ਬੁੱਝ ਗਿਆ ਉਹ ਦੀਪ ! ਜਿਹੜਾ ਹਨੇਰਿਆਂ ਵਿਚ ਚਾਨਣ ਵੰਡਦਾ ਸੀ…. ਇਕ ਸ਼ਰਧਾਂਜਲੀ।                     

ਬੁੱਝ ਗਿਆ ਉਹ ਦੀਪ ! ਜਿਹੜਾ ਹਨੇਰਿਆਂ ਵਿਚ ਚਾਨਣ ਵੰਡਦਾ ਸੀ….  ਇਕ ਸ਼ਰਧਾਂਜਲੀ।                     
 

 ਜਿਸ ਮਿੱਟੀ ਦੀ ਖਸਲਿਤ ਕੌੜੀ ਬੰਜਰ ਵਰਗੀ ਉਹ ਮਿੱਟੀ ਹੈ 

 ਜਿਸ ਮਿੱਟੀ 'ਚੋਂ ਗੈਰਤ ਮਰ ਗਈ,ਉਹ ਮਿੱਟੀ ਵੀ ਕੀ ਮਿੱਟੀ ਹੈ                                                   

ਇਹ ਸੱਤਰਾਂ ਲੋਕ ਨਾਇਕ ਵਜੋਂਂ ਜਿਉਂ ਕੇ ਗਏ ਉਸ ਮਨੁੱਖ ਦੀ ਜ਼ਿੰਦਗੀ ਉਪਰ ਢੁੱਕਦੀਆਂ ਹਨ,ਜਿਸ ਨੇ ਸਾਰੀਆਂ ਸੁੱਖ ਸਹੂਲਤਾਂ ਨੂੰ ਛੱਡ ਕੇ ਗੈਰਤ ਨਾਲ ਜਿਉਣ ਦਾ ਸੰਕਲਪ ਲਿਆ ਅਤੇ ਪੰਜਾਬ ਦੇ ਹਜ਼ਾਰਾਂ ਨਹੀਂਂ ਬਲਕਿ ਲੱਖਾਂ ਨੌਜਵਾਨਾਂ ਨੂੰ ਵੀ ਇਹ ਸੰਕਲਪ ਦ੍ਰਿੜ ਕਰਵਾਇਆ। ਉਹ ਫਿਲਮ ਨਗਰੀ ਦਾ ਸਮਰੱਥ ਅਦਾਕਾਰ ਸੀ,ਉਹ ਲੰਡਨ ਤੋਂਂ ਵਕਾਲਤ ਕਰਕੇ ਪੇਸ਼ਾਵਰ ਤੇ ਕਾਮਯਾਬ ਵਕੀਲ ਬਣਿਆ,ਉਹ ਵੱਡੀਆਂ ਫਿਲਮੀ ਹਸਤੀਆਂ ਦੇ ਕੇਸਾਂ ਨੂੰ ਦੇਖਦਾ ਸੀ,ਉਹਦੇ ਕੋਲ ਪੈਸੇ ਦੀ ਕੋਈ ਕਮੀ ਨਹੀ ਸੀ,ਬੇਹੱਦ ਮਹਿੰਗੀਆਂ ਗੱਡੀਆਂ ਤੇ ਸੁੱਖ ਸਾਧਨਾਂ ਨਾਲ ਲਵਰੇਜ ਜ਼ਿੰਦਗੀ ਜਿਉਂ ਰਿਹਾ ਸੀ,ਵਕਾਲਤ ਦੇ ਨਾਲ ਨਾਲ ਉਹਦੇ ਫਿਲਮਾਂ ਵਿਚ ਅਦਾਕਾਰੀ ਦੇ ਸ਼ੌਂਂਕ ਨੇ ਉਹਨੂੰ ਜੋਰਾ 10 ਨੰਬਰੀਆ ਬਣਾ ਦਿੱਤਾ,ਲਿਹਾਜ਼ਾ ਪੰਜਾਬ ਦੀ ਜੁਆਨੀ ਉਹਦੀ ਅਦਾਕਾਰੀ  ਸ਼ੈਦਾਈ ਹੋ ਗਈ।ਪਰ ਅਚਾਨਕ ਉਹਦੇ ਜੀਵਨ ਵਿੱਚ ਇੱਕ ਅਜਿਹੀ ਤਬਦੀਲੀ ਆਈ ਕਿ ਉਹ ਆਪਣੀ ਮਿੱਟੀ ਨਾਲ ਮੁੜ ਤੋ ਜੁੜ ਗਿਆ,ਉਹ ਪੰਜਾਬ ਗੇੜੇ ਮਾਰਨ ਲੱਗਾ,ਇੰਜ ਮਹਿਸੂਸ ਹੋ ਰਿਹਾ ਸੀ,ਜਿਵੇਂ ਉਹਦੇ ਅੰਦਰ ਕੋਈ ਅਜਿਹੀ ਅਦਿੱਖ ਸ਼ਕਤੀ ਉਹਨੂੰ ਆਪਣੀ ਕੌਂਮ ਤੋ ਇਹ ਸਾਰੇ ਸੁੱਖ ਸਾਧਨ ਵਾਰ ਦੇਣ ਲਈ ਉਕਸਾਅ ਰਹੀ ਹੋਵੇ,ਜਾਂ ਫਿਰ ਕੌਮ ਨਾਲ ਹੋਈਆਂ ਵਧੀਕੀਆਂ ਦਾ ਵਾਸਤਾ ਪਾ ਕੇ ਮੁੰੰਬਈ ਵਰਗੀ ਮਹਾਂ ਨਗਰੀ ਦੀਆਂ ਰੰਗੀਨੀਆਂ ਛੱਡਣ ਲਈ ਉਹਦੀ ਆਤਮਾ ਨੂੰ ਝੰਜੋੜ ਰਹੀ ਹੋਵੇ,ਕੁੱਝ ਕੁ ਸਮੇਂਂ ਵਿਚ ਪੰਜਾਬ ਦੇ ਹਰ ਬੱਚੇ ਬੱਚੇ ਦੀ ਜ਼ੁਬਾਨ ਤੇ ਉਹਦਾ ਨਾਂ ਚੜ੍ਹ ਗਿਆ,ੳਹ ਮੋਹ ਮੁਹੱਬਤ ਅਤੇ ਹਰਮਨ ਪਿਆਰਤਾ ਦਾ ਠਾਠਾਂ ਮਾਰਦਾ ਸਮੁੰਦਰ ਬਣ ਗਿਆ। ਉਹਦੀ ਇੱਕ ਝਲਕ ਪਾਉਣ ਲਈ ਨੌਜਵਾਨ ਮੁੰਡੇ ਕੁੜੀਆਂ ਉਤਾਵਲੇ ਰਹਿੰਦੇ ਸਨ। ਪੰਜਾਬ ਲਈ ਉਹ ਪੰਜਾਬ ਦਾ ਸਿਆਣਾ,ਸਾਊ ਪੁੱਤ ਸੀ,ਉਹ ਨੌਜਵਾਨਾਂ ਦਾ ਰਾਹ ਦਿਸੇਰਾ ਸੀ,ਉਹ  ਬੌਧਿਕਤਾ ਦਾ ਭੰਡਾਰ ਸੀ,ਪੰਜਾਬ ਦਾ ਰੌਸ਼ਨ ਦਿਮਾਗ ਸੀ ਉਹ, ਉਹ ਪੰਜਾਬ ਦਾ ਅਸਲੀ ਦਰਦਮੰਦ ਵੀ ਸੀ,ਉਹ ਪੰਜਾਬ ਦਾ ਅਸਲੀ ਵਾਰਿਸ ਕਹਾਉਣ ਦਾ ਜਿਉਂਦੇ ਜੀਅ ਹੱਕਦਾਰ ਬਣ ਗਿਆ ਸੀ,ਉਹਦਾ ਬੌਧਿਕ ਪੱਧਰ ਸਟੇਟ ਦੀ ਹਰ ਸਾਜਿਸ਼ ਨੂੰ ਸਮਝਣ ਦੇ ਸਮਰੱਥ ਸੀ,ਉਹਨੂੰ ਬੰਦੇ ਦੀ ਪਰਖ ਸੀ,ਉਹ ਜਾਣਦਾ ਸੀ ਕਿ ਪੰਜਾਬ,ਪੰਜਾਬੀਅਤ ਅਤੇ ਸਿੱਖ ਕੌਂਮ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਾ ਹੈ।ਉਹ ਇਹ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ,ਸਮਝਦਾ ਸੀ ਕਿ ਸਿੱਖ,ਸਿੱਖੀ ਅਤੇ ਅਣਖੀਲੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਸਿੱਖ ਵਿਚਾਰਧਾਰਾ ਤੇ ਪਹਿਰਾ ਦੇਣ ਵੀ ਜ਼ਰੂਰੀ ਹੈ।ਉਹ ਇਹ ਵੀ ਬਹੁਤ ਚੰਗੀ ਤਰ੍ਹਾਂਂ ਜਾਣਦਾ ਸੀ ਕਿ ਮੇਰੀ ਕੌਮ ਪ੍ਰਸਤੀ ਦਾ ਅੰਜਾਮ ਕੀ ਹੋਵੇਗਾ,ਉਹ ਦੇ ਖੁਦ ਦਾਹੜੀ ਕੇਸ ਕੱਟੇ ਹੋਏ ਸਨ,ਪਰ ਫਿਰ ਵੀ ਉਹ ਨੌਜਵਾਨਾਂ ਨੂੰ ਸਾਬਤ ਸੂਰਤ ਕਰਨ ਲਈ ਦਿਲ ਜਾਨ ਨਾਲ ਕੰਮ ਕਰ ਰਿਹਾ ਸੀ।ਉਹ ਪਿਛਲੇ ਕੁੱਝ ਦਿਨਾਂ ਤੋਂ ਕੌਮ ਦੇ ਆਗੂ  ਸਿਮਰਨਜੀਤ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਤੌਰ ਉਤੇ ਮੁੰਬਈ ਤੋਂਂ ਪੰਜਾਬ ਪਰਤਿਆ।ਉਹ ਜਿਲ੍ਹਾ ਸੰਗਰੂਰ ਦੇ ਹਲਕਾ ਅਮਰਗੜ੍ਹ ਵਿੱਚ ਤਿੰਨ ਦਿਨ ਰਹਿਣ ਤੋ ਬਾਅਦ ਮਾਨ ਸਾਹਿਬ ਦੇ ਬੇਟੇ ਇਮਾਨ ਸਿੰਘ ਮਾਨ ਦੇ ਹਲਕੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਗਿਆ।ਉਹ ਨੇ ਕੁੱਝ ਦਿਨ ਚੋਣਾਂ ਵਿੱਚ ਗੁਜ਼ਾਰਨ ਤੋ ਬਾਅਦ ਵਾਪਸ ਮੁੰਬਈ ਪਰਤਣਾ ਸੀ,ਪਰ ਉਸ ਨੇ  ਮੁੰਬਈ ਨਾ ਜਾਣ ਦਾ ਫੈਸਲਾ ਇਸ ਲਈ ਕਰ ਲਿਆ ਕਿ ਉਹ ਉਸ ਕੌਂਮੀ ਆਗੂ ਸ੍ਰ ਸਿਮਰਨਜੀਤ ਸਿੰਘ ਮਾਨ  ਨੂੰ ਜਿਤਾਉਣਾ ਲਈ ਹਲਕੇ ਵਿਚ ਰਹਿ ਕੇ ਹੋਰ ਮਿਹਨਤ ਕਰਨੀ ਚਾਹੁੰਦਾ ਸੀ,ਜਿਸ ਨੇ ਅਪਣੀ ਠਾਠ ਬਾਠ ਵਾਲੀ ਉੱਚ ਪਦਵੀ ਛੱਡ ਕੇ ਕੌਮੀ ਹਿਤਾਂ ਲਈ ਲੜਨਾ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੋਇਆ ਹੈ।ਉਹ ਚੋਣਾਂ ਦੇ ਅੰਜਾਮ ਤੱਕ ਏਥੇ ਰਹਿਣ ਦਾ ਫੈਸਲਾ ਵੀ ਕਰ ਚੁੱਕਾ ਸੀ।

ਉਹਦੀ ਜਥੇਬੰਦੀ “ਵਾਰਿਸ ਪੰਜਾਬ ਦੇ” ਦੀ ਟੀਮ ਹਲਕਾ ਅਮਰਗੜ ਵਿੱਚ ਪਹੁੰਚ ਚੁੱਕੀ ਸੀ,ਜਿਸਨੇ ਹਲਕੇ ਦੇ ਲੋਕਾਂ ਨੂੰ ਸ੍ਰ ਮਾਨ ਦੇ ਹੱਕ ਵਿੱਚ ਭੁਗਤਣ ਲਈ ਡਰਾਉਣਾ,ਧਮਕਾਉਣਾ ਜਾਂ ਨਸ਼ਿਆਂ ਦਾ ਲਾਲਚ ਨਹੀਂਂ ਸੀ ਦੇਣਾ,ਬਲਕਿ ਉਨ੍ਹਾਂ ਨੂੰ ਕੌਂਮ ਦੇ ਸਾਹਮਣੇ ਦਰਪੇਸ ਸਮੱਸਿਆਵਾਂ ਦਾ ਵਾਸਤਾ ਪਾਉਣਾ ਸੀ।ਉਹ ਜਾਗਦੀ ਜ਼ਮੀਰ ਦਾ ਨਾਮ ਸੀ  ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ,ਜਿਸ ਦਾ ਇੱਕ ਇੱਕ ਸ਼ਾਹ ਕੌਂਮ ਲਈ ਨਿਛਾਵਰ ਕਰਨ ਦਾ ਜਜ਼ਬਾ ਅਤੇ ਦੁਨੀਆ ਦੇ ਇਤਿਹਾਸ ਦੀ ਜਾਣਕਾਰੀ ਉਹਦੇ ਉੱਚੇ ਬੌਧਿਕ ਪੱਧਰ ਦੀ ਗਵਾਹੀ ਭਰਦੀ ਅਤੇ ਉਹਨੂੰ ਬਾਕੀ ਦੁਨੀਆ ਤੋਂਂ ਅਲੱਗ ਕਰਦੀ ਹੈ। ਦੀਪ ਸਿੱਧੂ ਪੰਜਾਬੀ ਫਿਲਮ ਜੋਰਾ ਤੋਂਂ ਚਰਚਾ ਵਿੱਚ ਆਇਆ,ਪਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਅਤੇ ਫਿਲਮੀ ਅਦਾਕਾਰ ਸੰਨੀ ਦਿਉਲ ਦੀ ਚੋਣ ਮੁਹਿੰਮ ਵਿਚ ਨਿਭਾਈ ਭੂਮਿਕਾ ਨੇ ਉਹਨੂੰ ਸਿਆਸੀ ਗਲਿਆਰਿਆਂ ਵਿੱਚ ਚਰਚਿਤ ਕਰ ਦਿੱਤਾ ।ਭਾਜਪਾਈਏ ਉਹਦੀ ਲਿਆਕਤ ਕਾਇਲ ਹੋ ਗਏ,ਇਸ ਲਈ ਭਾਜਪਾ ਦੀ ਆਹਲਾ ਕਮਾਨ ਉਹਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਉਂਦੀ ਰਹੀ,ਪਰ ਦੀਪ ਸਿੱਧੂ ਦੇ ਖੁਦ ਦੱਸਣ ਮੁਤਾਬਿਕ ਉਹਨਾਂ ਦੀ ਸੌੜੀ ਅਤੇ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਪ੍ਰਤੀ ਅਪਨਾਈ ਪਹੁੰਚ ਨੂੰ ਉਹ ਸਮਝ ਗਿਆ ਸੀ,ਇਸ ਲਈ ਉਹਨੇ ਭਾਜਪਾ ਵਿੱਚ ਸ਼ਾਮਲ ਹੋਣ ਤੋ ਕੋਰਾ ਜਵਾਬ ਦੇ ਦਿੱਤਾ।ਇਨ੍ਹਾਂ ਚੋਣਾਂ ਤੋਂਂ ਬਾਅਦ ਹੀ ਉਹਦੇ ਜੀਵਨ ਵਿੱਚ ਤਬਦੀਲੀ ਆਈ ਅਤੇ ਉਹ ਪੰਜਾਬ ਗੇੜੇ ਮਾਰਨ ਲੱਗ ਪਿਆ,ਜਾਂ ਇਹ ਕਹਿਣਾ ਵੀ ਕੋਈ ਗਲਤ ਨਹੀ ਕਿ ਚੋਣਾਂ ਵਿੱਚ ਰਾਜਨੀਤੀ ਨੂੰ ਨੇੜਿਉਂ ਸਮਝਣ ਅਤੇ ਭਾਜਪਾ ਦੇ ਖਤਰਨਾਕ ਇਰਾਦਿਆਂ ਨੇ ਉਹਨੂੰ ਬੇਚੈਨ ਕਰ ਦਿੱਤਾ।ਉਹ ਚਾਹੁੰਦਾ ਸੀ,ਪੰਜਾਬ ਦੇ  ਸੱਚੇ ਸੁੱਚੇ ਕਿਰਦਾਰ ਵਾਲੇ ਲੋਕਾਂ ਨੂੰ ਇਕੱਠਾ ਕੀਤਾ ਜਾਵੇ,ਤਾਂ ਜੋ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਝੰਡੇ ਨੂੰ ਬੁਲੰਦ ਕੀਤਾ ਜਾ ਸਕੇ।ਉਹਨੇ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁੰਮ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਬਾਰੇ ਜੋ ਦੁਨੀਆ ਭਰ ਦੇ ਸਿੱਖਾਂ ਨੂੰ ਸੰਬੋਧਿਤ ਹੁੰਦਿਆਂ ਵੀਡੀਓ ਜਾਰੀ ਕੀਤੀ ਸੀ,ਅਸਲ ਵਿੱਚ ਉਸ ਵੀਡੀਓ ਤੋ ਬਾਅਦ ਹੀ ਦੀਪ ਸਿੱਧੂ ਮੁੜ ਚਰਚਾ ਵਿੱਚ ਆਇਆ ਸੀ,ਜਿਸ ਤੋ ਬਾਅਦ ਏਜੰਸੀਆਂ ਦੀਪ ਪ੍ਰਤੀ ਚੌਕਸ ਹੋ ਗਈਆਂ।