ਖਾਲਸਾ ਰਾਜ ਦਾ ਮਹਾਨ ਸਿਰਜਣਹਾਰਾ -ਮਹਾਰਾਜਾ ਰਣਜੀਤ ਸਿੰਘ 

ਖਾਲਸਾ ਰਾਜ ਦਾ ਮਹਾਨ ਸਿਰਜਣਹਾਰਾ -ਮਹਾਰਾਜਾ ਰਣਜੀਤ ਸਿੰਘ 

 13 ਨਵੰਬਰ ਨੂੰ ਜਨਮ ਦਿਹਾੜੇ ਤੇ ਵਿਸ਼ੇਸ਼!
 

 13 ਨਵੰਬਰ 1780 ਨੂੰ ਪਿਤਾ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਦੀ ਕੁਖੋਂ, ਜਾਲਮ ਮੁਗਲ ਸ਼ਾਸਨ ਦਾ ਖਾਤਮਾ ਕਰਕੇ, ਖਾਲਸਾ ਰਾਜ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ 'ਮਹਾਰਾਜਾ ਰਣਜੀਤ ਸਿੰਘ' ਦਾ ਜਨਮ ਆਪਣੇ ਨਾਨਕੇ ਪਿੰਡ ਬਡਰੁੱਖਾਂ ਜਿਲਾ ਸੰਗਰੂਰ ਵਿਖੇ ਹੋਇਆ, ਜਦਕਿ ਉਨਾਂ ਦਾ ਜੱਦੀ ਪਿੰਡ ਗੁੱਜਰਾਂਵਾਲਾ (ਪਾਕਿਸਤਾਨ) ਸੀ । ਪਿਤਾ ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦੇ ਜੱਥੇਦਾਰ ਸਨ। ਚੇਚਕ ਦੀ ਬੀਮਾਰੀ ਨੇ ਭਾਵੇਂ ਬਚਪਨ ਚ ਹੀ ਇਸ ਮਹਾਨਾਇਕ ਦੀ ਖੱਬੀ ਅੱਖ, ਹਮੇਸ਼ਾ ਲਈ ਖੋਹ ਕੇ ਚੇਚਕ ਦੇ ਨਿਸ਼ਾਨਾਂ ਨਾਲ ਚੇਹਰਾ ਭਰ ਦਿੱਤਾ ਪਰ ਬੁਲੰਦ ਹੌਂਸਲੇ ਦੇ ਮਾਲਕ ਇਸ ਸ਼ੇਰ ਨੇਂ, ਯੁੱਧਕਲਾ, ਤਲਵਾਰਬਾਜ਼ੀ ਤੇ ਘੋੜ ਸਵਾਰੀ ਚ ਬਹੁਤ ਛੋਟੀ ਉਮਰ ਚ ਈ, ਅਸਾਧਾਰਨ ਨਿਪੁੰਨਤਾ ਹਾਸਲ ਕਰ ਲਈ ਸੀ। ਸਿਰਫ 10 ਸਾਲ ਦੀ ਉਮਰ ਵਿੱਚ ਈ, ਆਪਣੇ ਪਿਤਾ ਦੇ ਨਾਲ, ਉਹ ਸਿਰਫ ਯੁੱਧ ਵਿੱਚ ਹਿੱਸਾ ਈ ਨੀਂ ਲੈਣ ਲੱਗ ਪਏ ਸਗੋਂ ਤਿੰਨ ਜਿੱਤਾਂ ਵੀ ਹਾਸਲ ਕੀਤੀਆਂ, ਹਾਂਲਾਕਿ ਉਹਨਾਂ ਦਾ ਪਹਿਲਾ ਨਾਮ ਬੁੱਧ ਸਿੰਘ ਸੀ ਪਰ ਇੰਨਾਂ ਜਿੱਤਾਂ ਕਾਰਨ, ਆਪਦੇ ਪਿਤਾ ਜੀ ਨੇ ਆਪ ਦਾ ਨਾਮ 'ਰਣਜੀਤ ਸਿੰਘ' ਰੱਖ ਦਿੱਤਾ ਸੀ ਤੇ ਆਪ ਨੇ ਅੱਗੇ ਚੱਲ ਕੇ ਇਸ ਨਾਮ ਨੂੰ ਇਸ ਤਰਾਂ ਸਾਬਤ ਕਰ ਦਿਖਾਇਆ ਕਿ ਅੱਜ ਰਣਜੀਤ ਸਿੰਘ, ਖਾਸ ਨਾਂਅ ਦੀ ਥਾਂ ਦਲੇਰਾਂ ਲਈ ਜਾਤੀਵਾਚਕ ਨਾਂਅ ਵਜੋਂ ਜਾਣਿਆ ਜਾਂਦਾ ਏ ।ਰਣਜੀਤ ਸਿੰਘ ਦੀ ਉਮਰ 12 ਸਾਲ ਸੀ ਕਿ ਪਿਤਾ ਦੀ ਮੌਤ ਹੋ ਗਈ। ਇਹ ਦਲੇਰ, ਬਹਾਦਰ ਜਰਨੈਲ ਘਬਰਾਇਆ ਨਹੀਂ ਸਗੋਂ ਉਹਨਾਂ ਪੂਰੇ ਹੌਂਸਲੇ ਤੇ ਜੋਸ਼ ਨਾਲ ਮਹਾਨ ਮਾਤਾ ਰਾਜ ਕੌਰ ਦੀ ਰਹਿਨੁਮਾਈ ਤੇ ਦੀਵਾਨ ਲਖਪਤ ਰਾਏ ਦੇ ਸਾਥ ਨਾਲ, ਸ਼ੁਕਰਚਕੀਆ ਮਿਸਲ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ। ਸਾਲ ਕੁ ਬਾਅਦ ਈ ਕਿਸੇ ਨੇਂ ਧੋਖੇ ਨਾਲ ਹਮਲਾ ਕਰਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦਲੇਰ ਰਣਜੀਤ ਸਿੰਘ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਹਮਲਾਵਰ ਦਾ ਈ ਖਾਤਮਾ ਕਰ ਦਿੱਤਾ। ਕੁਝ ਕੁ ਸਾਲਾਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਤੇ ਦੀਵਾਨ ਲਖਪਤ ਰਾਏ ਦਾ ਵੀ ਕਤਲ ਹੋ ਗਿਆ ਪਰ ਸਿੱਖ ਧਰਮ ਚ ਡੂੰਘੀ ਆਸਥਾ ਰੱਖਣ ਵਾਲਾ ਇਹ ਸੂਰਮਾ ਉਦੋਂ ਤੀਕ ਪੂਰੇ ਖਾਲਸਾ ਰਾਜ ਨੂੰ ਇਕੱਠੇ ਕਰਨ ਦਾ ਪੂਰੀ ਸਿਰੜ ਤੇ ਬੁਲੰਦ ਹੌਂਸਲੇ ਨਾਲ ਪੱਕਾ ਸੰਕਲਪ ਲੈ ਚੁੱਕਾ ਸੀ।
ਮਹਰਾਜਾ ਰਣਜੀਤ ਸਿੰਘ ਨੇਂ ਮੁਲਤਾਨ, ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਕਈ ਹੋਰ ਇਲਾਕੇ ਬਹਾਦਰੀ ਨਾਲ ਜਿੱਤੇ ਤੇ 1799 ਈ ਵਿੱਚ ਲਾਹੌਰ ਜਿੱਤ ਕੇ, ਮਹਾਨ ਖਾਲਸਾ ਰਾਜ ਦੀ ਸਥਾਪਨਾ ਕੀਤੀ। ਮਹਾਰਾਜਾ ਨੇ ਆਪਣੇ ਰਾਜ ਦਾ ਬਹੁਤ ਵਿਸਤਾਰ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਜਿਸ ਸ਼ੌਂਕ ਤੇ ਤੇਜੀ ਨਾਲ ਕਿਸੇ ਇਲਾਕੇ ਨੂੰ ਫਤਿਹ ਕਰਦੇ, ਉਨੀ ਹੀ ਤੀਬਰਤਾ ਨਾਲ ਜਿੱਤੇ ਹੋਏ ਇਲਾਕਿਆਂ ਲਈ ਸੁਚੱਜੇ ਰਾਜ ਪ੍ਰਬੰਧ ਕਰਨਾ ਵੀ ਉਹਨਾਂ ਦੀ ਬਾਕਮਾਲ ਖਾਸੀਅਤ ਸੀ ।