ਪ੍ਰਵਾਸੀਆਂ ਲਈ ਖਜ਼ਾਨੇ ਦਾ ਮੂੰਹ ਖੋਲ੍ਹਣ ਵਾਲੀ ਸਰਕਾਰ ਬਾਹਰਲੇ ਸੂਬਿਆਂ 'ਚ ਫਸੇ ਪੰਜਾਬੀਆਂ ਦੀ ਨਹੀਂ ਲੈ ਰਹੀ ਸਾਰ

ਪ੍ਰਵਾਸੀਆਂ ਲਈ ਖਜ਼ਾਨੇ ਦਾ ਮੂੰਹ ਖੋਲ੍ਹਣ ਵਾਲੀ ਸਰਕਾਰ ਬਾਹਰਲੇ ਸੂਬਿਆਂ 'ਚ ਫਸੇ ਪੰਜਾਬੀਆਂ ਦੀ ਨਹੀਂ ਲੈ ਰਹੀ ਸਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜਿੱਥੇ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਵਿਚੋਂ ਕਰੋੜਾਂ ਰੁਪਇਆ ਖਰਚ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਸੂਬਿਆਂ ਤਕ ਪਹੁੰਚਾਉਣ ਦਾ ਬੰਦੋਬਸਤ ਕੀਤਾ, ਪਰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਫਸੇ ਹੋਏ ਪੰਜਾਬ ਦੇ ਕਿਰਤੀਆਂ ਦੀ ਸਰਕਾਰ ਕੋਈ ਸਾਰ ਨਹੀਂ ਲੈ ਰਹੀ। ਇਹਨਾਂ ਪੰਜਾਬੀਆਂ ਨੂੰ ਆਪਣੇ ਘਰਾਂ ਤਕ ਪਹੁੰਚਾਉਣ ਲਈ ਸਰਕਾਰ ਨੇ ਕੋਈ ਬੰਦੋਬਸਤ ਨਹੀਂ ਕੀਤਾ ਹੈ।

ਸੂਬੇ ਭਰ 'ਚੋਂ ਦੂਸਰੇ ਸੂਬਿਆਂ 'ਚ ਕੰਮ ਕਰਨ ਗਏ ਨੌਜਵਾਨ ਉੱਥੇ ਫਸੇ ਹੋਣ ਕਰਕੇ ਘਰ ਆਉਣ ਲਈ ਪੰਜਾਬ ਸਰਕਾਰ ਨੂੰ ਗੁਹਾਰ ਲਾ ਕੇ ਤਰਲੇ ਕੱਢ ਰਹੇ ਹਨ ਕਿ ਸਾਨੂੰ ਆਪਣੇ ਘਰਾਂ ਤੱਕ ਪੁੱਜਦਾ ਕਰਨ ਲਈ ਲੋੜੀਂਦਾ ਪ੍ਰਬੰਧ ਕੀਤਾ ਜਾਵੇ। 

ਗੁਜਰਾਤ ਦੇ ਜ਼ਿਲ੍ਹਾ ਜਾਮ ਨਗਰ ਵਿਖੇ ਨਿੱਜੀ ਕੰਪਨੀਆਂ 'ਚ ਮਿਹਨਤ ਮਜ਼ਦੂਰੀ ਕਰਨ ਗਏ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨ ਕੰਪਨੀਆਂ ਦੇ ਬੰਦ ਹੋਣ ਕਾਰਨ ਬੇਰੁਜ਼ਗਾਰ ਹੋ ਕੇ ਰੋਟੀ ਤੋਂ ਵੀ ਵਾਂਝੇ ਹੋ ਕੇ ਪੰਜਾਬ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। 

ਇਹਨਾਂ ਕਿਰਤੀਆਂ ਵਿਚ ਅੰਮਿ੍ਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਦੇ 13 ਨੌਜਵਾਨਾਂ ਨੇ ਫ਼ੋਨ ਤੇ ਵਟਸਅਪ 'ਤੇ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦੱਸਿਆ ਕਿ ਸਾਨੂੰ ਕੰਪਨੀ ਵਲੋਂ ਕਰਫ਼ਿਊ/ਲਾਕਡਾਊਨ ਕਾਰਨ ਕੰਮ ਬੰਦ ਹੋਣ ਤੇ ਫਾਈਨਲ ਪੇਮੈਂਟ ਕਰਕੇ ਫਾਰਗ ਕਰ ਦਿੱਤਾ ਗਿਆ ਸੀ ਤੇ ਉਹ ਕਿਰਾਏ ਦੇ ਕਮਰਿਆਂ ਵਿਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਰੋਟੀ ਵੀ ਆਪ ਪਕਾ ਕੇ ਖਾਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਜਿਹੜੀ ਰਕਮ ਤਨਖਾਹ ਵਾਲੀ ਸੀ ਉਹ ਵੀ ਖਤਮ ਹੋ ਗਈ ਹੈ ਤੇ ਉਹਨਾਂ ਇਲਾਕੇ ਦੇ ਸਬੰਧਤ ਥਾਣੇ ਅਤੇ ਜ਼ਿਲ੍ਹਾ ਕੁਲੈਕਟਰ ਨੂੰ ਵੀ ਬੇਨਤੀਆਂ ਕੀਤੀਆਂ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। 

ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਥਾਨਕ ਪ੍ਰਸ਼ਾਸਨ ਤੋਂ ਇਹੋ ਜੁਆਬ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਉਹਨਾਂ ਨੂੰ ਵਾਪਸ ਨਹੀਂ ਮੰਗਵਾਉਣਾ ਚਾਹੁੰਦੀ। ਇਹਨਾਂ ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਘਰ ਵਾਪਸੀ ਲਈ ਯਤਨ ਕੀਤੇ ਜਾਣ।