ਉਹਨਾਂ ਵੱਲੋਂ ਜਾਰੀ ਕੀਤੀਆਂ ਵੀਡੀਓ,ਉਨ੍ਹਾਂ ਤਾਕਤਾਂ ਲਈ ਉਸ ਸਮੇਂਂ ਤੋਂਂ ਹੀ ਖਤਰੇ ਦੀ ਘੰਟੀ ਬਣ ਗਈਆਂ ਸਨ,ਜਦੋ ਉਹ ਪੰਜਾਬ ਆਕੇ ਪੰਜਾਬ ਲਈ ਫਿਕਰਮੰਦੀ ਜਾਹਰ ਕਰਨ ਲੱਗ ਪਿਅ ਸੀ।ਕਿਸਾਨੀ ਅੰਦੋਲਨ ਨੇ ਉਹਦੀ ਹਰਮਨ ਪਿਆਰਤਾ ਚ ਢੇਰ ਸਾਰਾ ਵਾਧਾ ਕੀਤਾ।ਉਹ ਨੂੰ ਬਦਨਾਮ ਕਰਨ ਲਈ ਕਿਸਾਨ ਜਥੇਬੰਦੀਆਂ ਸਮੇਤ ਸਾਰਾ ਤੰਤਰ ਇੱਕਜੁੱਟ ਹੋ ਗਿਆ,ਪਰ ਉਹ ਅਡੋਲ ਰਿਹਾ।ਉਹਦੇ ਤੇ ਲਾਲ ਕਿਲੇ ਤੇ ਜਾ ਕੇ ਕੇਸਰੀ ਝੰਡਾ ਲਹਿਰਾਉਣ ਦੇ ਦੋਸ਼ ਵਿੱਚ ਪਰਚਾ ਦਰਜ ਹੋਇਆ।ਉਹ ਰੂਪੋਸ ਵੀ ਰਿਹਾ ,ਪਰ ਬਹੁਤ ਜਲਦੀ ਪੇਸ਼ ਹੋ ਕੇ ਕਨੂੰਨ ਦਾ ਸਾਹਮਣਾ ਕਰਨ ਲੱਗਾ।ਉਦੋਂ ਤੱਕ ਕਿਸਾਨ ਜਥੇਬੰਦੀਆਂ ਅਤੇ ਏਜੰਸੀਆਂ ਉਹਨੂੰ ਆਪਣੇ ਲੋਕਾਂ ਤੋਂਂ ਅਲੱਗ ਬਲੱਗ ਕਰਨ ਵਿੱਚ ਵਕਤੀ ਤੌਰ ਉਤੇ ਕਾਮਯਾਬ ਵੀ ਰਹੀਆਂ।ਲਿਹਾਜਾ ਉਹਨੇ ਜ਼ਿੰਦਗੀ  ਦੇ ਤਿੰਨ ਮਹੀਨੇ ਦਿੱਲੀ ਦੀ ਤਿਹਾੜ ਜੇਲ ਵਿੱਚ ਕੱਟ ਕੇ ਆਪਣੀ ਕੌਮ ਅੱਗੇ ਆਪਣੀ ਅਡੋਲਤਾ ਅਤੇ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ।ਉਹਦੇ ਜੇਲ ਸਫਰ ਨੇ ਸੱਚ ਅਤੇ ਝੂਠ ਦਾ ਨਿਖੇੜਾ ਕਰਨ ਵਿੱਚ ਉਹਦਾ ਸਾਥ ਦਿੱਤਾ।ਉਹ ਜੇਲ ਤੋ ਹੋਰ ਤਕੜਾ ਹੋ ਕੇ ਵਾਪਸ ਪਰਤਿਆ।ਪੰਜਾਬ ਦੀ ਉਹ ਸੂਝਵਾਨ ਨੌਜਵਾਨੀ ਜਿਹੜੀ ਪੰਜਾਬ ਲਈ ਫਿਕਰਮੰਦ ਹੈ ਉਹਦੇ ਨਾਲ ਹੋ ਤੁਰੀ।ਉਹ ਤੁਰਦਾ ਗਿਆ ਲੋਕ ਜੁੜਦੇ ਗਏ ਤੇ ਕਾਫਲਾ ਵਧਦਾ ਗਿਆ,ਅਖੀਰ ਉਹ ਦਿਨ ਆ ਗਿਆ,ਜਦੋ ਪੰਥਕ ਹਲਕਿਆਂ ਵਿਚ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਕਿ ਪੰਜਾਬ ਨੂੰ ਬਚਾਉਣ ਲਈ ਜੇਕਰ ਕੋਈ ਅਗਵਾਈ ਦੇਣ ਦੇ ਸਮਰੱਥ ਨੌਜਵਾਨ ਹੈ,ਤਾਂ ਉਹ ਬਿਨਾ ਸ਼ੱਕ ਦੀਪ ਸਿੱਧੂ ਹੈ।