ਉਹਨਾਂ ਅੰਮ੍ਰਿਤਸਰ ਸਾਹਿਬ ਵਿੱਖੇ ਸਥਿਤ ਪਵਿੱਤਰ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਜੜਵਾ ਦਿੱਤਾ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਆਪ ਸਿੱਖ ਧਰਮ ਨਾਲ ਸਬੰਧਤ ਸਨ ਤੇ ਸਿੱਖ ਧਰਮ ਨੂੰ ਸਮਰਪਿਤ ਸਨ, ਪਰ ਇਤਿਹਾਸ ਚ ਕੋਈ ਵੀ ਅਜਿਹਾ ਸਾਸ਼ਕ ਜਾਂ ਸਰਕਾਰ ਨਹੀਂ ਹੋਈ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਤੇ ਨਿਆਂਪੂਰਨ ਰਾਜ ਪ੍ਰਬੰਧ ਕੀਤਾ ਹੋਵੇ। ਮਹਾਰਾਜਾ ਆਪ ਅਕਸਰ ਕਹਿੰਦੇ ਸਨ ਕਿ, ਰੱਬ ਨੇਂ ਉਨਾਂ ਨੂੰ ਇਕ ਈ ਅੱਖ ਦਿੱਤੀ ਏ ਤਾਂ ਜੋ ਉਹ ਹਰੇਕ ਧਰਮ, ਖੇਤਰ ਤੇ ਜਾਤੀ ਦੇ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ, ਹਮੇਸ਼ਾ ਇਕ ਅੱਖ ਨਾਲ ਈ ਦੇਖਣ।
ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਖਾਲਸਾ ਰਾਜ ਨੇਂ  ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਮਾਲਾ ਵਿੱਚ ਪਰੋਣ ਦਾ, ਅਸੰਭਵ ਜਾਪਦਾ ਮਹੱਤਵਪੂਰਣ ਕੰਮ ਸਹਿਜੇ-ਸਹਿਜੇ ਈ ਕਰ ਦਿੱਤਾ ਸੀ, ਕਿਉਂਕਿ ਮਹਾਰਾਜਾ ਬਹੁਤ ਹੀ ਨਿਮਰ ਸੁਭਾਅ ਦੇ ਧਰਮ ਨਿਰਪੱਖ ਇਨਸਾਨ ਸਨ। ਉਹਨਾਂ ਦੇ ਰਾਜ ਵਿੱਚ ਅਹੁਦੇ ਕਾਬਲੀਅਤ ਅਨੁਸਾਰ ਹੀ ਮਿਲਦੇ ਸਨ, ਇਸੇ ਲਈ ਮਹਾਰਾਜਾ ਦੇ ਰਾਜ ਵਿੱਚ ਵੱਡੇ ਅਹੁਦਿਆਂ ਤੇ ਹਿੰਦੂਆਂ ਤੇ ਮੁਸਲਮਾਨਾਂ ਦੀ ਨਿਯੁਕਤੀ ਸੀ । ਮਹਾਰਾਜਾ ਆਪਣੇ ਆਪ ਨੂੰ ਮਹਾਰਾਜਾ ਨਹੀਂ ਸਗੋਂ, ਸਿੰਘ ਸਾਹਿਬ ਅਖਵਾਉਣਾ, ਜਿਆਦਾ ਪਸੰਦ ਕਰਦੇ ਸਨ ਤੇ ਉਹਨਾਂ ਕਦੇ ਕਲਗੀ ਵੀ ਨਹੀਂ ਸਜਾਈ ਪਰ ਇਨਸਾਨ ਦੀ ਪਰਖ ਕਰਨ ਚ ਉਹ ਸੱਚਮੁੱਚ ਦੇ ਰਾਜਾ ਸਨ, ਇਸੇ ਲਈ ਉਹਨਾਂ, ਦੀਵਾਨ ਮੋਹਕਮ ਚੰਦ, ਹਰਿ ਸਿੰਘ ਨਲੂਵਾ ਤੇ ਖਾਲਸਾ ਰਾਜ ਦੇ ਹੋਰ ਮਹਾਂਪੁਰਖਾਂ ਨੂੰ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜਿਆ। ਜਨਤਾ ਦੇ ਭਲੇ ਲਈ, ਜਿੱਥੇ ਉਹ ਆਪ ਅਕਸਰ ਭੇਸ ਬਦਲ ਕੇ, ਆਮ ਲੋਕਾਂ ਦੇ ਵਿੱਚ ਪਹੁੰਚ, ਉਨਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਦੇ ਸਨ, ਨਿਆਂਪੂਰਨ ਰਾਜ ਪ੍ਰਬੰਧ ਚਲਾਉਂਦੇ ਤੇ ਉੱਥੇ ਹੀ ਆਪਣੀ ਫ਼ੌਜ ਦਾ ਵੀ ਆਧੁਨਿਕੀਕਰਨ ਕਰਦੇ ਹੋਏ ਅੰਗ੍ਰੇਜੀ ਅਫ਼ਸਰਾਂ ਤੱਕ ਦਾ ਵੀ ਪ੍ਰਬੰਧ ਕੀਤਾ। ਜਿਵੇਂ-ਜਿਵੇਂ ਰਾਜ ਵੱਧਦਾ ਗਿਆ, ਮਹਾਰਾਜਾ ਨੇ ਆਪਣੀ ਸੈਨਾ ਦੀ ਗਿਣਤੀ ਵਧਾਉਣ ਦੇ ਨਾਲ-ਨਾਲ, ਹਥਿਆਰਾਂ ਤੇ ਹੋਰ ਯੁੱਧ ਕਰਨ ਦੇ ਸਮਾਨ ਦੇ ਨਿਰਮਾਣ ਲਈ ਕਾਰਖਾਨੇ ਵੀ ਲਗਵਾਏ। ਮਹਾਰਾਜਾ ਰਣਜੀਤ ਸਿੰਘ ਨੇ ਜਜ਼ੀਆ ਟੈਕਸ ਖ਼ਤਮ ਕਰਕੇ, ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਤੇ ਨਾਲ ਹੀ ਮੁਗਲ ਸਾਸ਼ਕਾਂ ਦੁਆਰਾਂ ਛੋਟੇ-ਮੋਟੇ ਅਪਰਾਧਾਂ ਲਈ, ਅੰਗ ਕੱਟਣ ਤੇ ਫਾਂਸੀ ਦੇਣ ਵਰਗੀਆਂ ਅਣਮਨੁੱਖੀ ਸਜਾਵਾਂ ਤੇ ਤੁਰੰਤ ਰੋਕ ਲਗਾ ਕੇ, ਅੰਨੇਵਾਹ ਸਰਕਾਰੀ ਤਸ਼ੱਦਦ ਤੋਂ ਲੋਕਾਂ ਨੂੰ ਆਜ਼ਾਦ ਕਰਵਾ ਕੇ, ਇੱਕ ਵਿਲੱਖਣ ਰਾਜ ਪ੍ਰਬੰਧ ਚਲਾਇਆ।
ਉਸ ਲਗਭਗ 45 ਕੁ ਸਾਲਾਂ ਦੇ ਲੰਬੇ ਖਾਲਸਾਈ ਰਾਜ ਚ ਮਹਾਰਾਜਾ ਰਣਜੀਤ ਸਿੰਘ ਦੀ ਮਕਬੂਲੀਅਤ ਇੰਨੀ ਸੀ ਕਿ ਸ਼ਾਇਦ ਈ ਕਿਸੇ ਨੂੰ ਮੋਤ ਦੀ ਸਜਾ ਦਿੱਤੀ ਗਈ ਹੋਵੇ। ਬਿਨਾਂ ਕਿਸੇ ਸਖਤ ਸਜਾ ਤੋਂ ਇੰਨੇ ਵੱਡੇ ਖੇਤਰ ਦਾ ਰਾਜ ਪ੍ਰਬੰਧ, ਇੰਨੀ ਚੰਗੀ ਤਰਾਂ ਨਾਲ ਚਲਾਉਣ ਦੀ ਅੱਜ ਤੱਕ ਕੋਈ ਹੋਰ ਉਦਹਾਰਣ ਮਿਲਣਾ, ਨਾਮੁਮਕਿਨ ਹੈ। ਉਹਨਾਂ ਜਿੱਥੇ ਪਿੰਡਾ-ਕਸਬਿਆਂ ਚ ਛੋਟੇ-ਮੋਟੇ ਵਿਵਾਦਾਂ ਲਈ, ਸਭ ਵਰਗਾਂ ਦੀਆਂ ਸਾਂਝੀਆਂ ਪੰਚਾਇਤਾਂ ਦਾ ਗਠਨ ਕਰਨ ਵਰਗੇ ਮਹੱਤਵਪੂਰਨ ਕੰਮ ਕੀਤੇ, ਉਥੇ ਈ ਨੌਜਵਾਨਾਂ ਦੀ ਸਿਹਤ ਤੇ ਤੰਦਰੁਸਤੀ ਲਈ ਵੀ ਵੱਡੇ ਉਪਰਾਲੇ ਕੀਤੇ। ਆਪ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸਰਕਾਰੀ ਆਦੇਸ਼ ਲਿਖਤੀ ਰੂਪ ਚ ਜਾਰੀ ਕਰਨ ਦੀ ਸ਼ੁਰੂਆਤ ਵੀ, ਉਹਨਾਂ ਈ ਕੀਤੀ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਿੱਕੇ ਚਲਾਉਣਾ ਵੀ ਉਹਨਾਂ ਦੇ ਖਾਸ ਕਾਰਜਾਂ ਚੋਂ ਇਕ ਸੀ । ਲੋਕ ਸਰਕਾਰੀ ਮਾਲੀਆ ਜਿੱਥੇ ਆਪ ਮੁਹਾਰੇ ਆਸਾਨੀ ਨਾਲ ਜਮਾ ਕਰਵਾਉਣ ਆਉਂਦੇ, ਉੱਥੇ ਹੀ ਹੜਾਂ ਜਾਂ ਸੋਕੇ ਵਰਗੀਆਂ ਆਪਦਾਵਾਂ ਵਿੱਚ ਮਹਾਰਾਜਾ ਆਪਣੇ ਭੰਡਾਰ, ਆਮ ਲੋਕਾਂ ਲਈ ਖੋਲ੍ਹ ਦਿੰਦੇ, ਹਾਲਾਂਕਿ ਕਿਹਾ ਤਾਂ ਇੱਥੋਂ ਤੀਕਰ ਜਾਂਦਾ ਏ ਕਿ ਮਹਾਰਾਜਾ ਆਪ ਭੇਸ ਬਦਲ ਅਸਹਾਯ ਲੋਕਾਂ ਦੇ ਘਰਾਂ ਤੀਕ ਬੋਰੀਆਂ ਆਪਣੇ ਪਿੰਡੇ ਤੇ ਰੱਖ ਪਹੁੰਚਾਉਂਦੇ ਰਹੇ ਨੇਂ। ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਰਾਣੀਆਂ ਸਨ, ਪਰ ਸਾਨੂੰ ਇੱਕ ਗੱਲ ਚੇਤੇ ਰੱਖਣ ਦੀ ਖਾਸ ਲੋੜ ਏ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਗੁਰੂ ਜਾਂ ਸੰਤ ਨਹੀਂ ਸਨ, ਉਹ ਇਕ ਵੱਡੀ ਸਲਤਨਤ ਦੇ ਆਜਾਦ ਮਹਾਰਾਜਾ ਸਨ।  ਇਸ ਮਹਾਨਾਇਕ ਦਾ ਇਤਿਹਾਸ ਲਿਖਦਿਆਂ-ਪੜ੍ਹਦਿਆਂ ਕੁਝ ਕੁ ਲੋਕਾਂ ਨੇਂ , ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਰਾਣੀਆਂ ਦੇ ਜਿਕਰ ਕਰਨ ਨੂੰ ਜਿੰਨੀ ਤਵੱਜੋ ਦਿੱਤੀ ਏ, ਉਨੀਂ ਖਾਲਸਾ ਰਾਜ ਪ੍ਰਬੰਧ ਨੂੰ ਨਹੀਂ ਦਿੱਤੀ, ਜਦਕਿ ਉਨਾਂ ਵੇਲਿਆਂ ਵਿੱਚ ਰਾਜੇ ਆਮ ਈ ਕਈ-ਕਈ ਰਾਣੀਆਂ ਰੱਖਦੇ ਸਨ। ਇਸ ਪਿੱਛੇ ਹਮੇਸ਼ਾ ਅਨੈਤਿਕਤਾ ਜਾਂ ਚਰਿੱਤਰਹੀਣਤਾ ਹੀ ਕਾਰਣ ਨਹੀਂ ਹੁੰਦੀ ਸੀ ਸਗੋਂ ਜਿੱਤੇ ਹੋਏ ਇਲਾਕਿਆਂ ਦੇ ਲੋਕਾਂ ਚ ਵਿਸ਼ਵਾਸ ਕਾਇਮ ਕਰਨ ਹਿੱਤ, ਰਾਜ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਵੀ ਰਾਜਿਆਂ ਵੱਲੋਂ, ਬਹੁ-ਵਿਆਹ ਕੀਤੇ ਜਾਂਦੇ ਸਨ ਤੇ ਇਹ ਵਰਤਾਰਾ ਉਸ ਸਮੇਂ ਦੇ ਰਾਜਸੀ ਸਭਿਆਚਾਰ ਦਾ ਪ੍ਰਮੁੱਖ ਹਿੱਸਾ ਵੀ ਸੀ।
