੀ ਪਕੜੋ, ਕਾਇਰਤਾ ਤੇ ਡਰਪੋਕਪੁਣੇ ਦਾ ਕੂੜਾ ਹੂੰਝਿਆ ਜਾਵੇਗਾ।ਤੱਤਸਾਰ ਕਿ ਹਨੇਰੇ ਦੀ ਕੋਈ ਹੋਂਦ ਨਹੀਂ, ਚਾਨਣ ਦੀ ਗ਼ੈਰ-ਹਾਜ਼ਰੀ ਹੈ। ਏਵੇਂ ਅਗਿਆਨਤਾ ਦੀ ਕੋਈ ਹੋਂਦ ਨਹੀਂ, ਗਿਆਨ ਦੀ ਗ਼ੈਰ-ਹਾਜ਼ਰੀ ਹੈ। ਗਿਆਨ ਇਕ ਸ਼ਕਤੀ ਹੈ ਤੇ ਇਸ ਸ਼ਕਤੀ ਦੇ ਧਾਰਨੀ ਹੋਣਾ ਸਫਲ ਜੀਵਨ ਦਾ ਸਬਕ ਹੈ।