, ਲੋਕ ਸੱਚ ਕਹਿੰਦੇ ਹਨ ਕਿ ਦੀਪ ਨੇ ਪੰਥਕ ਰਾਜਨੀਤੀ ਦੇ ਖੜ੍ਹੇ ਪਾਣੀਆਂ ‘ਚ ਹਲਚਲ ਮਚਾ ਦਿੱਤੀ। ਜੇਕਰ ਕਿਸਾਨੀ ਅੰਦੋਲਨ ਚ ਕਿਸੇ ਨੇ ਸਭ ਤੋ ਵੱਧ ਹਰਮਨ ਪਿਆਰਤਾ ਹਾਸਲ ਕੀਤੀ ਉਹ ਦੀਪ ਸਿੱਧੂ ਸੀ,ਜੇਕਰ ਆਪਣੇ ਕੌਂਮੀ ਜਜ਼ਬੇ ਨੂੰ ਪ੍ਰਗਟਾਉਂਦਿਆਂ ਲਾਲ ਕਿਲੇ ਤੇ ਕੇਸਰੀ ਨਿਸਾਨ ਲਹਿਰਾਉਣ ਤੋ ਬਾਅਦ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਸਭ ਤੋ ਵੱਧ ਲੋਕਾਂ ਦੀ ਨਫਰਤ ਖੱਟੀ,ਉਹ ਵੀ ਦੀਪ ਸਿੱਧੂ ਹੀ ਹੈ, ਜੇ ਕਿਸੇ ਆਗੂ ਨੇ  ਸਿਮਰਨਜੀਤ  ਸਿੰਘ ਮਾਨ ਤੋ ਬਾਅਦ ਆਪਣੀ ਕਹਿਣੀ ਕਰਨੀ ਤੇ ਅਡੋਲਤਾ ਨਾਲ ਪਹਿਰਾ ਦਿੱਤਾ,ਉਹ ਵੀ ਦੀਪ ਸਿੱਧੂ ਹੀ ਹੈ,ਕਿਉਂਕਿ ਜਿਹੜੇ ਕਿਸਾਨੀ ਅੰਦੋਲਨ ਦੌਰਾਨ ਆਪਣੀ ਚੌਧਰ ਖੁੱਸਣ ਦੇ ਡਰੋਂ ਦੀਪ ਤੇ ਇਲਜ਼ਾਮ ਲਾਉਂਦੇ ਰਹੇ ਕਿ ਦੀਪ ਭਾਜਪਾ ਦਾ ਬੰਦਾ ਹੈ,ਦੀਪ ਨੇ ਸਿਆਸੀ ਪਾਰਟੀ ਬਣਾਉਣੀ ਹੈ,ਦੀਪ ਨੇ ਚੋਣ ਲੜਨੀ ਹੈ,ਉਹ ਆਰ ਐਸ ਐਸ ਦਾ ਏਜੰਟ ਹੈ,ਆਦਿ ਆਦਿ। ਇਹ ਸਾਰਾ ਕੂੜ ਪ੍ਰਚਾਰ ਕੂੜਾ ਹੀ ਹੋ ਨਿਬੜਿਆ ਅਤੇ ਰੱਬ ਦੀ ਐਸੀ ਕਲਾ ਵਰਤੀ ਕਿ ਸਮੇਂਂ ਨੇ ਸਾਰੇ ਮਖੌਟਾਧਾਰੀ ਚਿਹਰੇ ਨੰਗੇ ਕਰ ਦਿੱਤੇ,ਕਿਸੇ ਨੇ ਪਾਰਟੀ ਬਣਾ ਲਈ,ਕਿਸੇ ਤੇ ਆਰ ਐਸ ਐਸ ਨਾਲ ਮਿਲੇ ਹੋਣ ਦੇ ਦੋਸ਼ ਉਹਦੇ ਆਪਣੇ ਹੀ ਸਾਥੀ ਵੱਲੋਂ ਲਾਏ ਤੇ ਸਿੱਧ ਵੀ ਕੀਤੇ ਗਏ,ਕੋਈ ਜ਼ਿਆਦਾ ਹੀ ਕਿਸਾਨਾਂ ਦਾ ਦਰਦਮੰਦ ਹੋਣ ਦੇ ਨਾਟਕ ਕਰਨ ਵਾਲਾ ਜਾਂਂ ਭਾਜਪਾ ਵਿਚ ਸ਼ਾਮਲ ਹੋ ਗਿਆ,ਪਰ ਲੋਕਾਂ ਦਾ ਦੀਪ ਜਿੱਥੇ ਖੜਾ ਸੀ ਉਥੇ ਹੀ ਸ਼ਾਂਤ ਖੜਾ ਮਹਿਕਾਂ ਬਿਖੇਰਦਾ ਰਿਹਾ।ਉਹ ਜਿੱਥੇ ਖੜਦਾ,ਉੱਥੋਂ  ਹਨੇਰੇ ਅਲੋਪ ਹੋ ਜਾਂਦੇ ਤੇ ਗਿਆਨ ਦੀ ਲੋਅ ਚਾਨਣ ਵੰਡਣਾ ਸੁਰੂ ਦਿੰਦੀ।