ਪੰਜਾਬੀ ਭਾਸ਼ਾ ਨੂੰ ਛੁਟਿਆਉਣ ਲਈ ਕੇਂਦਰੀ ਸਿੱਖਿਆ ਬੋਰਡ ਨੇ ਕਿਹੜੇ ਮਾਪਦੰਡ ਵਰਤੇ

ਪੰਜਾਬੀ ਭਾਸ਼ਾ ਨੂੰ ਛੁਟਿਆਉਣ ਲਈ ਕੇਂਦਰੀ ਸਿੱਖਿਆ ਬੋਰਡ ਨੇ ਕਿਹੜੇ ਮਾਪਦੰਡ ਵਰਤੇ

ਬਗੈਰ ਸਮਾਂਂ ਬਰਬਾਦ ਕੀਤਿਆਂ ਇੱਕਜੁੱਟ ਹੋ ਜਾਣਾ ਚਾਹੀਦਾ ਹੈ.

 ਪਿਛਲੇ ਦਿਨੀ ਕੇਂਦਰੀ ਸਿੱਖਿਆ ਬੋਰਡ ਦੇ ਪੰਜਾਬੀ ਭਾਸ਼ਾ ਦੇ ਸਬੰਧ ਵਿੱਚ ਆਏ ਨਵੇਂ ਫੈਸਲੇ ਨੇ ਪੰਜਾਬੀਆਂ ਨੂੰ ਬੇਹੱਦ ਨਿਰਾਸ ਕੀਤਾ ਹੈ।ਕੇਂਦਰੀ ਸਿੱਖਿਆ ਬੋਰਡ ਦਾ ਪੰਜਾਬੀ ਨੂੰ ਛੋਟੀਆਂ ਭਾਸ਼ਾਵਾਂ ਚ ਸ਼ਾਮਲ ਕਰਕੇ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕਰਨ ਦਾ ਈਰਖਾਵਾਦੀ ਫੈਸਲਾ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਜਿਹੜੀ ਭਾਸ਼ਾ ਵਿੱਚ ਦੁਨੀਆ ਨੂੰ ਸੇਧ ਦੇਣ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੋਵੇ,ਅਤੇ ਜਿਹੜੀ ਭਾਸ਼ਾ ਦੁਨੀਆ ਦੀਆ ਸਭ ਤੋ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਚੋ ਦਸਵੇਂ ਸਥਾਨ ਤੇ ਗਿਣੀ ਜਾਂਦੀ ਹੋਵੇ, ਉਹਦੀ ਗਿਣਤੀ ਕੇਂਦਰ ਦਾ ਸਿੱਖਿਆ ਬੋਰਡ ਛੋਟੀਆਂ ਭਾਸ਼ਾਵਾਂ ਚ ਕਰਦਾ ਹੋਵੇ,ਤਾਂ ਜਿੱਥੇ ਇਹ ਕੇਂਦਰੀ ਸਿੱਖਿਆ ਬੋਰਡ ਦਾ ਆਪਣੇ ਆਪ ਵਿਚ ਹਾਸੋਹੀਣਾ ਫੈਸਲਾ ਹੈ,ਓਥੇ ਪੰਜਾਬੀਆਂ ਲਈ ਇਹ ਬੇਹੱਦ ਗੰਭੀਰ ਅਤੇ ਨਿਰਾਰ ਕਰਨ ਵਾਲਾ ਮਸਲਾ ਹੈ,ਕਿਉਂਕਿ ਇਹ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਲਈ ਪੁੱਟਿਆ ਗਿਆ ਮੁਢਲਾ ਕਦਮ ਹੈ।ਇਸ ਤੋ ਪਹਿਲਾਂ ਕੇਂਦਰ ਵੱਲੋਂ ਬਾਰਡਰ ਸਿਕਿਉਰਿਟੀ ਫੋਰਸ ਨੂੰ,ਪੰਜਾਬ ਦੇ ਲੋਕਾਂ ਦੇ ਬਿਸਤਰਿਆਂ ਤੱਕ ਜਾਣ ਦੀ ਖੁੱਲ ਦਿੱਤੀ ਜਾ ਚੁੱਕੀ ਹੈ।