1839 ਈ ਵਿੱਚ ਲੰਬੇ ਸਮੇਂ ਰਾਜ ਕਰਨ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਪਰ ਮਾੜੀ ਕਿਸਮਤ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸਾਂ ਚੋਂ, ਖਾਲਸਾ ਰਾਜ ਸੰਭਾਲਣ ਦੀ ਯੋਗਤਾ ਕਿਸੇ ਚ ਵੀ ਨ੍ਹੀਂ ਸੀ। ਵੱਡਾ ਪੁੱਤਰ ਖੜਕ ਸਿੰਘ ਤਖ਼ਤ ’ਤੇ ਬੈਠਿਆ ਪਰ ਕਾਬਲੀਅਤ  ਦੀ ਘਾਟ ਕਾਰਨ, ਖਾਲਸਾ ਰਾਜ ਖਿੰਡਣਾ ਸ਼ੁਰੂ ਹੋ ਗਿਆ ਤੇ ਹੋਲੀ-ਹੋਲੀ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜ਼ਾਂ ਨੇਂ ਮਹਾਰਾਜਾ ਦਾ ਰਾਜ, ਸਾਡਾ ਆਪਣਾ ਰਾਜ, ਨੈਤਿਕਤਾ ਤੇ ਸੱਚ ਦਾ ਖਾਲਸਾ ਰਾਜ, ਸ਼ਾਤਰ ਤੇ ਕੋਝੀਆਂ ਚਾਲਾਂ ਖੇਡ, ਆਪਣੇ ਕਬਜੇ ਹੇਠ ਕਰ ਲਿਆ। ਭਾਰਤ ਦੀ ਸੰਸਦ ਵਿੱਚ, 20 ਅਗਸਤ 2003 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਵਜੋਂ, 22 ਫੁੱਟ ਉੱਚੀ ਕਾਂਸੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ, ਪਾਕਿਸਤਾਨ ਦੇ ਲਾਹੌਰ ਵਿੱਚ ਵੀ ਆਪਦਾ ਸ਼ਾਨਦਾਰ ਬੁੱਤ ਸਥਾਪਿਤ ਏ। ਅੱਜ ਵੀ ਪੰਜਾਬ ਦੇ ਹੁਕਮਰਾਨਾਂ ਦੇ ਪਿੱਛੇ, ਵੱਡੇ ਸਰਕਾਰੀ ਦਫਤਰਾਂ ਚ, ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਏ, ਜੋ ਸਰਕਾਰਾਂ ਦੇ ਰਾਜਸੀ ਹੁਕਮਰਾਨਾਂ ਨੂੰ ਸਭ ਨੂੰ ਇਕ ਅੱਖ ਨਾਲ ਦੇਖਣ ਤੇ ਬਿਨਾਂ ਧਰਮ, ਜਾਤੀ ਤੇ ਖੇਤਰ ਦੀ ਭਾਵਨਾ ਦੇ, ਭ੍ਰਿਸ਼ਟਚਾਰ ਰਹਿਤ ਸ਼ਾਸਨ ਕਰਦਿਆਂ, ਹਰੇਕ ਦੇ ਸਰਵਪੱਖੀ ਵਿਕਾਸ ਦਾ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਏ। ਮੈਂ ਆਸ ਕਰਦਾ ਹਾਂ ਕਿ ਸਾਰੇ ਹੁਕਮਰਾਨ ਇਸ ਮਹਾਨਾਇਕ ਦੇ ਆਦਰਸ਼ ਰਾਮਰਾਜ ਤੋਂ ਸੇਧ ਲੈਂਦਿਆਂ, ਆਮ ਲੋਕਾਂ ਦੀ ਬੇਹਤਰੀ ਲਈ ਗੰਭੀਰ ਯਤਨ ਕਰਨਗੇ ਤਾਂ ਜੋ ਵੱਧ ਰਹੇ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਪਾੜੇ ਨੂੰ ਘੱਟ ਕੀਤਾ ਜਾ ਸਕੇ।

 

ਅਸ਼ੋਕ ਸੋਨੀ , ਕਾਲਮ ਨਵੀਸ

 ਖੂਈ ਖੇੜਾ, ਫਾਜ਼ਿਲਕਾ
  9872705078