ਸੋ ਅਜਿਹੇ ਹੀਰੇ ਨੂੰ ਗਿਆ ਲੈਣਾ ਕੌਮ ਅਤੇ ਦੇਸ਼ ਪੰਜਾਬ ਲਈ ਕਿਸੇ ਵੱਡੀ ਸੱਟ ਤੋਂਂ ਘੱਟ ਨਹੀਂਂ ਹੈ। ਜੁਆਨੀ ਦਾ ਰਾਹ ਦਿਸੇਰਾ ਸੀ ਉਹ,ਜੇਕਰ ਰਾਹ ਦਿਸੇਰਾ ਹੀ ਹਨੇਰੇ ਰਾਹਾਂ ਤੇ ਛੱਡ ਕੇ ਅਲੋਪ ਹੋ ਜਾਵੇ,ਜੁਆਨੀ ਦਾ ਔਝੜ ਪੈਣਾ ਸੁਭਾਵਕ ਹੈ। ਭਾਰਤ ਦੇ ਗੋਦੀ ਮੀਡੀਆ ਵੱਲੋਂ ਦੀਪ ਸਿੱਧੂ ਦੀ ਮੌਤ ਤੇ ਇਹ ਕਹਿਣਾ ਕਿ “ਲਾਲ ਕਿਲੇ ਦਾ ਅਰੋਪੀ ਨਸ਼ੇ ਦੀ ਹਾਲਤ ਵਿੱਚ ਸੜਕ ਦੁਰਘਟਨਾ ਵਿੱਚ ਮਾਰਿਆ ਗਿਆ” ਭਾਰਤੀ ਤੰਤਰ ਦੇ ਖੌਫਜਦਾ ਹੋਣ ਦਾ ਸਬੂਤ ਹੈ।ਉਹਨਾਂ ਨੂੰ ਦੀਪ ਦੀ ਮੌਤ ਵੀ ਡਰਾ ਰਹੀ ਪਰਤੀਤ ਹੋ ਰਹੀ ਹੈ। ਇਹ ਝੂਠਾ ਵਰਤਾਰਾ ਜਿੱਥੇ ਭਾਰਤੀ ਤਾਕਤਾਂ ਦੁਆਰਾ ਫੈਲਾਈ ਜਾ ਰਹੀ ਨਫਰਤ ਦੀ ਅੱਗ ਨੂੰ ਹੋਰ ਪਰਚੰਡ ਕਰਨ ਵਾਲਾ ਹੈ,ਓਥੇ ਪੰਜਾਬ ਦੀ ਜੁਆਨੀ ਦੇ ਜ਼ਖਮਾਂ ਤੇ ਲੂਣ ਪਾ ਕੇ ਉਨ੍ਹਾਂ ਨੂੰ ਨਫਰਤ ਦੇ ਇਸ ਭਾਂਬੜ ਵਿੱਚ ਝੋਕਣ ਦੇ ਖ਼ਦਸ਼ਿਆਂ ਨੂੰ ਵੀ ਨਜਰਅੰਦਾਜ਼ ਨਹੀਂਂ ਕੀਤਾ ਜਾ ਸਕਦਾ। ਹੁਣ ਜਦੋ ਉਹ ਲੱਖਾਂ ਪੰਜਾਬੀਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਦੁਨੀਆ ਤੋਂਂ ਤੁਰ ਗਿਆ ਹੈ,ਤਾਂ ਬਹੁਤ ਸਾਰੇ ਮਗਰਮੱਛ ਵੀ ਅੱਥਰੂ ਕੇਰਦੇ ਦਿਖਾਈ ਦਿੰਦੇ ਹਨ,ਪ੍ਰੰਤੂ ਇਹ ਸੱਚ ਹੈ ਕਿ ਦੀਪ ਸਿੱਧੂ ਇੱਕੀਵੀ ਸਦੀ ਦਾ ਪਹਿਲਾ ਅਜਿਹਾ ਮਹਾਨ ਵਿਅਕਤੀ ਹੋ ਨਿਬੇੜਿਆ ਹੈ,ਜਿਸ ਦੇ ਪਿੱਛੇ ਸਾਰਾ ਤਾਣਾ ਬਾਣਾ ਹੱਥ ਧੋਹ ਕੇ ਪਿਆ ਹੋਵੇ,ਸਮੁੱਚੀਆਂ ਸਿਆਸੀ ਜਥੇਬੰਦੀਆਂ,ਲੋਕਾਂ ਦਾ ਸਹਿਯੋਗ ਪਰਾਪਤ ਕਿਸਾਨ ਯੂਨੀਅਨਾਂ,ਸਮੁੱਚੀਆਂ ਭਾਰਤੀ ਏਜੰਸੀਆਂ ਸਮੇਤ ਭਾਰਤ ਸਰਕਾਰ ਇੱਕ ਜੁੱਟ ਹੋਕੇ ਪਏ ਹੋਣ,ਤੇ ਫਿਰ ਵੀ ਉਹ ਸੂਰਮਾ ਜੇਤੂ ਹੋਕੇ ਨਿਕਲਿਆ।