ਬਾਰਡਰ ਸਿਕਿਉਰਿਟੀ ਫੋਰਸ,ਜਿਸ ਦੀ ਜ਼ੁੰਮੇਵਾਰੀ ਉਹਦੇ ਨਾਮ ਤੋਂਂ ਹੀ ਅਸਾਨੀ ਨਾਲ ਸਮਝ ਆਉਣ ਵਾਲੀ ਹੈ ਕਿ ਇਸ ਕੇਂਦਰੀ ਫੋਰਸ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੁੰਦੀ ਹੈ। ਦੇਸ਼ ਦੀਆਂ ਸਰਹੱਦਾਂ ਤੋਂ ਸਮਾਜ ਵਿਰੋਧੀ ਜਾਂ ਦੇਸ਼ ਵਿਰੋਧੀ ਅਨਸਰਾਂ ਨੂੰ ਆਰ ਪਾਰ ਨਾ ਹੋਣ ਦੇਵੇ,ਪਰੰਤੂ ਕੇਂਦਰ ਸਰਕਾਰ ਨੇ ਬੀ ਐਸ ਐਫ ਨੂੰ ਵਾਧੂ ਤਾਕਤਾਂ ਦਿੱਤੀਆਂ ਹੀ ਪੰਜਾਬ ਦੀ ਸੰਘੀ ਨੱਪਣ ਵਾਸਤੇ ਹਨ।ਬੀ ਐਸ ਐਫ ਵਾਲੇ ਫੈਸਲੇ ਤੋ ਕੁੱਝ ਦਿਨ ਬਾਅਦ ਹੀ ਪੰਜਾਬੀ ਭਾਸ਼ਾ ਤੇ ਮਾਰੂ ਹਮਲਾ ਕਰਨਾ ਦਰਸਾਉਂਦਾ ਹੈ ਕਿ ਕੇਂਦਰ ਦੀ ਨੀਅਤ ਪੰਜਾਬ ਪ੍ਰਤੀ ਬਦਨੀਅਤ ਹੋ ਚੁੱਕੀ ਹੈ।ਕੇਂਦਰੀ ਸਿੱਖਿਆ ਬੋਰਡ ਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਪੰਜਾਬੀ ਉਹ ਭਾਸ਼ਾ ਹੈ,ਜਿਹੜੀ ਸੰਸਾਰ ਦੇ ਵੱਡੇ ਮੁਲਕਾਂ ਵਿੱਚ ਵੀ ਦੂਜਾ ਤੀਜਾ ਸਥਾਨ ਗ੍ਰਿਹਣ ਕਰ ਚੁੱਕੀ ਹੈ।

ਕਨੇਡਾ,ਅਮਰੀਕਾ,ਇੰਗਲੈਂਡ, ਆਸਟਰੇਲੀਆ,ਵਰਗੇ ਵੱਡੇ ਮੁਲਕਾਂ ਵਿੱਚ ਪੰਜਾਬੀ ਨੂੰ ਸਤਿਕਾਰਯੋਗ  ਸਥਾਨ ਹਾਸਲ ਹੈ, ਪਾਕਿਸਤਾਨ ਵਿੱਚ ਸਭ ਤੋ ਵੱਧ ਬੋਲੀ ਜਾਣ ਵਾਲੀ ਭਾਸ਼ਾ ਵੀ ਪੰਜਾਬੀ ਹੈ ਅਤੇ ਭਾਰਤ ਅੰਦਰ ਵੀ ਪੰਜਾਬ ਤੋ ਬਾਅਦ ਹਰਿਆਣਾ ਦਿੱਲੀ ਹਿਮਾਚਲ ਪ੍ਰਦੇਸ਼,ਰਾਜਸਥਾਨ ਆਦਿ ਸੂਬਿਆਂ ਵਿੱਚ ਵੀ ਵੱਡੀ ਗਿਣਤੀ ਪੰਜਾਬੀ ਵਸਦੇ ਹਨ,ਜਿੱਥੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ,ਫਿਰ ਕੇਂਦਰੀ ਬੋਰਡ ਨੇ ਕਿਹੜੇ ਮਾਪਦੰਡ ਵਰਤ ਕੇ ਪੰਜਾਬੀ ਨੂੰ  ਛੋਟੀਆਂ ਭਾਸ਼ਾਵਾਂ ਵਿੱਚ ਸ਼ੁੁਮਾਰ ਕੀਤਾ ਹੈ ? ਇਹ ਸਵਾਲ ਜਵਾਬ ਦੀ ਮੰਗ ਕਰਦਾ ਹੈ।