ਜੇਕਰ ਦੀਪ ਦੇ ਮਿਲਣਸਾਰ,ਸਾਊ ਅਤੇ ਹਰ ਇੱਕ ਨੂੰ ਅਪਣਾ ਬਣਾ ਲੈਣ ਦੀ ਕੁਦਰਤੀ ਦਾਤ ਸਮੇਤ ਉਨ੍ਹਾਂ ਅਨੇਕਾਂ ਗੁਣਾਂ ਦਾ ਵਰਨਣ ਕਰਨਾ ਹੋਵੇ,ਜਿਹੜੇ ਉਸ ਅਨੋਖੇ ਅਤੇ ਨਿਵੇਕਲੇ ਇਨਸਾਨ ਵਿੱਚ ਪਰਮਾਤਮਾ ਦੀ ਬਖਸ਼ਿਸ਼ ਸਦਕਾ ਇੱਕੋ ਸਮੇ ਦੇਖੇ ਜਾਂਦੇ  ਰਹੇ ਹਨ,ਤਾਂ ਸਾਇਦ ਮੇਰੇ ਸਬਦ ਉਨ੍ਹਾਂ ਦੇ ਮੇਚ ਦੇ ਨਹੀਂ ਹੋ ਸਕਣਗੇ।ਇਹ ਕੋਈ ਚਮਤਕਾਰ ਤੋ ਘੱਟ ਕਿਵੇ ਕਿਹਾ ਜਾ ਸਕਦਾ ਹੈ ਕਿ ਉਹ ਅੱਖ ਦੇ ਫੋਰ ਵਿਚ ਆਇਆ,ਤੇ ਲੋਕਾਂ ਨੂੰ ਅਪਣਾ ਬਣਾ ਕੇ ਚਲਾ ਵੀ ਗਿਆ ਤੇ ਲੋਕ ਰਾਹ ਤੱਕਦੇ ਰਹਿ ਗਏ।ਬੇਸ਼ੱਕ ਉਹ ਬਹੁਤ ਸਾਰੇ ਲੋਕਾਂ ਲਈ ਗੁੰਝਲ਼ਦਾਰ ਵੀ ਰਿਹਾ,ਬਹੁਤਿਆਂ ਲਈ ਸ਼ੱਕੀ,ਪਰ ਅਸਲ ਵਿੱਚ ਉਹ ਅਪਣੇ ਵਿਰਸੇ ਦਾ ਸ਼ੈਦਾਈ ਮਨੁੱਖ ਸੀ।ਉਹ ਅਜਿਹਾ ਦੀਪ ਸੀ ਜੋ ਹਨੇਰਿਆਂ ਵਿਚ ਅਪਣੇ ਸ਼ਬਦਾਂ ਦਾ ਚਾਨਣ ਵੰਡ ਕੇ ਹਨੇਰੇ ਸੱਦਾ ਲਈ ਦੂਰ ਕਰਨ ਦੀ ਤਾਕਤ ਰੱਖਦਾ ਸੀ।ਉਹ ਆਪਣੇ ਗਿਆਨ ਦੀ ਰੌਸ਼ਨੀ ਨਾਲ ਪੰਜਾਬ ਨੂੰ ਰੁਸ਼ਨਾਉਣਾ ਚਾਹੁੰਦਾ ਸੀ,ਪਰ ਅਕਾਲ ਪੁਰਖ ਨੂੰ ਇਹ ਮਨਜੂਰ ਨਹੀ ਸੀ।।ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਬੂਤ ਪਿੰਡ ਥਰੀਕੇ ਵਿਚ ਦੇਖਿਆ ਗਿਆ,ਜਿੱਥੇ ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਭਾਰੀ ਇਕੱਠ ਜੁੜਿਆ।  ਫਿਰ ਵੀ ਇਹ ਕਹਿਣਾ ਵਾਜਬ ਹੈ ਕਿ ਚਾਨਣ ਬਿਖੇਰਦਾ ਦੀਪ ਭਾਵੇਂਂ ਇੱਕ ਵਾਰ ਹਨੇਰਾ ਕਰ ਗਿਆ ਹੈ,ਪਰ ਉਹਦੇ ਵੱਲੋਂ ਪਾਈਆਂ ਇਤਿਹਾਸਕ ਪੈੜਾਂ ਦੇ ਨਿਸ਼ਾਨ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।ਉਨ੍ਹਾਂ ਦੀ ਹੋਂਦ ਹਜ਼ਾਰਾਂ ਲੱਖਾਂ ਪੰਜਾਬੀਆਂ ਦੇ ਦਿਲਾਂ ਵਿਚ ਮਹਿਸੂਸ ਹੁੰਦੀ ਰਹੇਗੀ,ਜਿਹੜੀ ਉਹਨਾਂ ਨੂੰ ਨਵੀਂ ਸਵੇਰ ਦਾ ਅਗਾਜ਼ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।

   ਬਘੇਲ ਸਿੰਘ ਧਾਲੀਵਾਲ