ਇਸ ਤੋਂਂ ਪਹਿਲਾਂ ਪੰਜਾਬ ਅੰਦਰ ਨਿੱਜੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਬੋਲੀ ਅਤੇ ਪੜਾਈ ਜਾਣੀ ਇਸ ਕਰਕੇ ਜਰੂਰੀ ਰੱਖੀ ਗਈ ਸੀ,ਕਿਉਂਕਿ ਜਿਹੜੇ ਸੂਬੇ ਦੀ ਸਰ ਜਮੀਨ ਤੇ ਨਿੱਜੀ ਸਕੂਲ ਖੋਹਲੇ ਗਏ ਹਨ,ਉਹਨਾਂ ਦੀ ਮਾਤ ਭਾਸ਼ਾ ਨੂੰ ਦਰ ਕਿਨਾਰ ਨਾ ਕਰਨ ਲਈ ਨਿਯਮ ਬਣੇ ਹੋਏ ਸਨ,ਪਰ ਕੇਂਦਰੀ ਬੋਰਡ ਦੇ ਇਸ ਨਾਦਰਸ਼ਾਹੀ ਫੈਸਲੇ ਨੇ ਜਿੱਥੇ ਸਾਰੇ ਕਾਇਦੇ ਕਨੂੰਨ  ਖਤਮ ਕਰ ਦਿੱਤੇ ਹਨ,ਓਥੇ ਕੇਂਦਰੀ ਸਿੱਖਿਆ ਬੋਰਡ ਵੱਲੋਂ ਅਪਣਾਏ ਗਏ ਨਵੇਂ ਮਾਪਦੰਡ ਅਨੁਸਾਰ ਹੁਣ ਨਿੱਜੀ ਸਕੂਲਾਂ ਨੂੰ ਆਪਣੇ ਆਪ ਹੀ ਪੰਜਾਬੀ ਬੋਲਣ ਅਤੇ ਪੜ੍ਹਾਉਣ ਵਾਲੇ ਜਰੂੂੂਰੀ ਨਿਯਮਾਂ  ਤੋਂਂ ਛੋਟ ਮਿਲ ਗਈ ਹੈ।ਜਿਹੜੇ ਸਕੂਲ ਪਹਿਲਾਂ ਹੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੀ ਧਰਤੀ ਤੇ ਸਥਾਪਤ ਹੋਣ ਦੇ ਬਾਵਜੂਦ ਵੀ ਪੰਜਾਬੀ ਨੂੰ ਬੋਲਣ ਅਤੇ ਪੜ੍ਹਨ ਪੜਾਉਣ ਤੋ ਇਨਕਾਰੀ ਸਨ,ਉਹਨਾਂ ਨੂੰ ਇਹ ਕੇਂਦਰੀ ਸਿੱਖਿਆ ਬੋਰਡ ਦਾ ਫੈਸਲਾ ਹੋਰ ਤਾਕਤ ਦੇਵੇਗਾ ਅਤੇ ਹੁਣ ਉਹ ਨਿੱਜੀ ਸਕੂਲ ਪੰਜਾਬੀਆਂ ਦੀ ਹਿੱਕ ਤੇ ਬੈਠ ਕੇ ਪੰਜਾਬੀ ਬੋਲੀ ਦਾ ਗੱਲਾਂ ਘੁੱਟਣਗੇ,ਕੋਈ ਕੁੱਝ ਨਹੀ ਕਰ ਸਕੇਗਾ। ਕੇਂਦਰ ਦਾ ਪੰਜਾਬੀ ਅਤੇ ਪੰਜਾਬੀ ਵਿਰੋਧੀ ਹਮਲਾ ਇਹ ਕੋਈ ਪਹਿਲਾ ਹਮਲਾ ਨਹੀ ਹੈ,ਬਲਕਿ ਇਸ ਤੋ ਪਹਿਲਾਂ ਜਦੋ ਤੋ ਮੁਲਕ ਅਜਾਦ ਹੋਇਆਂ ਹੈ,ਉਸ ਸਮੇਂਂ ਤੋ ਹੀ ਲਗਾਤਾਰ ਕੇਂਦਰੀ ਤਾਕਤਾਂ ਪੰਜਾਬ ਨੂੰ ਬਰਬਾਦ ਹੋਇਆਂ ਦੇਖਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ।ਪੰਜਾਬ ਦੇ ਪਾਣੀਆਂ ਦਾ ਖੋਹੇ ਜਾਣਾ,ਪੰਜਾਬ ਦੇ ਪਾਣੀਆਂ ਤੋ ਤਿਆਰ ਹੁੰਦੀ ਸਸਤੀ ਬਿਜਲੀ ਦਾ ਖੋਹੇ ਜਾਣਾ ਅਤੇ ਇਸ ਦੇ ਬਦਲੇ ਵਿੱਚ ਪੰਜਾਬ ਨੂੰ ਕੋਇਲੇ ਨਾਲ ਚੱਲਣ ਵਾਲੇ ਥਰਮਲਾਂ ਤੋਂਂ ਬਿਜਲੀ ਤਿਆਰ ਕਰਨ ਲਈ ਮਜਬੂਰ ਕਰਨਾ,ਤਾਂ ਕਿ ਹਮੇਸਾਂ ਲਈ ਪੰਜਾਬ ਨੂੰ ਕੇਂਦਰ ਦਾ ਮੁਥਾਜ ਰੱਖਿਆਂ ਜਾ ਸਕੇ,ਪੰਜਾਬੀ ਸੂਬਾ ਬਣਾਉਣ ਸਮੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਜਾਣ ਬੁੱਝ ਕੇ ਪੰਜਾਬ ਤੋ  ਬਾਹਰ ਰੱਖਣਾ,ਪੰਜਾਬ ਦੀ ਜੁਆਨੀ ਦੀ ਨਸਲਕੁਸ਼ੀ ਅਤੇ ਨਸ਼ਿਆ ਦੇ ਰਾਹ ਪਾਉਣ ਤੋਂ ਬਾਅਦ ਬਚਦੀ ਜਵਾਨੀ ਚ ਸਹਿਮ ਪੈਦਾ ਕਰਕੇ ਪੰਜਾਬ ਤੋ ਹਿਜਰਤ ਕਰਨ ਲਈ ਮਜਬੂਰ ਕਰਨਾ ਅਤੇ ਬਦਲੇ ਵਿੱਚ ਵੱਡੀ ਪੱਧਰ ਤੈ ਗੈਰ ਪੰਜਾਬੀਆਂ ਨੂੰ ਪੰਜਾਬ ਵਿਚ ਵਸਾਉਣਾ,ਇਹ ਸਾਰੀਆਂ ਘਟਨਾਵਾਂ ਦੀ ਕੜੀ ਮੌਜੂਦਾ ਪੰਜਾਬੀ ਵਿਰੋਧੀ ਅਤੇ ਪੰਜਾਬ ਵਿਰੋਧੀ ਕੜੀਆਂ ਨਾਲ ਜੁੜਦੀ ਹੈ,ਜਿੰਨਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਸਤਰਾਂ ਚਰੋਕਣੇ ਸਮੇ ਤੋ ਹੀ ਪੰਜਾਬ ਨੂੰ ਖਤਮ ਕਰਨ ਦੀਆ ਸਾਜਿਆਂ ਕੇਂਦਰ ਵੱਲੋਂ ਆਰੰਭੀਆਂ ਹੋਈਆਂ ਹਨ,ਜਿਹੜੀਆਂ ਪੰਜਾਬੀਆਂ ਦੀ ਲਾਪਰਵਾਹੀ ਕਰਕੇ ਅੰਜਾਮ ਤੱਕ ਪੁੱਜਦੀਆਂ ਜਾਪਦੀਆਂ ਹਨ। ਕੇਂਦਰ ਸਰਕਾਰ ਦੀ ਇਸ ਸਾਜਿਸ਼ ਨੂੰ ਨਾ-ਕਾਮਯਾਬ ਕਰਨ ਲਈ ਪੱਤਰਕਾਰ,ਬੁੱਧੀਜੀਵੀ,ਅਧਿਆਪਨ ਦੇ ਕਿੱਤੇ ਨਾਲ ਜੁੜੇ ਲੋਕਾਂ ਤੋ ਇਲਾਵਾ ਸਾਰੀਆਂ ਰਾਜਨੀਤਕ ਪਾਰਟੀਆਂ,ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇੱਕਮੱਤ ਹੋ ਕੇ ਕੇਂਦਰ ਦੇ ਪੰਜਾਬ ਵਿਰੋਧੀ ਫ਼ੈਸਲਿਆਂ ਨੂੰ ਬਦਲਣ ਲਈ ਸੰਘਰਸ਼ ਕਰਨ ਦੀ ਲੋੜ ਹੈ।ਖਾਸ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਇਹ ਪ੍ਰਣ ਕਰਨ ਕਿ ਉਹ ਪਹਿਲਾਂ ਪੰਜਾਬੀ ਹਨ ਤੇ ਪੰਜਾਬੀ ਦੀ ਰਾਖੀ ਕਰਨਾ ਉਹਨਾਂ ਦਾ ਮੁਢਲਾ ਫਰਜ ਹੈ,ਜੇਕਰ ਪੰਜਾਬੀ ਨਾ ਰਹੀ ਤਾਂ ਪੰਜਾਬੀਅਤ ਕਿੱਥੋਂ ਬਚ ਸਕੇਗੀ ਅਤੇ ਫਿਰ ਜਦੋ ਪੰਜਾਬੀ ਅਤੇ ਪੰਜਾਬੀਅਤ ਹੀ ਖਤਮ ਹੋ ਗਈਆਂ,ਫਿਰ ਪੰਜਾਬ ਦੀ ਹੋਂਦ ਵੀ ਅਪਣੇ ਆਪ ਖਤਮ ਹੋ ਜਾਵੇਗੀ, ਸੋ ਜਦੋ ਪੰਜਾਬ ਹੀ ਨਹੀ ਰਹੇਗਾ ਤਾਂ ਉਹਨਾਂ ਦੀ ਚੌਧਰ ਵੀ ਆਪਣੇ ਆਪ ਹੀ ਮਿੱਟੀ ਵਿੱਚ ਮਿਲ ਜਾਵੇਗੀ,ਇਸ ਲਈ ਸਮਾ ਰਹਿੰਦੇ ਇਮਾਨਦਾਰੀ ਨਾਲ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਪੂਰੀ ਤਾਕਤ ਨਾਲ ਡਟ ਜਾਣਾ ਚਾਹੀਦਾ ਹੈ। ਜਿਵੇਂ ਉੱਪਰ ਲਿਖਿਆਂ ਜਾ ਚੁੱਕਾ ਹੈ ਕਿ ਇਹ ਸਾਜਿਸ਼ਾਂ ਕੋਈ ਨਵੀਂਆਂ ਨਹੀ ਹਨ,ਇਸ ਲਈ ਪਹਿਲਾਂ ਹੋਈਆਂ ਉਹਨਾਂ ਮਰਦਮਸ਼ੁਮਾਰੀਆਂ ਨੂੰ ਵੀ ਅਜਿਹੇ ਹਮਲਿਆਂ ਲਈ ਅਧਾਰ ਬਣਾਇਆਂ ਗਿਆ ਹੋਵੇਗਾ,ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਗੁਮਰਾਹ ਹੋਏ  ਹਿੰਦੂ ਭਾਈਚਾਰੇ ਨੇ ਆਪਣੀ ਮਾਤ-ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਦੀ ਗੁਸਤਾਖੀ ਕੀਤੀ ਸੀ, ਲਿਹਾਜਾ ਵੱਡੀ ਗਿਣਤੀ ਦੀ ਸਹਿਰੀ ਅਬਾਦੀ ਪੰਜਾਬੀ ਨੂੰ ਤਿਲਾਂਜਲੀ ਦੇ ਕੇ ਹਿੰਦੀ ਨੂੰ ਅਪਣਾਅ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬੀ ਦਾ ਬੋਲਬਾਲਾ ਦੁਨੀਆ  ਪੱਧਰ ਤੇ ਵਧਿਆ ਹੈ, ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ,ਇਸ ਦੀ ਉਦਾਹਰਣ ਪਾਕਿਸਤਾਨ ਤੋ ਲਈ ਜਾ ਸਕਦੀ ਹੈ,ਜਿੱਥੇ ਪੰਜਾਬੀ ਬੋਲਣ ਵਾਲ਼ਿਆਂ ਦੀ ਵੱਡੀ ਗਿਣਤੀ ਹੈ।ਚੜ੍ਹਦੇ ਪੰਜਾਬ ਅੰਦਰ ਪੰਜਾਬੀ ਬੋਲੀ ਦਾ ਖਤਮ ਹੋਣਾ ਪੰਜਾਬ ਦੇ ਖਾਤਮੇ ਵੱਲ ਇਸ਼ਾਰਾ ਕਰਦਾ ਹੈ,ਇਸ ਲਈ ਪੰਜਾਬੀ ਤੇ ਹੋ ਰਹੇ ਤਾਬੜਤੋੜ ਹਮਲਿਆਂ ਨੂੰ ਰੋਕਣਾ ਹੋਵੇਗਾ। ਸੋ ਜੇਕਰ ਕੇਂਦਰ ਦੇ  ਪੰਜਾਬ ਵਿਰੋਧੀ ਮਨਸੂਬਿਆਂ ਨੂੰ ਫੇਲ੍ਹ ਕਰਨਾ ਹੈ ਤਾਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਸਮੁੱਚੇ ਲੋਕਾਂ ਨੂੰ ਧੜੇਬੰਦੀਆਂ ਤੋ ਉੱਪਰ ਉੱਠ ਕੇ, ਬਗੈਰ ਸਮਾਂਂ ਬਰਬਾਦ ਕੀਤਿਆਂ ਇੱਕਜੁੱਟ ਹੋ ਜਾਣਾ ਚਾਹੀਦਾ ਹੈ.

ਬਘੇਲ ਸਿੰਘ ਧਾਲੀਵਾਲ
> 99142-58142